ਕ੍ਰਿਆਸ਼ੀਲਤਾ ਵੱਲ ਲੈ ਜਾਣ ਵਾਲਾ ਵੱਡਾ ਦਰਵਾਜ਼ਾ ਖੁੱਲ੍ਹਾ ਹੈ
1 ਖ਼ੁਸ਼ ਖ਼ਬਰੀ ਦੇ ਇਕ ਸਰਗਰਮ ਪ੍ਰਚਾਰਕ ਵਜੋਂ, ਪੌਲੁਸ ਨੇ ਉਤਸੁਕਤਾ ਨਾਲ ਅਜਿਹੇ ਖੇਤਰਾਂ ਦੀ ਭਾਲ ਕੀਤੀ ਜਿੱਥੇ ਜ਼ਿਆਦਾ ਲੋੜ ਸੀ, ਅਤੇ ਇਨ੍ਹਾਂ ਵਿੱਚੋਂ ਇਕ ਸੀ ਅਫ਼ਸੁਸ ਸ਼ਹਿਰ। ਉੱਥੇ ਉਸ ਨੂੰ ਪ੍ਰਚਾਰ ਕਰਨ ਵਿਚ ਇੰਨੀ ਸਫ਼ਲਤਾ ਮਿਲੀ ਕਿ ਉਸ ਨੇ ਸੰਗੀ ਮਸੀਹੀਆਂ ਨੂੰ ਲਿਖਿਆ: “ਇਕ ਵੱਡਾ ਦਰਵਾਜ਼ਾ ਜੋ ਕ੍ਰਿਆਸ਼ੀਲਤਾ ਵੱਲ ਲੈ ਜਾਂਦਾ ਹੈ, ਮੇਰੇ ਲਈ ਖੋਲ੍ਹਿਆ ਗਿਆ ਹੈ।” (1 ਕੁਰਿੰ. 16:9, ਨਿ ਵ) ਪੌਲੁਸ ਨੇ ਉਸ ਖੇਤਰ ਵਿਚ ਸੇਵਾ ਕਰਨੀ ਜਾਰੀ ਰੱਖੀ ਅਤੇ ਬਹੁਤ ਸਾਰੇ ਅਫ਼ਸੀਆਂ ਦੀ ਨਿਹਚਾਵਾਨ ਬਣਨ ਵਿਚ ਮਦਦ ਕੀਤੀ।—ਰਸੂ. 19:1-20, 26.
2 ਅੱਜ ਵੀ, ਕ੍ਰਿਆਸ਼ੀਲਤਾ ਵੱਲ ਲੈ ਜਾਣ ਵਾਲਾ ਇਕ ਵੱਡਾ ਦਰਵਾਜ਼ਾ ਸਾਡੇ ਲਈ ਖੁੱਲ੍ਹਾ ਹੈ। ਸਾਡੇ ਵਿੱਚੋਂ ਹਰੇਕ ਨੂੰ ਨਿਯਮਿਤ ਪਾਇਨੀਅਰ ਵਜੋਂ ਆਪਣਾ ਨਾਂ ਲਿਖਾਉਣ ਅਤੇ, ਜੇਕਰ ਸੰਭਵ ਹੋਵੇ, ਤਾਂ ਸਵੈ-ਇੱਛਾ ਨਾਲ ਕਿਸੇ ਹੋਰ ਇਲਾਕੇ ਵਿਚ ਜਾ ਕੇ ਸ਼ਾਇਦ ਇਕ ਵੱਡੇ ਖੇਤਰ ਵਾਲੀ ਛੋਟੀ ਕਲੀਸਿਯਾ ਨਾਲ ਕੰਮ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਜਤਨ ਕੁਝ ਇਲਾਕਿਆਂ ਦੀ ਲੋੜ ਨੂੰ ਪੂਰਾ ਕਰ ਸਕਦੇ ਹਨ।—ਤੁਲਨਾ ਕਰੋ 2 ਕੁਰਿੰਥੀਆਂ 8:13-15.
3 ਕੀ ਤੁਸੀਂ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰ ਸਕਦੇ ਹੋ? ਕੀ ਤੁਸੀਂ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰਨ ਦੀ ਸੰਭਾਵਨਾ ਉੱਤੇ ਪ੍ਰਾਰਥਨਾਪੂਰਵਕ ਵਿਚਾਰ ਕੀਤਾ ਹੈ? ਭਾਰਤ ਵਿਚ ਖੇਤਰ ਸੱਚ-ਮੁੱਚ ਵੱਡਾ ਹੈ ਅਤੇ ਲੋਕਾਂ ਨੂੰ ਇਕੱਠੇ ਕਰਨ ਦਾ ਬਹੁਤ ਸਾਰਾ ਕੰਮ ਅਜੇ ਬਾਕੀ ਹੈ। ਇਸ ਮਾਮਲੇ ਬਾਰੇ ਆਪਣੇ ਪਰਿਵਾਰ ਨਾਲ, ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ, ਜਾਂ ਆਪਣੇ ਸਰਕਟ ਨਿਗਾਹਬਾਨ ਨਾਲ ਹੀ ਗੱਲ ਕਰ ਕੇ ਦੇਖੋ। ਉਨ੍ਹਾਂ ਦੀ ਸਲਾਹ ਲਓ ਕਿ ਤੁਸੀਂ ਨਿਯਮਿਤ ਪਾਇਨੀਅਰ ਸੇਵਾ ਅਪਣਾਉਣ ਵਿਚ ਸਮਰਥ ਬਣਨ ਲਈ ਆਪਣੀ ਸਮਾਂ-ਸੂਚੀ ਕਿਵੇਂ ਤਬਦੀਲ ਕਰ ਸਕਦੇ ਹੋ। ਵੱਡੇ ਪਰਿਵਾਰਾਂ ਵਿਚ, ਕੀ ਪੂਰਾ ਪਰਿਵਾਰ ਇਕ ਜੀਅ ਨੂੰ ਪਾਇਨੀਅਰੀ ਕਰਨ ਲਈ ਸਹਿਯੋਗ ਦੇ ਸਕਦਾ ਹੈ? ਜੇਕਰ ਪਰਿਵਾਰ ਵਿਚ ਸਿਰਫ਼ ਪਤੀ ਅਤੇ ਪਤਨੀ ਹਨ, ਅਤੇ ਆਰਥਿਕ ਲੋੜਾਂ ਕਾਰਨ ਦੋਹਾਂ ਨੂੰ ਮਜਬੂਰਨ ਪੂਰਣ-ਕਾਲੀ ਨੌਕਰੀ ਨਹੀਂ ਕਰਨੀ ਪੈਂਦੀ ਹੈ, ਤਾਂ ਕੀ ਤੁਸੀਂ ਕੁਝ ਸਮੇਂ ਤਕ ਬੱਚੇ ਪੈਦਾ ਨਾ ਕਰਨ ਉੱਤੇ ਵਿਚਾਰ ਕਰ ਸਕਦੇ ਹੋ ਤਾਂਕਿ ਪਤਨੀ ਪਹਿਲਾਂ ਕੁਝ ਸਾਲਾਂ ਲਈ ਨਿਯਮਿਤ ਪਾਇਨੀਅਰ ਸੇਵਾ ਵਿਚ ਹਿੱਸਾ ਲੈ ਸਕੇ?
4 ਹਾਲ ਹੀ ਦੇ ਦਹਾਕਿਆਂ ਵਿਚ, ਸੰਸਾਰ ਭਰ ਵਿਚ ਹਜ਼ਾਰਾਂ ਮਸੀਹੀ ਪਰਿਵਾਰ ਵਾਢੀ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਲਈ ਦੂਸਰੇ ਇਲਾਕਿਆਂ ਵਿਚ ਗਏ ਹਨ। ਇਸ ਤਰ੍ਹਾਂ ਕਰਨ ਵਾਲੇ ਇਕ ਜੋੜੇ ਨੇ ਕਿਹਾ: “ਅਸੀਂ ਉੱਥੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਸਾਡੀ ਮਦਦ ਦੀ ਸਭ ਤੋਂ ਜ਼ਿਆਦਾ ਲੋੜ ਸੀ।” ਜੇਕਰ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਇਕ ਵੱਡੀ ਕਲੀਸਿਯਾ ਦੁਆਰਾ ਖੇਤਰ ਅਕਸਰ ਚੰਗੀ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਅਤੇ ਜੇਕਰ ਤੁਹਾਨੂੰ ਕਿਸੇ ਦੂਸਰੇ ਇਲਾਕੇ ਵਿਚ ਜਾਣ ਦਾ ਮੌਕਾ ਮਿਲੇ ਜਿੱਥੇ ਘੱਟ ਰਾਜ ਪ੍ਰਕਾਸ਼ਕ ਹਨ, ਤਾਂ ਕੀ ਤੁਸੀਂ ਸਵੈ-ਇੱਛਾ ਨਾਲ ਉੱਥੇ ਜਾਣ ਬਾਰੇ ਵਿਚਾਰ ਕਰਨਾ ਚਾਹੋਗੇ? ਜੇਕਰ ਤੁਸੀਂ ਨਵੇਂ ਇਲਾਕੇ ਵਿਚ ਨਿਯਮਿਤ ਪਾਇਨੀਅਰ ਵਜੋਂ ਸੇਵਾ ਨਾ ਵੀ ਕਰ ਸਕੋ, ਫਿਰ ਵੀ ਉੱਥੇ ਤੁਹਾਡੀ ਹਾਜ਼ਰੀ ਇਕ ਛੋਟੀ ਕਲੀਸਿਯਾ ਲਈ ਲਾਭਦਾਇਕ ਹੋ ਸਕਦੀ ਹੈ। ਜੇਕਰ ਤੁਹਾਡੀ ਇਹ ਇੱਛਾ ਹੈ, ਤਾਂ ਤੁਸੀਂ ਸੰਭਾਵਨਾਵਾਂ ਬਾਰੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਜਾਂ ਆਪਣੇ ਸਰਕਟ ਨਿਗਾਹਬਾਨ ਨਾਲ ਗੱਲ ਕਰ ਸਕਦੇ ਹੋ।
5 ਯਹੋਵਾਹ ਦੇ ਨਾਂ ਬਾਰੇ ਦੱਸਣਾ ਇਕ ਵਿਸ਼ੇਸ਼-ਸਨਮਾਨ ਹੈ। ਸਾਡੇ ਵਿੱਚੋਂ ਸਭ ਪਾਇਨੀਅਰੀ ਨਹੀਂ ਕਰ ਸਕਦੇ ਹਨ, ਪਰ ਸਾਡੇ ਵਿੱਚੋਂ ਹਰੇਕ ਨੂੰ ਸੰਭਾਵਨਾਵਾਂ ਉੱਤੇ ਗੰਭੀਰਤਾ ਨਾਲ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਕੁਝ ਵੀ ਹੋਵੇ, ਜਦ ਤਾਈਂ ਕ੍ਰਿਆਸ਼ੀਲਤਾ ਵੱਲ ਲੈ ਜਾਣ ਵਾਲਾ ਦਰਵਾਜ਼ਾ ਖੁੱਲ੍ਹਾ ਹੈ, ਆਓ ਅਸੀਂ ਸਭ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ।—1 ਕੁਰਿੰ. 15:58.