ਹੋਰਨਾਂ ਭਾਸ਼ਾਵਾਂ ਬੋਲਣ ਵਾਲਿਆਂ ਦੀ ਕਿਵੇਂ ਮਦਦ ਕਰੀਏ
1. ਆਪਣੇ ਇਲਾਕੇ ਵਿਚ ਪ੍ਰਚਾਰ ਕਰਦਿਆਂ ਸਾਨੂੰ ਕਈ ਵਾਰ ਕਿਸ ਤਰ੍ਹਾਂ ਦੇ ਲੋਕ ਮਿਲਦੇ ਹਨ?
1 ਆਮ ਤੌਰ ਤੇ ਅਸੀਂ ਉਸ ਭਾਸ਼ਾ ਵਿਚ ਪ੍ਰਚਾਰ ਕਰਦੇ ਹਾਂ ਜੋ ਸਾਡੀ ਕਲੀਸਿਯਾ ਵਿਚ ਬੋਲੀ ਜਾਂਦੀ ਹੈ। ਨਿਰਪੱਖ ਹੋ ਕੇ ਸਾਨੂੰ ਆਪਣੇ ਇਲਾਕੇ ਵਿਚ ਰਹਿੰਦੇ ਹੋਰਨਾਂ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਵੀ ਯਹੋਵਾਹ ਵਾਂਗ ਪਿਆਰ ਦਿਖਾਉਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾ ਸਕੀਏ। (ਜ਼ਬੂ. 83:18; ਰਸੂ. 10:34, 35) ਅਸੀਂ ਅਜਿਹੇ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
2. ਸਾਡੇ ਕੋਲ ਕਿਹੜੀ ਵਧੀਆ ਪੁਸਤਿਕਾ ਹੈ ਤੇ ਅਸੀਂ ਇਸ ਨੂੰ ਕਿਵੇਂ ਵਰਤ ਸਕਦੇ ਹਾਂ?
2 ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਵਰਤੋ: ਇਹ ਪੁਸਤਿਕਾ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਇਸ ਵਿਚ ਦੱਸੀਆਂ ਗੱਲਾਂ ਨਾਲ ਵਾਕਫ਼ ਹੋਣ ਦੇ ਨਾਲ-ਨਾਲ ਇਸ ਨੂੰ ਵਰਤਣ ਲਈ ਵੀ ਤਿਆਰ ਰਹੋ। ਜੇ ਤੁਹਾਡੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਹੋਰਨਾਂ ਭਾਸ਼ਾਵਾਂ ਵਿਚ ਸਾਹਿੱਤ ਮਿਲਦਾ ਹੈ, ਤਾਂ ਤੁਸੀਂ ਇਹ ਪੁਸਤਿਕਾ ਵਰਤਣ ਤੋਂ ਬਾਅਦ ਕੁਝ ਪ੍ਰਕਾਸ਼ਨ ਲਿਆ ਕੇ ਲੋਕਾਂ ਨੂੰ ਦੇ ਸਕਦੇ ਹੋ। ਦਿਲਚਸਪੀ ਰੱਖਣ ਵਾਲਿਆਂ ਨੂੰ ਵਾਪਸ ਜਾ ਕੇ ਮਿਲਣ ਦਾ ਇੰਤਜ਼ਾਮ ਕਰੋ।
3. ਜੇ ਅਸੀਂ ਕੋਈ ਹੋਰ ਭਾਸ਼ਾ ਬੋਲਣ ਵਾਲੇ ਵਿਅਕਤੀ ਨੂੰ ਮਿਲਦੇ ਹਾਂ ਜੋ ਦਿਲਚਸਪੀ ਰੱਖਦਾ ਹੈ, ਤਾਂ ਸਾਡਾ ਕੀ ਫ਼ਰਜ਼ ਬਣਦਾ ਹੈ?
3 ਮੁੜ ਕੇ ਮਿਲਣ ਦਾ ਪ੍ਰਬੰਧ: ਜਦੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਕੋਈ ਵਿਅਕਤੀ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਵਾਕਈ ਦਿਲਚਸਪੀ ਰੱਖਦਾ ਹੈ, ਤਾਂ ਸਾਨੂੰ “ਇਨ੍ਹਾਂ ਨੂੰ ਮਿਲੋ” (ਪਲੀਜ਼ ਫਾਲੋ ਅੱਪ [S-43]) ਫਾਰਮ ਭਰ ਕੇ ਫ਼ੌਰਨ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੇ ਦੇਣਾ ਚਾਹੀਦਾ ਹੈ। ਸੈਕਟਰੀ ਉਸ ਨੂੰ ਬ੍ਰਾਂਚ ਆਫ਼ਿਸ ਭੇਜ ਦੇਵੇਗਾ ਤਾਂਕਿ ਉਸ ਵਿਅਕਤੀ ਕੋਲ ਉਸ ਦੀ ਭਾਸ਼ਾ ਬੋਲਣ ਵਾਲਾ ਕੋਈ ਪਬਲੀਸ਼ਰ ਭੇਜਿਆ ਜਾਵੇ। ਸੈਕਟਰੀ ਇਸ ਫਾਰਮ ਦੀ ਕਾਪੀ ਸਰਵਿਸ ਓਵਰਸੀਅਰ ਨੂੰ ਦੇ ਸਕਦਾ ਹੈ ਤਾਂਕਿ ਉਹ ਧਿਆਨ ਰੱਖ ਸਕੇ ਕਿ ਇਹ ਭਾਸ਼ਾ ਬੋਲਣ ਵਾਲੇ ਲੋਕ ਕਿੰਨੀ ਦਿਲਚਸਪੀ ਲੈ ਰਹੇ ਹਨ। S-43 ਫਾਰਮ ਭਰਨ ਵਾਲੇ ਪਬਲੀਸ਼ਰ ਨੂੰ ਉਦੋਂ ਤਕ ਉਸ ਵਿਅਕਤੀ ਕੋਲ ਜਾਂਦੇ ਰਹਿਣਾ ਚਾਹੀਦਾ ਹੈ ਜਦ ਤਕ ਉਸ ਦੀ ਭਾਸ਼ਾ ਬੋਲਣ ਵਾਲਾ ਕੋਈ ਭੈਣ-ਭਰਾ ਉਸ ਕੋਲ ਨਹੀਂ ਜਾਣਾ ਸ਼ੁਰੂ ਕਰ ਦਿੰਦਾ। ਦਿਲਚਸਪੀ ਲੈਣ ਵਾਲੇ ਵਿਅਕਤੀ ਨਾਲ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ ਜਾ ਸਕਦੀ ਹੈ।
4. ਅਸੀਂ ਹੋਰ ਕਿਸੇ ਭਾਸ਼ਾ ਬੋਲਣ ਵਾਲਿਆਂ ਲਈ ਸਾਹਿੱਤ ਕਿੱਦਾਂ ਲੈ ਸਕਦੇ ਹਾਂ?
4 ਹੋਰਨਾਂ ਭਾਸ਼ਾਵਾਂ ਵਿਚ ਸਾਹਿੱਤ: ਕਲੀਸਿਯਾਵਾਂ ਨੂੰ ਹੋਰਨਾਂ ਭਾਸ਼ਾਵਾਂ ਵਿਚ ਲੋੜੋਂ ਵਧ ਸਾਹਿੱਤ ਨਹੀਂ ਜਮ੍ਹਾ ਕਰਨਾ ਚਾਹੀਦਾ। ਪਰ ਜੇ ਸਰਵਿਸ ਓਵਰਸੀਅਰ ਨੂੰ ਲੱਗੇ ਕਿ ਕਿਸੇ ਖ਼ਾਸ ਭਾਸ਼ਾ ਬੋਲਣ ਵਾਲੇ ਲੋਕ ਦਿਲਚਸਪੀ ਲੈ ਰਹੇ ਹਨ, ਤਾਂ ਉਸ ਨੂੰ ਪਬਲੀਸ਼ਰਾਂ ਦੀ ਵਰਤੋ ਲਈ ਉਸ ਭਾਸ਼ਾ ਵਿਚ ਕੁਝ ਸਾਹਿੱਤ ਮੰਗਵਾ ਲੈਣਾ ਚਾਹੀਦਾ ਹੈ। ਇਹ ਵੀ ਯਾਦ ਰੱਖੋ ਕਿ www.watchtower.org ਵੈੱਬ-ਸਾਈਟ ʼਤੇ ਸੈਂਕੜੇ ਹੀ ਭਾਸ਼ਾਵਾਂ ਵਿਚ ਕਈ ਪ੍ਰਕਾਸ਼ਨ ਮਿਲ ਸਕਦੇ ਹਨ ਜਿਨ੍ਹਾਂ ਨੂੰ ਪ੍ਰਿੰਟ ਕੀਤਾ ਜਾ ਸਕਦਾ ਹੈ।
5. ਹੋਰ ਕੋਈ ਭਾਸ਼ਾ ਬੋਲਣ ਵਾਲਿਆਂ ਦੀ ਦਿਲਚਸਪੀ ਵਧਾਉਣ ਲਈ ਕਲੀਸਿਯਾ ਕੀ ਕਰ ਸਕਦੀ ਹੈ?
5 ਕਲੀਸਿਯਾ ਕੀ ਕਰ ਸਕਦੀ ਹੈ: ਬਿਹਤਰ ਹੋਵੇਗਾ ਜੇ ਦਿਲਚਸਪੀ ਰੱਖਣ ਵਾਲੇ ਉਸ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਜਿੱਥੇ ਉਨ੍ਹਾਂ ਦੀ ਮਾਂ-ਬੋਲੀ ਵਰਤੀ ਜਾਂਦੀ ਹੈ। ਪਰ ਸ਼ਾਇਦ ਉਨ੍ਹਾਂ ਦੀ ਭਾਸ਼ਾ ਵਿਚ ਕੋਈ ਕਲੀਸਿਯਾ ਲਾਗੇ ਨਾ ਹੋਵੇ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਉਨ੍ਹਾਂ ਨੂੰ ਆਪਣੀਆਂ ਸਭਾਵਾਂ ਵਿਚ ਬੁਲਾ ਸਕਦੇ ਹੋ। ਜੇ ਅਸੀਂ ਉਨ੍ਹਾਂ ਦਾ ਨਿੱਘਾ ਸੁਆਗਤ ਕਰਾਂਗੇ ਤੇ ਉਨ੍ਹਾਂ ਵਿਚ ਦਿਲਚਸਪੀ ਲਵਾਂਗੇ, ਤਾਂ ਉਹ ਸ਼ਾਇਦ ਸਾਡੇ ਨਾਲ ਬਾਕਾਇਦਾ ਸੰਗਤ ਕਰਨ ਲੱਗ ਪੈਣ। ਪਹਿਲਾਂ-ਪਹਿਲ ਸ਼ਾਇਦ ਇਕ-ਦੂਜੇ ਦੀ ਭਾਸ਼ਾ ਸਮਝਣ ਅਤੇ ਸਭਿਆਚਾਰਕ ਫ਼ਰਕਾਂ ਕਾਰਨ ਮੁਸ਼ਕਲ ਲੱਗੇ, ਪਰ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦਾ ਸੱਚਾ ਪ੍ਰੇਮ ਕਿਸੇ ਵੀ ਰੁਕਾਵਟ ਨੂੰ ਦੂਰ ਕਰ ਸਕਦਾ ਹੈ।—ਸਫ਼. 3:9; ਯੂਹੰ. 13:35.
6. ਤੁਹਾਡੇ ਇਲਾਕੇ ਵਿਚ ਬੋਲੀ ਜਾਂਦੀ ਭਾਸ਼ਾ ਸਿੱਖਣੀ ਕਿਉਂ ਲਾਭਦਾਇਕ ਹੋ ਸਕਦੀ ਹੈ?
6 ਕੀ ਤੁਸੀਂ ਆਪਣੇ ਇਲਾਕੇ ਵਿਚ ਬੋਲੀ ਜਾਂਦੀ ਭਾਸ਼ਾ ਬੋਲ ਸਕਦੇ ਹੋ? ਜੇ ਨਹੀਂ, ਤਾਂ ਤੁਸੀਂ ਉਹ ਭਾਸ਼ਾ ਬੋਲਣੀ ਸਿੱਖਣ ਦਾ ਫ਼ੈਸਲਾ ਕਰ ਸਕਦੇ ਹੋ ਤਾਂਕਿ ਤੁਸੀਂ ਦਿਲਚਸਪੀ ਰੱਖਣ ਵਾਲਿਆਂ ਦੀ ਚੰਗੀ ਤਰ੍ਹਾਂ ਮਦਦ ਕਰ ਸਕੋ। ਵਿਰੋਧੀਆਂ ਨਾਲ ਵੀ ਗੱਲ ਕਰਨ ਲਈ ਉਨ੍ਹਾਂ ਦੀ ਭਾਸ਼ਾ ਬੋਲਣੀ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਆਮ ਤੌਰ ਤੇ ਲੋਕੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ ਜੋ ਉਨ੍ਹਾਂ ਦੀ ਮਾਂ-ਬੋਲੀ ਬੋਲਦੇ ਹਨ।—ਰਸੂ. 22:1, 2.
7. ਹੋਰ ਭਾਸ਼ਾ ਬੋਲਣ ਵਾਲਾ ਗਰੁੱਪ ਕਦੋਂ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ?
7 ਇਕ ਗਰੁੱਪ ਸਥਾਪਿਤ ਕਰਨਾ: ਕਿਸੇ ਵੀ ਭਾਸ਼ਾ ਵਿਚ ਗਰੁੱਪ ਸਥਾਪਿਤ ਕਰਨ ਲਈ ਚਾਰ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। (1) ਉਸ ਭਾਸ਼ਾ ਵਿਚ ਤਰੱਕੀ ਹੋਣ ਦੀ ਚੰਗੀ ਸੰਭਾਵਨਾ ਹੋਣੀ ਚਾਹੀਦੀ ਹੈ। (2) ਥੋੜ੍ਹੇ ਕੁ ਭੈਣਾਂ-ਭਰਾਵਾਂ ਨੂੰ ਉਹ ਭਾਸ਼ਾ ਆਉਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਇਹ ਸਿੱਖਦੇ ਹੋਣਾ ਚਾਹੀਦਾ ਹੈ। (3) ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਉਸ ਭਾਸ਼ਾ ਵਿਚ ਹਫ਼ਤੇ ਵਿਚ ਘੱਟੋ-ਘੱਟ ਇਕ ਸਭਾ ਚਲਾਉਣ ਲਈ ਤਿਆਰ ਹੋਣਾ ਚਾਹੀਦਾ ਹੈ। (4) ਕਲੀਸਿਯਾ ਦੇ ਬਜ਼ੁਰਗਾਂ ਨੂੰ ਉਸ ਗਰੁੱਪ ਦੀ ਮਦਦ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜਦੋਂ ਇਹ ਮੰਗਾਂ ਕਿਸੇ ਹੱਦ ਤਕ ਪੂਰੀਆਂ ਹੋ ਜਾਣ, ਤਾਂ ਬਜ਼ੁਰਗ ਇਸ ਗਰੁੱਪ ਬਾਰੇ ਬ੍ਰਾਂਚ ਆਫ਼ਿਸ ਨੂੰ ਲਿਖ ਕੇ ਮੰਗ ਕਰ ਸਕਦੇ ਹਨ ਕਿ ਉਨ੍ਹਾਂ ਦੀ ਕਲੀਸਿਯਾ ਨਾਲ ਜੁੜੇ ਉਸ ਗਰੁੱਪ ਨੂੰ ਪਛਾਣਿਆ ਜਾਵੇ। (ਸੰਗਠਿਤ-HI, ਸਫ਼ੇ 106-107) ਉਸ ਗਰੁੱਪ ਦੀ ਮਦਦ ਕਰਨ ਵਾਲੇ ਜ਼ਿੰਮੇਵਾਰ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ “ਗਰੁੱਪ ਓਵਰਸੀਅਰ” ਜਾਂ “ਗਰੁੱਪ ਸੇਵਕ” ਕਿਹਾ ਜਾਵੇਗਾ।
8. ਆਪਣੇ ਇਲਾਕੇ ਵਿਚ ਹੋਰ ਭਾਸ਼ਾ ਬੋਲਣ ਵਾਲਿਆਂ ਦੀ ਮਦਦ ਕਰਨੀ ਸਾਡੇ ਲਈ ਸਨਮਾਨ ਕਿਉਂ ਹੈ?
8 ਯਿਸੂ ਮਸੀਹ ਨੇ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਸਾਡੇ ਇਲਾਕੇ ਵਿਚ ਹੋਰ ਭਾਸ਼ਾ ਬੋਲਣ ਵਾਲਿਆਂ ਦੀ ਮਦਦ ਕਰਨਾ ਵੀ ਉਸੇ ਕੰਮ ਦਾ ਹਿੱਸਾ ਹੈ। ਆਓ ਆਪਾਂ ਤਨ-ਮਨ ਲਾ ਕੇ ਇਸ ਕੰਮ ਵਿਚ ਹੱਥ ਵਟਾਈਏ ਤੇ ਦੇਖੀਏ ਕਿ ਯਹੋਵਾਹ ਕਿੱਦਾਂ ਕੌਮਾਂ ਨੂੰ ਹਿਲਾ ਕੇ ਉਨ੍ਹਾਂ ਵਿੱਚੋਂ ਮਨਭਾਉਂਦੇ ਲੋਕਾਂ ਨੂੰ ਕੱਢ ਰਿਹਾ ਹੈ।—ਹੱਜ. 2:7.