ਕਿੰਗਡਮ ਨਿਊਜ਼ ਨੰ. 36 ਨਾਲ ਪੈਦਾ ਹੋਈ ਦਿਲਚਸਪੀ ਵਧਾਉਣੀ
1 ਕੀ ਤੁਸੀਂ ਕਿੰਗਡਮ ਨਿਊਜ਼ ਨੰ. 36 ਦੀਆਂ ਕਾਪੀਆਂ ਵੰਡ ਦਿੱਤੀਆਂ ਹਨ? ਇਸ ਵਿਚ ਅੱਜ ਦੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਢੁਕਵਾਂ ਸਵਾਲ ਪੁੱਛਿਆ ਗਿਆ ਹੈ: “ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?” ਜਿਉਂ ਹੀ ਸਾਲ 2000 ਆਇਆ, ਲੋਕਾਂ ਨੇ ਇਸ ਯੁਗ ਤੋਂ ਵੱਖ-ਵੱਖ ਉਮੀਦਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਕੁਝ ਉਮੀਦਾਂ ਬਾਰੇ ਹੀ ਕਿੰਗਡਮ ਨਿਊਜ਼ ਨੰ. 36 ਚਰਚਾ ਕਰਦੀ ਹੈ ਅਤੇ ਸਾਨੂੰ ਚੇਤੇ ਕਰਾਉਂਦੀ ਹੈ ਕਿ ਦੁਨੀਆਂ ਦੇ ਹਾਲਾਤਾਂ ਨੂੰ ਵੇਖ ਕੇ ਸਾਨੂੰ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਸਿਰਫ਼ ਯਿਸੂ ਮਸੀਹ ਦਾ ਹਜ਼ਾਰ ਵਰ੍ਹੇ ਦਾ ਰਾਜ ਹੀ ਸ਼ਾਂਤੀ ਅਤੇ ਸੁਰੱਖਿਆ ਲਿਆਵੇਗਾ ਜਿਸ ਦੀ ਜ਼ਿਆਦਾਤਰ ਲੋਕ ਆਸ ਕਰਦੇ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਉਸ ਦਾ ਰਾਜ ਜ਼ਰੂਰ ਆਵੇਗਾ। ਇਸੇ ਕਰਕੇ ਅਸੀਂ ਸਾਰੇ ਲੋਕਾਂ ਨੂੰ ਕਿੰਗਡਮ ਨਿਊਜ਼ ਨੰ. 36 ਵੰਡਣ ਲਈ ਪ੍ਰੇਰਿਤ ਹੋਏ ਹਾਂ।
2 ਕਿੰਗਡਮ ਨਿਊਜ਼ ਪ੍ਰਤੀ ਹੁੰਗਾਰਾ: ਪਿਛਲੀਆਂ ਕਿੰਗਡਮ ਨਿਊਜ਼ਾਂ ਨੂੰ ਵੰਡਣ ਨਾਲ ਸਾਡੇ ਕੰਮ ਵਿਚ ਬੜੀ ਤਰੱਕੀ ਹੋਈ ਹੈ। ਕਿੰਗਡਮ ਨਿਊਜ਼ ਨੰ. 35 ਬਾਰੇ ਕੈਨੇਡਾ ਦੇ ਸ਼ਾਖ਼ਾ ਦਫ਼ਤਰ ਨੇ ਲਿਖਿਆ: “ਇਸ ਖ਼ਾਸ ਮੁਹਿੰਮ ਨੂੰ ਭੈਣ-ਭਰਾਵਾਂ ਅਤੇ ਪਾਇਨੀਅਰਾਂ ਨੇ ਬੜੇ ਜੋਸ਼ ਨਾਲ ਚਲਾਇਆ ਅਤੇ ਬਹੁਤ ਸਾਰਿਆਂ ਨੇ ਉਤਸ਼ਾਹਜਨਕ ਤਜਰਬਿਆਂ ਦਾ ਆਨੰਦ ਮਾਣਿਆ।” ਯਕੀਨਨ, ਤੁਸੀਂ ਵੀ ਕਿੰਗਡਮ ਨਿਊਜ਼ ਨੰ. 36 ਨੂੰ ਅਜਿਹੇ ਹੀ ਜੋਸ਼ ਨਾਲ ਵੰਡਿਆ ਹੋਵੇਗਾ।
3 ਇਸ ਵਾਰ ਕਿੰਗਡਮ ਨਿਊਜ਼ ਨੰ. 36 ਨੂੰ 30 ਨਵੰਬਰ 2000 ਤਕ ਵੰਡਿਆ ਜਾਵੇਗਾ। ਜੋ ਇਲਾਕਾ ਤੁਹਾਡੀ ਕਲੀਸਿਯਾ ਨੂੰ ਮਿਲਿਆ ਸੀ ਕੀ ਉਹ ਪੂਰਾ ਕਰ ਦਿੱਤਾ ਗਿਆ ਹੈ? ਜੇ ਨਹੀਂ, ਤਾਂ ਬਜ਼ੁਰਗ ਤੁਹਾਨੂੰ ਦਸੰਬਰ ਮਹੀਨੇ ਵਿਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣ ਲਈ ਕਹਿ ਸਕਦੇ ਹਨ।
4 ਹੁਣ ਤਕ ਕਿੰਗਡਮ ਨਿਊਜ਼ ਨੰ. 36 ਵੰਡਣ ਤੇ ਤੁਹਾਡੇ ਇਲਾਕੇ ਦੇ ਲੋਕਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਹੈ? ਸਿਰਫ਼ ਕੁਝ ਲੋਕ ਹੀ ਕੂਪਨ ਭਰ ਕੇ ਮੰਗ ਬਰੋਸ਼ਰ ਮੰਗਵਾਉਣਗੇ ਜਾਂ ਬਾਈਬਲ ਸਟੱਡੀ ਲਈ ਕਹਿਣਗੇ। ਪਰ ਇਸ ਵਿਸ਼ੇ ਵਿਚ ਦਿਲਚਸਪੀ ਦਿਖਾਉਣ ਵਾਲੇ ਜ਼ਿਆਦਾਤਰ ਲੋਕ ਹੋਰ ਜਾਣਕਾਰੀ ਲੈਣ ਲਈ ਸੋਸਾਇਟੀ ਨੂੰ ਨਹੀਂ ਲਿਖਣਗੇ। ਇਸ ਲਈ, ਤੁਹਾਨੂੰ ਖ਼ੁਦ ਜਾ ਕੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਪਰ ਇੰਜ ਕਰਨਾ ਕਦੋਂ ਸਭ ਤੋਂ ਚੰਗਾ ਹੋਵੇਗਾ? ਜਿੰਨੀ ਜਲਦੀ ਹੋ ਸਕੇ।
5 ਜਿਨ੍ਹਾਂ ਲੋਕਾਂ ਨੂੰ ਕਿੰਗਡਮ ਨਿਊਜ਼ ਨੰ. 35 ਦਿੱਤੀ ਗਈ ਸੀ ਉਨ੍ਹਾਂ ਕੋਲ ਦੁਬਾਰਾ ਜਾਣ ਤੇ ਮਿਲੇ ਤਜਰਬਿਆਂ ਤੇ ਜ਼ਰਾ ਗੌਰ ਕਰੋ। ਆਇਰਲੈਂਡ ਦੀ ਇਕ ਪਾਇਨੀਅਰ ਭੈਣ ਨੇ ਇਕ ਰੈਸਤੋਰਾਂ ਦੀ ਮਾਲਕਣ ਨੂੰ ਕਿੰਗਡਮ ਨਿਊਜ਼ ਦਿੱਤੀ। ਤੀਵੀਂ ਇਸ ਨੂੰ ਪੜ੍ਹ ਕੇ ਐਨੀ ਪ੍ਰਭਾਵਿਤ ਹੋਈ ਕਿ ਉਸ ਨੇ ਭੈਣ ਨੂੰ ਦੁਬਾਰਾ ਆਉਣ ਲਈ ਕਿਹਾ। ਭੈਣ ਦੋ ਦਿਨਾਂ ਦੇ ਵਿਚ-ਵਿਚ ਉਸ ਕੋਲ ਗਈ ਅਤੇ ਬਾਈਬਲ ਸਟੱਡੀ ਸ਼ੁਰੂ ਹੋ ਗਈ। ਡੈਨਮਾਰਕ ਦੇ ਇਕ ਪ੍ਰਕਾਸ਼ਕ ਨੇ ਇਕ ਘਰ ਵਿਚ ਕਿੰਗਡਮ ਨਿਊਜ਼ ਦੀ ਕਾਪੀ ਛੱਡ ਦਿੱਤੀ ਜਿੱਥੇ ਕੋਈ ਨਹੀਂ ਸੀ। ਉਸੇ ਦਿਨ ਉਸ ਘਰ ਵਿਚ ਰਹਿਣ ਵਾਲੀ ਤੀਵੀਂ ਨੇ ਕੂਪਨ ਭਰ ਕੇ ਸ਼ਾਖ਼ਾ ਦਫ਼ਤਰ ਨੂੰ ਭੇਜਿਆ ਜੋ ਕਿ ਉਸੇ ਸ਼ਹਿਰ ਦੀ ਕਲੀਸਿਯਾ ਨੂੰ ਭੇਜ ਦਿੱਤਾ ਗਿਆ। ਹਫ਼ਤੇ ਦੇ ਅੰਦਰ-ਅੰਦਰ ਦੋ ਭੈਣਾਂ ਉਸ ਕੋਲ ਗਈਆਂ, ਸਟੱਡੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਉਹ ਤੀਵੀਂ ਪਹਿਲੀ ਵਾਰ ਸਭਾ ਵਿਚ ਆਈ!
6 ਵਾਪਸ ਜਾ ਕੇ ਤੁਸੀਂ ਕੀ ਕਹੋਗੇ: ਜਿਨ੍ਹਾਂ ਨੂੰ ਤੁਸੀਂ ਕਿੰਗਡਮ ਨਿਊਜ਼ ਦਿੱਤੀ ਹੈ ਉਨ੍ਹਾਂ ਨਾਲ ਦੁਬਾਰਾ ਗੱਲ ਕਰਨੀ ਬੜੀ ਆਸਾਨ ਹੈ ਅਤੇ ਇਹ ਸਾਡੀ ਸੇਵਕਾਈ ਦਾ ਇਕ ਆਨੰਦਮਈ ਹਿੱਸਾ ਹੈ। ਜਦੋਂ ਤੁਸੀਂ ਵਾਪਸ ਜਾਂਦੇ ਹੋ, ਤਾਂ ਇਹ ਚੰਗਾ ਹੋਵੇਗਾ ਕਿ ਤੁਸੀਂ ਕਿੰਗਡਮ ਨਿਊਜ਼ ਨੰ. 36 ਦੀ ਇਕ ਕਾਪੀ ਆਪਣੇ ਨਾਲ ਲੈ ਕੇ ਜਾਓ, ਕਿਉਂਕਿ ਹੋ ਸਕਦਾ ਹੈ ਕਿ ਉਸ ਵਿਅਕਤੀ ਕੋਲ ਇਸ ਦੀ ਕਾਪੀ ਨਾ ਹੋਵੇ। ਤੁਸੀਂ ਸ਼ਾਇਦ ਇਨ੍ਹਾਂ ਸੁਝਾਵਾਂ ਨੂੰ ਵਰਤ ਸਕਦੇ ਹੋ।
7 ਵਿਅਕਤੀ ਨੂੰ ਆਪਣੇ ਬਾਰੇ ਚੇਤਾ ਕਰਾਉਣ ਤੋਂ ਬਾਅਦ ਕਿ ਤੁਸੀਂ ਕੌਣ ਹੋ, ਤੁਸੀਂ ਕਹਿ ਸਕਦੇ ਹੋ:
◼ “ਮੈਂ ਤੁਹਾਡੇ ਕੋਲ ਇਕ ਪਰਚਾ ਛੱਡ ਗਿਆ ਸੀ ਜਿਸ ਦਾ ਵਿਸ਼ਾ ਸੀ ‘ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?’ ਕੀ ਇਹ ਪੜ੍ਹ ਕੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ ਕਿ ਛੇਤੀ ਹੀ ਮਸੀਹ ਯਿਸੂ ਦਾ ਹਜ਼ਾਰ ਵਰ੍ਹੇ ਦਾ ਰਾਜ ਸ਼ੁਰੂ ਹੋ ਜਾਵੇਗਾ ਅਤੇ ਪੂਰੀ ਧਰਤੀ ਸੋਹਣੇ ਬਾਗ਼ ਵਰਗੀ ਬਣਾਈ ਜਾਵੇਗੀ? [ਕਿੰਗਡਮ ਨਿਊਜ਼ ਨੰ. 36 ਤੋਂ ਫਿਰਦੌਸ ਦੀਆਂ ਫੋਟੋਆਂ ਦਿਖਾਓ।] ਨਾਲੇ ਸਫ਼ੇ ਦੇ ਪਿਛਲੇ ਪਾਸੇ ਤੁਹਾਨੂੰ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦੀ ਇਕ ਕਾਪੀ ਮੰਗਵਾਉਣ ਦਾ ਸੱਦਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਬਰੋਸ਼ਰ ਦਿਖਾਓ। ਪੰਜਵੇਂ ਪਾਠ ਦਾ ਪਹਿਲਾ ਸਵਾਲ ਅਤੇ ਫਿਰ ਪੈਰਾ 1-2 ਪੜ੍ਹੋ ਤੇ ਵਿਅਕਤੀ ਨੂੰ ਟਿੱਪਣੀ ਕਰਨ ਲਈ ਕਹੋ। ਇਕ ਜਾਂ ਦੋ ਆਇਤਾਂ ਪੜ੍ਹੋ ਅਤੇ ਚਰਚਾ ਕਰੋ। ਜੇ ਮੁਮਕਿਨ ਹੋਵੇ, ਤਾਂ ਕਿਸੇ ਹੋਰ ਸਵਾਲ ਅਤੇ ਪੈਰੇ ਉੱਤੇ ਚਰਚਾ ਕਰੋ। ਉਸ ਕੋਲ ਫਿਰ ਵਾਪਸ ਆਉਣ ਅਤੇ ਗੱਲਬਾਤ ਜਾਰੀ ਰੱਖਣ ਦਾ ਇੰਤਜ਼ਾਮ ਕਰੋ।
8 ਦਸੰਬਰ ਵਿਚ “ਗਿਆਨ” ਕਿਤਾਬ ਦੇਣ ਸਮੇਂ ਤੁਸੀਂ ਕਹਿ ਸਕਦੇ ਹੋ:
◼ “ਜਦੋਂ ਮੈਂ ਪਿੱਛੇ ਜਿਹੇ ਤੁਹਾਡੇ ਕੋਲ ਆਇਆ ਸੀ, ਤਾਂ ਮੈਂ ਤੁਹਾਡੇ ਕੋਲ ‘ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?’ ਨਾਂ ਦਾ ਪਰਚਾ ਛੱਡ ਕੇ ਗਿਆ ਸੀ। ਇਸ ਵਿਚ ਇਕ ਮੁਫ਼ਤ ਬਾਈਬਲ ਸਟੱਡੀ ਬਾਰੇ ਦੱਸਿਆ ਗਿਆ ਹੈ। ਮੈਂ ਤੁਹਾਨੂੰ ਦਿਖਾਉਣ ਆਇਆ ਹਾਂ ਕਿ ਅਸੀਂ ਕਿਸ ਕਿਤਾਬ ਤੋਂ ਸਟੱਡੀ ਕਰਾਉਂਦੇ ਹਾਂ। [ਗਿਆਨ ਕਿਤਾਬ ਦਿਖਾਓ ਅਤੇ ਸਫ਼ੇ 188-9 ਖੋਲ੍ਹੋ।] ਬਾਈਬਲ ਹਜ਼ਾਰ ਵਰ੍ਹਿਆਂ ਦੇ ਰਾਜ ਬਾਰੇ ਦੱਸਦੀ ਹੈ ਜਦੋਂ ਦੁਨੀਆਂ ਦੇ ਹਾਲਾਤ ਇਹੋ ਜਿਹੇ ਹੋ ਜਾਣਗੇ ਜਿਵੇਂ ਤੁਸੀਂ ਇਸ ਫੋਟੋ ਵਿਚ ਦੇਖਦੇ ਹੋ। ਇਸ ਫਿਰਦੌਸ ਵਿਚ ਜਾਣ ਲਈ ਸਾਨੂੰ ਪਰਮੇਸ਼ੁਰ ਦਾ ਸਹੀ ਗਿਆਨ ਲੈਣ ਦੀ ਲੋੜ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਤੁਹਾਨੂੰ ਥੋੜ੍ਹੇ ਸਮੇਂ ਵਿਚ ਦਿਖਾ ਸਕਦਾ ਹਾਂ ਕਿ ਅਸੀਂ ਬਾਈਬਲ ਸਟੱਡੀ ਕਿਵੇਂ ਕਰਦੇ ਹਾਂ।”
9 ਕਿੰਗਡਮ ਨਿਊਜ਼ ਨੰ. 36 ਦੀ ਵੰਡਾਈ ਨੇ ਸਾਨੂੰ ਪ੍ਰਚਾਰ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਉਕਸਾਇਆ ਹੈ ਤਾਂਕਿ ਇਕ ਵੱਡੀ ਗਵਾਹੀ ਦਿੱਤੀ ਜਾ ਸਕੇ। ਇਸ ਨੇ ਸਾਡੇ ਇਲਾਕੇ ਦੇ ਕਈ ਲੋਕਾਂ ਦੀ ਦਿਲਚਸਪੀ ਨੂੰ ਜਗਾਇਆ ਹੈ। ਜੇ ਅਸੀਂ ਯਹੋਵਾਹ ਦੀ ਮਦਦ ਨਾਲ ਲੋਕਾਂ ਦੀ ਦਿਲਚਸਪੀ ਨੂੰ ਵਧਾਉਣ ਲਈ ਮਿਲ ਕੇ ਜਤਨ ਕਰੀਏ, ਤਾਂ ਅਸੀਂ ਹੋਰ ਜ਼ਿਆਦਾ ਭੇਡ-ਸਮਾਨ ਲੋਕਾਂ ਨੂੰ ਲੱਭਣ ਵਿਚ ਕਾਮਯਾਬ ਹੋਵਾਂਗੇ।—ਮੱਤੀ 10:11; ਰਸੂ. 13:48, 49, 52.