ਜਦੋਂ ਲੋਕ ਕੋਈ ਹੋਰ ਭਾਸ਼ਾ ਬੋਲਦੇ ਹਨ
1. ਕੁਝ ਇਲਾਕਿਆਂ ਵਿਚ ਪ੍ਰਚਾਰ ਕਰਦੇ ਸਮੇਂ ਆਪਸੀ ਸਹਿਯੋਗ ਦੀ ਕਿਉਂ ਲੋੜ ਹੁੰਦੀ ਹੈ?
1 ਅੱਜ-ਕੱਲ੍ਹ ਪ੍ਰਚਾਰ ਕਰਦੇ ਵੇਲੇ ਪਬਲੀਸ਼ਰ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਨ ਜੋ ਪਰਮੇਸ਼ੁਰ ਬਾਰੇ ਹੋਰ ਜਾਣਨਾ ਤਾਂ ਚਾਹੁੰਦੇ ਹਨ, ਪਰ ਉਹ ਕੋਈ ਹੋਰ ਭਾਸ਼ਾ ਬੋਲਦੇ ਹਨ। ਅਜਿਹੇ ਲੋਕਾਂ ਦੀ ਮਦਦ ਕਰਨ ਲਈ ਕਈ ਬ੍ਰਾਂਚਾਂ ਨੇ ਵੱਖ-ਵੱਖ ਭਾਸ਼ਾਈ ਗਰੁੱਪ ਤੇ ਕਲੀਸਿਯਾਵਾਂ ਸਥਾਪਿਤ ਕਰਨ ਦੀ ਲੋੜ ਮਹਿਸੂਸ ਕੀਤੀ ਹੈ। ਹੋ ਸਕਦਾ ਹੈ ਕਿ ਇੱਕੋ ਇਲਾਕੇ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਕਰਕੇ ਕਈ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਨੂੰ ਉੱਥੇ ਪ੍ਰਚਾਰ ਕਰਨਾ ਪਵੇ। ਇਨ੍ਹਾਂ ਹਾਲਾਤਾਂ ਹੇਠ ਕਲੀਸਿਯਾਵਾਂ ਕਿਵੇਂ ਆਪਸੀ ਸਹਿਯੋਗ ਅਤੇ ਸ਼ਾਂਤੀ ਨਾਲ ਮਿਲ ਕੇ ਪ੍ਰਚਾਰ ਕਰ ਸਕਦੀਆਂ ਹਨ?—1 ਕੁਰਿੰ. 14:33.
2. ਸਾਂਝੇ ਇਲਾਕਿਆਂ ਵਿਚ ਘਰ-ਘਰ ਪ੍ਰਚਾਰ ਕਰਦੇ ਸਮੇਂ ਅਸੀਂ ਹੋਰ ਕਲੀਸਿਯਾ ਜਾਂ ਭਾਸ਼ਾਈ ਗਰੁੱਪ ਨੂੰ ਕਿਵੇਂ ਸਹਿਯੋਗ ਦੇ ਸਕਦੇ ਹਾਂ?
2 ਸਭ ਦਾ ਸਹਿਯੋਗ: ਜੇਕਰ ਪਬਲੀਸ਼ਰ ਗ਼ੈਰ-ਰਸਮੀ ਤੌਰ ਤੇ ਜਾਂ ਸੜਕ ʼਤੇ ਪ੍ਰਚਾਰ ਕਰ ਰਿਹਾ ਹੈ, ਤਾਂ ਉਹ ਕਿਸੇ ਵੀ ਭਾਸ਼ਾ ਦੇ ਵਿਅਕਤੀ ਨਾਲ ਗੱਲ ਕਰ ਸਕਦਾ ਹੈ ਤੇ ਉਸ ਦੀ ਪਸੰਦ ਦੀ ਭਾਸ਼ਾ ਵਿਚ ਸਾਹਿੱਤ ਦੇ ਸਕਦਾ ਹੈ। ਪਰੰਤੂ ਸਾਂਝੇ ਇਲਾਕਿਆਂ ਵਿਚ ਘਰ-ਘਰ ਪ੍ਰਚਾਰ ਕਰਦੇ ਵੇਲੇ ਪਬਲੀਸ਼ਰ ਆਮ ਤੌਰ ਤੇ ਸਿਰਫ਼ ਉਨ੍ਹਾਂ ਘਰਾਂ ਤੇ ਹੀ ਗੱਲ ਕਰੇਗਾ ਜਿੱਥੇ ਲੋਕ ਉਸ ਦੀ ਕਲੀਸਿਯਾ ਦੀ ਭਾਸ਼ਾ ਬੋਲਦੇ ਹਨ। ਇਹੋ ਜਿਹੇ ਸਾਂਝੇ ਇਲਾਕਿਆਂ ਵਿਚ ਕੰਮ ਕਰਦੇ ਸਮੇਂ ਵਧੀਆ ਰਿਕਾਰਡ ਰੱਖਣ ਦੀ ਸਖ਼ਤ ਲੋੜ ਹੁੰਦੀ ਹੈ। ਸਰਵਿਸ ਓਵਰਸੀਅਰਾਂ ਨੂੰ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂਕਿ ਸੁਖਾਵੇਂ ਪ੍ਰਬੰਧ ਕੀਤੇ ਜਾ ਸਕਣ। (ਕਹਾ. 11:14) ਪਰੰਤੂ ਜੇਕਰ ਘਰ-ਘਰ ਪ੍ਰਚਾਰ ਕਰਦਿਆਂ ਪਬਲੀਸ਼ਰ ਨੂੰ ਕੋਈ ਅਜਿਹੀ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ ਜਿਸ ਭਾਸ਼ਾ ਦੀ ਨੇੜੇ-ਤੇੜੇ ਕੋਈ ਕਲੀਸਿਯਾ ਨਹੀਂ ਹੈ, ਤਾਂ ਉਹ ਉਸ ਵਿਅਕਤੀ ਨੂੰ ਗਵਾਹੀ ਦੇਣ ਅਤੇ ਉਸ ਦੀ ਰੁਚੀ ਨੂੰ ਦੇਖਦਿਆਂ ਹੋਰ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰੇਗਾ।
3. ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਇਲਾਕੇ ਵਿਚ ਕਈ ਭਾਸ਼ਾਈ ਗਰੁੱਪ ਜਾਂ ਕਲੀਸਿਯਾਵਾਂ ਕੰਮ ਕਰਦੀਆਂ ਹਨ?
3 ਸਾਂਝਾ ਕੰਮ: ਇੱਕੋ ਇਲਾਕੇ ਵਿਚ ਮਿਲ-ਜੁਲ ਕੇ ਕੰਮ ਕਰਨ ਲਈ ਕਲੀਸਿਯਾਵਾਂ ਕੀ ਕਰ ਸਕਦੀਆਂ ਹਨ? ਇਲਾਕੇ ਵਿਚ ਕਿੰਨੇ ਕੁ ਲੋਕ ਕਿਹੜੀ ਭਾਸ਼ਾ ਬੋਲਦੇ ਹਨ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਸਰਵਿਸ ਓਵਰਸੀਅਰ ਮਿਲ ਕੇ ਫ਼ੈਸਲਾ ਕਰਨਗੇ ਕਿ ਉਨ੍ਹਾਂ ਦੀਆਂ ਕਲੀਸਿਯਾਵਾਂ ਕਦੋਂ ਉਸ ਇਲਾਕੇ ਵਿਚ ਪ੍ਰਚਾਰ ਕਰਨਗੀਆਂ। ਉਨ੍ਹਾਂ ਦੇ ਫ਼ੈਸਲੇ ਮੁਤਾਬਕ ਹੀ ਕਲੀਸਿਯਾਵਾਂ ਨੂੰ ਟੈਰੀਟਰੀ ਕਾਰਡ ਦਿੱਤੇ ਜਾਣਗੇ। ਪਬਲੀਸ਼ਰਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਸਿਰਫ਼ ਉਸੇ ਇਲਾਕੇ ਵਿਚ ਕੰਮ ਕਰਨ ਜੋ ਉਨ੍ਹਾਂ ਨੂੰ ਦਿੱਤਾ ਗਿਆ ਹੈ। ਭਾਸ਼ਾ ਭਾਵੇਂ ਵੱਖਰੀ ਹੋਵੇ, ਪਰ ਮਸੀਹੀ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਇਕ ਦੂਸਰੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। (ਯੂਹੰ. 13:34, 35) ਸਾਡਾ ਮੁੱਖ ਮਕਸਦ ਇਲਾਕੇ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣਾ ਹੈ। ਸੋ ਉਸ ਇਲਾਕੇ ਵਿਚ ਕੌਣ ਕਦੋਂ ਕੰਮ ਕਰੇਗਾ, ਇਸ ਦਾ ਫ਼ੈਸਲਾ ਕਰਦੇ ਵੇਲੇ ਜ਼ਿੰਮੇਵਾਰ ਭਰਾ ਪਿਆਰ ਅਤੇ ਸ਼ੀਲ ਸੁਭਾਅ ਨਾਲ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨਗੇ।—ਯਾਕੂ. 3:17, 18.
4. ਅੱਜ ਕਿਹੜੀ ਭਵਿੱਖਬਾਣੀ ਪੂਰੀ ਹੋ ਰਹੀ ਹੈ?
4 ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਵੱਖ-ਵੱਖ ਭਾਸ਼ਾਵਾਂ ਦੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਜਾਵੇਗੀ। (ਪਰ. 14:6, 7) ਚੰਗੇ ਸਹਿਯੋਗ ਨਾਲ ਵੱਖ-ਵੱਖ ਗਰੁੱਪਾਂ ਜਾਂ ਕਲੀਸਿਯਾਵਾਂ ਦੇ ਪਬਲੀਸ਼ਰ ਇੱਕੋ ਦਿਨ ਤੇ ਇੱਕੋ ਗਲੀ ਦੇ ਲੋਕਾਂ ਦੇ ਦਰਵਾਜ਼ੇ ਖਟਖਟਾ ਕੇ ਉਨ੍ਹਾਂ ਨੂੰ ਨਹੀਂ ਅਕਾਉਣਗੇ। ਨਾਲੇ ਬਹੁਤ ਸਾਰੇ ਨਵੇਂ ਲੋਕਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲੇਗਾ ਜਿਨ੍ਹਾਂ ਵਿਚ ਦੂਸਰੀ ਭਾਸ਼ਾ ਬੋਲਣ ਵਾਲੇ ਲੋਕ ਵੀ ਸ਼ਾਮਲ ਹਨ।—ਅਫ਼. 4:16.