10 ਨਵੰਬਰ ਤੋਂ 7 ਦਸੰਬਰ ਤਕ ਖ਼ਾਸ ਟ੍ਰੈਕਟ ਮੁਹਿੰਮ!
1 ਅਸੀਂ ਸੋਮਵਾਰ 10 ਨਵੰਬਰ ਤੋਂ ਲੈ ਕੇ ਪੂਰੇ ਚਾਰ ਹਫ਼ਤਿਆਂ ਤਕ ਜ਼ੋਰ-ਸ਼ੋਰ ਨਾਲ ਇਕ ਖ਼ਾਸ ਨਵਾਂ ਟ੍ਰੈਕਟ ਵੰਡਾਂਗੇ ਜਿਸ ਦਾ ਵਿਸ਼ਾ ਹੈ, ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਸਾਨੂੰ ਉਮੀਦ ਹੈ ਕਿ ਦੁਨੀਆਂ ਭਰ ਵਿਚ ਚਲਾਈ ਜਾਣ ਵਾਲੀ ਇਸ ਖ਼ਾਸ ਮੁਹਿੰਮ ਕਰਕੇ ਬਹੁਤ ਸਾਰੇ ਲੋਕ ਸੱਚਾਈ ਵੱਲ ਖਿੱਚੇ ਜਾਣਗੇ।—ਯੂਹੰ. 17:17.
2 ਇਹ ਟ੍ਰੈਕਟ ਬਾਈਬਲ ਵਿੱਚੋਂ ਛੇ ਅਹਿਮ ਸਵਾਲਾਂ ਦਾ ਜਵਾਬ ਦਿੰਦਾ ਹੈ: “ਕੀ ਰੱਬ ਨੂੰ ਮੇਰਾ ਕੋਈ ਫਿਕਰ ਹੈ?” “ਕੀ ਲੜਾਈਆਂ ਅਤੇ ਦੁੱਖਾਂ ਦਾ ਕਦੇ ਅੰਤ ਹੋਵੇਗਾ?” “ਮਰਨ ਤੋਂ ਬਾਅਦ ਕੀ ਹੁੰਦਾ ਹੈ?” “ਕੀ ਸਾਡੇ ਮਰੇ ਹੋਏ ਅਜ਼ੀਜ਼ ਕਦੀ ਵਾਪਸ ਆਉਣਗੇ?” “ਕੀ ਰੱਬ ਸਾਡੀ ਸੁਣਦਾ ਵੀ ਹੈ?” ਅਤੇ “ਮੈਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?” ਚਰਚਾਂ ਨੇ ਕਦੇ ਵੀ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ। ਹੋਰਨਾਂ ਧਰਮਾਂ ਦੇ ਲੋਕਾਂ ਦੇ ਮਨਾਂ ਵਿਚ ਵੀ ਅਜਿਹੇ ਸਵਾਲ ਆਉਂਦੇ ਹਨ, ਪਰ ਉਨ੍ਹਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਬਾਈਬਲ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ। ਇਸ ਕਰਕੇ ਇਸ ਟ੍ਰੈਕਟ ਦਾ ਸੰਦੇਸ਼ ਬਹੁਤ ਸਾਰੇ ਧਰਮਾਂ ਦੇ ਲੋਕਾਂ ਨੂੰ ਪਸੰਦ ਆਵੇਗਾ।
3 ਆਪਣੇ ਪੂਰੇ ਇਲਾਕੇ ਵਿਚ ਟ੍ਰੈਕਟ ਵੰਡੋ: ਆਪਣੇ ਪੂਰੇ ਇਲਾਕੇ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਟ੍ਰੈਕਟ ਵੰਡਣ ਦੀ ਕੋਸ਼ਿਸ਼ ਕਰੋ। ਜੇ ਤੁਹਾਡਾ ਇਲਾਕਾ ਬਹੁਤ ਵੱਡਾ ਹੈ, ਤਾਂ ਬਜ਼ੁਰਗ ਸ਼ਾਇਦ ਤੁਹਾਨੂੰ ਉਨ੍ਹਾਂ ਘਰਾਂ ਵਿਚ ਟ੍ਰੈਕਟ ਛੱਡ ਦੇਣ ਲਈ ਕਹਿਣ ਜਿੱਥੇ ਤੁਹਾਨੂੰ ਕੋਈ ਨਹੀਂ ਮਿਲਦਾ। ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ, ਨਾਲ ਕੰਮ ਕਰਨ ਵਾਲਿਆਂ ਤੇ ਸਕੂਲ ਵਿਚ ਜਾਣ-ਪਛਾਣ ਵਾਲਿਆਂ ਨੂੰ ਟ੍ਰੈਕਟ ਦੇਣਾ ਨਾ ਭੁੱਲਿਓ। ਤੁਸੀਂ ਸ਼ਾਇਦ ਨਵੰਬਰ ਜਾਂ ਦਸੰਬਰ ਵਿਚ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਯੋਜਨਾ ਬਣਾ ਸਕਦੇ ਹੋ। ਕੀ ਤੁਹਾਡਾ ਬੱਚਾ ਜਾਂ ਤੁਹਾਡੀ ਕੋਈ ਬਾਈਬਲ ਸਟੱਡੀ ਤਰੱਕੀ ਕਰ ਰਹੀ ਹੈ? ਉਹ ਵੀ ਬਪਤਿਸਮਾ-ਰਹਿਤ ਪਬਲੀਸ਼ਰ ਬਣ ਕੇ ਸਾਡੇ ਨਾਲ ਇਸ ਮੁਹਿੰਮ ਵਿਚ ਹਿੱਸਾ ਲੈ ਸਕਦੇ ਹਨ। ਇਸ ਬਾਰੇ ਬਜ਼ੁਰਗਾਂ ਨਾਲ ਗੱਲ ਕਰੋ।
4 ਦਿਲਚਸਪੀ ਪਛਾਣੋ: ਦੋਸਤਾਨਾ ਤਰੀਕੇ ਨਾਲ ਗੱਲ ਤੋਰੋ। ਜਲਦੀ ਦੇਖ ਲਓ ਕਿ ਘਰ-ਸੁਆਮੀ ਨੂੰ ਤੁਹਾਡੀ ਗੱਲ ਵਿਚ ਦਿਲਚਸਪੀ ਹੈ ਜਾਂ ਨਹੀਂ। ਜੇ ਲੱਗਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੀਆਂ ਗੱਲਾਂ ਸੁਣਨ ਵਿਚ ਕੋਈ ਰੁਚੀ ਨਹੀਂ, ਤਾਂ ਸ਼ੁਕਰੀਆ ਕਰ ਕੇ ਅੱਗੇ ਚਲੇ ਜਾਓ। ਗੱਲਬਾਤ ਉਦੋਂ ਹੀ ਜਾਰੀ ਰੱਖੋ ਜੇ ਘਰ-ਸੁਆਮੀ ਸੱਚ-ਮੁੱਚ ਤੁਹਾਡੀਆਂ ਗੱਲਾਂ ਤੋਂ ਖ਼ੁਸ਼ ਹੈ।
5 ਕੀ ਕਹੀਏ: ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਇਹ ਸੰਦੇਸ਼ ਪਹੁੰਚਾਉਣ ਲਈ ਥੋੜ੍ਹੇ ਸ਼ਬਦਾਂ ਵਿਚ ਗੱਲਬਾਤ ਕਰੋ। ਟ੍ਰੈਕਟ ਦੇ ਪਹਿਲੇ ਸਫ਼ੇ ʼਤੇ ਦਿੱਤੇ ਛੇ ਸਵਾਲਾਂ ਵਿੱਚੋਂ ਕੋਈ ਢੁਕਵਾਂ ਸਵਾਲ ਪੁੱਛੋ ਅਤੇ ਟ੍ਰੈਕਟ ਵਿਚ ਦਿੱਤੇ ਜਵਾਬ ਵੱਲ ਧਿਆਨ ਖਿੱਚੋ। ਇਸ ਤਰ੍ਹਾਂ ਪਬਲੀਸ਼ਰ ਆਪੋ-ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਆਪਣੀ ਗੱਲਬਾਤ ਢਾਲ਼ ਸਕਦੇ ਹਨ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਇਸ ਬਾਰੇ ਲਿਖ ਲਓ ਅਤੇ ਉਸ ਨੂੰ ਦੁਬਾਰਾ ਮਿਲਣ ਜਾਓ। ਸ਼ਨੀਵਾਰ-ਐਤਵਾਰ ਨੂੰ ਟ੍ਰੈਕਟ ਦੇ ਨਾਲ ਨਵੇਂ ਰਸਾਲੇ ਵੀ ਦਿੱਤੇ ਜਾ ਸਕਦੇ ਹਨ। 7 ਦਸੰਬਰ ਨੂੰ ਮੁਹਿੰਮ ਖ਼ਤਮ ਹੋਣ ʼਤੇ ਅਸੀਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰਾਂਗੇ। ਬਚ ਗਏ ਟ੍ਰੈਕਟਾਂ ਨੂੰ ਅਸੀਂ ਹੋਰਨਾਂ ਟ੍ਰੈਕਟਾਂ ਦੀ ਤਰ੍ਹਾਂ ਹੀ ਵੰਡਾਂਗੇ।
6 ਬਾਈਬਲ ਸਟੱਡੀ ਸ਼ੁਰੂ ਕਰੋ: ਇਹ ਟ੍ਰੈਕਟ ਸਾਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਮਦਦ ਦੇਣ ਲਈ ਤਿਆਰ ਕੀਤਾ ਗਿਆ ਹੈ। ਦਿਸਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲ ਕੇ ਤੁਸੀਂ ਪੁੱਛ ਸਕਦੇ ਹੋ ਕਿ ਉਸ ਨੂੰ ਬਾਈਬਲ ਦੀ ਕਿਹੜੀ ਗੱਲ ਤੋਂ ਦਿਲਾਸਾ ਮਿਲਿਆ ਹੈ। ਟ੍ਰੈਕਟ ਦੇ ਪਿਛਲੇ ਸਫ਼ੇ ਉੱਤੇ ਉਸ ਦਾ ਧਿਆਨ ਖਿੱਚੋ ਜਿਸ ʼਤੇ ਬਾਈਬਲ ਸਟੱਡੀ ਦੇ ਇੰਤਜ਼ਾਮ ਬਾਰੇ ਦੱਸਿਆ ਗਿਆ ਹੈ ਅਤੇ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਓ। ਜੇ ਹੋ ਸਕੇ, ਤਾਂ ਉਸ ਨਾਲ ਕੁਝ ਮਿੰਟਾਂ ਲਈ ਉਸ ਅਧਿਆਇ ਵਿੱਚੋਂ ਇਕ-ਦੋ ਪੈਰਿਆਂ ਦੀ ਚਰਚਾ ਕਰੋ ਜਿਸ ਵਿਸ਼ੇ ʼਤੇ ਉਸ ਨੇ ਦਿਲਚਸਪੀ ਦਿਖਾਈ ਹੈ।
7 ਯਹੋਵਾਹ ਉਨ੍ਹਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਨਗੇ। ਆਓ ਆਪਾਂ ਸੱਚਾਈ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਇਸ ਖ਼ਾਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲਈਏ!