“ਨਵਾਂ ਯੁੱਗ—ਇਹ ਤੁਹਾਡੇ ਲਈ ਕੀ ਲਿਆਵੇਗਾ?”
1 ਦੁਨੀਆਂ ਭਰ ਦੇ ਲੋਕਾਂ ਦੇ ਮਨਾਂ ਵਿਚ ਅੱਜ ਇਹੀ ਸਵਾਲ ਹੈ। ਭਾਵੇਂ ਕਿ ਸਦੀਆਂ ਦੌਰਾਨ ਇਨਸਾਨ ਨੇ ਕਾਫ਼ੀ ਤਰੱਕੀ ਕੀਤੀ ਹੈ, ਪਰ ਲੋਕ ਫਿਰ ਵੀ ਬੜੇ ਨਿਰਾਸ਼ ਹਨ। ਕਿਉਂ? ਕਿਉਂਕਿ ਸਦੀਆਂ ਤੋਂ ਇਨਸਾਨਾਂ ਨੂੰ ਸਤਾਉਣ ਵਾਲੀਆਂ ਮੁਢਲੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਬਰਕਰਾਰ ਹਨ। (ਅੱਯੂ. 14:1; ਜ਼ਬੂ. 90:10) ਇਨਸਾਨ ਨੂੰ ਕਿੱਥੋਂ ਰਾਹਤ ਮਿਲ ਸਕਦੀ ਹੈ?
2 ਸਾਡੇ ਕੋਲ ਆਪਣੇ ਗੁਆਂਢੀਆਂ ਨੂੰ ਉਸ ਸਵਾਲ ਦਾ ਜਵਾਬ ਦੇਣ ਦਾ ਇਕ ਖ਼ਾਸ ਮੌਕਾ ਹੈ—ਨਵੰਬਰ ਦਾ ਮਹੀਨਾ। ਕਿਵੇਂ? ਕਿੰਗਡਮ ਨਿਊਜ਼ ਨੰ. 36 ਵੰਡਣ ਰਾਹੀਂ। ਇਸ ਦਾ ਸਿਰਲੇਖ ਹੈ “ਨਵਾਂ ਯੁੱਗ—ਇਹ ਤੁਹਾਡੇ ਲਈ ਕੀ ਲਿਆਵੇਗਾ?” ਬੁੱਧਵਾਰ, 1 ਨਵੰਬਰ ਨੂੰ ਅਸੀਂ ਕਿੰਗਡਮ ਨਿਊਜ਼ ਨੰ. 36 ਵੰਡਣ ਵਿਚ ਪੂਰੀ ਤਰ੍ਹਾਂ ਜੁੱਟ ਜਾਵਾਂਗੇ। ਇਸ ਮੁਹਿੰਮ ਦੌਰਾਨ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਤਕ ਸਿਰਫ਼ ਕਿੰਗਡਮ ਨਿਊਜ਼ ਨੰ. 36 ਹੀ ਵੰਡਾਂਗੇ। ਸ਼ਨੀਵਾਰ-ਐਤਵਾਰ ਨੂੰ ਅਸੀਂ ਇਸ ਟ੍ਰੈਕਟ ਨੂੰ ਨਵੇਂ ਰਸਾਲਿਆਂ ਨਾਲ ਪੇਸ਼ ਕਰਾਂਗੇ।
3 ਕੀ ਤੁਸੀਂ ਪੂਰੇ ਜੋਸ਼ ਨਾਲ ਹਿੱਸਾ ਲਵੋਗੇ? ਬਜ਼ੁਰਗ, ਸਹਾਇਕ ਸੇਵਕ ਤੇ ਪਾਇਨੀਅਰ ਇਸ ਮੁਹਿੰਮ ਵਿਚ ਅਗਵਾਈ ਕਰਨਗੇ ਕਿਉਂਕਿ ਉਹ ਇਸ ਕੰਮ ਨੂੰ ਕਰਨ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ। ਬਹੁਤ ਸਾਰੇ ਭੈਣ-ਭਰਾਵਾਂ ਨੇ ਨਵੰਬਰ ਦੌਰਾਨ ਸਹਾਇਕ ਪਾਇਨੀਅਰੀ ਕਰਨ ਲਈ ਆਪਣੇ ਹਾਲਾਤਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ। ਦੂਜੇ ਭੈਣ-ਭਰਾ ਸੇਵਕਾਈ ਵਿਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ।
4 ਕਿੰਗਡਮ ਨਿਊਜ਼ ਨੰ. 36 ਦੀ ਵੰਡਾਈ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਲਈ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਆਪਣੇ ਗਰੁੱਪਾਂ ਦੇ ਹਰੇਕ ਭੈਣ-ਭਰਾ ਨੂੰ ਉਤਸ਼ਾਹਿਤ ਕਰਨ। ਸ਼ਾਇਦ ਕਲੀਸਿਯਾ ਵਿਚ ਕੁਝ ਅਜਿਹੇ ਪ੍ਰਕਾਸ਼ਕ ਵੀ ਹੋਣਗੇ ਜੋ ਪ੍ਰਚਾਰ ਨਹੀਂ ਕਰਦੇ। ਬਜ਼ੁਰਗ ਅਜਿਹੇ ਵਿਅਕਤੀਆਂ ਕੋਲ ਜਾਣ ਤੇ ਪ੍ਰਚਾਰ ਵਿਚ ਹਿੱਸਾ ਲੈਣ ਲਈ ਉਨ੍ਹਾਂ ਦੀ ਮਦਦ ਕਰਨ। ਸ਼ਾਇਦ ਨਵੰਬਰ ਮਹੀਨੇ ਦੌਰਾਨ, ਸੇਵਕਾਈ ਵਿਚ ਢਿੱਲੇ ਪੈ ਚੁੱਕੇ ਹਰੇਕ ਪ੍ਰਕਾਸ਼ਕ ਨਾਲ ਪ੍ਰਚਾਰ ਕਰਨ ਵਾਸਤੇ ਕਿਸੇ ਤਜਰਬੇਕਾਰ ਭੈਣ-ਭਰਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰਕਾਸ਼ਕਾਂ ਨੂੰ ਪ੍ਰਚਾਰ ਵਿਚ ਮੁੜ ਸਰਗਰਮ ਕਰਨ ਲਈ ਕਿੰਗਡਮ ਨਿਊਜ਼ ਨੰ. 36 ਦੀ ਸੌਖੀ ਜਿਹੀ ਪੇਸ਼ਕਾਰੀ ਤਿਆਰ ਕਰ ਕੇ ਦੇਣੀ ਕਾਫ਼ੀ ਹੋਵੇਗੀ।
5 ਇਹ ਉਨ੍ਹਾਂ ਬਾਈਬਲ ਵਿਦਿਆਰਥੀਆਂ ਲਈ ਵੀ ਚੰਗਾ ਮੌਕਾ ਹੋਵੇਗਾ ਜੋ ਗਿਆਨ ਕਿਤਾਬ ਬਸ ਖ਼ਤਮ ਕਰਨ ਹੀ ਵਾਲੇ ਹਨ ਅਤੇ ਜੋ ਸੇਵਕਾਈ ਵਿਚ ਹਿੱਸਾ ਲੈਣ ਲਈ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਯੋਗ ਹਨ। ਜ਼ੋਰ-ਸ਼ੋਰ ਨਾਲ ਕੀਤੇ ਜਾਣ ਵਾਲੇ ਇਸ ਕੰਮ ਵਿਚ ਛੋਟੇ ਬੱਚੇ ਵੀ ਚੰਗਾ ਹਿੱਸਾ ਪਾ ਸਕਦੇ ਹਨ।
6 ਇਕ ਸੌਖੀ ਜਿਹੀ ਪੇਸ਼ਕਾਰੀ ਕਾਫ਼ੀ ਹੈ। ਤੁਸੀਂ ਕਹਿ ਸਕਦੇ ਹੋ:
◼ “ਮੈਂ ਇਸ [ਸ਼ਹਿਰ ਜਾਂ ਕਸਬੇ ਦਾ ਨਾਂ] ਦੇ ਹਰੇਕ ਪਰਿਵਾਰ ਨੂੰ ਬੜਾ ਜ਼ਰੂਰੀ ਸੰਦੇਸ਼ ਦੇਣ ਲਈ ਸਮਾਂ ਕੱਢਿਆ ਹੈ। ਇਹ ਕਾਪੀ ਤੁਹਾਡੇ ਲਈ ਹੈ। ਕਿਰਪਾ ਕਰ ਕੇ ਇਸ ਨੂੰ ਪੜ੍ਹੋ।” ਕਿੰਗਡਮ ਨਿਊਜ਼ ਨੰ. 36 ਵੰਡਦੇ ਸਮੇਂ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਨਾਲ ਪ੍ਰੀਚਿੰਗ ਬੈਗ ਨਾ ਲੈ ਕੇ ਜਾਓ।
7 ਪ੍ਰਚਾਰ ਵਾਸਤੇ ਚੰਗੀਆਂ ਯੋਜਨਾ-ਬੱਧ ਸਭਾਵਾਂ: ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਪ੍ਰਚਾਰ ਕਰਨ ਦੇ ਜੋ ਵੀ ਪ੍ਰਬੰਧ ਕੀਤੇ ਹਨ ਉਸ ਵਿਚ ਸਾਰੇ ਪ੍ਰਕਾਸ਼ਕ ਆ ਸਕਣ। ਖ਼ਾਸ ਕਰਕੇ ਸੇਵਾ ਨਿਗਾਹਬਾਨ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਘਰ-ਘਰ ਅਤੇ ਦੁਕਾਨਾਂ ਤੇ ਪ੍ਰਚਾਰ ਕਰਨ ਲਈ ਕਾਫ਼ੀ ਖੇਤਰ ਹੈ ਤਾਂਕਿ ਸਾਰੇ ਜਣੇ ਇਸ ਕੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ। ਜੇ ਮੁਮਕਿਨ ਹੋਵੇ, ਤਾਂ ਹਫ਼ਤੇ ਦੇ ਹਰੇਕ ਦਿਨ, ਹਫ਼ਤੇ ਦੇ ਅਖ਼ੀਰ ਵਿਚ ਅਤੇ ਹਰੇਕ ਸ਼ਾਮ ਵਾਸਤੇ ਪ੍ਰਚਾਰ ਲਈ ਸਭਾਵਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਸਕੂਲ ਦੇ ਵਿਦਿਆਰਥੀਆਂ, ਸ਼ਿਫ਼ਟ ਵਿਚ ਕੰਮ ਕਰਨ ਵਾਲਿਆਂ ਅਤੇ ਦੂਸਰਿਆਂ ਦੇ ਫ਼ਾਇਦੇ ਲਈ ਦੁਪਹਿਰ ਤੋਂ ਬਾਅਦ ਵੀ ਪ੍ਰਚਾਰ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
8 ਜੋ ਘਰਾਂ ਵਿਚ ਨਹੀਂ ਮਿਲਦੇ ਉਨ੍ਹਾਂ ਦਾ ਕੀ ਕਰੀਏ: ਸਾਡਾ ਮਕਸਦ ਹੈ ਲੋਕਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰਨਾ। ਜੇ ਪਹਿਲੀ ਵਾਰ ਜਾਣ ਤੇ ਕੋਈ ਵਿਅਕਤੀ ਘਰ ਨਹੀਂ ਮਿਲਦਾ, ਤਾਂ ਉਸ ਦਾ ਪਤਾ ਲਿਖ ਲਓ ਅਤੇ ਦਿਨ ਦੇ ਕਿਸੇ ਹੋਰ ਸਮੇਂ ਦੁਬਾਰਾ ਉੱਥੇ ਜਾਓ। ਜੇ ਮੁਹਿੰਮ ਦੇ ਆਖ਼ਰੀ ਹਫ਼ਤੇ ਵੀ ਇਹ ਲੋਕ ਤੁਹਾਨੂੰ ਘਰ ਨਹੀਂ ਮਿਲਦੇ, ਤਾਂ ਤੁਸੀਂ ਉਨ੍ਹਾਂ ਲਈ ਕਿੰਗਡਮ ਨਿਊਜ਼ ਨੰ. 36 ਉਨ੍ਹਾਂ ਦੇ ਘਰਾਂ ਵਿਚ ਅਜਿਹੀ ਥਾਂ ਤੇ ਛੱਡੋ ਜਿੱਥੇ ਇਹ ਰਾਹਗੀਰਾਂ ਦੀਆਂ ਨਜ਼ਰਾਂ ਤੋਂ ਓਹਲੇ ਹੋਵੇ। ਬਜ਼ੁਰਗ ਕਲੀਸਿਯਾ ਨੂੰ ਹਿਦਾਇਤ ਦੇ ਸਕਦੇ ਹਨ ਕਿ ਪੇਂਡੂ ਇਲਾਕਿਆਂ ਵਿਚ ਅਤੇ ਅਜਿਹੇ ਇਲਾਕਿਆਂ ਵਿਚ ਜਿੱਥੇ ਖੇਤਰ ਬਹੁਤ ਵੱਡਾ ਹੈ ਤੇ ਮੁਹਿੰਮ ਦੌਰਾਨ ਪੂਰਾ ਨਹੀਂ ਕੀਤਾ ਜਾ ਸਕਦਾ, ਉੱਥੇ ਪਹਿਲੀ ਵਾਰ ਜਾਣ ਤੇ ਜੇ ਕੋਈ ਘਰ ਨਹੀਂ ਮਿਲਦਾ, ਤਾਂ ਤੁਸੀਂ ਉੱਥੇ ਕਿੰਗਡਮ ਨਿਊਜ਼ ਨੰ. 36 ਦੀ ਇਕ ਕਾਪੀ ਛੱਡ ਸਕਦੇ ਹੋ।
9 ਆਓ ਜੁੱਟ ਜਾਈਏ! ਮੁਹਿੰਮ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਕਲੀਸਿਯਾ ਨੂੰ ਆਪਣਾ ਖੇਤਰ ਪੂਰਾ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਹਾਡਾ ਖੇਤਰ ਕਾਫ਼ੀ ਵੱਡਾ ਹੈ, ਤਾਂ ਕੁਝ ਭੈਣ-ਭਰਾ ਇਕੱਲੇ-ਇਕੱਲੇ ਪ੍ਰਚਾਰ ਕਰ ਸਕਦੇ ਹਨ ਜਿੱਥੇ ਇਹ ਵਿਵਹਾਰਕ ਅਤੇ ਸੁਰੱਖਿਅਤ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਚੰਗੇ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾ ਸਕੋਗੇ। ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਸਹੀ-ਸਹੀ ਰਿਕਾਰਡ ਜ਼ਰੂਰ ਰੱਖੋ।
10 ਬਜ਼ੁਰਗਾਂ ਨੂੰ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਕਲੀਸਿਯਾ ਨੂੰ ਹੋਰ ਕਿੰਨੇ ਰਸਾਲਿਆਂ ਦੀ ਲੋੜ ਪਵੇਗੀ ਅਤੇ ਉਨ੍ਹਾਂ ਨੂੰ ਇਸੇ ਮੁਤਾਬਕ ਆਰਡਰ ਭੇਜਣਾ ਚਾਹੀਦਾ ਹੈ। ਕਿੰਗਡਮ ਨਿਊਜ਼ ਨੰ. 36 ਦਾ ਆਰਡਰ ਭੇਜਣ ਦੀ ਲੋੜ ਨਹੀਂ ਕਿਉਂਕਿ ਹਰੇਕ ਕਲੀਸਿਯਾ ਨੂੰ ਨਿਸ਼ਚਿਤ ਗਿਣਤੀ ਵਿਚ ਟ੍ਰੈਕਟ ਭੇਜੇ ਜਾ ਰਹੇ ਹਨ। ਹਰੇਕ ਵਿਸ਼ੇਸ਼, ਨਿਯਮਿਤ ਅਤੇ ਸਹਿਯੋਗੀ ਪਾਇਨੀਅਰ ਨੂੰ 300 ਕਾਪੀਆਂ ਵੰਡਣ ਲਈ ਦਿੱਤੀਆਂ ਜਾਣਗੀਆਂ, ਜਦ ਕਿ ਕਲੀਸਿਯਾ ਦੇ ਹਰੇਕ ਪ੍ਰਕਾਸ਼ਕ ਨੂੰ 100 ਕਾਪੀਆਂ ਦਿੱਤੀਆਂ ਜਾਣਗੀਆਂ। ਤਾਂ ਫਿਰ ਕੀ ਤੁਸੀਂ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਲਈ ਤਿਆਰ ਤੇ ਉਤਸੁਕ ਹੋ? ਸਾਡੇ ਕੋਲ ਆਪਣੇ ਗੁਆਂਢੀਆਂ ਨੂੰ ਇਹ ਦੱਸਣ ਦਾ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ ਕਿ ਪਰਮੇਸ਼ੁਰ ਨੇ ਭਵਿੱਖ ਵਿਚ ਸਾਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ!