ਆਪਣੇ ਇਲਾਕੇ ਵਿਚ ਬੋਲੇ ਲੋਕਾਂ ਨੂੰ ਲੱਭਣ ਵੱਲ ਧਿਆਨ ਦਿਓ
1 ਯਹੋਵਾਹ ਇਹ ਸੱਦਾ ਦੇ ਰਿਹਾ ਹੈ: “ਆਓ! . . . ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰ. 22:17) ਇਸ ਸੱਦੇ ਨੂੰ ਸਵੀਕਾਰ ਕਰਨ ਵਾਲਿਆਂ ਵਿਚ ਬੋਲੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ। ਨਤੀਜੇ ਵਜੋਂ, ਅਮਰੀਕਾ ਦੀ ਸ਼ਾਖ਼ਾ ਵਿਚ ਪਿਛਲੇ 13 ਸਾਲਾਂ ਦੌਰਾਨ 27 ਸੰਕੇਤ-ਭਾਸ਼ਾਈ (Sign Language) ਕਲੀਸਿਯਾਵਾਂ ਤੇ ਤਕਰੀਬਨ 43 ਸੰਕੇਤ-ਭਾਸ਼ਾਈ ਗਰੁੱਪ ਬਣਾਏ ਗਏ ਹਨ।
2 ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਸੰਕੇਤ-ਭਾਸ਼ਾਈ ਕਲੀਸਿਯਾਵਾਂ ਤੇ ਗਰੁੱਪ ਆਪਣੇ ਇਲਾਕਿਆਂ ਵਿਚ ਬੋਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਹਰ ਸੰਭਵ ਜਤਨ ਕਰ ਰਹੇ ਹਨ ਅਤੇ ਸ਼ਾਨਦਾਰ ਕਾਮਯਾਬੀ ਦਾ ਆਨੰਦ ਮਾਣ ਰਹੇ ਹਨ। ਭਾਰਤ ਵਿਚ ਲੱਖਾਂ ਹੀ ਬੋਲੇ ਲੋਕ ਹਨ ਜਿਨ੍ਹਾਂ ਨੂੰ ਅਜੇ ਤਕ ਗਵਾਹੀ ਨਹੀਂ ਦਿੱਤੀ ਗਈ ਜਿਸ ਕਰਕੇ ਇਸ ਅਨੋਖੇ ਖੇਤਰ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਸੱਚਾਈ ਵਿਚ ਆਉਣ ਦੀ ਕਾਫ਼ੀ ਸੰਭਾਵਨਾ ਹੈ!
3 ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ? ਕੀ ਤੁਸੀਂ ਜਨਤਕ ਥਾਵਾਂ ਤੇ ਲੋਕਾਂ ਨੂੰ ਸੰਕੇਤ-ਭਾਸ਼ਾ ਵਰਤਦੇ ਹੋਏ ਦੇਖਿਆ ਹੈ? ਕੀ ਤੁਸੀਂ ਆਪਣੀ ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਕਿਸੇ ਨੂੰ ਜਾਣਦੇ ਹੋ ਜਿਸ ਦੇ ਪਰਿਵਾਰ ਦਾ ਕੋਈ ਮੈਂਬਰ ਬੋਲਾ ਹੈ? ਆਪਣੇ ਰੋਜ਼-ਮੱਰਾ ਦੇ ਕੰਮ ਕਰਦੇ ਸਮੇਂ ਬੋਲੇ ਲੋਕਾਂ ਨੂੰ ਲੱਭਣ ਵੱਲ ਧਿਆਨ ਦਿਓ। ਪਰ ਤੁਸੀਂ ਕਿੱਦਾਂ ਯਕੀਨੀ ਬਣਾ ਸਕਦੇ ਹੋ ਕਿ ਉਨ੍ਹਾਂ ਨੂੰ ਰਾਜ ਦੀ ਗਵਾਹੀ ਦਿੱਤੀ ਜਾਵੇ?
4 ਗਵਾਹੀ ਦੇਣੀ: ਇਕ ਪਾਇਨੀਅਰ ਭੈਣ ਆਪਣੇ ਇਲਾਕੇ ਵਿਚ ਕਈ ਬੋਲੇ ਲੋਕਾਂ ਨੂੰ ਮਿਲੀ। ਇਕ ਦਿਨ ਜਦੋਂ ਉਹ ਆਪਣੇ ਇਲਾਕੇ ਦੀ ਸੁਪਰ-ਮਾਰਕਿਟ ਵਿਚ ਖ਼ਰੀਦਾਰੀ ਕਰ ਰਹੀ ਸੀ, ਤਾਂ ਇਕ ਜਵਾਨ ਬੋਲੀ ਔਰਤ ਨੇ ਕੋਈ ਚੀਜ਼ ਲੱਭਣ ਲਈ ਇਕ ਕਾਗਜ਼ ਉੱਤੇ ਲਿਖ ਕੇ ਉਸ ਤੋਂ ਮਦਦ ਮੰਗੀ। ਉਸ ਨੂੰ ਚੀਜ਼ ਲੱਭਣ ਵਿਚ ਮਦਦ ਦੇਣ ਮਗਰੋਂ, ਇਸ ਪਾਇਨੀਅਰ ਨੇ ਕਾਗਜ਼ ਉੱਤੇ ਲਿਖ ਕੇ ਦੱਸਿਆ ਕਿ ਉਹ ਸੰਕੇਤ-ਭਾਸ਼ਾ ਸਿੱਖਣੀ ਚਾਹੁੰਦੀ ਹੈ ਤਾਂਕਿ ਉਹ ਉਸ ਇਲਾਕੇ ਦੇ ਬੋਲਿਆਂ ਦੀ ਮਦਦ ਕਰ ਸਕੇ। ਫਿਰ ਉਸ ਬੋਲੀ ਔਰਤ ਨੇ ਲਿਖ ਕੇ ਪੁੱਛਿਆ, “ਤੁਸੀਂ ਬੋਲਿਆਂ ਦੀ ਮਦਦ ਕਿਉਂ ਕਰਨੀ ਚਾਹੁੰਦੇ ਹੋ?” ਭੈਣ ਨੇ ਜਵਾਬ ਲਿਖਿਆ: “ਮੈਂ ਇਕ ਯਹੋਵਾਹ ਦੀ ਗਵਾਹ ਹਾਂ ਅਤੇ ਮੈਂ ਬਾਈਬਲ ਸਮਝਣ ਵਿਚ ਬੋਲਿਆਂ ਦੀ ਮਦਦ ਕਰਨੀ ਚਾਹੁੰਦੀ ਹਾਂ। ਜੇ ਤੁਸੀਂ ਮੈਨੂੰ ਸੰਕੇਤ-ਭਾਸ਼ਾ ਸਿਖਾਓਗੇ, ਤਾਂ ਤੁਹਾਨੂੰ ਬਾਈਬਲ ਸਿਖਾ ਕੇ ਮੈਨੂੰ ਖ਼ੁਸ਼ੀ ਹੋਵੇਗੀ।” ਭੈਣ ਕਹਿੰਦੀ ਹੈ: “ਤੁਸੀਂ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦੋਂ ਉਸ ਨੇ ਕਿਹਾ ‘ਠੀਕ ਹੈ।’” ਭੈਣ ਛੇ ਹਫ਼ਤਿਆਂ ਤਕ ਹਰ ਸ਼ਾਮ ਉਸ ਔਰਤ ਦੇ ਘਰ ਜਾਂਦੀ ਰਹੀ। ਉਸ ਨੇ ਸੰਕੇਤ-ਭਾਸ਼ਾ ਸਿੱਖ ਲਈ ਅਤੇ ਬੋਲੀ ਔਰਤ ਨੇ ਸੱਚਾਈ ਸਿੱਖ ਕੇ ਬਪਤਿਸਮਾ ਲੈ ਲਿਆ!
5 ਪਰ ਉਦੋਂ ਕੀ ਜੇ ਤੁਹਾਡੀ ਕਲੀਸਿਯਾ ਵਿਚ ਕੋਈ ਵੀ ਅਜਿਹਾ ਭੈਣ-ਭਰਾ ਨਹੀਂ ਹੈ ਜੋ ਆਪਣੇ ਇਲਾਕੇ ਵਿਚ ਬੋਲੇ ਲੋਕਾਂ ਨੂੰ ਅਧਿਆਤਮਿਕ ਮਦਦ ਦੇ ਸਕੇ? ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ? ਕਿਉਂ ਨਾ ਤੁਸੀਂ ਬੋਲੇ ਲੋਕਾਂ ਦੇ ਘਰ ਦੇ ਕਿਸੇ ਹੋਰ ਮੈਂਬਰ ਨੂੰ ਮਿਲੋ ਜੋ ਸੁਣ ਸਕਦੇ ਹਨ? ਉਨ੍ਹਾਂ ਤੋਂ ਪੁੱਛੋ ਕਿ ਉਹ ਘਰ ਵਿਚ ਕਿਹੜੀ ਸੰਕੇਤ-ਭਾਸ਼ਾ ਵਰਤਦੇ ਹਨ। ਕੁਝ ਪ੍ਰਕਾਸ਼ਕਾਂ ਨੇ ਆਪਣੇ ਇਲਾਕੇ ਦੀ ਸੰਕੇਤ-ਭਾਸ਼ਾ ਸਿੱਖੀ ਹੈ ਤਾਂਕਿ ਉਹ ਜ਼ਿਆਦਾ ਅਸਰਦਾਰ ਤਰੀਕੇ ਨਾਲ ਬੋਲੇ ਲੋਕਾਂ ਨੂੰ ਪ੍ਰਚਾਰ ਕਰ ਸਕਣ। (ਰਸੂ. 16:9, 10) ਯਹੋਵਾਹ ਦੀ ਬਰਕਤ ਅਤੇ ਸਾਡੀ ਸਖ਼ਤ ਮਿਹਨਤ ਸਦਕਾ ਕਈ ਚੰਗੇ ਨਤੀਜੇ ਨਿਕਲਣਗੇ।
6 ਆਪਣੇ ਇਲਾਕੇ ਵਿਚ ਬੋਲੇ ਲੋਕਾਂ ਨੂੰ ਲੱਭਣ ਵੱਲ ਧਿਆਨ ਦੇਣ ਨਾਲ ਤੁਸੀਂ ਉਨ੍ਹਾਂ ਨੂੰ ਅੰਮ੍ਰਿਤ ਜਲ ਮੁਫ਼ਤ ਲੈਣ ਦਾ ਮੌਕਾ ਦੇ ਸਕਦੇ ਹੋ।—ਮੱਤੀ 10:11.