ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 8/1 ਸਫ਼ੇ 16-21
  • ਦੂਸਰਿਆਂ ਦਾ ਆਦਰ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੂਸਰਿਆਂ ਦਾ ਆਦਰ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਇਨਸਾਨਾਂ ਦਾ ਆਦਰ ਕਰਦਾ ਹੈ
  • ਯਿਸੂ ਨੇ ਦੂਸਰਿਆਂ ਦਾ ਆਦਰ ਕੀਤਾ
  • ਪੌਲੁਸ ਨੇ ਦੂਸਰਿਆਂ ਦਾ ਆਦਰ ਕੀਤਾ
  • ਅੱਜ ਦੇ ਦਿਨਾਂ ਵਿਚ ਦੂਸਰਿਆਂ ਦਾ ਆਦਰ ਕਰਨਾ
  • ਯਹੋਵਾਹ ਦਾ ਆਦਰ ਕਰਨਾ
  • ਉਨ੍ਹਾਂ ਦਾ ਆਦਰ ਕਰੋ ਜੋ ਇਸ ਦੇ ਹੱਕਦਾਰ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਕੀ ਤੁਸੀਂ ਅੱਗੇ ਵਧ ਕੇ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਕੀ ਤੁਸੀਂ ਦੂਜਿਆਂ ਦਾ ਆਦਰ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਆਓ ਅਸੀਂ ਸਾਰੇ ਯਹੋਵਾਹ ਤੇ ਉਸ ਦੇ ਪੁੱਤਰ ਦਾ ਮਾਣ ਕਰੀਏ
    ਸਾਡੀ ਰਾਜ ਸੇਵਕਾਈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 8/1 ਸਫ਼ੇ 16-21

ਦੂਸਰਿਆਂ ਦਾ ਆਦਰ ਕਰੋ

“ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।”—ਰੋਮੀਆਂ 12:10, “ਪਵਿੱਤਰ ਬਾਈਬਲ ਨਵਾਂ ਅਨੁਵਾਦ।”

1, 2. (ੳ) ਮਨ ਦੀ ਹਲੀਮੀ ਦਿਖਾਉਣ ਲਈ ਸਾਨੂੰ ਕੀ ਕਰਨਾ ਪਵੇਗਾ? (ਅ) ਬਾਈਬਲ ਅਕਸਰ ਸ਼ਬਦ “ਆਦਰ” ਦਾ ਪ੍ਰਯੋਗ ਕਿਵੇਂ ਕਰਦੀ ਹੈ ਅਤੇ ਕਿਨ੍ਹਾਂ ਲਈ ਦੂਸਰਿਆਂ ਦਾ ਆਦਰ ਕਰਨਾ ਆਸਾਨ ਹੁੰਦਾ ਹੈ?

ਸਾਡੇ ਪਿਛਲੇ ਲੇਖ ਵਿਚ ਪਰਮੇਸ਼ੁਰ ਦੇ ਬਚਨ ਦੀ ਇਸ ਸਲਾਹ ਉੱਤੇ ਜ਼ੋਰ ਦਿੱਤਾ ਗਿਆ ਸੀ: “ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਮਨ ਦੀ ਹਲੀਮੀ ਨਾਲ ਆਪਣੇ ਲੱਕ ਬੰਨ੍ਹਣ ਦਾ ਇਕ ਤਰੀਕਾ ਹੈ ਦੂਸਰਿਆਂ ਦਾ ਆਦਰ ਕਰਨਾ।

2 ਸ਼ਬਦ “ਆਦਰ” ਬਾਈਬਲ ਵਿਚ ਅਕਸਰ ਸਾਡੇ ਵੱਲੋਂ ਦੂਸਰਿਆਂ ਪ੍ਰਤੀ ਦਿਖਾਏ ਗਏ ਮਾਣ, ਸਤਿਕਾਰ ਅਤੇ ਲਿਹਾਜ਼ ਨੂੰ ਸੰਕੇਤ ਕਰਦਾ ਹੈ। ਅਸੀਂ ਦੂਸਰਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ, ਉਨ੍ਹਾਂ ਦਾ ਮਾਣ-ਸਤਿਕਾਰ ਕਰਨ, ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੁਆਰਾ ਉਨ੍ਹਾਂ ਦਾ ਆਦਰ ਕਰਦੇ ਹਾਂ। ਜਿਹੜੇ ਮਨ ਦੇ ਹਲੀਮ ਹਨ, ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਮੁਸ਼ਕਲ ਨਹੀਂ ਹੋਵੇਗਾ। ਪਰ ਜਿਹੜੇ ਘਮੰਡੀ ਹਨ, ਉਨ੍ਹਾਂ ਨੂੰ ਸ਼ਾਇਦ ਦੂਸਰਿਆਂ ਦਾ ਸੱਚੇ ਦਿਲੋਂ ਆਦਰ ਕਰਨਾ ਮੁਸ਼ਕਲ ਲੱਗੇ ਅਤੇ ਉਹ ਸ਼ਾਇਦ ਝੂਠੀ ਖ਼ੁਸ਼ਾਮਦ ਕਰਨ ਦੁਆਰਾ ਮਿਹਰਬਾਨੀ ਅਤੇ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ।

ਯਹੋਵਾਹ ਇਨਸਾਨਾਂ ਦਾ ਆਦਰ ਕਰਦਾ ਹੈ

3, 4. ਯਹੋਵਾਹ ਨੇ ਅਬਰਾਹਾਮ ਦਾ ਕਿਵੇਂ ਆਦਰ ਕੀਤਾ ਅਤੇ ਕਿਉਂ?

3 ਯਹੋਵਾਹ ਆਪ ਦੂਸਰਿਆਂ ਦਾ ਆਦਰ ਕਰਨ ਵਿਚ ਉਦਾਹਰਣ ਕਾਇਮ ਕਰਦਾ ਹੈ। ਉਸ ਨੇ ਇਨਸਾਨਾਂ ਨੂੰ ਚੋਣ ਕਰਨ ਦੀ ਆਜ਼ਾਦੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਰੋਬੋਟ ਸਮਝ ਕੇ ਉਨ੍ਹਾਂ ਨਾਲ ਪੇਸ਼ ਨਹੀਂ ਆਉਂਦਾ ਹੈ। (1 ਪਤਰਸ 2:16) ਉਦਾਹਰਣ ਲਈ, ਜਦੋਂ ਉਸ ਨੇ ਅਬਰਾਹਾਮ ਨੂੰ ਦੱਸਿਆ ਕਿ ਸਦੂਮ ਸ਼ਹਿਰ ਆਪਣੀ ਘੋਰ ਦੁਸ਼ਟਤਾ ਦੇ ਕਾਰਨ ਨਾਸ਼ ਕੀਤਾ ਜਾਵੇਗਾ, ਤਾਂ ਅਬਰਾਹਾਮ ਨੇ ਪੁੱਛਿਆ: “ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ? ਸ਼ਾਇਤ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਰ ਉਹ ਨੂੰ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ?” ਯਹੋਵਾਹ ਨੇ ਉੱਤਰ ਦਿੱਤਾ ਕਿ ਉਹ ਸ਼ਹਿਰ ਨੂੰ ਨਾਸ਼ ਨਹੀਂ ਕਰੇਗਾ ਜੇ ਉਸ ਵਿਚ 50 ਧਰਮੀ ਵਿਅਕਤੀ ਹੋਣਗੇ। ਫਿਰ ਅਬਰਾਹਾਮ ਨਿਮਰਤਾ ਨਾਲ ਬੇਨਤੀ ਕਰਦਾ ਰਿਹਾ। ਫਿਰ ਕੀ ਜੇ ਉੱਥੇ ਸਿਰਫ਼ 45, 40, 30, 20 ਜਾਂ 10 ਹੀ ਧਰਮੀ ਵਿਅਕਤੀ ਹੋਣ? ਯਹੋਵਾਹ ਨੇ ਅਬਰਾਹਾਮ ਨੂੰ ਯਕੀਨ ਦਿਵਾਇਆ ਕਿ ਉਹ ਸਦੂਮ ਨੂੰ ਨਾਸ਼ ਨਹੀਂ ਕਰੇਗਾ ਜੇ ਉਸ ਵਿਚ ਸਿਰਫ਼ 10 ਧਰਮੀ ਵਿਅਕਤੀ ਵੀ ਹੋਣ।—ਉਤਪਤ 18:20-33.

4 ਯਹੋਵਾਹ ਜਾਣਦਾ ਸੀ ਕਿ ਸਦੂਮ ਵਿਚ ਦਸ ਧਰਮੀ ਆਦਮੀ ਵੀ ਨਹੀਂ ਸਨ, ਪਰ ਉਸ ਨੇ ਅਬਰਾਹਾਮ ਦੇ ਵਿਚਾਰਾਂ ਨੂੰ ਸੁਣਨ ਅਤੇ ਉਸ ਨਾਲ ਸਤਿਕਾਰਪੂਰਵਕ ਪੇਸ਼ ਆਉਣ ਦੁਆਰਾ ਉਸ ਦਾ ਆਦਰ ਕੀਤਾ। ਕਿਉਂ? ਕਿਉਂਕਿ ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।” ਅਬਰਾਹਾਮ ਨੂੰ ਯਹੋਵਾਹ ਦਾ “ਮਿੱਤਰ” ਕਿਹਾ ਗਿਆ। (ਉਤਪਤ 15:6; ਯਾਕੂਬ 2:23) ਇਸ ਤੋਂ ਇਲਾਵਾ, ਯਹੋਵਾਹ ਨੇ ਦੇਖਿਆ ਕਿ ਅਬਰਾਹਾਮ ਦੂਸਰਿਆਂ ਦਾ ਵੀ ਆਦਰ ਕਰਦਾ ਸੀ। ਜਦੋਂ ਉਸ ਦੇ ਪਾਲੀਆਂ ਵਿਚ ਅਤੇ ਉਸ ਦੇ ਭਤੀਜੇ ਲੂਤ ਦੇ ਪਾਲੀਆਂ ਵਿਚ ਇਲਾਕੇ ਨੂੰ ਲੈ ਕੇ ਝਗੜਾ ਹੋ ਗਿਆ, ਤਾਂ ਅਬਰਾਹਾਮ ਨੇ ਲੂਤ ਨੂੰ ਇਲਾਕਾ ਚੁਣਨ ਦਾ ਪਹਿਲਾਂ ਮੌਕਾ ਦੇ ਕੇ ਉਸ ਦਾ ਆਦਰ ਕੀਤਾ। ਲੂਤ ਨੇ ਉਹ ਇਲਾਕਾ ਚੁਣਿਆ ਜੋ ਉਸ ਨੂੰ ਬਹੁਤ ਵਧੀਆ ਲੱਗਾ ਅਤੇ ਅਬਰਾਹਾਮ ਹੋਰ ਕਿਤੇ ਚਲਾ ਗਿਆ।—ਉਤਪਤ 13:5-11.

5. ਯਹੋਵਾਹ ਨੇ ਲੂਤ ਦਾ ਕਿਵੇਂ ਆਦਰ ਕੀਤਾ?

5 ਯਹੋਵਾਹ ਨੇ ਧਰਮੀ ਲੂਤ ਦਾ ਵੀ ਇਸੇ ਤਰ੍ਹਾਂ ਆਦਰ ਕੀਤਾ ਸੀ। ਸਦੂਮ ਨੂੰ ਨਾਸ਼ ਕਰਨ ਤੋਂ ਪਹਿਲਾਂ ਉਸ ਨੇ ਲੂਤ ਨੂੰ ਪਹਾੜੀ ਇਲਾਕੇ ਵਿਚ ਭੱਜ ਜਾਣ ਲਈ ਕਿਹਾ। ਪਰ ਲੂਤ ਨੇ ਕਿਹਾ ਕਿ ਉਹ ਉੱਥੇ ਨਹੀਂ ਜਾਣਾ ਚਾਹੁੰਦਾ ਸੀ; ਉਸ ਨੇ ਨੇੜੇ ਦੇ ਸੋਆਰ ਸ਼ਹਿਰ ਨੂੰ ਭੱਜ ਜਾਣਾ ਚੰਗਾ ਸਮਝਿਆ, ਭਾਵੇਂ ਉਹ ਸ਼ਹਿਰ ਉਸ ਇਲਾਕੇ ਵਿਚ ਸੀ ਜਿਸ ਨੂੰ ਨਾਸ਼ ਕੀਤਾ ਜਾਣਾ ਸੀ। ਯਹੋਵਾਹ ਨੇ ਲੂਤ ਨੂੰ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ। ਮੈਂ ਏਸ ਨਗਰ ਨੂੰ ਜਿਹਦੇ ਲਈ ਤੈਂ ਗੱਲ ਕੀਤੀ ਨਹੀਂ ਢਾਵਾਂਗਾ।” ਯਹੋਵਾਹ ਨੇ ਲੂਤ ਦੀ ਗੱਲ ਮੰਨਣ ਦੁਆਰਾ ਉਸ ਦਾ ਆਦਰ ਕੀਤਾ।—ਉਤਪਤ 19:15-22; 2 ਪਤਰਸ 2:6-9.

6. ਯਹੋਵਾਹ ਨੇ ਮੂਸਾ ਦਾ ਕਿਵੇਂ ਆਦਰ ਕੀਤਾ ਸੀ?

6 ਜਦੋਂ ਯਹੋਵਾਹ ਨੇ ਮੂਸਾ ਨੂੰ ਮਿਸਰ ਨੂੰ ਵਾਪਸ ਘੱਲਿਆ ਕਿ ਉਹ ਉਸ ਦੇ ਲੋਕਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਾਏ ਅਤੇ ਉਸ ਦੇ ਲੋਕਾਂ ਨੂੰ ਜਾਣ ਦੇਣ ਬਾਰੇ ਫ਼ਿਰਊਨ ਨਾਲ ਗੱਲ ਕਰੇ, ਤਾਂ ਮੂਸਾ ਨੇ ਕਿਹਾ: “ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ।” ਯਹੋਵਾਹ ਨੇ ਮੂਸਾ ਨੂੰ ਯਕੀਨ ਦਿਵਾਇਆ: “ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ।” ਪਰ ਮੂਸਾ ਅਜੇ ਵੀ ਝਿਜਕਦਾ ਸੀ। ਇਸ ਤੇ ਯਹੋਵਾਹ ਨੇ ਮੂਸਾ ਨੂੰ ਯਕੀਨ ਦਿਵਾਇਆ ਅਤੇ ਉਸ ਦੇ ਭਰਾ, ਹਾਰੂਨ ਨੂੰ ਉਸ ਦੇ ਨਾਲ ਘੱਲਿਆ ਤਾਂਕਿ ਉਹ ਉਸ ਦੀ ਥਾਂ ਗੱਲ ਕਰੇ।—ਕੂਚ 4:10-16.

7. ਯਹੋਵਾਹ ਦੂਸਰਿਆਂ ਦਾ ਆਦਰ ਕਰਨ ਲਈ ਕਿਉਂ ਤਿਆਰ ਸੀ?

7 ਇਨ੍ਹਾਂ ਸਾਰੇ ਮੌਕਿਆਂ ਤੇ ਯਹੋਵਾਹ ਨੇ ਦਿਖਾਇਆ ਕਿ ਉਹ ਦੂਸਰਿਆਂ ਦਾ ਅਤੇ ਖ਼ਾਸ ਕਰਕੇ ਉਸ ਦੀ ਸੇਵਾ ਕਰਨ ਵਾਲਿਆਂ ਦਾ ਆਦਰ ਕਰਨ ਲਈ ਤਿਆਰ ਸੀ। ਭਾਵੇਂ ਉਨ੍ਹਾਂ ਨੇ ਯਹੋਵਾਹ ਕੋਲੋਂ ਉਹ ਚੀਜ਼ ਮੰਗੀ ਜੋ ਸ਼ਾਇਦ ਉਸ ਦੇ ਮੁਢਲੇ ਉਦੇਸ਼ ਨਾਲੋਂ ਵੱਖਰੀ ਸੀ, ਤਾਂ ਵੀ ਉਸ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀ ਬੇਨਤੀ ਸਵੀਕਾਰ ਕੀਤੀ, ਬਸ਼ਰਤੇ ਕਿ ਇਹ ਉਸ ਦੇ ਮਕਸਦ ਦੇ ਉਲਟ ਨਾ ਹੋਵੇ।

ਯਿਸੂ ਨੇ ਦੂਸਰਿਆਂ ਦਾ ਆਦਰ ਕੀਤਾ

8. ਯਿਸੂ ਨੇ ਇਕ ਤੀਵੀਂ ਦਾ ਕਿਵੇਂ ਆਦਰ ਕੀਤਾ ਜੋ ਬਹੁਤ ਬੀਮਾਰ ਸੀ?

8 ਯਿਸੂ ਨੇ ਦੂਸਰਿਆਂ ਦਾ ਆਦਰ ਕਰਨ ਦੁਆਰਾ ਯਹੋਵਾਹ ਦੀ ਨਕਲ ਕੀਤੀ। ਇਕ ਵਾਰ ਭੀੜ ਵਿਚ ਇਕ ਤੀਵੀਂ ਸੀ ਜਿਸ ਦੇ 12 ਸਾਲਾਂ ਤੋਂ ਲਹੂ ਵਹਿੰਦਾ ਸੀ। ਵੈਦ ਉਸ ਨੂੰ ਚੰਗਾ ਨਹੀਂ ਕਰ ਸਕੇ ਸਨ। ਮੂਸਾ ਦੀ ਬਿਵਸਥਾ ਅਨੁਸਾਰ ਉਹ ਤੀਵੀਂ ਅਸ਼ੁੱਧ ਸੀ ਅਤੇ ਉਸ ਨੂੰ ਉੱਥੇ ਨਹੀਂ ਆਉਣਾ ਚਾਹੀਦਾ ਸੀ। ਉਸ ਨੇ ਪਿੱਛਿਓਂ ਆ ਕੇ ਯਿਸੂ ਦੇ ਕੱਪੜਿਆਂ ਨੂੰ ਛੋਹਿਆ ਅਤੇ ਚੰਗੀ ਹੋ ਗਈ। ਯਿਸੂ ਬਿਵਸਥਾ ਉੱਤੇ ਅੜਿਆ ਨਹੀਂ ਰਿਹਾ ਅਤੇ ਉਸ ਤੀਵੀਂ ਨੇ ਜੋ ਕੀਤਾ ਉਸ ਲਈ ਉਸ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ, ਉਸ ਦੇ ਹਾਲਾਤਾਂ ਨੂੰ ਜਾਣਦੇ ਹੋਏ ਉਸ ਨੇ ਇਹ ਕਹਿ ਕੇ ਉਸ ਦਾ ਆਦਰ ਕੀਤਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।”—ਮਰਕੁਸ 5:25-34; ਲੇਵੀਆਂ 15:25-27.

9. ਯਿਸੂ ਨੇ ਪਰਾਈ ਕੌਮ ਦੀ ਇਕ ਤੀਵੀਂ ਦਾ ਕਿਵੇਂ ਆਦਰ ਕੀਤਾ?

9 ਇਕ ਹੋਰ ਮੌਕੇ ਤੇ ਇਕ ਕਨਾਨੀ ਤੀਵੀਂ ਨੇ ਯਿਸੂ ਨੂੰ ਕਿਹਾ: “ਹੇ ਪ੍ਰਭੁ ਦਾਊਦ ਦੇ ਪੁੱਤ੍ਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬਦ ਰੂਹ ਦੇ ਸਾਯੇ ਨਾਲ ਬੁਰਾ ਹਾਲ ਹੈ।” ਇਹ ਜਾਣਦੇ ਹੋਏ ਕਿ ਉਸ ਨੂੰ ਇਸਰਾਏਲ ਕੌਮ ਕੋਲ ਭੇਜਿਆ ਗਿਆ ਸੀ ਅਤੇ ਪਰਾਈਆਂ ਕੌਮਾਂ ਕੋਲ ਨਹੀਂ, ਯਿਸੂ ਨੇ ਕਿਹਾ: “[ਇਸਰਾਏਲ ਦੇ] ਬਾਲਕਾਂ ਦੀ ਰੋਟੀ ਲੈਕੇ ਕਤੂਰਿਆਂ [ਪਰਾਈਆਂ ਕੌਮਾਂ ਦੇ ਲੋਕਾਂ] ਅੱਗੇ ਸੁੱਟਣੀ ਚੰਗੀ ਨਹੀਂ ਹੈ।” ਤੀਵੀਂ ਨੇ ਉੱਤਰ ਦਿੱਤਾ: “ਪਰ ਜਿਹੜੇ ਚੂਰੇ ਭੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਓਹ ਕਤੂਰੇ ਭੀ ਖਾਂਦੇ ਹਨ।” ਫਿਰ ਯਿਸੂ ਨੇ ਕਿਹਾ: “ਹੇ ਬੀਬੀ ਤੇਰੀ ਨਿਹਚਾ ਵੱਡੀ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਤਿਵੇਂ ਹੀ ਹੋਵੇ।” ਉਸ ਦੀ ਧੀ ਚੰਗੀ ਹੋ ਗਈ। ਯਿਸੂ ਨੇ ਇਸ ਪਰਾਈ ਕੌਮ ਦੀ ਤੀਵੀਂ ਦੀ ਨਿਹਚਾ ਕਰਕੇ ਉਸ ਦਾ ਆਦਰ ਕੀਤਾ। ਜੰਗਲੀ ਕੁੱਤੇ ਕਹਿਣ ਦੀ ਬਜਾਇ ‘ਕਤੂਰੇ’ ਸ਼ਬਦ ਦੀ ਵਰਤੋਂ ਨੇ ਯਿਸੂ ਦੇ ਗੱਲ ਕਰਨ ਦੇ ਅੰਦਾਜ਼ ਵਿਚ ਨਰਮੀ ਲਿਆਂਦੀ, ਅਤੇ ਇਸ ਤੋਂ ਉਸ ਦੀ ਦਇਆ ਦਾ ਵੀ ਪਤਾ ਚੱਲਦਾ ਹੈ।—ਮੱਤੀ 15:21-28.

10. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਪ੍ਰਭਾਵਸ਼ਾਲੀ ਸਬਕ ਸਿਖਾਇਆ ਅਤੇ ਇਹ ਸਬਕ ਸਿਖਾਉਣ ਦੀ ਕਿਉਂ ਲੋੜ ਪਈ?

10 ਯਿਸੂ ਆਪਣੇ ਚੇਲਿਆਂ ਨੂੰ ਮਨ ਦੇ ਹਲੀਮ ਬਣਨ ਅਤੇ ਦੂਸਰਿਆਂ ਦਾ ਆਦਰ ਕਰਨ ਦੀ ਲੋੜ ਬਾਰੇ ਸਿਖਾਉਂਦਾ ਰਿਹਾ, ਕਿਉਂਕਿ ਉਨ੍ਹਾਂ ਵਿਚ ਅਜੇ ਵੀ ਪਹਿਲਾਂ-ਮੈਂ ਵਾਲਾ ਰਵੱਈਆ ਸੀ। ਇਕ ਵਾਰ ਉਨ੍ਹਾਂ ਦੇ ਬਹਿਸ ਕਰਨ ਤੋਂ ਬਾਅਦ, ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ?” ਉਹ ਚੁੱਪ ਰਹੇ ਕਿਉਂਕਿ ‘ਉਨ੍ਹਾਂ ਨੇ ਇੱਕ ਦੂਏ ਨਾਲ ਇਹ ਬਹਿਸ ਕੀਤੀ ਸੀ ਜੋ ਵੱਡਾ ਕਿਹੜਾ ਹੈ?’ (ਮਰਕੁਸ 9:33, 34) ਯਿਸੂ ਦੇ ਮਰਨ ਤੋਂ ਇਕ ਰਾਤ ਪਹਿਲਾਂ ਵੀ, ‘ਉਨ੍ਹਾਂ ਵਿੱਚ ਇਹ ਤਕਰਾਰ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ?’ (ਲੂਕਾ 22:24) ਇਸ ਲਈ ਪਸਾਹ ਦੇ ਭੋਜਨ ਦੌਰਾਨ ਯਿਸੂ ‘ਬਾਟੀ ਵਿੱਚ ਜਲ ਪਾ ਕੇ ਚੇਲਿਆਂ ਦੇ ਪੈਰ ਧੋਣ ਲੱਗਾ।’ ਕਿੰਨਾ ਹੀ ਪ੍ਰਭਾਵਸ਼ਾਲੀ ਸਬਕ! ਯਿਸੂ ਪਰਮੇਸ਼ੁਰ ਦਾ ਪੁੱਤਰ ਸੀ ਅਤੇ ਸਾਰੇ ਬ੍ਰਹਿਮੰਡ ਵਿਚ ਸਿਰਫ਼ ਯਹੋਵਾਹ ਹੀ ਉਸ ਤੋਂ ਉੱਚਾ ਸੀ। ਫਿਰ ਵੀ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਇਕ ਆਦਰਯੋਗ ਸਬਕ ਸਿਖਾਇਆ। ਉਸ ਨੇ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।”—ਯੂਹੰਨਾ 13:5-15.

ਪੌਲੁਸ ਨੇ ਦੂਸਰਿਆਂ ਦਾ ਆਦਰ ਕੀਤਾ

11, 12. ਜਦੋਂ ਪੌਲੁਸ ਮਸੀਹੀ ਬਣਿਆ, ਤਾਂ ਉਸ ਨੇ ਕੀ ਸਿੱਖਿਆ ਅਤੇ ਉਸ ਨੇ ਇਸ ਸਬਕ ਨੂੰ ਫਿਲੇਮੋਨ ਦੇ ਸੰਬੰਧ ਵਿਚ ਕਿਵੇਂ ਲਾਗੂ ਕੀਤਾ?

11 ਯਿਸੂ ਦੀ ਨਕਲ ਕਰਦੇ ਹੋਏ ਪੌਲੁਸ ਰਸੂਲ ਨੇ ਦੂਸਰਿਆਂ ਦਾ ਆਦਰ ਕੀਤਾ। (1 ਕੁਰਿੰਥੀਆਂ 10:33) ਉਸ ਨੇ ਕਿਹਾ: “ਨਾ ਅਸੀਂ ਮਨੁੱਖਾਂ ਪਾਸੋਂ ਵਡਿਆਈ ਚਾਹੁੰਦੇ ਸਾਂ . . . ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।” (1 ਥੱਸਲੁਨੀਕੀਆਂ 2:6, 7) ਇਕ ਮਾਂ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀ ਹੈ। ਜਦੋਂ ਪੌਲੁਸ ਮਸੀਹੀ ਬਣਿਆ, ਤਾਂ ਉਸ ਨੇ ਮਨ ਦਾ ਹਲੀਮ ਬਣਨਾ ਸਿੱਖਿਆ ਅਤੇ ਉਸ ਨੇ ਆਪਣੇ ਸੰਗੀ ਮਸੀਹੀਆਂ ਨਾਲ ਪਿਆਰ ਨਾਲ ਪੇਸ਼ ਆਉਣ ਦੁਆਰਾ ਉਨ੍ਹਾਂ ਦਾ ਆਦਰ ਕੀਤਾ। ਇਸ ਤਰ੍ਹਾਂ ਕਰਨ ਨਾਲ, ਉਸ ਨੇ ਉਨ੍ਹਾਂ ਦੀ ਮਰਜ਼ੀ ਦਾ ਵੀ ਆਦਰ ਕੀਤਾ, ਜਿਵੇਂ ਕਿ ਇਕ ਘਟਨਾ ਤੋਂ ਪਤਾ ਚੱਲਦਾ ਹੈ ਜੋ ਉਸ ਵੇਲੇ ਵਾਪਰੀ ਜਦੋਂ ਉਹ ਰੋਮ ਵਿਚ ਕੈਦ ਸੀ।

12 ਉਨੇਸਿਮੁਸ ਨਾਂ ਦੇ ਇਕ ਭੱਜੇ ਹੋਏ ਦਾਸ ਨੇ ਪੌਲੁਸ ਦੀ ਸਿੱਖਿਆ ਨੂੰ ਸੁਣਿਆ। ਉਹ ਇਕ ਮਸੀਹੀ ਅਤੇ ਪੌਲੁਸ ਦਾ ਦੋਸਤ ਵੀ ਬਣ ਗਿਆ। ਉਸ ਦਾਸ ਦਾ ਮਾਲਕ ਫਿਲੇਮੋਨ ਸੀ ਜੋ ਏਸ਼ੀਆ ਮਾਈਨਰ ਵਿਚ ਰਹਿੰਦਾ ਸੀ ਅਤੇ ਉਹ ਵੀ ਇਕ ਮਸੀਹੀ ਸੀ। ਫਿਲੇਮੋਨ ਨੂੰ ਲਿਖੀ ਇਕ ਚਿੱਠੀ ਵਿਚ ਪੌਲੁਸ ਨੇ ਲਿਖਿਆ ਕਿ ਉਨੇਸਿਮੁਸ ਨੇ ਉਸ ਦੀ ਬਹੁਤ ਸੇਵਾ ਕੀਤੀ ਸੀ ਅਤੇ ਫਿਰ ਉਸ ਨੇ ਕਿਹਾ: “ਮੈਂ ਚਾਹੁੰਦਾ ਸਾਂ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ।” ਪਰ ਪੌਲੁਸ ਨੇ ਉਨੇਸਿਮੁਸ ਨੂੰ ਫਿਲੇਮੋਨ ਕੋਲ ਵਾਪਸ ਘੱਲ ਦਿੱਤਾ, ਕਿਉਂਕਿ ਉਸ ਨੇ ਲਿਖਿਆ: “ਤੇਰੀ ਸਲਾਹ ਬਿਨਾ ਮੈਂ ਕੁਝ ਕਰਨਾ ਨਾ ਚਾਹਿਆ ਤਾਂ ਜੋ ਤੇਰਾ ਉਪਕਾਰ ਲਚਾਰੀ ਤੋਂ ਨਹੀਂ ਸਗੋਂ ਰਜ਼ਾਮੰਦੀ ਨਾਲ ਹੋਵੇ।” ਪੌਲੁਸ ਨੇ ਇਸ ਗੱਲ ਦਾ ਫ਼ਾਇਦਾ ਨਹੀਂ ਉਠਾਇਆ ਕਿ ਉਹ ਇਕ ਰਸੂਲ ਸੀ, ਪਰ ਉਸ ਨੇ ਉਨੇਸਿਮੁਸ ਨੂੰ ਰੋਮ ਵਿਚ ਆਪਣੇ ਕੋਲ ਰੱਖਣ ਦੀ ਮੰਗ ਨਾ ਕਰ ਕੇ ਫਿਲੇਮੋਨ ਦਾ ਆਦਰ ਕੀਤਾ। ਇਸ ਤੋਂ ਇਲਾਵਾ, ਪੌਲੁਸ ਨੇ ਫਿਲੇਮੋਨ ਨੂੰ ਤਾਕੀਦ ਕੀਤੀ ਕਿ ਉਹ ਉਨੇਸਿਮੁਸ ਦਾ ਆਦਰ ਕਰੇ ਅਤੇ “ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਙੁ” ਉਸ ਨਾਲ ਪੇਸ਼ ਆਵੇ।—ਫਿਲੇਮੋਨ 10-16.

ਅੱਜ ਦੇ ਦਿਨਾਂ ਵਿਚ ਦੂਸਰਿਆਂ ਦਾ ਆਦਰ ਕਰਨਾ

13. ਰੋਮੀਆਂ 12:10 ਸਾਨੂੰ ਕੀ ਕਰਨ ਲਈ ਕਹਿੰਦਾ ਹੈ?

13 ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।” (ਰੋਮੀਆਂ 12:10) ਇਸ ਦਾ ਮਤਲਬ ਹੈ ਕਿ ਸਾਨੂੰ ਇਹ ਉਡੀਕ ਨਹੀਂ ਕਰਨੀ ਚਾਹੀਦੀ ਕਿ ਪਹਿਲਾਂ ਦੂਸਰੇ ਸਾਡਾ ਆਦਰ ਕਰਨ, ਪਰ ਸਾਨੂੰ ਆਪ ਪਹਿਲ ਕਰਨੀ ਚਾਹੀਦੀ ਹੈ। “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” (1 ਕੁਰਿੰਥੀਆਂ 10:24; 1 ਪਤਰਸ 3:8, 9) ਇਸ ਲਈ, ਯਹੋਵਾਹ ਦੇ ਸੇਵਕ ਆਪਣੇ ਪਰਿਵਾਰ ਦੇ ਮੈਂਬਰਾਂ ਦਾ, ਕਲੀਸਿਯਾ ਵਿਚ ਸੰਗੀ ਮਸੀਹੀਆਂ ਦਾ ਅਤੇ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਦਾ ਆਦਰ ਕਰਨ ਦੇ ਮੌਕੇ ਭਾਲਦੇ ਹਨ।

14. ਪਤੀ-ਪਤਨੀ ਇਕ ਦੂਸਰੇ ਦਾ ਆਦਰ ਕਿਵੇਂ ਕਰਦੇ ਹਨ?

14 ਬਾਈਬਲ ਕਹਿੰਦੀ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ।” (1 ਕੁਰਿੰਥੀਆਂ 11:3) ਯਹੋਵਾਹ ਆਦਮੀ ਤੋਂ ਇਹ ਮੰਗ ਕਰਦਾ ਹੈ ਕਿ ਉਹ ਆਪਣੀ ਪਤਨੀ ਨਾਲ ਉਸੇ ਤਰ੍ਹਾਂ ਪੇਸ਼ ਆਵੇ ਜਿਵੇਂ ਮਸੀਹ ਕਲੀਸਿਯਾ ਨਾਲ ਪੇਸ਼ ਆਇਆ ਸੀ। 1 ਪਤਰਸ 3:7 ਵਿਚ ਪਤੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਪਤਨੀ ਨੂੰ ‘ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੇ।’ ਉਹ ਆਪਣੀ ਪਤਨੀ ਦੀ ਗੱਲ ਸੁਣਨ ਲਈ ਤਿਆਰ ਹੋਣ ਅਤੇ ਉਸ ਦੇ ਸੁਝਾਵਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕਰਨ ਦੁਆਰਾ ਉਸ ਦਾ ਆਦਰ ਕਰ ਸਕਦਾ ਹੈ। (ਉਤਪਤ 21:12) ਉਹ ਉਸ ਦੀ ਪਸੰਦ ਨੂੰ ਪਹਿਲ ਦੇ ਸਕਦਾ ਹੈ ਜੇ ਬਾਈਬਲ ਦੇ ਕਿਸੇ ਸਿਧਾਂਤ ਦੀ ਉਲੰਘਣਾ ਨਹੀਂ ਹੁੰਦੀ ਹੈ। ਉਹ ਉਸ ਦੀ ਮਦਦ ਕਰਦਾ ਹੈ ਤੇ ਉਸ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਹੈ। ਇਸੇ ਤਰ੍ਹਾਂ, “ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:33) ਉਹ ਉਸ ਦੀ ਗੱਲ ਸੁਣਦੀ ਹੈ, ਹਮੇਸ਼ਾ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਨਹੀਂ ਕਰਦੀ ਅਤੇ ਉਸ ਦੀ ਨਿੰਦਾ ਜਾਂ ਨੁਕਤਾਚੀਨੀ ਨਹੀਂ ਕਰਦੀ। ਉਹ ਆਪਣੇ ਪਤੀ ਤੇ ਚੌਧਰ ਨਾ ਜਮਾਉਣ ਦੁਆਰਾ ਮਨ ਦੀ ਹਲੀਮੀ ਦਿਖਾਉਂਦੀ ਹੈ, ਉਦੋਂ ਵੀ ਜਦੋਂ ਕੁਝ ਮਾਮਲਿਆਂ ਵਿਚ ਉਹ ਆਪਣੇ ਪਤੀ ਨਾਲੋਂ ਜ਼ਿਆਦਾ ਹੁਸ਼ਿਆਰ ਹੁੰਦੀ ਹੈ।

15. ਬਿਰਧ ਵਿਅਕਤੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਕੀ ਕਰਨਾ ਚਾਹੀਦਾ ਹੈ?

15 ਮਸੀਹੀ ਕਲੀਸਿਯਾ ਵਿਚ ਕੁਝ ਅਜਿਹੇ ਵੀ ਵਿਅਕਤੀ ਹਨ ਜਿਨ੍ਹਾਂ ਦਾ ਖ਼ਾਸ ਕਰਕੇ ਆਦਰ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਬਿਰਧ ਲੋਕ। “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” (ਲੇਵੀਆਂ 19:32) ਖ਼ਾਸ ਕਰਕੇ ਉਨ੍ਹਾਂ ਲਈ ਆਦਰ ਦਿਖਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ, ਕਿਉਂਕਿ “ਧੌਲਾ ਸਿਰ ਸਜਾਵਟ ਦਾ ਮੁਕਟ ਹੈ” ਜਦੋਂ “ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਨਿਗਾਹਬਾਨਾਂ ਨੂੰ ਆਪਣੇ ਤੋਂ ਉਮਰ ਵਿਚ ਵੱਡੇ ਸੰਗੀ ਮਸੀਹੀਆਂ ਦਾ ਆਦਰ ਕਰ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਨਿਰਸੰਦੇਹ ਬਿਰਧ ਵਿਅਕਤੀਆਂ ਨੂੰ ਵੀ ਆਪਣੇ ਤੋਂ ਛੋਟਿਆਂ ਦਾ ਆਦਰ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਉਨ੍ਹਾਂ ਦਾ ਜਿਹੜੇ ਝੁੰਡ ਦੀ ਚਰਵਾਹੀ ਕਰਨ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਹਨ।—1 ਪਤਰਸ 5:2, 3.

16. ਮਾਪੇ ਅਤੇ ਬੱਚੇ ਇਕ ਦੂਸਰੇ ਦਾ ਕਿਵੇਂ ਆਦਰ ਕਰਦੇ ਹਨ?

16 ਬੱਚਿਆਂ ਨੂੰ ਆਪਣੇ ਮਾਪਿਆਂ ਦਾ ਆਦਰ ਕਰਨਾ ਚਾਹੀਦਾ ਹੈ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ।” ਇਸੇ ਤਰ੍ਹਾਂ, ਮਾਪੇ ਆਪਣੇ ਬੱਚਿਆਂ ਦਾ ਆਦਰ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ‘ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਉਣ ਅਤੇ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨ’ ਲਈ ਕਿਹਾ ਗਿਆ ਹੈ।—ਅਫ਼ਸੀਆਂ 6:1-4; ਕੂਚ 20:12.

17. ਕਿਹੜੇ ਵਿਅਕਤੀ “ਦੂਣੇ ਆਦਰ” ਦੇ ਯੋਗ ਹਨ?

17 ਉਨ੍ਹਾਂ ਵਿਅਕਤੀਆਂ ਦਾ ਵੀ ਆਦਰ ਕਰਨਾ ਚਾਹੀਦਾ ਹੈ ਜੋ ਕਲੀਸਿਯਾ ਦੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ: “ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।” (1 ਤਿਮੋਥਿਉਸ 5:17) ਉਨ੍ਹਾਂ ਦਾ ਆਦਰ ਕਰਨ ਦਾ ਇਕ ਤਰੀਕਾ ਹੈ, ਇਬਰਾਨੀਆਂ 13:17 ਦੀ ਸਲਾਹ ਨੂੰ ਲਾਗੂ ਕਰਨਾ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।”

18. ਜਿਹੜੇ ਲੋਕ ਕਲੀਸਿਯਾ ਵਿਚ ਨਹੀਂ ਹਨ, ਸਾਨੂੰ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

18 ਕੀ ਸਾਨੂੰ ਉਨ੍ਹਾਂ ਲੋਕਾਂ ਦਾ ਵੀ ਆਦਰ ਕਰਨਾ ਚਾਹੀਦਾ ਹੈ ਜਿਹੜੇ ਕਲੀਸਿਯਾ ਵਿਚ ਨਹੀਂ ਹਨ? ਜੀ ਹਾਂ। ਉਦਾਹਰਣ ਲਈ, ਸਾਨੂੰ ਹਿਦਾਇਤ ਦਿੱਤੀ ਗਈ ਹੈ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ।” (ਰੋਮੀਆਂ 13:1) ਇਹ ਦੁਨਿਆਵੀ ਸ਼ਾਸਕ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਤਦ ਤਕ ਸ਼ਾਸਨ ਕਰਨ ਦੀ ਇਜਾਜ਼ਤ ਦਿੱਤੀ ਹੈ ਜਦ ਤਕ ਕਿ ਉਸ ਦਾ ਰਾਜ ਉਨ੍ਹਾਂ ਦੀ ਜਗ੍ਹਾ ਨਹੀਂ ਲੈ ਲੈਂਦਾ। (ਦਾਨੀਏਲ 2:44) ਇਸ ਲਈ ਅਸੀਂ ‘ਸਭਨਾਂ ਦਾ ਹੱਕ ਭਰਦੇ ਹਾਂ, ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿੰਦੇ ਹਾਂ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿੰਦੇ ਹਾਂ, ਜਿਹ ਦੇ ਕੋਲੋਂ ਡਰਨਾ ਚਾਹੀਦਾ ਹੈ ਡਰਦੇ ਹਾਂ, ਜਿਹ ਦਾ ਆਦਰ ਕਰਨਾ ਚਾਹੀਦਾ ਹੈ ਆਦਰ ਕਰਦੇ ਹਾਂ।’ (ਰੋਮੀਆਂ 13:7) ਅਸੀਂ ‘ਸਭਨਾਂ ਦਾ ਆਦਰ ਕਰਨਾ ਹੈ।’—1 ਪਤਰਸ 2:17.

19. ਅਸੀਂ ਦੂਜਿਆਂ ਦਾ “ਭਲਾ” ਕਰ ਕੇ ਉਨ੍ਹਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ?

19 ਇਹ ਸੱਚ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਵੀ ਆਦਰ ਕਰਨਾ ਹੈ ਜਿਹੜੇ ਕਲੀਸਿਯਾ ਵਿਚ ਨਹੀਂ ਹਨ, ਪਰ ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ ਕਿਹੜੀ ਗੱਲ ਤੇ ਜ਼ੋਰ ਦਿੰਦਾ ਹੈ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਨਿਰਸੰਦੇਹ, ਦੂਸਰਿਆਂ ਦਾ ‘ਭਲਾ ਕਰਨ’ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਦੀਆਂ ਅਧਿਆਤਮਿਕ ਜ਼ਰੂਰਤਾਂ ਪ੍ਰਤੀ ਉਨ੍ਹਾਂ ਨੂੰ ਸਚੇਤ ਕਰੀਏ ਅਤੇ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰੀਏ। (ਮੱਤੀ 5:3, ਨਿ ਵ) ਪੌਲੁਸ ਰਸੂਲ ਦੀ ਸਲਾਹ ਉੱਤੇ ਚੱਲ ਕੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” ਜਦੋਂ ਅਸੀਂ ਗਵਾਹੀ ਦੇਣ ਦੇ ਹਰ ਮੌਕੇ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਅਤੇ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਦੇ ਹਾਂ,’ ਤਾਂ ਅਸੀਂ ਨਾ ਸਿਰਫ਼ ਸਭਨਾਂ ਦਾ ਭਲਾ ਕਰਦੇ ਹਾਂ, ਪਰ ਉਨ੍ਹਾਂ ਦਾ ਆਦਰ ਵੀ ਕਰਦੇ ਹਾਂ।—2 ਤਿਮੋਥਿਉਸ 2:15; 4:5.

ਯਹੋਵਾਹ ਦਾ ਆਦਰ ਕਰਨਾ

20. ਫ਼ਿਰਊਨ ਅਤੇ ਉਸ ਦੀ ਫ਼ੌਜ ਨੂੰ ਕੀ ਹੋਇਆ ਅਤੇ ਕਿਉਂ?

20 ਯਹੋਵਾਹ ਆਪਣੀ ਸ੍ਰਿਸ਼ਟੀ ਦਾ ਆਦਰ ਕਰਦਾ ਹੈ। ਇਸ ਲਈ ਇਹ ਉਚਿਤ ਹੈ ਕਿ ਸਾਨੂੰ ਵੀ ਉਸ ਦਾ ਆਦਰ ਕਰਨਾ ਚਾਹੀਦਾ ਹੈ। (ਕਹਾਉਤਾਂ 3:9; ਪਰਕਾਸ਼ ਦੀ ਪੋਥੀ 4:11) ਯਹੋਵਾਹ ਦਾ ਬਚਨ ਇਹ ਵੀ ਦੱਸਦਾ ਹੈ: “ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ ਪਰ ਓਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ।” (1 ਸਮੂਏਲ 2:30) ਜਦੋਂ ਮਿਸਰ ਦੇ ਫ਼ਿਰਊਨ ਨੂੰ ਕਿਹਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਵੇ, ਤਾਂ ਉਸ ਨੇ ਹੰਕਾਰ ਨਾਲ ਜਵਾਬ ਦਿੱਤਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ?” (ਕੂਚ 5:2) ਜਦੋਂ ਫ਼ਿਰਊਨ ਨੇ ਇਸਰਾਏਲੀਆਂ ਦਾ ਨਾਸ਼ ਕਰਨ ਲਈ ਆਪਣੀ ਫ਼ੌਜ ਘੱਲੀ ਸੀ, ਤਾਂ ਯਹੋਵਾਹ ਨੇ ਇਸਰਾਏਲੀਆਂ ਲਈ ਲਾਲ ਸਮੁੰਦਰ ਦੇ ਪਾਣੀਆਂ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਸੀ। ਪਰ ਜਦੋਂ ਮਿਸਰੀ ਲੰਘਣ ਲੱਗੇ, ਤਾਂ ਯਹੋਵਾਹ ਨੇ ਪਾਣੀਆਂ ਨੂੰ ਫਿਰ ਮਿਲਾ ਦਿੱਤਾ। “ਫ਼ਿਰਊਨ ਦੇ ਰਥ ਅਤੇ ਉਸ ਦੀ ਫੌਜ [ਯਹੋਵਾਹ] ਨੇ ਸਮੁੰਦਰ ਵਿੱਚ ਸੁੱਟ ਦਿੱਤੀ।” (ਕੂਚ 14:26-28; 15:4) ਇਸ ਤਰ੍ਹਾਂ ਜਦੋਂ ਫ਼ਿਰਊਨ ਨੇ ਹੰਕਾਰ ਨਾਲ ਯਹੋਵਾਹ ਦਾ ਆਦਰ ਕਰਨ ਤੋਂ ਇਨਕਾਰ ਕੀਤਾ, ਤਾਂ ਉਸ ਦਾ ਬਹੁਤ ਹੀ ਭਿਆਨਕ ਅੰਤ ਹੋਇਆ।—ਜ਼ਬੂਰ 136:15.

21. ਯਹੋਵਾਹ ਬੇਲਸ਼ੱਸਰ ਦੇ ਵਿਰੁੱਧ ਕਿਉਂ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

21 ਬਾਬਲ ਦੇ ਰਾਜਾ ਬੇਲਸ਼ੱਸਰ ਨੇ ਯਹੋਵਾਹ ਦਾ ਆਦਰ ਕਰਨ ਤੋਂ ਇਨਕਾਰ ਕੀਤਾ। ਸ਼ਰਾਬ ਦੀ ਇਕ ਦਾਅਵਤ ਵਿਚ ਉਸ ਨੇ ਯਰੂਸ਼ਲਮ ਦੀ ਹੈਕਲ ਦੇ ਸੋਨੇ ਅਤੇ ਚਾਂਦੀ ਦੇ ਪਵਿੱਤਰ ਭਾਂਡਿਆਂ ਵਿਚ ਸ਼ਰਾਬ ਪੀ ਕੇ ਯਹੋਵਾਹ ਦਾ ਮਜ਼ਾਕ ਉਡਾਇਆ। ਅਤੇ ਸ਼ਰਾਬ ਪੀਂਦੇ ਹੋਏ ਉਸ ਨੇ ਆਪਣੇ ਦੇਵਤਿਆਂ ਦੀ ਮਹਿਮਾ ਕੀਤੀ। ਪਰ ਯਹੋਵਾਹ ਦੇ ਸੇਵਕ ਦਾਨੀਏਲ ਨੇ ਉਸ ਨੂੰ ਦੱਸਿਆ: “ਤੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ। ਸਗੋਂ ਅਕਾਸ਼ਾਂ ਦੇ ਪ੍ਰਭੁ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ।” ਉਸੇ ਰਾਤ ਬੇਲਸ਼ੱਸਰ ਮਾਰਿਆ ਗਿਆ ਅਤੇ ਉਸ ਦਾ ਰਾਜ ਉਸ ਕੋਲੋਂ ਲੈ ਲਿਆ ਗਿਆ।—ਦਾਨੀਏਲ 5:22-31.

22. (ੳ) ਇਸਰਾਏਲ ਕੌਮ ਦੇ ਆਗੂਆਂ ਅਤੇ ਲੋਕਾਂ ਵਿਰੁੱਧ ਯਹੋਵਾਹ ਦਾ ਗੁੱਸਾ ਕਿਉਂ ਭੜਕਿਆ ਸੀ? (ਅ) ਯਹੋਵਾਹ ਨੇ ਕਿਨ੍ਹਾਂ ਉੱਤੇ ਮਿਹਰ ਕੀਤੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

22 ਪਹਿਲੀ ਸਦੀ ਸਾ.ਯੁ. ਵਿਚ ਜਦੋਂ ਰਾਜਾ ਹੇਰੋਦੇਸ ਲੋਕਾਂ ਨੂੰ ਇਕ ਭਾਸ਼ਣ ਦੇ ਰਿਹਾ ਸੀ ਤਾਂ ਲੋਕ ਉੱਚੀ-ਉੱਚੀ ਬੋਲੇ: “ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!” ਉਸ ਹੰਕਾਰੀ ਰਾਜੇ ਨੇ ਉਨ੍ਹਾਂ ਦੀ ਗੱਲ ਨੂੰ ਨਹੀਂ ਟੋਕਿਆ ਕਿਉਂਕਿ ਉਹ ਆਪਣੀ ਮਹਿਮਾ ਚਾਹੁੰਦਾ ਸੀ। ਉਸੇ ਵੇਲੇ, “ਪ੍ਰਭੁ ਦੇ ਇੱਕ ਦੂਤ ਨੇ ਉਹ ਨੂੰ ਮਾਰਿਆ ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ।” (ਰਸੂਲਾਂ ਦੇ ਕਰਤੱਬ 12:21-23) ਹੇਰੋਦੇਸ ਨੇ ਆਪਣੇ ਆਪ ਨੂੰ ਮਹਿਮਾ ਦਿੱਤੀ, ਨਾ ਕਿ ਯਹੋਵਾਹ ਨੂੰ, ਅਤੇ ਇਸ ਕਰਕੇ ਉਸ ਨੂੰ ਮਾਰ ਦਿੱਤਾ ਗਿਆ। ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੇ ਪੁੱਤਰ, ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜ ਕੇ ਪਰਮੇਸ਼ੁਰ ਦਾ ਅਨਾਦਰ ਕੀਤਾ। ਕੁਝ ਸ਼ਾਸਕ ਜਾਣਦੇ ਸਨ ਕਿ ਯਿਸੂ ਸੱਚਾਈ ਸਿਖਾ ਰਿਹਾ ਸੀ ਪਰ ਉਹ ਉਸ ਦੇ ਪਿੱਛੇ ਨਹੀਂ ਚੱਲੇ, “ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।” (ਯੂਹੰਨਾ 11:47-53; 12:42, 43) ਪੂਰੀ ਕੌਮ ਨੇ ਯਹੋਵਾਹ ਜਾਂ ਉਸ ਦੇ ਨਿਯੁਕਤ ਪ੍ਰਤਿਨਿਧ, ਯਿਸੂ ਦਾ ਆਦਰ ਨਹੀਂ ਕੀਤਾ। ਸਿੱਟੇ ਵਜੋਂ, ਯਹੋਵਾਹ ਨੇ ਉਨ੍ਹਾਂ ਦਾ ਆਦਰ ਕਰਨਾ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਹੈਕਲ ਨੂੰ ਨਾਸ਼ ਹੋਣ ਦਿੱਤਾ। ਪਰ ਉਸ ਨੇ ਉਨ੍ਹਾਂ ਲੋਕਾਂ ਨੂੰ ਬਚਾਇਆ ਜਿਨ੍ਹਾਂ ਨੇ ਉਸ ਦਾ ਅਤੇ ਉਸ ਦੇ ਪੁੱਤਰ ਦਾ ਆਦਰ ਕੀਤਾ ਸੀ।—ਮੱਤੀ 23:38; ਲੂਕਾ 21:20-22.

23. ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣ ਲਈ ਸਾਨੂੰ ਕੀ ਕਰਨਾ ਪਵੇਗਾ? (ਜ਼ਬੂਰ 37:9-11; ਮੱਤੀ 5:5)

23 ਉਹ ਸਾਰੇ ਲੋਕ ਜਿਹੜੇ ਇਸ ਮੌਜੂਦਾ ਰੀਤੀ-ਵਿਵਸਥਾ ਦੇ ਨਾਸ਼ ਹੋਣ ਤੋਂ ਬਾਅਦ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਮਸੀਹ ਯਿਸੂ ਦਾ ਆਦਰ ਕਰਨਾ ਪਵੇਗਾ ਅਤੇ ਉਨ੍ਹਾਂ ਦੀ ਆਗਿਆ ਮੰਨਣੀ ਪਵੇਗੀ। (ਯੂਹੰਨਾ 5:22, 23; ਫ਼ਿਲਿੱਪੀਆਂ 2:9-11) ਜਿਹੜੇ ਉਨ੍ਹਾਂ ਦਾ ਆਦਰ ਨਹੀਂ ਕਰਦੇ ਹਨ, ਉਹ “ਧਰਤੀ ਉੱਤੋਂ ਕੱਟੇ ਜਾਣਗੇ।” ਦੂਸਰੇ ਪਾਸੇ, ਨੇਕਦਿਲ ਇਨਸਾਨ ਜਿਹੜੇ ਪਰਮੇਸ਼ੁਰ ਅਤੇ ਮਸੀਹ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਦੀ ਆਗਿਆ ਮੰਨਦੇ ਹਨ, ਉਹ “ਧਰਤੀ ਉੱਤੇ ਵਸੱਣਗੇ।”—ਕਹਾਉਤਾਂ 2:21, 22.

ਪੁਨਰ-ਵਿਚਾਰ ਵਜੋਂ

◻ ਦੂਸਰਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ ਅਤੇ ਯਹੋਵਾਹ ਨੇ ਦੂਸਰਿਆਂ ਦਾ ਕਿਵੇਂ ਆਦਰ ਕੀਤਾ?

◻ ਯਿਸੂ ਅਤੇ ਪੌਲੁਸ ਨੇ ਦੂਸਰਿਆਂ ਦਾ ਕਿਵੇਂ ਆਦਰ ਕੀਤਾ ਸੀ?

◻ ਅੱਜ ਕਿਨ੍ਹਾਂ ਲੋਕਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ?

◻ ਸਾਨੂੰ ਯਹੋਵਾਹ ਅਤੇ ਯਿਸੂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?

[ਸਫ਼ੇ 17 ਉੱਤੇ ਤਸਵੀਰ]

ਯਹੋਵਾਹ ਨੇ ਅਬਰਾਹਾਮ ਦੀ ਬੇਨਤੀ ਕਬੂਲ ਕਰ ਕੇ ਉਸ ਦਾ ਆਦਰ ਕੀਤਾ

[ਸਫ਼ੇ 18 ਉੱਤੇ ਤਸਵੀਰ]

ਸਫ਼ਲ ਵਿਆਹੁਤਾ ਜੀਵਨ ਵਿਚ ਪਤੀ-ਪਤਨੀ ਇਕ ਦੂਸਰੇ ਦਾ ਆਦਰ ਕਰਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ