ਪ੍ਰਚਾਰ ਕਰਨ ਤੋਂ ਪਹਿਲਾਂ ਤੁਹਾਨੂੰ ਸ਼ਾਇਦ ਤਲਾਸ਼ ਕਰਨ ਦੀ ਲੋੜ ਹੋਵੇ
1. ਇਕ ਤੋਂ ਜ਼ਿਆਦਾ ਭਾਸ਼ਾਵਾਂ ਵਾਲੇ ਇਲਾਕਿਆਂ ਵਿਚ ਮੰਡਲੀਆਂ ਨੂੰ ਭਾਸ਼ਾ ਦੇ ਹਿਸਾਬ ਨਾਲ ਪ੍ਰਚਾਰ ਕਰਨ ਲਈ ਇਲਾਕਾ ਕਿਉਂ ਦਿੱਤਾ ਜਾਂਦਾ ਹੈ?
1 ਸਾਲ 33 ਈਸਵੀ ਵਿਚ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਯਿਸੂ ਦੇ ਚੇਲਿਆਂ ਨੇ ਦੂਰੋਂ-ਦੂਰੋਂ ਯਰੂਸ਼ਲਮ ਆਏ ਲੋਕਾਂ ਨਾਲ “ਵੱਖੋ-ਵੱਖਰੀਆਂ ਬੋਲੀਆਂ” ਵਿਚ ਗੱਲ ਕੀਤੀ। (ਰਸੂ. 2:4) ਇਸ ਕਰਕੇ ਉਦੋਂ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਬਾਹਰੋਂ ਆਏ ਜ਼ਿਆਦਾਤਰ ਲੋਕ ਇਬਰਾਨੀ ਜਾਂ ਯੂਨਾਨੀ ਬੋਲ ਸਕਦੇ ਸਨ। ਪਰ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਰਾਜ ਦਾ ਸੰਦੇਸ਼ ਸੁਣਾਇਆ ਜਾਵੇ। ਇਸ ਦਾ ਇਕ ਕਾਰਨ ਇਹ ਹੈ ਕਿ ਲੋਕ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੁੰਦੇ ਹਨ। ਇਸ ਲਈ ਅੱਜ ਜਿਨ੍ਹਾਂ ਇਲਾਕਿਆਂ ਵਿਚ ਇਕ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਉਨ੍ਹਾਂ ਇਲਾਕਿਆਂ ਵਿਚ ਮੰਡਲੀਆਂ ਨੂੰ ਭਾਸ਼ਾ ਦੇ ਹਿਸਾਬ ਨਾਲ ਪ੍ਰਚਾਰ ਕਰਨ ਲਈ ਇਲਾਕਾ ਦਿੱਤਾ ਜਾਂਦਾ ਹੈ। (ਸੰਗਠਿਤ [ਹਿੰਦੀ], ਸਫ਼ਾ 107, ਪੈਰੇ 2-3) ਜਿਨ੍ਹਾਂ ਭਾਸ਼ਾਵਾਂ ਦੇ ਸਿਰਫ਼ ਗਰੁੱਪ ਹਨ, ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਇਲਾਕਾ ਨਹੀਂ ਦਿੱਤਾ ਜਾਂਦਾ, ਪਰ ਗਰੁੱਪ ਦੇ ਪਬਲੀਸ਼ਰ ਆਪਣੀ ਮੰਡਲੀ ਅਤੇ ਨੇੜੇ ਦੀਆਂ ਹੋਰ ਮੰਡਲੀਆਂ ਦੇ ਇਲਾਕਿਆਂ ਵਿਚ ਆਪਣੀ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਨ।
2. (ੳ) ਕਿਹੜੇ ਇਲਾਕਿਆਂ ਵਿਚ ਹੋਰ ਭਾਸ਼ਾ ਦੇ ਲੋਕਾਂ ਨੂੰ ਤਲਾਸ਼ ਕਰਨ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ? (ਅ) ਕਈ ਭਾਸ਼ਾਵਾਂ ਵਾਲੇ ਇਲਾਕਿਆਂ ਵਿਚ ਮੰਡਲੀਆਂ ਇਕ-ਦੂਜੇ ਦੀ ਮਦਦ ਕਿਵੇਂ ਕਰ ਸਕਦੀਆਂ ਹਨ? (ੲ) ਜੇ ਪ੍ਰਚਾਰ ਵਿਚ ਕੋਈ ਹੋਰ ਭਾਸ਼ਾ ਬੋਲਣ ਵਾਲਾ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
2 ਜੇ ਤੁਹਾਡੇ ਇਲਾਕੇ ਵਿਚ ਸਾਰੇ ਇੱਕੋ ਭਾਸ਼ਾ ਬੋਲਦੇ ਹਨ, ਤਾਂ ਤੁਸੀਂ ਘਰ-ਘਰ ਪ੍ਰਚਾਰ ਕਰ ਸਕਦੇ ਹੋ। ਪਰ ਜੇ ਤੁਸੀਂ ਕਿਸੇ ਅਜਿਹੇ ਸ਼ਹਿਰ ਵਿਚ ਰਹਿੰਦੇ ਹੋ ਜਿੱਥੇ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਤਾਂ ਤੁਹਾਨੂੰ ਸ਼ਾਇਦ ਵੱਖਰੇ ਤਰੀਕੇ ਨਾਲ ਪ੍ਰਚਾਰ ਕਰਨਾ ਪਵੇ। ਇੱਕੋ ਇਲਾਕੇ ਵਿਚ ਸ਼ਾਇਦ ਕਈ ਭਾਸ਼ਾਵਾਂ ਦੀਆਂ ਮੰਡਲੀਆਂ ਪ੍ਰਚਾਰ ਕਰ ਰਹੀਆਂ ਹੋਣ। ਜੇ ਇਸ ਤਰ੍ਹਾਂ ਹੈ, ਤਾਂ ਇਨ੍ਹਾਂ ਮੰਡਲੀਆਂ ਦੇ ਸਰਵਿਸ ਓਵਰਸੀਅਰਾਂ ਨੂੰ ਸਲਾਹ ਕਰਨੀ ਚਾਹੀਦੀ ਕਿ ਖ਼ਾਸ ਇਲਾਕਿਆਂ ਵਿਚ ਕਿਹੜੀ ਮੰਡਲੀ ਕਦੋਂ ਪ੍ਰਚਾਰ ਕਰੇਗੀ। ਪਰ ਜੇ ਕਿਸੇ ਮੰਡਲੀ ਜਾਂ ਗਰੁੱਪ ਦੇ ਥੋੜ੍ਹੇ ਹੀ ਪਬਲੀਸ਼ਰ ਕੋਈ ਭਾਸ਼ਾ ਬੋਲਦੇ ਹਨ, ਤਾਂ ਸ਼ਾਇਦ ਲੋਕਾਂ ਦੀ ਤਲਾਸ਼ ਕਰਨੀ ਪਵੇਗੀ। ਹੋਰ ਮੰਡਲੀਆਂ ਨੂੰ ਸ਼ਾਇਦ ਪ੍ਰਚਾਰ ਦੌਰਾਨ ਤੁਹਾਡੀ ਭਾਸ਼ਾ ਦੇ ਲੋਕ ਮਿਲਣ ਅਤੇ ਉਹ ਉਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ। ਪਰ ਆਪਣੀ ਭਾਸ਼ਾ ਦੇ ਲੋਕਾਂ ਨੂੰ ਲੱਭਣ ਦੀ ਖ਼ਾਸ ਜ਼ਿੰਮੇਵਾਰੀ ਤੁਹਾਡੀ ਮੰਡਲੀ ਜਾਂ ਗਰੁੱਪ ਦੀ ਹੈ। (“ਇਕ-ਦੂਜੇ ਦੀ ਮਦਦ ਕਰੋ” ਨਾਂ ਦੀ ਡੱਬੀ ਦੇਖੋ।) ਇਸ ਲਈ ਤੁਹਾਨੂੰ ਸ਼ਾਇਦ ਆਪਣੀ ਭਾਸ਼ਾ ਦੇ ਲੋਕਾਂ ਨੂੰ ਤਲਾਸ਼ ਕਰਨ ਤੇ ਦੂਸਰਿਆਂ ਤੋਂ ਉਨ੍ਹਾਂ ਬਾਰੇ ਪੁੱਛ-ਗਿੱਛ ਕਰਨ ਦੀ ਲੋੜ ਹੋਵੇ। ਉਨ੍ਹਾਂ ਲੋਕਾਂ ਨੂੰ ਤਲਾਸ਼ ਕਰਨ ਦਾ ਕੰਮ ਕਿਵੇਂ ਕੀਤਾ ਜਾ ਸਕਦਾ ਹੈ?
3. ਮੰਡਲੀ ਜਾਂ ਗਰੁੱਪ ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਤਲਾਸ਼ ਕਿਨ੍ਹਾਂ ਗੱਲਾਂ ਦੇ ਆਧਾਰ ʼਤੇ ਕਰੇਗਾ ਅਤੇ ਇਸ ਕੰਮ ʼਤੇ ਉਹ ਕਿੰਨਾ ਕੁ ਸਮਾਂ ਲਾਉਣਗੇ?
3 ਤਲਾਸ਼ ਕਰਨ ਦੇ ਕੰਮ ਦਾ ਪ੍ਰਬੰਧ ਕਰਨਾ: ਜਿਹੜੇ ਇਲਾਕਿਆਂ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਤਲਾਸ਼ ਕਰਨ ਦੇ ਕੰਮ ਉੱਤੇ ਕਿੰਨਾ ਕੁ ਸਮਾਂ ਲਾਇਆ ਜਾਣਾ ਚਾਹੀਦਾ ਹੈ? ਇਹ ਇਲਾਕੇ ਜਾਂ ਮੰਡਲੀ ਦੇ ਹਾਲਾਤਾਂ ʼਤੇ ਨਿਰਭਰ ਕਰਦਾ ਹੈ। ਮਿਸਾਲ ਲਈ, ਤੁਹਾਡੇ ਇਲਾਕੇ ਵਿਚ ਕਿੰਨੇ ਕੁ ਲੋਕ ਤੁਹਾਡੀ ਭਾਸ਼ਾ ਬੋਲਦੇ ਹਨ? ਉੱਥੇ ਕਿੰਨੇ ਪਬਲੀਸ਼ਰ ਹਨ? ਮੰਡਲੀ ਜਾਂ ਗਰੁੱਪ ਕੋਲ ਤੁਹਾਡੀ ਭਾਸ਼ਾ ਬੋਲਣ ਵਾਲੇ ਕਿੰਨੇ ਲੋਕਾਂ ਦੇ ਪਤੇ ਹਨ? ਮੰਡਲੀ ਨੂੰ ਪੂਰੇ ਇਲਾਕੇ ਵਿਚ ਜਾ ਕੇ ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਤਲਾਸ਼ ਕਰਨ ਦੀ ਲੋੜ ਨਹੀਂ, ਪਰ ਸ਼ਾਇਦ ਉਹ ਉਨ੍ਹਾਂ ਇਲਾਕਿਆਂ ਵੱਲ ਜ਼ਿਆਦਾ ਧਿਆਨ ਦੇ ਸਕਦੇ ਹਨ ਜਿੱਥੇ ਜ਼ਿਆਦਾ ਲੋਕ ਰਹਿੰਦੇ ਹਨ ਜਾਂ ਜਿਹੜੇ ਇਲਾਕੇ ਨੇੜੇ ਹਨ। ਇਸ ਲਈ ਚੰਗਾ ਇੰਤਜ਼ਾਮ ਕਰਨਾ ਜ਼ਰੂਰੀ ਹੈ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਯਹੋਵਾਹ ਦਾ ਨਾਂ ਲੈਣ ਦਾ ਮੌਕਾ ਮਿਲੇ।—ਰੋਮੀ. 10:13, 14.
4. (ੳ) ਤਲਾਸ਼ ਕਰਨ ਦੇ ਕੰਮ ਦਾ ਪ੍ਰਬੰਧ ਕਿਵੇਂ ਕੀਤਾ ਜਾਣਾ ਚਾਹੀਦਾ ਹੈ? (ਅ) ਆਪਣੀ ਭਾਸ਼ਾ ਦੇ ਲੋਕਾਂ ਨੂੰ ਤਲਾਸ਼ ਕਰਨ ਦੇ ਕਿਹੜੇ ਕੁਝ ਤਰੀਕੇ ਹਨ?
4 ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਤਲਾਸ਼ ਕਰਨ ਲਈ ਮੰਡਲੀ ਦੇ ਬਜ਼ੁਰਗਾਂ, ਖ਼ਾਸ ਕਰਕੇ ਸਰਵਿਸ ਓਵਰਸੀਅਰ ਨੂੰ ਚੰਗਾ ਇੰਤਜ਼ਾਮ ਤੇ ਇਸ ਦੀ ਨਿਗਰਾਨੀ ਕਰਨ ਦੀ ਲੋੜ ਹੈ ਤਾਂਕਿ ਪਬਲੀਸ਼ਰ ਬਿਨਾਂ ਵਜ੍ਹਾ ਇੱਕੋ ਇਲਾਕੇ ਵਿਚ ਵਾਰ-ਵਾਰ ਨਾ ਜਾਣ। (1 ਕੁਰਿੰ. 9:26) ਮੰਡਲੀ ਦੇ ਬਜ਼ੁਰਗ ਹੋਰ ਭਾਸ਼ਾ ਦੇ ਗਰੁੱਪ ਦੀ ਜ਼ਿੰਮੇਵਾਰੀ ਕਿਸੇ ਕਾਬਲ ਭਰਾ ਨੂੰ ਸੌਂਪ ਸਕਦੇ ਹਨ। ਜੇ ਹੋ ਸਕੇ, ਤਾਂ ਇਹ ਜ਼ਿੰਮੇਵਾਰੀ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਦਿੱਤੀ ਜਾਣੀ ਚਾਹੀਦੀ ਹੈ। ਬਹੁਤ ਸਾਰੀਆਂ ਮੰਡਲੀਆਂ ਅਤੇ ਗਰੁੱਪਾਂ ਵਿਚ ਤਲਾਸ਼ ਕਰਨ ਦਾ ਵਧੀਆ ਪ੍ਰਬੰਧ ਹੈ। ਉਹ ਟੈਲੀਫ਼ੋਨ ਡਾਇਰੈਕਟਰੀ ਜਾਂ ਇੰਟਰਨੈੱਟ ਉੱਤੇ ਆਪਣੀ ਭਾਸ਼ਾ ਦੇ ਲੋਕਾਂ ਦੇ ਨਾਂ ਲੱਭਦੇ ਹਨ। ਫਿਰ ਉਹ ਉਨ੍ਹਾਂ ਨੂੰ ਫ਼ੋਨ ਕਰ ਕੇ ਜਾਂ ਉਨ੍ਹਾਂ ਨੂੰ ਮਿਲ ਕੇ ਦੇਖਦੇ ਹਨ ਕਿ ਉਨ੍ਹਾਂ ਦੇ ਪਤਿਆਂ ਨੂੰ ਰਿਕਾਰਡ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਜੇ ਹੋ ਸਕੇ, ਤਾਂ ਜਿਸ ਮੰਡਲੀ ਵਿਚ ਹੋਰ ਭਾਸ਼ਾ ਦਾ ਗਰੁੱਪ ਹੈ, ਉਸ ਮੰਡਲੀ ਦੇ ਬਜ਼ੁਰਗ ਕਦੀ-ਕਦਾਈਂ ਪੂਰੀ ਮੰਡਲੀ ਨੂੰ ਉਸ ਭਾਸ਼ਾ ਦੇ ਲੋਕਾਂ ਦੀ ਤਲਾਸ਼ ਕਰਨ ਲਈ ਘੱਲ ਸਕਦੇ ਹਨ।—“ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਕਿਵੇਂ ਤਲਾਸ਼ ਕਰਨਾ ਹੈ?” ਨਾਂ ਦੀ ਡੱਬੀ ਦੇਖੋ।
5. (ੳ) ਪਬਲੀਸ਼ਰਾਂ ਨੂੰ ਤਲਾਸ਼ ਕਰਨ ਲਈ ਕਿਹੜੇ ਕੁਝ ਸੁਝਾਅ ਦਿੱਤੇ ਗਏ ਹਨ? (ਅ) ਇਸ ਕੰਮ ਦੌਰਾਨ ਲੋਕਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ?
5 ਜਦੋਂ ਅਸੀਂ ਤਲਾਸ਼ ਕਰਨ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਨੂੰ ਇਸ ਕੰਮ ਦਾ ਮਕਸਦ ਪਤਾ ਹੋਣਾ ਚਾਹੀਦਾ ਹੈ। ਇਹ ਕੰਮ ਵੀ ਪ੍ਰਚਾਰ ਦਾ ਹਿੱਸਾ ਹੈ, ਇਸ ਲਈ ਤੁਹਾਡਾ ਪਹਿਰਾਵਾ ਵੀ ਪ੍ਰਚਾਰ ਵਿਚ ਜਾਣ ਵਾਲਾ ਹੋਣਾ ਚਾਹੀਦਾ ਹੈ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਉਹ ਪੇਸ਼ਕਾਰੀ ਦੀ ਚੰਗੀ ਤਿਆਰੀ ਕਰ ਕੇ ਜਾਂਦੇ ਹਨ ਅਤੇ ਤਲਾਸ਼ ਕਰਨ ਦੁਆਰਾ ਆਪਣੀ ਭਾਸ਼ਾ ਵਿਚ ਗੱਲ ਕਰਦੇ ਹਨ, ਤਾਂ ਉਨ੍ਹਾਂ ਦਾ ਜੋਸ਼ ਬਰਕਰਾਰ ਰਹਿੰਦਾ ਹੈ ਤੇ ਉਹ ਭਾਸ਼ਾ ਵੀ ਚੰਗੀ ਤਰ੍ਹਾਂ ਬੋਲਦੇ ਹਨ। ਅਸੀਂ ਜਿੰਨਾ ਸਮਾਂ ਇਸ ਕੰਮ ਵਿਚ ਲਾਉਂਦੇ ਹਾਂ, ਉਹ ਅਸੀਂ ਗਿਣ ਸਕਦੇ ਹਾਂ, ਪਰ ਨਕਸ਼ੇ ਤੇ ਲਿਸਟਾਂ ਤਿਆਰ ਕਰਨ ਦਾ ਸਮਾਂ ਨਹੀਂ। ਜਦੋਂ ਸਾਨੂੰ ਸਾਡੀ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ, ਤਾਂ ਸਾਨੂੰ ਉਸ ਨੂੰ ਖ਼ੁਸ਼ ਖ਼ਬਰੀ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਸਾਨੂੰ ਸਰਵਿਸ ਓਵਰਸੀਅਰ ਜਾਂ ਉਸ ਦੁਆਰਾ ਨਿਯੁਕਤ ਕੀਤੇ ਭਰਾ ਨੂੰ ਜਲਦੀ ਤੋਂ ਜਲਦੀ ਉਸ ਵਿਅਕਤੀ ਬਾਰੇ ਦੱਸ ਦੇਣਾ ਚਾਹੀਦਾ ਹੈ ਤਾਂਕਿ ਉਹ ਇਲਾਕੇ ਦੇ ਰਿਕਾਰਡ ਵਿਚ ਉਸ ਬਾਰੇ ਜਾਣਕਾਰੀ ਪਾ ਸਕੇ, ਭਾਵੇਂ ਉਹ ਦਿਲਚਸਪੀ ਦਿਖਾਉਂਦਾ ਹੈ ਜਾਂ ਨਹੀਂ। ਤਲਾਸ਼ ਕਰਨ ਦਾ ਕੰਮ ਜ਼ਰੂਰੀ ਹੈ, ਪਰ ਸਾਨੂੰ ਹੋਰ ਤਰੀਕਿਆਂ ਨਾਲ ਵੀ ਪ੍ਰਚਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ।—“ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਕਿਵੇਂ ਤਲਾਸ਼ ਕਰੀਏ?” ਨਾਂ ਦੀ ਡੱਬੀ ਦੇਖੋ।
6. ਬੋਲ਼ੇ ਲੋਕਾਂ ਦੀ ਤਲਾਸ਼ ਕਰਨ ਵਿਚ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ?
6 ਬੋਲ਼ੇ ਲੋਕਾਂ ਦੀ ਤਲਾਸ਼ ਕਰਨੀ: ਬੋਲ਼ੇ ਲੋਕਾਂ ਦੀ ਤਲਾਸ਼ ਕਰਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਇਸ ਲਈ ਸਾਨੂੰ ਮਿਹਨਤ ਕਰਨ ਦੇ ਨਾਲ-ਨਾਲ ਇਸ ਕੰਮ ਨੂੰ ਲਗਾਤਾਰ ਕਰਦੇ ਰਹਿਣ ਦੀ ਲੋੜ ਹੈ। ਵਿਅਕਤੀ ਦੇ ਨਾਂ, ਰੰਗ-ਰੂਪ ਜਾਂ ਪਹਿਰਾਵੇ ਤੋਂ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਬੋਲ਼ਾ ਹੈ ਜਾਂ ਨਹੀਂ। ਨਾਲੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਉਸ ਦੀ ਜ਼ਿਆਦਾ ਪਰਵਾਹ ਕਰਦੇ ਹੋਣ ਅਤੇ ਸ਼ਾਇਦ ਪਬਲੀਸ਼ਰ ਨੂੰ ਉਸ ਬਾਰੇ ਜਾਣਕਾਰੀ ਦੇਣ ਤੋਂ ਝਿਜਕਣ। ਬੋਲ਼ੇ ਲੋਕਾਂ ਨੂੰ ਲੱਭਣ ਲਈ ਅੱਗੇ ਜੋ ਸੁਝਾਅ ਦਿੱਤੇ ਗਏ ਹਨ, ਉਹ ਹੋਰ ਭਾਸ਼ਾ ਦੇ ਲੋਕਾਂ ਨੂੰ ਲੱਭਣ ਵਿਚ ਵੀ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ।
7. (ੳ) ਬੋਲ਼ੇ ਲੋਕਾਂ ਦੀ ਤਲਾਸ਼ ਕਰਨ ਲਈ ਰਿਹਾਇਸ਼ੀ ਇਲਾਕਿਆਂ ਵਿਚ ਪੁੱਛ-ਪੜਤਾਲ ਕਿਵੇਂ ਕੀਤੀ ਜਾ ਸਕਦੀ ਹੈ? (ਅ) ਅਸੀਂ ਘਰ-ਮਾਲਕ ਦਾ ਸ਼ੱਕ ਕਿਵੇਂ ਦੂਰ ਕਰ ਸਕਦੇ ਹਾਂ?
7 ਸੈਨਤ ਭਾਸ਼ਾ ਦੀਆਂ ਮੰਡਲੀਆਂ ਅਤੇ ਗਰੁੱਪਾਂ ਨੂੰ ਰਿਹਾਇਸ਼ੀ ਇਲਾਕਿਆਂ ਵਿਚ ਪੁੱਛ-ਗਿੱਛ ਕਰ ਕੇ ਸਫ਼ਲਤਾ ਮਿਲੀ ਹੈ। ਸ਼ਾਇਦ ਕਿਸੇ ਘਰ-ਮਾਲਕ ਨੇ ਕਿਸੇ ਗੁਆਂਢੀ, ਕੰਮ ਤੇ ਜਾਂ ਸਕੂਲੇ ਕਿਸੇ ਨੂੰ ਸੈਨਤ ਭਾਸ਼ਾ ਵਰਤਦੇ ਦੇਖਿਆ ਹੋਵੇ। ਉਸ ਨੇ ਸੜਕ ʼਤੇ ਕੋਈ ਬੋਰਡ ਲੱਗਾ ਦੇਖਿਆ ਹੋਵੇ ਜਿਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਬੋਲ਼ੇ ਬੱਚੇ ਹਨ। ਉਸ ਦਾ ਕੋਈ ਰਿਸ਼ਤੇਦਾਰ ਬੋਲ਼ਾ ਹੋ ਸਕਦਾ ਹੈ। ਯਾਦ ਰੱਖੋ ਕਿ ਜਦੋਂ ਤੁਸੀਂ ਬੋਲ਼ੇ ਵਿਅਕਤੀ ਬਾਰੇ ਪੁੱਛੋਗੇ, ਤਾਂ ਲੋਕ ਤੁਹਾਡੇ ਉੱਤੇ ਸ਼ੱਕ ਕਰ ਸਕਦੇ ਹਨ। ਪਰ ਤੁਸੀਂ ਉਨ੍ਹਾਂ ਦਾ ਸ਼ੱਕ ਦੂਰ ਕਰਨ ਲਈ ਦੋਸਤਾਨਾ ਤਰੀਕੇ ਨਾਲ ਦੱਸ ਸਕਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ। ਕੁਝ ਪਬਲੀਸ਼ਰ ਜਦੋਂ ਕਿਸੇ ਤੋਂ ਬੋਲ਼ੇ ਵਿਅਕਤੀ ਬਾਰੇ ਪੁੱਛਦੇ ਹਨ, ਤਾਂ ਉਹ ਉਸ ਨੂੰ ਬਾਈਬਲ ਦੀ ਜਾਂ ਕੋਈ ਹੋਰ ਡੀ. ਵੀ. ਡੀ. ਦਿਖਾਉਂਦੇ ਹਨ। ਫਿਰ ਉਹ ਕਹਿੰਦੇ ਹਨ ਕਿ ਉਹ ਬੋਲ਼ੇ ਲੋਕਾਂ ਨੂੰ ਬਾਈਬਲ ਵਿੱਚੋਂ ਉਮੀਦ ਦੇਣੀ ਚਾਹੁੰਦੇ ਹਨ। ਜੇ ਘਰ-ਮਾਲਕ ਜਾਣਕਾਰੀ ਦੇਣ ਤੋਂ ਹਿਚਕਿਚਾਉਂਦਾ ਹੈ, ਤਾਂ ਉਹ ਸ਼ਾਇਦ ਤੁਹਾਡਾ ਪਤਾ ਜਾਂ ਮੀਟਿੰਗ ਦਾ ਸੱਦਾ-ਪੱਤਰ ਲੈਣ ਲਈ ਤਿਆਰ ਹੋ ਜਾਵੇ ਜੋ ਉਹ ਆਪਣੇ ਬੋਲ਼ੇ ਰਿਸ਼ਤੇਦਾਰ ਜਾਂ ਦੋਸਤ ਨੂੰ ਦੇ ਸਕਦਾ ਹੈ।
8. ਨੇੜੇ ਦੀ ਕੋਈ ਮੰਡਲੀ ਸੈਨਤ ਭਾਸ਼ਾ ਦੀ ਮੰਡਲੀ ਦੀ ਮਦਦ ਕਿਵੇਂ ਕਰ ਸਕਦੀ ਹੈ?
8 ਸਾਲ ਵਿਚ ਇਕ ਜਾਂ ਦੋ ਦਿਨ ਸੈਨਤ ਭਾਸ਼ਾ ਦੀ ਮੰਡਲੀ ਹੋਰ ਕਿਸੇ ਭਾਸ਼ਾ ਦੀ ਮੰਡਲੀ ਨੂੰ ਬੁਲਾ ਸਕਦੀ ਹੈ ਕਿ ਉਹ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਸ਼ਹਿਰਾਂ ਵਿਚ ਬੋਲ਼ੇ ਲੋਕਾਂ ਦੀ ਤਲਾਸ਼ ਵਿਚ ਮਦਦ ਕਰਨ। ਸੈਨਤ ਭਾਸ਼ਾ ਦੀ ਮੰਡਲੀ ਜਦੋਂ ਪ੍ਰਚਾਰ ਲਈ ਮੀਟਿੰਗ ਕਰਦੀ ਹੈ, ਤਾਂ ਇਸ ਕੰਮ ਸੰਬੰਧੀ ਹਿਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਪ੍ਰਦਰਸ਼ਨ ਵੀ ਦਿਖਾਇਆ ਜਾ ਸਕਦਾ ਹੈ। ਹਰ ਕਾਰ ਗਰੁੱਪ ਵਿਚ ਘੱਟੋ-ਘੱਟ ਇਕ ਪਬਲੀਸ਼ਰ ਸੈਨਤ ਭਾਸ਼ਾ ਦੀ ਮੰਡਲੀ ਦਾ ਹੋਣਾ ਚਾਹੀਦਾ ਹੈ ਤੇ ਉਸ ਖ਼ਾਸ ਇਲਾਕੇ ਦਾ ਨਕਸ਼ਾ ਦਿੱਤਾ ਜਾਣਾ ਚਾਹੀਦਾ ਹੈ ਜਿੱਥੇ ਬੋਲ਼ੇ ਲੋਕਾਂ ਦੀ ਤਲਾਸ਼ ਕਰਨੀ ਹੈ।
9. ਜਿਨ੍ਹਾਂ ਥਾਵਾਂ ʼਤੇ ਸਾਨੂੰ ਬੋਲ਼ੇ ਲੋਕ ਮਿਲ ਸਕਦੇ ਹਨ, ਸਾਨੂੰ ਉੱਥੇ ਉਨ੍ਹਾਂ ਦੀ ਤਲਾਸ਼ ਕਰਦਿਆਂ ਕੀ ਯਾਦ ਰੱਖਣਾ ਚਾਹੀਦਾ ਹੈ?
9 ਬੋਲ਼ੇ ਲੋਕਾਂ ਦੀ ਉੱਥੇ ਵੀ ਤਲਾਸ਼ ਕੀਤੀ ਜਾ ਸਕਦੀ ਹੈ ਜਿੱਥੇ ਉਹ ਇਕੱਠੇ ਹੁੰਦੇ ਹਨ ਤੇ ਮਨੋਰੰਜਨ ਕਰਦੇ ਹਨ ਜਾਂ ਜਿੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਮਿਲਦੀ ਹੈ। ਭੈਣਾਂ-ਭਰਾਵਾਂ ਨੂੰ ਹਾਲਾਤ ਦੇ ਮੁਤਾਬਕ ਸਹੀ ਕੱਪੜੇ ਪਾਉਣੇ ਚਾਹੀਦੇ ਹਨ। ਉੱਥੇ ਜਾ ਕੇ ਸਾਰਿਆਂ ਨਾਲ ਗੱਲ ਕਰਨ ਦੀ ਬਜਾਇ ਸਮਝਦਾਰੀ ਦੀ ਗੱਲ ਹੋਵੇਗੀ ਕਿ ਇਕ ਜਾਂ ਦੋ ਵਿਅਕਤੀਆਂ ਨਾਲ ਗੱਲ ਕਰੋ। ਜੇ ਵਿਅਕਤੀ ਗੱਲ ਸੁਣਦਾ ਹੈ, ਤਾਂ ਤੁਸੀਂ ਉਸ ਦਾ ਪਤਾ ਲੈ ਸਕਦੇ ਹੋ ਤੇ ਆਪਣਾ ਪਤਾ ਦੇ ਸਕਦੇ ਹੋ।
10. ਪਬਲੀਸ਼ਰ ਹੋਟਲਾਂ ਜਾਂ ਦੁਕਾਨਾਂ ਵਗੈਰਾ ਵਿਚ ਬੋਲ਼ੇ ਲੋਕਾਂ ਨੂੰ ਕਿਵੇਂ ਲੱਭ ਸਕਦੇ ਹਨ?
10 ਬੋਲ਼ੇ ਲੋਕਾਂ ਨੂੰ ਲੱਭਣ ਦਾ ਇਕ ਹੋਰ ਤਰੀਕਾ ਹੈ ਬਿਜ਼ਨਿਸ ਇਲਾਕਿਆਂ ਦੇ ਖ਼ਾਸ ਨਕਸ਼ੇ ਤਿਆਰ ਕਰੋ ਅਤੇ ਸਹੀ ਸਮੇਂ ʼਤੇ ਉਨ੍ਹਾਂ ਨੂੰ ਮਿਲਣ ਜਾਓ। ਉਦਾਹਰਣ ਲਈ, ਇਕ ਨਕਸ਼ੇ ʼਤੇ ਸਾਰੇ ਪੈਟ੍ਰੋਲ ਪੰਪਾਂ ਦੇ ਪਤੇ ਹੋ ਸਕਦੇ ਹਨ। ਹੋਰ ਨਕਸ਼ਿਆਂ ʼਤੇ ਸ਼ਾਇਦ ਡ੍ਰਾਈ ਕਲੀਨਰਾਂ, ਰੈਸਟੋਰੈਂਟਾਂ, ਹੋਟਲਾਂ ਜਾਂ ਦੁਕਾਨਾਂ ਦੇ ਪਤੇ ਹੋਣ। ਜੇ ਹਰ ਨਕਸ਼ੇ ʼਤੇ ਇੱਕੋ ਜਿਹੇ ਬਿਜ਼ਨਿਸਾਂ ਦੇ ਪਤੇ ਹੋਣ, ਤਾਂ ਪਬਲੀਸ਼ਰ ਉੱਥੇ ਕੰਮ ਕਰਨ ਵਾਲਿਆਂ ਨਾਲ ਚੰਗੀ ਤਰ੍ਹਾਂ ਗੱਲ ਕਰਨੀ ਸਿੱਖ ਸਕਦੇ ਹਨ ਤੇ ਤਜਰਬੇਕਾਰ ਬਣ ਸਕਦੇ ਹਨ। ਮਿਸਾਲ ਲਈ, ਬੋਲ਼ੇ ਲੋਕ ਅਕਸਰ ਹੋਟਲਾਂ ਵਿਚ ਠਹਿਰਦੇ ਹਨ ਜਿਸ ਕਰਕੇ ਅਸੀਂ ਰਿਸੈਪਸ਼ਨਿਸਟ ਨੂੰ ਆਪਣੇ ਪ੍ਰਚਾਰ ਦੇ ਕੰਮ ਬਾਰੇ ਸਮਝਾ ਕੇ ਉਸ ਨੂੰ ਸੈਨਤ ਭਾਸ਼ਾ ਦੀ ਡੀ. ਵੀ. ਡੀ. ਅਤੇ ਮੀਟਿੰਗ ਦਾ ਸੱਦਾ-ਪੱਤਰ ਦੇ ਸਕਦੇ ਹਾਂ। ਅਸੀਂ ਰਿਸੈਪਸ਼ਨਿਸਟ ਨੂੰ ਇਹ ਚੀਜ਼ਾਂ ਬੋਲ਼ੇ ਵਿਅਕਤੀ ਨੂੰ ਦੇਣ ਲਈ ਕਹਿ ਸਕਦੇ ਹਾਂ। ਹੋਰਨਾਂ ਥਾਵਾਂ ʼਤੇ ਅਸੀਂ ਪੁੱਛ ਸਕਦੇ ਹਾਂ ਕਿ ਉੱਥੇ ਕੋਈ ਕੰਮ ਕਰਨ ਵਾਲਾ ਜਾਂ ਉਨ੍ਹਾਂ ਦਾ ਕੋਈ ਗਾਹਕ ਬੋਲ਼ਾ ਹੈ ਜਿਸ ਨੂੰ ਸੈਨਤ ਭਾਸ਼ਾ ਆਉਂਦੀ ਹੈ। ਜੇ ਸਾਡੇ ਇਲਾਕੇ ਵਿਚ ਬੋਲ਼ਿਆਂ ਲਈ ਸਕੂਲ ਹੈ, ਤਾਂ ਅਸੀਂ ਉਨ੍ਹਾਂ ਦੀ ਲਾਇਬ੍ਰੇਰੀ ਲਈ ਡੀ. ਵੀ. ਡੀ. ਦੇ ਸਕਦੇ ਹਾਂ।
11. ਤਲਾਸ਼ ਕਰਨ ਦਾ ਕੰਮ ਪ੍ਰਚਾਰ ਦਾ ਜ਼ਰੂਰੀ ਹਿੱਸਾ ਕਿਉਂ ਹੈ?
11 ਇਕ ਜ਼ਰੂਰੀ ਕੰਮ: ਆਪਣੀ ਭਾਸ਼ਾ ਦੇ ਲੋਕਾਂ ਨੂੰ ਲੱਭਣ ਵਿਚ ਬਹੁਤ ਮਿਹਨਤ ਲੱਗਦੀ ਹੈ। ਇਸ ਤੋਂ ਇਲਾਵਾ, ਇਲਾਕੇ ਦੇ ਰਿਕਾਰਡ ਨੂੰ ਸਹੀ-ਸਹੀ ਰੱਖਣਾ ਔਖਾ ਹੋ ਸਕਦਾ ਕਿਉਂਕਿ ਲੋਕ ਆਪਣੇ ਰਹਿਣ ਦੀ ਜਗ੍ਹਾ ਬਦਲ ਦਿੰਦੇ ਹਨ ਅਤੇ ਨਵੇਂ ਲੋਕ ਆ ਜਾਂਦੇ ਹਨ। ਫਿਰ ਵੀ ਜ਼ਿਆਦਾ ਤੋਂ ਜ਼ਿਆਦਾ ਇਲਾਕਿਆਂ ਵਿਚ ਆਪਣੀ ਭਾਸ਼ਾ ਦੇ ਲੋਕਾਂ ਦੀ ਤਲਾਸ਼ ਕਰਨ ਦਾ ਕੰਮ ਪ੍ਰਚਾਰ ਦਾ ਜ਼ਰੂਰੀ ਹਿੱਸਾ ਹੈ। ਯਹੋਵਾਹ ਨੇ ਸਾਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਰਸੂ. 10:34) ਉਸ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਇਸ ਲਈ ਆਓ ਆਪਾਂ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲੀਏ ਅਤੇ ਸਾਰੀਆਂ ਭਾਸ਼ਾਵਾਂ ਦੇ ‘ਨੇਕਦਿਲ’ ਲੋਕਾਂ ਨੂੰ ਤਲਾਸ਼ ਕਰਨ ਵਿਚ ਇਕ-ਦੂਜੇ ਦਾ ਸਾਥ ਦੇਈਏ।—ਲੂਕਾ 8:15.
[ਸਫ਼ਾ 5 ਉੱਤੇ ਤਸਵੀਰ]
ਇਕ-ਦੂਜੇ ਦੀ ਮਦਦ ਕਰੋ
ਜੇ ਕੋਈ ਮੰਡਲੀ ਜਾਂ ਗਰੁੱਪ ਆਪਣੀ ਭਾਸ਼ਾ ਦੇ ਲੋਕਾਂ ਦੀ ਤਲਾਸ਼ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੂੰ ਉਹ ਪ੍ਰਚਾਰ ਕਰ ਸਕਦੇ ਹਨ, ਤਾਂ ਸਰਵਿਸ ਓਵਰਸੀਅਰ ਨੇੜੇ ਦੀਆਂ ਹੋਰ ਭਾਸ਼ਾ ਦੀਆਂ ਮੰਡਲੀਆਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਮੰਡਲੀਆਂ ਨਾਲ ਹੀ ਸੰਪਰਕ ਕਰਨਾ ਵਧੀਆ ਹੈ ਜੋ ਜ਼ਿਆਦਾ ਦੂਰ ਨਹੀਂ ਹਨ ਜਾਂ ਜਿਨ੍ਹਾਂ ਦੇ ਇਲਾਕੇ ਵਿਚ ਉਸ ਭਾਸ਼ਾ ਦੇ ਕਾਫ਼ੀ ਲੋਕ ਰਹਿੰਦੇ ਹਨ। ਜਿਨ੍ਹਾਂ ਮੰਡਲੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ, ਉਹ ਆਪਣੇ ਪਬਲੀਸ਼ਰਾਂ ਨੂੰ ਦੱਸ ਸਕਦੀਆਂ ਹਨ ਕਿ ਜੇ ਉਨ੍ਹਾਂ ਨੂੰ ਉਸ ਭਾਸ਼ਾ ਦਾ ਕੋਈ ਵਿਅਕਤੀ ਮਿਲਦਾ ਹੈ, ਤਾਂ ਉਨ੍ਹਾਂ ਨੂੰ ਉਸ ਦਾ ਪਤਾ ਲਿਖ ਕੇ ਆਪਣੇ ਸਰਵਿਸ ਓਵਰਸੀਅਰ ਨੂੰ ਦੇ ਦੇਣਾ ਚਾਹੀਦਾ ਹੈ। ਫਿਰ ਸਰਵਿਸ ਓਵਰਸੀਅਰ ਉਨ੍ਹਾਂ ਲੋਕਾਂ ਦੇ ਪਤੇ ਉਨ੍ਹਾਂ ਦੀ ਭਾਸ਼ਾ ਬੋਲਣ ਵਾਲੀ ਮੰਡਲੀ ਜਾਂ ਗਰੁੱਪ ਨੂੰ ਦੇ ਦੇਵੇਗਾ। ਇਸ ਕੰਮ ਵਿਚ ਸ਼ਾਮਲ ਸਾਰੀਆਂ ਮੰਡਲੀਆਂ ਦੇ ਸਰਵਿਸ ਓਵਰਸੀਅਰ ਆਪਸ ਵਿਚ ਸਲਾਹ ਕਰ ਕੇ ਕੋਈ ਵਧੀਆ ਪ੍ਰਬੰਧ ਕਰ ਸਕਦੇ ਹਨ ਤਾਂਕਿ ਕਈ ਭਾਸ਼ਾਵਾਂ ਵਾਲੇ ਇਲਾਕੇ ਵਿਚ ਪ੍ਰਚਾਰ ਕੀਤਾ ਜਾ ਸਕੇ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਦੀ ਮੰਡਲੀ ਜਾਂ ਗਰੁੱਪ ਬਾਰੇ ਦੱਸਿਆ ਜਾਵੇ।
ਜੇ ਕਿਸੇ ਪਬਲੀਸ਼ਰ ਨੂੰ ਕੋਈ ਹੋਰ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ ਜੋ ਕਾਫ਼ੀ ਦਿਲਚਸਪੀ ਦਿਖਾਉਂਦਾ ਹੈ (ਜਾਂ ਜੇ ਕੋਈ ਬੋਲ਼ਾ ਵਿਅਕਤੀ ਮਿਲਦਾ ਹੈ), ਤਾਂ ਉਸ ਨੂੰ ਤੁਰੰਤ S-43 ਫ਼ਾਰਮ ਭਰ ਕੇ ਆਪਣੀ ਮੰਡਲੀ ਦੇ ਸੈਕਟਰੀ ਨੂੰ ਦੇ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਉਸ ਵਿਅਕਤੀ ਦੀ ਯਹੋਵਾਹ ਬਾਰੇ ਸਿੱਖਣ ਵਿਚ ਛੇਤੀ ਤੋਂ ਛੇਤੀ ਮਦਦ ਕੀਤੀ ਜਾ ਸਕਦੀ ਹੈ।—km 5/11 ਸਫ਼ਾ 3.
[ਸਫ਼ਾ 6 ਉੱਤੇ ਤਸਵੀਰ]
ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਕਿਵੇਂ ਤਲਾਸ਼ ਕਰੀਏ?
• ਦੂਸਰਿਆਂ ਨੂੰ ਪੁੱਛੋ ਜਿਵੇਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ, ਬਾਈਬਲ ਸਟੱਡੀਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ।
• ਟੈਲੀਫ਼ੋਨ ਡਾਇਰੈਕਟਰੀ ਵਿੱਚੋਂ ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਨਾਂ ਲੱਭੋ। ਇੰਟਰਨੈੱਟ ʼਤੇ ਜਾਂ ਟੈਲੀਫ਼ੋਨ ਕੰਪਨੀ ਤੋਂ ਅਜਿਹੀ ਡਾਇਰੈਕਟਰੀ ਵੀ ਮਿਲ ਸਕਦੀ ਹੈ ਜਿਸ ਵਿਚ ਪਤਿਆਂ ਦੇ ਅਨੁਸਾਰ ਨਾਂ ਦਿੱਤੇ ਗਏ ਹੁੰਦੇ ਹਨ।
• ਸਮਝਦਾਰੀ ਤੋਂ ਕੰਮ ਲੈਂਦੇ ਹੋਏ ਲਾਇਬ੍ਰੇਰੀਆਂ, ਸਰਕਾਰੀ ਦਫ਼ਤਰਾਂ ਤੇ ਕਾਲਜਾਂ ਵਰਗੀਆਂ ਜਨਤਕ ਥਾਵਾਂ ʼਤੇ ਵੀ ਪੁੱਛ-ਗਿੱਛ ਕਰੋ।
• ਆਪਣੀ ਭਾਸ਼ਾ ਦੇ ਲੋਕਾਂ ਦੇ ਕਿਸੇ ਜਨਤਕ ਪ੍ਰੋਗ੍ਰਾਮ ਬਾਰੇ ਘੋਸ਼ਣਾ ਲਈ ਅਖ਼ਬਾਰ ਦੇਖੋ।
• ਉਨ੍ਹਾਂ ਦੁਕਾਨਾਂ ਵਗੈਰਾ ʼਤੇ ਜਾਓ ਜਿੱਥੇ ਤੁਹਾਡੀ ਭਾਸ਼ਾ ਦੇ ਲੋਕ ਆਉਂਦੇ ਹਨ।
• ਮਾਲਕ ਜਾਂ ਇੰਚਾਰਜ ਦੀ ਇਜਾਜ਼ਤ ਲੈ ਕੇ ਕਿਸੇ ਦੁਕਾਨ, ਯੂਨੀਵਰਸਿਟੀ, ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਸਾਮ੍ਹਣੇ ਆਪਣੀ ਭਾਸ਼ਾ ਦੇ ਲੋਕਾਂ ਲਈ ਪ੍ਰਕਾਸ਼ਨਾਂ ਦਾ ਟੇਬਲ ਲਗਾਓ।
[ਸਫ਼ਾ 7 ਉੱਤੇ ਤਸਵੀਰ]
ਤਲਾਸ਼ ਕਰਨ ਦੌਰਾਨ ਲੋਕਾਂ ਨੂੰ ਕੀ ਕਹੀਏ?
ਦੋਸਤਾਨਾ ਤਰੀਕੇ ਨਾਲ ਗੱਲ ਕਰੋ ਅਤੇ ਸਾਫ਼-ਸਾਫ਼ ਆਪਣੇ ਮਕਸਦ ਬਾਰੇ ਦੱਸੋ। ਨਾਲੇ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਪ੍ਰਕਾਸ਼ਨ ਦਿਖਾਓ। ਇੱਦਾਂ ਲੋਕਾਂ ਦਾ ਸ਼ੱਕ ਦੂਰ ਹੋ ਸਕਦਾ ਹੈ ਅਤੇ ਉਹ ਸ਼ਾਇਦ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ।
ਨਮਸਤੇ ਕਰਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਅਸੀਂ ______ ਬੋਲਣ ਵਾਲੇ ਲੋਕਾਂ ਨੂੰ ਲੱਭ ਰਹੇ ਹਾਂ। ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨਾਲ ਅਸੀਂ ਗੱਲ ਕਰ ਸਕਦੇ ਹਾਂ?”
ਬੋਲ਼ੇ ਲੋਕਾਂ ਦੀ ਤਲਾਸ਼ ਕਰਦਿਆਂ ਤੁਸੀਂ ਕਹਿ ਸਕਦੇ ਹੋ: “ਹੈਲੋ। ਕੀ ਮੈਂ ਤੁਹਾਨੂੰ ਕੁਝ ਦਿਖਾ ਸਕਦਾ ਹਾਂ? [ਛੋਟੇ ਡੀ. ਵੀ. ਡੀ. ʼਤੇ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਇਕ ਆਇਤ ਚਲਾ ਕੇ ਦਿਖਾਓ।] ਇਹ ਆਇਤ ਅਮਰੀਕੀ ਸੈਨਤ ਭਾਸ਼ਾ ਵਿਚ ਹੈ। ਬਾਈਬਲ ਤੋਂ ਇਲਾਵਾ ਸਾਡੇ ਕੋਲ ਹੋਰ ਕਈ ਵਿਡਿਓ ਹਨ ਜੋ ਬੋਲ਼ੇ ਲੋਕਾਂ ਦੀ ਪਰਮੇਸ਼ੁਰ ਬਾਰੇ ਸਿੱਖਣ ਵਿਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਮੁਫ਼ਤ ਵਿਚ ਦਿੱਤੇ ਜਾਂਦੇ ਹਨ। ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬੋਲ਼ਾ ਹੈ ਜਾਂ ਜਿਸ ਨੂੰ ਉੱਚਾ ਸੁਣਦਾ ਹੈ ਅਤੇ ਸੈਨਤ ਭਾਸ਼ਾ ਵਿਚ ਗੱਲ ਕਰਦਾ ਹੈ।” ਜੇ ਘਰ-ਮਾਲਕ ਨੂੰ ਕਿਸੇ ਬਾਰੇ ਯਾਦ ਨਹੀਂ ਆਉਂਦਾ, ਤਾਂ ਤੁਸੀਂ ਉਸ ਨੂੰ ਅਜਿਹੀਆਂ ਥਾਵਾਂ ਦਾ ਜ਼ਿਕਰ ਕਰ ਸਕਦੇ ਹੋ ਜਿੱਥੇ ਉਸ ਨੇ ਸ਼ਾਇਦ ਕਿਸੇ ਬੋਲ਼ੇ ਵਿਅਕਤੀ ਨੂੰ ਦੇਖਿਆ ਹੋਵੇ ਜਿਵੇਂ ਕੰਮ ਤੇ, ਸਕੂਲ ਵਿਚ ਜਾਂ ਗੁਆਂਢ ਵਿਚ।