ਕਿੰਗਡਮ ਨਿਊਜ਼ ਨੰ. 35 ਦੀ ਵਿਆਪਕ ਵੰਡਾਈ ਕਰੋ
1 ਅਕਤੂਬਰ ਅਤੇ ਨਵੰਬਰ ਸਾਡੇ ਸਾਰਿਆਂ ਲਈ ਰੁਝੇਵੇਂ ਭਰੇ ਮਹੀਨੇ ਹੋਣਗੇ। ਅਕਤੂਬਰ ਦੇ ਪਹਿਲੇ 11 ਦਿਨਾਂ ਦੌਰਾਨ, ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਬਸਕ੍ਰਿਪਸ਼ਨਾਂ ਪੇਸ਼ ਕਰਾਂਗੇ। ਫਿਰ, ਐਤਵਾਰ, ਅਕਤੂਬਰ 12, ਤੋਂ ਐਤਵਾਰ, ਨਵੰਬਰ 16 ਤਕ, ਅਸੀਂ ਕਿੰਗਡਮ ਨਿਊਜ਼ ਨੰ. 35 ਦੀ ਵਿਸ਼ਵ-ਵਿਆਪੀ ਵੰਡਾਈ ਵਿਚ ਹਿੱਸਾ ਲਵਾਂਗੇ। ਆਪਣੇ ਇਲਾਕੇ ਵਿਚ ਸਾਰੇ ਲੋਕਾਂ ਤਕ ਇਕ ਮਹੱਤਵਪੂਰਣ ਸੰਦੇਸ਼ ਪਹੁੰਚਾਉਣਾ ਸਾਡਾ ਵਿਸ਼ੇਸ਼-ਸਨਮਾਨ ਹੋਵੇਗਾ। ਇਹ ਸੰਦੇਸ਼ ਇਸ ਸਵਾਲ ਦਾ ਜਵਾਬ ਹੈ, “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਇਸ ਖ਼ਾਸ ਮੁਹਿੰਮ ਦੌਰਾਨ, ਅਸੀਂ ਸਪਤਾਹ ਦੇ ਸਾਰੇ ਦਿਨਾਂ ਦੌਰਾਨ ਕਿੰਗਡਮ ਨਿਊਜ਼ ਨੰ. 35 ਵੰਡਾਂਗੇ। ਸਪਤਾਹ-ਅੰਤ ਤੇ, ਅਸੀਂ ਕਿੰਗਡਮ ਨਿਊਜ਼ ਪੇਸ਼ ਕਰਨ ਦੇ ਨਾਲ-ਨਾਲ, ਰਸਾਲਿਆਂ ਦੇ ਤਾਜ਼ੇ ਅੰਕ ਅਤੇ ਸਬਸਕ੍ਰਿਪਸ਼ਨ ਵੀ ਪੇਸ਼ ਕਰਾਂਗੇ।
2 ਕੌਣ ਹਿੱਸਾ ਲੈ ਸਕਦਾ ਹੈ? ਪਹਿਲਾਂ ਦੀ ਤਰ੍ਹਾਂ, ਇਸ ਵਾਰ ਵੀ ਬਜ਼ੁਰਗ ਇਸ ਕੰਮ ਵਿਚ ਅਗਵਾਈ ਲੈਣਗੇ। ਸਾਰੇ ਜਣੇ ਕਿੰਗਡਮ ਨਿਊਜ਼ ਵੰਡਣਾ ਪਸੰਦ ਕਰਦੇ ਹਨ, ਅਤੇ ਨਿਰਸੰਦੇਹ ਬਹੁਤ ਸਾਰੇ ਪ੍ਰਕਾਸ਼ਕ ਇਸ ਮੁਹਿੰਮ ਦੇ ਇਕ ਜਾਂ ਦੋਵੇਂ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰਾਂ ਵਜੋਂ ਆਪਣਾ ਨਾਂ ਦਰਜ ਕਰਵਾਉਣਗੇ। ਦੂਜੇ ਪ੍ਰਕਾਸ਼ਕ ਸੇਵਕਾਈ ਵਿਚ ਆਮ ਨਾਲੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁਣਗੇ।
3 ਕੀ ਤੁਹਾਡਾ ਕੋਈ ਬਾਈਬਲ ਸਿਖਿਆਰਥੀ ਹੈ ਜੋ ਗਿਆਨ ਪੁਸਤਕ ਵਿੱਚੋਂ ਕਾਫ਼ੀ ਹੱਦ ਤਕ ਅਧਿਐਨ ਕਰ ਚੁੱਕਾ ਹੈ ਅਤੇ ਜੋ ਛੇਤੀ ਹੀ ਖੇਤਰ ਸੇਵਾ ਵਿਚ ਹਿੱਸਾ ਲੈਣ ਦੇ ਯੋਗ ਹੋ ਜਾਵੇਗਾ? ਸ਼ਾਇਦ ਉਹ ਕਿੰਗਡਮ ਨਿਊਜ਼ ਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਸਮੇਂ ਸਿਰ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਸਕਦਾ ਹੈ। ਟ੍ਰੈਕਟ ਪੇਸ਼ ਕਰਨ ਲਈ ਕੇਵਲ ਇਕ ਸਰਲ ਪੇਸ਼ਕਾਰੀ ਦੀ ਹੀ ਲੋੜ ਹੈ। ਮਿਸਾਲ ਲਈ, ਅਸੀਂ ਕਹਿ ਸਕਦੇ ਹਾਂ: “ਇਹ ਸੰਦੇਸ਼ ਇੰਨਾ ਮਹੱਤਵਪੂਰਣ ਹੈ ਕਿ ਇਹ ਇਸ ਮਹੀਨੇ ਪੂਰੇ ਸੰਸਾਰ ਵਿਚ 169 ਭਾਸ਼ਾਵਾਂ ਵਿਚ ਦਿੱਤਾ ਜਾ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਲਈ ਇਕ ਕਾਪੀ ਲਓ।” ਛੋਟੇ ਬੱਚੇ ਵੀ ਇਸ ਰੋਮਾਂਚਕ ਕੰਮ ਵਿਚ ਅਰਥਪੂਰਣ ਹਿੱਸਾ ਲੈ ਸਕਦੇ ਹਨ।
4 ਪੁਸਤਕ ਅਧਿਐਨ ਸੰਚਾਲਕਾਂ ਨੂੰ ਆਪਣੇ ਸਮੂਹ ਦੇ ਹਰੇਕ ਮੈਂਬਰ ਨੂੰ ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਵਿਚ ਪੂਰਾ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸ਼ਾਇਦ ਅਜਿਹੇ ਪ੍ਰਕਾਸ਼ਕ ਵੀ ਹੋਣ ਜੋ ਨਿਸ਼ਕ੍ਰਿਆ ਹੋ ਗਏ ਹਨ ਪਰੰਤੂ ਦੁਬਾਰਾ ਸੇਵਕਾਈ ਵਿਚ ਕ੍ਰਿਆਸ਼ੀਲ ਹੋ ਜਾਣਗੇ ਜੇਕਰ ਉਨ੍ਹਾਂ ਨੂੰ ਲੋੜੀਂਦੀ ਹੱਲਾਸ਼ੇਰੀ ਦਿੱਤੀ ਜਾਵੇ। ਮੁਹਿੰਮ ਤੋਂ ਪਹਿਲਾਂ, ਬਜ਼ੁਰਗਾਂ ਨੂੰ ਇਹ ਦੇਖਣ ਲਈ ਇਨ੍ਹਾਂ ਵਿੱਚੋਂ ਹਰੇਕ ਨਾਲ ਮਿਲਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੇਵਕਾਈ ਦੇ ਇਸ ਪਹਿਲੂ ਵਿਚ ਅਨੁਭਵੀ ਪ੍ਰਕਾਸ਼ਕਾਂ ਨਾਲ ਕੰਮ ਕਰਨ ਲਈ ਕਿਹੜੀ ਮਦਦ ਦਿੱਤੀ ਜਾ ਸਕਦੀ ਹੈ।
5 ਅਸੀਂ ਸੇਵਕਾਈ ਲਈ ਕਦੋਂ ਮਿਲ ਸਕਦੇ ਹਾਂ? ਇਨ੍ਹਾਂ ਸਭ ਸਰਗਰਮੀਆਂ ਲਈ ਅਜਿਹੇ ਸਮੂਹਕ ਗਵਾਹੀ ਪ੍ਰਬੰਧਾਂ ਦੀ ਲੋੜ ਪਵੇਗੀ ਜੋ ਸੁਖਾਲੇ ਅਤੇ ਵਿਵਹਾਰਕ ਹੋਣ। ਜਿੱਥੇ ਕਿਤੇ ਸੰਭਵ ਹੋਵੇ, ਸੇਵਾ ਲਈ ਸਭਾਵਾਂ ਦਾ ਪ੍ਰਬੰਧ ਸਪਤਾਹ ਦੇ ਹਰੇਕ ਦਿਨ ਤੇ, ਜਿਸ ਵਿਚ ਸਪਤਾਹ-ਅੰਤ ਵੀ ਸ਼ਾਮਲ ਹਨ, ਅਤੇ ਸ਼ਾਮ ਵੇਲੇ ਕੀਤਾ ਜਾਣਾ ਚਾਹੀਦਾ ਹੈ। ਇਹ ਸਭਾਵਾਂ ਅਜਿਹੇ ਸਮਿਆਂ ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਜਦੋਂ ਪ੍ਰਕਾਸ਼ਕ ਅਤੇ ਪਾਇਨੀਅਰ ਜਨ ਗਵਾਹੀ ਕਾਰਜ ਦੀ ਅਵਧੀ ਦਾ ਪੂਰਾ ਲਾਭ ਉਠਾ ਸਕਣਗੇ। ਸਕੂਲ ਵਿਦਿਆਰਥੀਆਂ, ਸ਼ਿਫ਼ਟ ਵਿਚ ਕੰਮ ਕਰਨ ਵਾਲਿਆਂ ਅਤੇ ਦੂਸਰਿਆਂ ਦੇ ਫ਼ਾਇਦੇ ਲਈ ਦੇਰ ਦੁਪਹਿਰ ਨੂੰ ਵੀ ਇਕੱਠੇ ਹੋਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸੇਵਾ ਨਿਗਾਹਬਾਨ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਘਰ-ਘਰ ਅਤੇ ਵਪਾਰਕ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਕਾਫ਼ੀ ਖੇਤਰ ਉਪਲਬਧ ਹੈ ਤਾਂਕਿ ਸਭ ਲੋਕ ਇਸ ਕੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ। ਜਿਸ ਇਲਾਕੇ ਵਿਚ ਬਹੁਤ ਸਾਰੇ ਪ੍ਰਕਾਸ਼ਕ ਹੋਣ, ਉੱਥੇ ਉਨ੍ਹਾਂ ਨੂੰ ਇਸ ਬਾਰੇ ਸਮਝਦਾਰੀ ਵਰਤਣੀ ਚਾਹੀਦੀ ਹੈ ਕਿ ਖੇਤਰ ਦੇ ਕਿਸੇ ਇਕ ਹਿੱਸੇ ਵਿਚ ਕਿੰਨੇ ਪ੍ਰਕਾਸ਼ਕਾਂ ਨੂੰ ਕੰਮ ਕਰਨਾ ਚਾਹੀਦਾ ਹੈ।
6 ਘਰ-ਵਿਖੇ-ਨਹੀਂ ਬਾਰੇ ਕੀ? ਅਸੀਂ ਜਿੰਨਾ ਜ਼ਿਆਦਾ ਸੰਭਵ ਹੋਵੇ ਉੱਨੇ ਜ਼ਿਆਦਾ ਘਰ-ਸੁਆਮੀਆਂ ਨਾਲ ਨਿੱਜੀ ਤੌਰ ਤੇ ਗੱਲ-ਬਾਤ ਕਰ ਕੇ ਸਮਝਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਕਿੰਗਡਮ ਨਿਊਜ਼ ਨੰ. 35 ਕਿਉਂ ਪੜ੍ਹਨਾ ਚਾਹੀਦਾ ਹੈ। ਇਸ ਲਈ ਜੇਕਰ ਤੁਹਾਡੀ ਮੁਲਾਕਾਤ ਵੇਲੇ ਕੋਈ ਘਰ ਨਹੀਂ ਹੈ, ਤਾਂ ਪਤਾ ਲਿਖ ਲਓ ਅਤੇ ਦਿਨ ਦੇ ਕਿਸੇ ਹੋਰ ਸਮੇਂ ਉੱਥੇ ਦੁਬਾਰਾ ਜਾਓ। ਜੇਕਰ ਮੁਹਿੰਮ ਦੇ ਆਖ਼ਰੀ ਸਪਤਾਹ ਤਕ ਵੀ ਇਨ੍ਹਾਂ ਘਰ-ਸੁਆਮੀਆਂ ਨਾਲ ਸੰਪਰਕ ਕਰਨ ਦੇ ਤੁਹਾਡੇ ਜਤਨ ਨਾਕਾਮ ਰਹੇ, ਤਾਂ ਤੁਸੀਂ ਦਰਵਾਜ਼ੇ ਉੱਤੇ ਅਜਿਹੀ ਜਗ੍ਹਾ ਤੇ ਕਿੰਗਡਮ ਨਿਊਜ਼ ਦੀ ਇਕ ਕਾਪੀ ਛੱਡ ਸਕਦੇ ਹੋ ਜਿੱਥੇ ਇਹ ਰਾਹਗੀਰਾਂ ਦੀਆਂ ਨਜ਼ਰਾਂ ਤੋਂ ਓਹਲੇ ਹੋਵੇ। ਰਿਹਾਇਸ਼ੀ ਇਲਾਕਿਆਂ ਵਿਚ, ਸੜਕ ਤੇ ਜਾਂਦੇ ਵਿਅਕਤੀਆਂ ਨੂੰ ਕਿੰਗਡਮ ਨਿਊਜ਼ ਪੇਸ਼ ਕਰਨ ਲਈ ਸਚੇਤ ਰਹੋ। ਪੇਂਡੂ ਇਲਾਕਿਆਂ ਵਿਚ ਅਤੇ ਅਜਿਹੇ ਇਲਾਕਿਆਂ ਵਿਚ ਜਿੱਥੇ ਇੰਨਾ ਸਾਰਾ ਖੇਤਰ ਹੈ ਕਿ ਮੁਹਿੰਮ ਦੌਰਾਨ ਪੂਰਾ ਨਹੀਂ ਕੀਤਾ ਜਾ ਸਕਦਾ, ਉੱਥੇ ਕੰਮ ਕਰਦੇ ਸਮੇਂ ਤੁਸੀਂ ਪਹਿਲੇ ਦੌਰੇ ਤੇ ਹੀ ਘਰ-ਵਿਖੇ-ਨਹੀਂ ਘਰਾਂ ਤੇ ਕਿੰਗਡਮ ਨਿਊਜ਼ ਦੀ ਇਕ ਕਾਪੀ ਛੱਡ ਸਕਦੇ ਹੋ।
7 ਸਾਡਾ ਟੀਚਾ ਕੀ ਹੈ? ਕਲੀਸਿਯਾਵਾਂ ਨੂੰ ਆਪਣੇ ਪੂਰੇ ਖੇਤਰ ਵਿਚ ਕਿੰਗਡਮ ਨਿਊਜ਼ ਦੀ ਪੂਰੀ ਸਪਲਾਈ ਨਵੰਬਰ 16 ਤਕ ਖ਼ਤਮ ਕਰਨ ਦਾ ਜਤਨ ਕਰਨਾ ਚਾਹੀਦਾ ਹੈ ਜਿਸ ਤਾਰੀਖ਼ ਤੇ ਮੁਹਿੰਮ ਸਮਾਪਤ ਹੋਵੇਗੀ। ਜੇਕਰ ਤੁਹਾਡੀ ਕਲੀਸਿਯਾ ਦਾ ਖੇਤਰ ਕਾਫ਼ੀ ਵੱਡਾ ਹੈ, ਅਤੇ ਜੇਕਰ ਤੁਹਾਡੇ ਲਈ ਇਕ ਸਾਥੀ ਨਾਲ ਕੰਮ ਕਰਨ ਦੀ ਬਜਾਇ ਇਕੱਲੇ ਕੰਮ ਕਰਨਾ ਸੁਰੱਖਿਅਤ ਹੈ, ਤਾਂ ਇੰਜ ਕਰਨਾ ਵਿਵਹਾਰਕ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਇਕ ਵਿਅਕਤੀਆਂ ਤਕ ਖ਼ੁਸ਼ ਖ਼ਬਰੀ ਪਹੁੰਚਾ ਸਕੋਗੇ। (ਮੱਤੀ 10:11) ਬ੍ਰੀਫ-ਕੇਸ ਦੀ ਬਜਾਇ ਆਪਣੇ ਹੱਥ ਵਿਚ ਕੁਝ ਟ੍ਰੈਕਟ ਰੱਖਣੇ ਅਤੇ ਆਪਣੀ ਜੇਬ ਜਾਂ ਬਟੂਏ ਵਿਚ ਬਾਈਬਲ ਰੱਖਣੀ ਸ਼ਾਇਦ ਲਾਭਦਾਇਕ ਹੋਵੇ। ਰੁਚੀ ਦਿਖਾਉਣ ਵਾਲੇ ਵਿਅਕਤੀਆਂ ਦਾ ਠੀਕ ਰਿਕਾਰਡ ਜ਼ਰੂਰ ਰੱਖੋ।
8 ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਬਜ਼ੁਰਗਾਂ ਨੂੰ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਕਲੀਸਿਯਾ ਨੂੰ ਹੋਰ ਕਿੰਨੇ ਰਸਾਲਿਆਂ ਦੀ ਲੋੜ ਪਵੇਗੀ ਅਤੇ ਇਸ ਅਨੁਸਾਰ ਆਰਡਰ ਭੇਜਣਾ ਚਾਹੀਦਾ ਹੈ। ਕਿੰਗਡਮ ਨਿਊਜ਼ ਨੰ. 35 ਦਾ ਆਰਡਰ ਭੇਜਣ ਦੀ ਲੋੜ ਨਹੀਂ ਕਿਉਂਕਿ ਹਰੇਕ ਕਲੀਸਿਯਾ ਨੂੰ ਨਿਸ਼ਚਿਤ ਗਿਣਤੀ ਵਿਚ ਟ੍ਰੈਕਟ ਭੇਜੇ ਜਾ ਰਹੇ ਹਨ। ਵਿਸ਼ੇਸ਼, ਨਿਯਮਿਤ, ਅਤੇ ਸਹਿਯੋਗੀ ਪਾਇਨੀਅਰਾਂ ਵਿੱਚੋਂ ਹਰੇਕ ਨੂੰ 200 ਕਾਪੀਆਂ ਵੰਡਣ ਲਈ ਦਿੱਤੀਆਂ ਜਾਣਗੀਆਂ, ਜਦ ਕਿ ਕਲੀਸਿਯਾ ਪ੍ਰਕਾਸ਼ਕਾਂ ਵਿੱਚੋਂ ਹਰੇਕ ਲਈ 40 ਕਾਪੀਆਂ ਨਿਯਤ ਕੀਤੀਆਂ ਜਾਣਗੀਆਂ। ਸਾਡੇ ਲਈ ਸਾਡਾ ਕੰਮ ਤਿਆਰ ਕੀਤਾ ਗਿਆ ਹੈ। ਕੀ ਤੁਸੀਂ ਇਸ ਸੁਖਾਵੀਂ ਸਰਗਰਮੀ ਵਿਚ ਹਿੱਸਾ ਲੈਣ ਲਈ ਉਤਸੁਕ ਹੋ? ਯਕੀਨਨ ਤੁਸੀਂ ਉਤਸੁਕ ਹੋ। ਆਓ ਅਸੀਂ ਕਿੰਗਡਮ ਨਿਊਜ਼ ਨੰ. 35 ਵਿਚ ਦਿੱਤੇ ਗਏ ਇਸ ਮਹੱਤਵਪੂਰਣ ਬਾਈਬਲ-ਆਧਾਰਿਤ ਸੰਦੇਸ਼ ਦੀ ਅਤਿ ਵਿਆਪਕ ਵੰਡਾਈ ਕਰੀਏ!