ਉਨ੍ਹਾਂ ਦਾ ਆਦਰ ਕਰੋ ਜੋ ਇਸ ਦੇ ਹੱਕਦਾਰ ਹਨ
“ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ ਅਤੇ ਲੇਲੇ ਦੀ ਯੁਗੋ-ਯੁਗ ਵਡਿਆਈ, ਆਦਰ ਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।”—ਪ੍ਰਕਾ. 5:13.
1. ਕੁਝ ਲੋਕ ਸ਼ਾਇਦ ਸਾਡੇ ਆਦਰ ਦੇ ਹੱਕਦਾਰ ਕਿਉਂ ਹੋਣ ਅਤੇ ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?
ਅਸੀਂ ਲੋਕਾਂ ਦਾ ਆਦਰ ਕਿਵੇਂ ਕਰਦੇ ਹਾਂ? ਉਨ੍ਹਾਂ ਵੱਲ ਖ਼ਾਸ ਧਿਆਨ ਦੇ ਕੇ ਅਤੇ ਉਨ੍ਹਾਂ ਦੀ ਇੱਜ਼ਤ ਕਰ ਕੇ। ਅਸੀਂ ਅਕਸਰ ਉਨ੍ਹਾਂ ਦਾ ਆਦਰ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਲਾਇਕ ਕੋਈ ਕੰਮ ਕੀਤਾ ਹੋਵੇ, ਜਿਨ੍ਹਾਂ ਕੋਲ ਕੋਈ ਖ਼ਾਸ ਜ਼ਿੰਮੇਵਾਰੀ ਹੋਵੇ ਜਾਂ ਜਿਨ੍ਹਾਂ ਦਾ ਕੋਈ ਖ਼ਾਸ ਅਹੁਦਾ ਹੋਵੇ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਸਾਨੂੰ ਕਿਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਕਿਉਂ?
2, 3. (ੳ) ਯਹੋਵਾਹ ਖ਼ਾਸ ਕਰਕੇ ਆਦਰ ਪਾਉਣ ਦਾ ਹੱਕਦਾਰ ਕਿਉਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪ੍ਰਕਾਸ਼ ਦੀ ਕਿਤਾਬ 5:13 ਵਿਚ ਜ਼ਿਕਰ ਕੀਤਾ ਗਿਆ ‘ਲੇਲਾ’ ਕੌਣ ਹੈ ਅਤੇ ਉਹ ਆਦਰ ਦਾ ਹੱਕਦਾਰ ਕਿਉਂ ਹੈ?
2 ਪ੍ਰਕਾਸ਼ ਦੀ ਕਿਤਾਬ 5:13 ਦੱਸਦਾ ਹੈ ਕਿ ‘ਸਿੰਘਾਸਣ ਉੱਤੇ ਬੈਠਾ ਪਰਮੇਸ਼ੁਰ ਅਤੇ ਲੇਲਾ ਆਦਰ’ ਦੇ ਹੱਕਦਾਰ ਹਨ। ਪ੍ਰਕਾਸ਼ ਦੀ ਕਿਤਾਬ ਦੇ ਚੌਥੇ ਅਧਿਆਇ ਵਿਚ ਦੂਤਾਂ ਤੋਂ ਪਤਾ ਲੱਗਦਾ ਹੈ ਕਿ “ਯੁਗੋ-ਯੁਗ ਜੀਉਂਦਾ” ਯਹੋਵਾਹ ਆਦਰ ਦਾ ਹੱਕਦਾਰ ਕਿਉਂ ਹੈ। ਉਹ ਕਹਿੰਦੇ ਹਨ: “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।”—ਪ੍ਰਕਾ. 4:9-11.
3 ਪ੍ਰਕਾਸ਼ ਦੀ ਕਿਤਾਬ 5:13 ਵਿਚ ਜ਼ਿਕਰ ਕੀਤਾ ਗਿਆ ‘ਲੇਲਾ’ ਯਿਸੂ ਮਸੀਹ ਹੈ। ਅਸੀਂ ਇਹ ਕਿਵੇਂ ਜਾਣਦੇ ਹਾਂ? ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੂੰ “ਪਰਮੇਸ਼ੁਰ ਦਾ ਲੇਲਾ” ਕਿਹਾ ਗਿਆ ਸੀ “ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ!” (ਯੂਹੰ. 1:29) ਵਾਕਈ, ਉਸ ਦਾ ਆਦਰ ਕਰਨ ਦਾ ਇਹ ਇਕ ਅਹਿਮ ਕਾਰਨ ਹੈ। ਕੀ ਕਦੇ ਕੋਈ ਹੋਰ ਰਾਜਾ ਹੋਇਆ ਜਿਹੜਾ ਆਪਣੇ ਲੋਕਾਂ ਲਈ ਰਿਹਾਈ ਦੀ ਕੀਮਤ ਦੇਣ ਲਈ ਤਿਆਰ ਹੋਇਆ ਹੋਵੇ? ਯਿਸੂ ਆਦਰ ਦਾ ਹੱਕਦਾਰ ਹੈ ਕਿਉਂਕਿ “ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।” (1 ਤਿਮੋ. 6:14-16) ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਸਵਰਗ ਦੇ ਲੱਖਾਂ ਦੂਤਾਂ ਨਾਲ ਇਹ ਕਹੋ: “ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ, ਤਾਕਤ, ਧਨ, ਬੁੱਧ, ਬਲ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”—ਪ੍ਰਕਾ. 5:12.
4. ਯਹੋਵਾਹ ਅਤੇ ਯਿਸੂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
4 ਇੱਦਾਂ ਹੋ ਹੀ ਨਹੀਂ ਕਿ ਅਸੀਂ ਯਹੋਵਾਹ ਅਤੇ ਯਿਸੂ ਦਾ ਆਦਰ ਨਾ ਕਰੀਏ ਕਿਉਂਕਿ ਸਦਾ ਦੀ ਜ਼ਿੰਦਗੀ ਪਾਉਣ ਲਈ ਇੱਦਾਂ ਕਰਨਾ ਜ਼ਰੂਰੀ ਹੈ। ਯੂਹੰਨਾ 5:22, 23 ਵਿਚ ਯਿਸੂ ਦੇ ਕਹੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ “ਪਿਤਾ ਨਿਆਂ ਨਹੀਂ ਕਰਦਾ, ਸਗੋਂ ਉਸ ਨੇ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਪੁੱਤਰ ਨੂੰ ਸੌਂਪੀ ਹੈ, ਤਾਂਕਿ ਸਾਰੇ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਸ ਨੇ ਪੁੱਤਰ ਨੂੰ ਘੱਲਿਆ ਸੀ।”—ਜ਼ਬੂਰਾਂ ਦੀ ਪੋਥੀ 2:11, 12 ਪੜ੍ਹੋ।
5. ਲੋਕ ਸਾਡੇ ਆਦਰ ਦੇ ਹੱਕਦਾਰ ਕਿਉਂ ਹਨ?
5 ਪਰਮੇਸ਼ੁਰ ਨੇ ਇਨਸਾਨਾਂ ਨੂੰ “ਆਪਣੇ ਸਰੂਪ ਉੱਤੇ” ਬਣਾਇਆ ਹੈ। (ਉਤ. 1:27) ਇਸ ਲਈ ਜ਼ਿਆਦਾਤਰ ਲੋਕ ਕੁਝ ਹੱਦ ਤਕ ਪਰਮੇਸ਼ੁਰ ਦੇ ਗੁਣ ਜ਼ਾਹਰ ਕਰਦੇ ਹਨ। ਇਨਸਾਨ ਇਕ-ਦੂਜੇ ਨੂੰ ਪਿਆਰ, ਦਇਆ ਅਤੇ ਹਮਦਰਦੀ ਦਿਖਾਉਣ ਦੇ ਕਾਬਲ ਹਨ। ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਜ਼ਮੀਰ ਦਿੱਤੀ ਹੈ ਜਿਸ ਨਾਲ ਅਸੀਂ ਸਹੀ-ਗ਼ਲਤ, ਚੰਗੇ-ਮਾੜੇ ਅਤੇ ਈਮਾਨਦਾਰ ਤੇ ਬੇਈਮਾਨ ਵਿਚ ਪਛਾਣ ਕਰ ਸਕਦੇ ਹਾਂ। (ਰੋਮੀ. 2:14, 15) ਜ਼ਿਆਦਾਤਰ ਲੋਕਾਂ ਨੂੰ ਸਾਫ਼-ਸੁਥਰੀਆਂ ਤੇ ਚੰਗੀਆਂ ਚੀਜ਼ਾਂ ਪਸੰਦ ਹਨ ਅਤੇ ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਚਾਹੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਫਿਰ ਵੀ ਉਹ ਕੁਝ ਹੱਦ ਤਕ ਪਰਮੇਸ਼ੁਰ ਵਰਗੇ ਗੁਣ ਦਿਖਾ ਰਹੇ ਹੁੰਦੇ ਹਨ। ਇਸ ਲਈ ਉਹ ਵੀ ਸਾਡੇ ਆਦਰ ਦੇ ਹੱਕਦਾਰ ਹਨ।—ਜ਼ਬੂ. 8:5.
ਇਕ ਹੱਦ ਤਕ ਆਦਰ ਦਿਖਾਓ
6, 7. ਲੋਕਾਂ ਨੂੰ ਆਦਰ ਦੇਣ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹ ਸਾਰਿਆਂ ਨਾਲੋਂ ਵੱਖਰੇ ਕਿਵੇਂ ਹਨ?
6 ਅਸੀਂ ਜਾਣਦੇ ਹਾਂ ਕਿ ਸਾਨੂੰ ਇਨਸਾਨਾਂ ਦਾ ਆਦਰ ਕਰਨਾ ਚਾਹੀਦਾ ਹੈ। ਪਰ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਸਾਨੂੰ ਕਿਸ ਹੱਦ ਤਕ ਅਤੇ ਕਿਵੇਂ ਆਦਰ ਦਿਖਾਉਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਉੱਤੇ ਸ਼ੈਤਾਨ ਦੀ ਦੁਨੀਆਂ ਦੀ ਹਵਾ ਦਾ ਅਸਰ ਹੈ। ਇਸੇ ਕਰਕੇ ਬਹੁਤ ਸਾਰੇ ਲੋਕ ਕੁਝ ਜਣਿਆਂ ਦਾ ਸਿਰਫ਼ ਆਦਰ-ਮਾਣ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਦੇਵਤਿਆਂ ਵਾਂਗ ਪੂਜਦੇ ਹਨ। ਉਹ ਧਾਰਮਿਕ ਆਗੂਆਂ, ਨੇਤਾਵਾਂ, ਖਿਡਾਰੀਆਂ, ਫ਼ਿਲਮੀ ਸਿਤਾਰਿਆਂ ਅਤੇ ਹੋਰ ਮੰਨੇ-ਪ੍ਰਮੰਨੇ ਲੋਕਾਂ ਨੂੰ ਆਪਣੀਆਂ ਪਲਕਾਂ ʼਤੇ ਬਿਠਾਉਂਦੇ ਹਨ। ਕਦੀ-ਕਦੀ ਲੋਕ ਇਨ੍ਹਾਂ ਨੂੰ ਰੱਬ ਦਾ ਦਰਜਾ ਦਿੰਦੇ ਹਨ। ਇਸ ਕਰਕੇ ਨਿਆਣੇ-ਸਿਆਣੇ ਇਨ੍ਹਾਂ ਦੀ ਨਕਲ ਕਰਦੇ ਹਨ, ਸ਼ਾਇਦ ਉਹ ਇਨ੍ਹਾਂ ਵਾਂਗ ਗੱਲਬਾਤ, ਹਾਰ-ਸ਼ਿੰਗਾਰ ਅਤੇ ਕੰਮ ਕਰਨ।
7 ਸੱਚੇ ਮਸੀਹੀ ਜਾਣਦੇ ਹਨ ਕਿ ਇਨਸਾਨਾਂ ਨੂੰ ਇਸ ਹੱਦ ਤਕ ਆਦਰ ਦੇਣਾ ਸਹੀ ਨਹੀਂ। ਯਿਸੂ ਮੁਕੰਮਲ ਸੀ ਇਸ ਕਰਕੇ ਸਾਨੂੰ ਸਿਰਫ਼ ਉਸ ਦੇ ਹੀ ਨਕਸ਼ੇ-ਕਦਮਾਂ ਉੱਤੇ ਚੱਲਣਾ ਚਾਹੀਦਾ ਹੈ। (1 ਪਤ. 2:21) ਜੇ ਅਸੀਂ ਇਨਸਾਨਾਂ ਨੂੰ ਹੱਦੋਂ ਵਧ ਆਦਰ ਦਿੰਦੇ ਹਾਂ, ਤਾਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ: “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ।” (ਰੋਮੀ. 3:23) ਵਾਕਈ, ਕੋਈ ਵੀ ਇਨਸਾਨ ਹੱਦੋਂ ਵਧ ਆਦਰ ਦਾ ਹੱਕਦਾਰ ਨਹੀਂ ਹੈ ਕਿਉਂਕਿ ਇਹ ਮੂਰਤੀ ਪੂਜਾ ਦੇ ਬਰਾਬਰ ਹੈ।
8, 9. (ੳ) ਯਹੋਵਾਹ ਦੇ ਗਵਾਹ ਸਰਕਾਰੀ ਅਧਿਕਾਰੀਆਂ ਨਾਲ ਕਿੱਦਾਂ ਪੇਸ਼ ਆਉਂਦੇ ਹਨ? (ਅ) ਸਾਨੂੰ ਕਿਸ ਹੱਦ ਤਕ ਉਨ੍ਹਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ?
8 ਦੁਨੀਆਂ ਵਿਚ ਕੁਝ ਅਜਿਹੇ ਲੋਕ ਹਨ ਜੋ ਅਧਿਕਾਰ ਰੱਖਦੇ ਹਨ। ਸਰਕਾਰੀ ਅਧਿਕਾਰੀਆਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਨ। ਇਸ ਨਾਲ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਰਕਾਰੀ ‘ਅਧਿਕਾਰੀਆਂ ਦੇ ਅਧੀਨ ਰਹਿਣ।’ ਉਸ ਨੇ ਇਹ ਵੀ ਕਿਹਾ: “ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ; . . . ਜਿਸ ਦਾ ਆਦਰ ਕਰਨਾ ਚਾਹੀਦਾ ਹੈ, ਉਸ ਦਾ ਆਦਰ ਕਰੋ।”—ਰੋਮੀ. 13:1, 7.
9 ਇਸ ਕਰਕੇ ਯਹੋਵਾਹ ਦੇ ਗਵਾਹ ਆਪੋ-ਆਪਣੇ ਦੇਸ਼ ਦੇ ਰਿਵਾਜ ਮੁਤਾਬਕ ਸਰਕਾਰੀ ਅਧਿਕਾਰੀਆਂ ਦਾ ਦਿਲੋਂ ਆਦਰ ਕਰਦੇ ਹਨ। ਅਸੀਂ ਅਧਿਕਾਰੀਆਂ ਨੂੰ ਸਹਿਯੋਗ ਦਿੰਦੇ ਹਾਂ ਤਾਂਕਿ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕਣ। ਪਰ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਹੱਦ ਵਿਚ ਰਹਿ ਕੇ ਉਨ੍ਹਾਂ ਦੇ ਕੰਮਾਂ ਨੂੰ ਸਹਿਯੋਗ ਦਿੰਦੇ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ। ਪਰ ਜੇ ਅਧਿਕਾਰੀ ਸਾਨੂੰ ਉਹ ਕੰਮ ਕਰਨ ਨੂੰ ਕਹਿੰਦੇ ਹਨ ਜਿਸ ਨਾਲ ਪਰਮੇਸ਼ੁਰ ਦੇ ਹੁਕਮ ਟੁੱਟਦੇ ਹਨ, ਤਾਂ ਅਸੀਂ ਇਨਸਾਨਾਂ ਦੀ ਬਜਾਇ ਯਹੋਵਾਹ ਦਾ ਕਹਿਣਾ ਮੰਨਦੇ ਹਾਂ।—1 ਪਤਰਸ 2:13-17 ਪੜ੍ਹੋ।
10. ਪੁਰਾਣੇ ਸਮੇਂ ਦੇ ਸੇਵਕਾਂ ਨੇ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨਾਲ ਪੇਸ਼ ਆਉਣ ਵਿਚ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ?
10 ਪੁਰਾਣੇ ਸਮੇਂ ਦੇ ਸੇਵਕਾਂ ਨੇ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਪ੍ਰਤੀ ਆਦਰ ਦਿਖਾਉਣ ਵਿਚ ਚੰਗੀ ਮਿਸਾਲ ਰੱਖੀ। ਜਦੋਂ ਰੋਮ ਦੇ ਰਾਜੇ ਨੇ ਸਾਰੇ ਲੋਕਾਂ ਨੂੰ ਆਪਣੇ ਜੱਦੀ ਸ਼ਹਿਰਾਂ ਵਿਚ ਜਾ ਕੇ ਨਾਂ ਲਿਖਾਉਣ ਨੂੰ ਕਿਹਾ, ਤਾਂ ਯੂਸੁਫ਼ ਅਤੇ ਮਰੀਅਮ ਨੇ ਇਸ ਹੁਕਮ ਨੂੰ ਮੰਨਿਆ। ਚਾਹੇ ਮਰੀਅਮ ਬਹੁਤ ਜਲਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ, ਉਹ ਫਿਰ ਵੀ ਸਫ਼ਰ ਕਰ ਕੇ ਬੈਤਲਹਮ ਗਈ। (ਲੂਕਾ 2:1-5) ਜਦੋਂ ਪੌਲੁਸ ʼਤੇ ਦੋਸ਼ ਲਾਏ ਗਏ, ਤਾਂ ਉਸ ਨੇ ਰਾਜਾ ਹੇਰੋਦੇਸ ਅਗ੍ਰਿੱਪਾ ਅਤੇ ਰੋਮੀ ਸੂਬੇ ਯਹੂਦਾਹ ਦੇ ਰਾਜਪਾਲ ਫ਼ੇਸਤੁਸ ਸਾਮ੍ਹਣੇ ਬੜੇ ਆਦਰ ਨਾਲ ਆਪਣਾ ਪੱਖ ਪੇਸ਼ ਕੀਤਾ।—ਰਸੂ. 25:1-12; 26:1-3.
11, 12. (ੳ) ਅਸੀਂ ਧਾਰਮਿਕ ਆਗੂਆਂ ਨਾਲ ਖ਼ਾਸ ਤਰੀਕੇ ਨਾਲ ਪੇਸ਼ ਕਿਉਂ ਨਹੀਂ ਆਉਂਦੇ? (ਅ) ਇਕ ਨੇਤਾ ਨੂੰ ਆਦਰ ਦਿਖਾਉਣ ਦਾ ਕਿਹੜਾ ਵਧੀਆ ਨਤੀਜਾ ਨਿਕਲਿਆ?
11 ਧਾਰਮਿਕ ਗੁਰੂਆਂ ਬਾਰੇ ਕੀ? ਕੀ ਸਾਨੂੰ ਉਨ੍ਹਾਂ ਨਾਲ ਖ਼ਾਸ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ? ਨਹੀਂ। ਅਸੀਂ ਉਨ੍ਹਾਂ ਨਾਲ ਆਮ ਇਨਸਾਨਾਂ ਵਾਂਗ ਪੇਸ਼ ਆਉਂਦੇ ਹਾਂ, ਚਾਹੇ ਉਹ ਸਾਡੇ ਤੋਂ ਇਹ ਉਮੀਦ ਰੱਖਦੇ ਹਨ ਕਿ ਅਸੀਂ ਉਨ੍ਹਾਂ ਨਾਲ ਖ਼ਾਸ ਤਰੀਕੇ ਨਾਲ ਪੇਸ਼ ਆਈਏ। ਪਰ ਕਿਉਂ? ਕਿਉਂਕਿ ਝੂਠੇ ਧਰਮ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਰੇ ਸੱਚਾਈ ਨਹੀਂ ਦੱਸਦੇ। ਯਿਸੂ ਨੇ ਝੂਠੇ ਧਾਰਮਿਕ ਗੁਰੂਆਂ ਦੀ ਨਿੰਦਿਆ ਕਰਦਿਆਂ ਉਨ੍ਹਾਂ ਨੂੰ ਪਖੰਡੀ ਅਤੇ ਅੰਨ੍ਹੇ ਆਗੂ ਕਿਹਾ। (ਮੱਤੀ 23:23, 24) ਦੂਸਰੇ ਪਾਸੇ, ਸਰਕਾਰੀ ਅਧਿਕਾਰੀਆਂ ਨਾਲ ਖ਼ਾਸ ਤਰੀਕੇ ਨਾਲ ਪੇਸ਼ ਆਉਣਾ ਗ਼ਲਤ ਗੱਲ ਨਹੀਂ ਹੈ। ਕਿਉਂ? ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਉਹ ਸਾਡੀ ਮਦਦ ਕਰਦੇ ਹਨ।
12 ਮਿਸਾਲ ਲਈ, ਹਾਈਨਰਿਖ਼ ਗਲੀਸਨਾ ਆਸਟ੍ਰੀਆ ਦਾ ਨੇਤਾ ਸੀ ਅਤੇ ਉਸ ਨੇ ਕਾਨੂੰਨ ਵਿਚ ਮਹਾਰਤ ਹਾਸਲ ਕੀਤੀ ਸੀ। ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਜਦੋਂ ਉਸ ਨੂੰ ਰੇਲ-ਗੱਡੀ ਰਾਹੀਂ ਤਸ਼ੱਦਦ ਕੈਂਪ ਲੈ ਜਾਇਆ ਜਾ ਰਿਹਾ ਸੀ, ਤਾਂ ਉਸ ਦੀ ਮੁਲਾਕਾਤ ਆਸਟ੍ਰੀਆ ਦੇ ਜੋਸ਼ੀਲੇ ਗਵਾਹ ਲੇਓਪੋਲਟ ਇੰਗਲਾਇਟਨਰ ਨਾਲ ਹੋਈ। ਭਰਾ ਇੰਗਲਾਇਟਨਰ ਨੇ ਬੜੇ ਆਦਰ ਨਾਲ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ। ਗਲੀਸਨਾ ਨੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣੀ। ਜਦੋਂ ਯੁੱਧ ਖ਼ਤਮ ਹੋਇਆ, ਤਾਂ ਗਲੀਸਨਾ ਨੇ ਆਪਣੇ ਅਧਿਕਾਰ ਨੂੰ ਵਰਤਦਿਆਂ ਆਸਟ੍ਰੀਆ ਵਿਚ ਗਵਾਹਾਂ ਦੀ ਮਦਦ ਕੀਤੀ। ਸਰਕਾਰੀ ਅਧਿਕਾਰੀਆਂ ਨੂੰ ਆਦਰ ਦਿਖਾਉਣ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ। ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਦੀਆਂ ਚੰਗੀਆਂ ਮਿਸਾਲਾਂ ਜਾਣਦੇ ਹੋਵੋ।
ਸਾਡੇ ਆਦਰ ਦੇ ਹੋਰ ਵੀ ਹੱਕਦਾਰ ਹਨ
13. ਖ਼ਾਸ ਕਰਕੇ ਕੌਣ ਸਾਡੇ ਆਦਰ ਦੇ ਹੱਕਦਾਰ ਹਨ ਅਤੇ ਕਿਉਂ?
13 ਸਾਡੇ ਭੈਣ-ਭਰਾ ਸਾਡੇ ਆਦਰ ਦੇ ਹੱਕਦਾਰ ਹਨ। ਖ਼ਾਸ ਕਰਕੇ ਅਗਵਾਈ ਲੈਣ ਵਾਲੇ ਭਰਾ, ਜਿਵੇਂ ਬਜ਼ੁਰਗ, ਸਫ਼ਰੀ ਨਿਗਾਹਬਾਨ, ਬ੍ਰਾਂਚ ਕਮੇਟੀ ਦੇ ਭਰਾ ਅਤੇ ਪ੍ਰਬੰਧਕ ਸਭਾ ਦੇ ਭਰਾ। (1 ਤਿਮੋਥਿਉਸ 5:17 ਪੜ੍ਹੋ।) ਇਹ ਸਾਰੇ ਭਰਾ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਇਹ ਸੇਵਕ “ਆਦਮੀਆਂ ਨੂੰ ਤੋਹਫ਼ਿਆਂ ਵਜੋਂ” ਦਿੱਤੇ ਗਏ ਹਨ। (ਅਫ਼. 4:8) ਇਸ ਲਈ ਸਾਨੂੰ ਇਨ੍ਹਾਂ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ, ਚਾਹੇ ਇਹ ਕਿਸੇ ਵੀ ਕੌਮ ਦੇ ਹੋਣ, ਜਿੰਨੇ ਮਰਜ਼ੀ ਪੜ੍ਹੇ-ਲਿਖੇ ਹੋਣ, ਉਨ੍ਹਾਂ ਦਾ ਸਮਾਜ ਵਿਚ ਜਿਹੜਾ ਮਰਜ਼ੀ ਰੁਤਬਾ ਹੋਵੇ ਜਾਂ ਉਹ ਅਮੀਰ ਜਾਂ ਗ਼ਰੀਬ ਹੋਣ। ਪਹਿਲੀ ਸਦੀ ਦੇ ਮਸੀਹੀ ਅਗਵਾਈ ਲੈਣ ਵਾਲੇ ਭਰਾਵਾਂ ਦਾ ਆਦਰ ਕਰਦੇ ਸਨ ਅਤੇ ਅੱਜ ਅਸੀਂ ਉਨ੍ਹਾਂ ਦੀ ਮਿਸਾਲ ʼਤੇ ਚੱਲਦੇ ਹਾਂ। ਜਦੋਂ ਅਸੀਂ ਇਨ੍ਹਾਂ ਭਰਾਵਾਂ ਨਾਲ ਹੁੰਦੇ ਹਾਂ, ਤਾਂ ਅਸੀਂ ਇਨ੍ਹਾਂ ਨਾਲ ਇੱਦਾਂ ਪੇਸ਼ ਨਹੀਂ ਆਉਂਦੇ ਜਿਵੇਂ ਇਹ ਦੂਤ ਹੋਣ। ਅਸੀਂ ਇਨ੍ਹਾਂ ਭਰਾਵਾਂ ਦੀ ਪੂਜਾ ਨਹੀਂ ਕਰਦੇ। ਇਹ ਭਰਾ ਨਿਮਰ ਅਤੇ ਸਖ਼ਤ ਮਿਹਨਤ ਕਰਨ ਵਾਲੇ ਹਨ, ਇਸ ਲਈ ਅਸੀਂ ਇਨ੍ਹਾਂ ਦਾ ਆਦਰ ਕਰਦੇ ਹਾਂ।—2 ਕੁਰਿੰਥੀਆਂ 1:24; ਪ੍ਰਕਾਸ਼ ਦੀ ਕਿਤਾਬ 19:10 ਪੜ੍ਹੋ।
14, 15. ਮੰਡਲੀ ਦੇ ਬਜ਼ੁਰਗ ਧਰਮ ਗੁਰੂਆਂ ਤੋਂ ਅਲੱਗ ਕਿਵੇਂ ਹਨ?
14 ਇਹ ਬਜ਼ੁਰਗ ਨਿਮਰ ਚਰਵਾਹੇ ਹਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨਾਲ ਮਸ਼ਹੂਰ ਹਸਤੀਆਂ ਵਾਂਗ ਪੇਸ਼ ਆਇਆ ਜਾਵੇ। ਇਸ ਲਈ ਉਹ ਯਿਸੂ ਦੇ ਜ਼ਮਾਨੇ ਦੇ ਧਰਮ ਗੁਰੂਆਂ ਅਤੇ ਅੱਜ ਦੇ ਧਰਮ ਗੁਰੂਆਂ ਤੋਂ ਅਲੱਗ ਹਨ। ਯਿਸੂ ਨੇ ਉਨ੍ਹਾਂ ਬਾਰੇ ਕਿਹਾ: “ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ ਅਤੇ ਗੁਰੂ ਜੀ ਕਹਿ ਕੇ ਸਤਿਕਾਰਨ।”—ਮੱਤੀ 23:6, 7.
15 ਮੰਡਲੀ ਦੇ ਬਜ਼ੁਰਗ ਯਿਸੂ ਦਾ ਕਹਿਣਾ ਮੰਨਦੇ ਹਨ: “ਪਰ ਤੁਸੀਂ ਆਪਣੇ ਆਪ ਨੂੰ ਗੁਰੂ ਨਾ ਕਹਾਉਣਾ ਕਿਉਂਕਿ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਜਣੇ ਭਰਾ ਹੋ। ਇਸ ਤੋਂ ਇਲਾਵਾ, ਧਰਤੀ ਉੱਤੇ ਕਿਸੇ ਨੂੰ ਆਪਣਾ ‘ਪਿਤਾ’ ਨਾ ਕਹਿਣਾ ਕਿਉਂਕਿ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਸਵਰਗ ਵਿਚ ਹੈ। ਅਤੇ ਨਾ ਹੀ ‘ਆਗੂ’ ਕਹਾਉਣਾ ਕਿਉਂਕਿ ਤੁਹਾਡਾ ਆਗੂ ਸਿਰਫ਼ ਮਸੀਹ ਹੈ। ਤੁਹਾਡੇ ਵਿਚ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਹ ਤੁਹਾਡਾ ਸੇਵਕ ਬਣੇ। ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।” (ਮੱਤੀ 23:8-12) ਜਦੋਂ ਦੁਨੀਆਂ ਭਰ ਦੀਆਂ ਮੰਡਲੀਆਂ ਦੇ ਬਜ਼ੁਰਗ ਨਿਮਰ ਬਣਦੇ ਹਨ ਅਤੇ ਯਿਸੂ ਦਾ ਕਹਿਣਾ ਮੰਨਦੇ ਹਨ, ਤਾਂ ਭੈਣ-ਭਰਾ ਉਨ੍ਹਾਂ ਨੂੰ ਪਿਆਰ ਦਿਖਾਉਂਦੇ ਹਨ ਅਤੇ ਉਨ੍ਹਾਂ ਦਾ ਆਦਰ-ਮਾਣ ਕਰਦੇ ਹਨ।
ਬਜ਼ੁਰਗ ਨਿਮਰ ਰਹਿ ਕੇ ਭੈਣਾਂ-ਭਰਾਵਾਂ ਤੋਂ ਪਿਆਰ, ਤੇ ਆਦਰ-ਮਾਣ ਪਾਉਂਦੇ ਹਨ (ਪੈਰੇ 13-15 ਦੇਖੋ)
16. ਸਾਨੂੰ ਦੂਜਿਆਂ ਨੂੰ ਆਦਰ ਦਿਖਾਉਣ ਵਿਚ ਮਿਹਨਤ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
16 ਇਹ ਸਿੱਖਣ ਵਿਚ ਸ਼ਾਇਦ ਸਾਨੂੰ ਸਮਾਂ ਲੱਗੇ ਕਿ ਸਾਨੂੰ ਕਿਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਕਿਸ ਹੱਦ ਤਕ। ਇਹ ਗੱਲ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਵੀ ਸੱਚ ਸੀ। (ਰਸੂ. 10:22-26; 3 ਯੂਹੰ. 9, 10) ਪਰ ਸਿੱਖਣਾ ਵਧੀਆ ਗੱਲ ਹੈ। ਜਦੋਂ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਦੂਜਿਆਂ ਦਾ ਆਦਰ ਕਰਾਂਗੇ, ਤਾਂ ਸਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ।
ਆਦਰ ਦਿਖਾਉਣ ਦੇ ਫ਼ਾਇਦੇ
17. ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨ ਦੇ ਕੁਝ ਕਿਹੜੇ ਫ਼ਾਇਦੇ ਹੁੰਦੇ ਹਨ?
17 ਜਦੋਂ ਅਸੀਂ ਅਧਿਕਾਰੀਆਂ ਦਾ ਆਦਰ ਕਰਦੇ ਹਾਂ, ਤਾਂ ਉਹ ਅਕਸਰ ਸਾਡੇ ਪ੍ਰਚਾਰ ਕਰਨ ਦੇ ਹੱਕ ਵਿਚ ਖੜ੍ਹੇ ਹੁੰਦੇ ਹਨ। ਉਹ ਸ਼ਾਇਦ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਅਪਣਾ ਲੈਣ। ਇੱਦਾਂ ਦਾ ਕੁਝ ਬਹੁਤ ਸਾਲ ਪਹਿਲਾਂ ਜਰਮਨੀ ਵਿਚ ਹੋਇਆ ਜਦੋਂ ਬਿਰਗਿਟ ਨਾਂ ਦੀ ਇਕ ਪਾਇਨੀਅਰ ਭੈਣ ਆਪਣੀ ਕੁੜੀ ਦੇ ਸਕੂਲ ਵਿਚ ਉਸ ਦਾ ਨਤੀਜਾ ਸੁਣਨ ਗਈ। ਅਧਿਆਪਕਾਂ ਨੇ ਬਿਰਗਿਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਕਈ ਸਾਲਾਂ ਤਕ ਮਸੀਹੀ ਬੱਚੇ ਉਨ੍ਹਾਂ ਦੇ ਸਕੂਲ ਵਿਚ ਪੜ੍ਹਦੇ ਆਏ ਹਨ। ਉਨ੍ਹਾਂ ਨੂੰ ਲੱਗਦਾ ਸੀ ਕਿ ਮਸੀਹੀ ਬੱਚੇ ਸਕੂਲ ਦਾ ਮਾਹੌਲ ਵਧੀਆ ਬਣਾਉਂਦੇ ਹਨ। ਬਿਰਗਿਟ ਨੇ ਦੱਸਿਆ: “ਸਾਡੇ ਬੱਚਿਆਂ ਨੂੰ ਚਾਲ-ਚਲਣ ਸੰਬੰਧੀ ਪਰਮੇਸ਼ੁਰ ਦੇ ਮਿਆਰ ਸਿਖਾਏ ਜਾਂਦੇ ਹਨ। ਇਨ੍ਹਾਂ ਮਿਆਰਾਂ ਵਿਚ ਅਧਿਆਪਕਾਂ ਦਾ ਆਦਰ ਕਰਨਾ ਵੀ ਸ਼ਾਮਲ ਹੈ।” ਇਕ ਅਧਿਆਪਕ ਨੇ ਕਿਹਾ: “ਜੇ ਸਾਰੇ ਬੱਚੇ ਤੁਹਾਡੇ ਬੱਚਿਆਂ ਵਾਂਗ ਹੋਣ, ਤਾਂ ਸਾਡੇ ਲਈ ਪੜ੍ਹਾਉਣਾ ਸੌਖਾ ਹੋ ਜਾਵੇਗਾ।” ਉਨ੍ਹਾਂ ਦਾ ਮਸੀਹੀ ਬੱਚਿਆਂ ਪ੍ਰਤੀ ਨਜ਼ਰੀਆ ਬਹੁਤ ਵਧੀਆ ਸੀ। ਇਸ ਕਰਕੇ ਕਈ ਹਫ਼ਤਿਆਂ ਬਾਅਦ ਹੋਏ ਇਕ ਵੱਡੇ ਸੰਮੇਲਨ ਵਿਚ ਇਕ ਅਧਿਆਪਕ ਆਈ।
18, 19. ਬਜ਼ੁਰਗਾਂ ਨੂੰ ਆਦਰ ਦਿੰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
18 ਬਾਈਬਲ ਦੇ ਅਸੂਲਾਂ ਦੀ ਮਦਦ ਨਾਲ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਕਿਸ ਹੱਦ ਤਕ ਮੰਡਲੀ ਦੇ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ। (ਇਬਰਾਨੀਆਂ 13:7, 17 ਪੜ੍ਹੋ।) ਸਾਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਜੇ ਅਸੀਂ ਬਜ਼ੁਰਗਾਂ ਵੱਲੋਂ ਦਿੱਤੀਆਂ ਹਿਦਾਇਤਾਂ ਨੂੰ ਮੰਨਾਂਗੇ, ਤਾਂ ਉਹ ਆਪਣਾ ਕੰਮ ਖ਼ੁਸ਼ੀ-ਖ਼ੁਸ਼ੀ ਕਰ ਸਕਣਗੇ। ਬਾਈਬਲ ਸਾਨੂੰ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਨ ਲਈ ਵੀ ਕਹਿੰਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਜਾਣੇ-ਮਾਣੇ ਬਜ਼ੁਰਗਾਂ ਦੇ ਕੱਪੜਿਆਂ, ਬੋਲਣ ਅਤੇ ਸਿਖਾਉਣ ਦੇ ਢੰਗ ਦੀ ਹੂ-ਬਹੂ ਰੀਸ ਕਰਨੀ ਚਾਹੀਦੀ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਮਸੀਹ ਦੀ ਰੀਸ ਕਰਨ ਦੀ ਬਜਾਇ ਆਦਮੀਆਂ ਦੀ ਰੀਸ ਕਰ ਰਹੇ ਹੋਵਾਂਗੇ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਬਜ਼ੁਰਗ ਵੀ ਸਾਡੇ ਵਾਂਗ ਗ਼ਲਤੀਆਂ ਕਰਦੇ ਹਨ।
19 ਜਦੋਂ ਅਸੀਂ ਬਜ਼ੁਰਗਾਂ ਦਾ ਆਦਰ ਕਰਦੇ ਹਾਂ ਅਤੇ ਉਨ੍ਹਾਂ ਨਾਲ ਮਸ਼ਹੂਰ ਹਸਤੀਆਂ ਵਾਂਗ ਪੇਸ਼ ਨਹੀਂ ਆਉਂਦੇ, ਤਾਂ ਇਸ ਨਾਲ ਉਨ੍ਹਾਂ ਦਾ ਫ਼ਾਇਦਾ ਹੁੰਦਾ ਹੈ। ਕਿਵੇਂ? ਉਨ੍ਹਾਂ ਲਈ ਨਿਮਰ ਰਹਿਣਾ ਸੌਖਾ ਹੁੰਦਾ ਹੈ। ਨਾਲੇ ਉਹ ਇਸ ਸੋਚ ਤੋਂ ਵੀ ਬਚੇ ਰਹਿ ਸਕਦੇ ਹਨ ਕਿ ਉਹ ਦੂਜਿਆਂ ਨਾਲੋਂ ਵਧੀਆ ਹਨ ਅਤੇ ਉਹ ਜੋ ਕਰਦੇ ਹਨ, ਉਹ ਹਮੇਸ਼ਾ ਸਹੀ ਹੁੰਦਾ ਹੈ।
20. ਦੂਜਿਆਂ ਦਾ ਆਦਰ ਕਰਨ ਦੇ ਕੀ ਫ਼ਾਇਦੇ ਹਨ?
20 ਦੂਜਿਆਂ ਦਾ ਆਦਰ ਕਰਨ ਕਰਕੇ ਅਸੀਂ ਸੁਆਰਥੀ ਬਣਨ ਤੋਂ ਬਚ ਸਕਦੇ ਹਾਂ। ਨਾਲੇ ਜਦੋਂ ਕੋਈ ਸਾਡਾ ਆਦਰ ਕਰਦਾ ਹੈ, ਤਾਂ ਅਸੀਂ ਘਮੰਡ ਨਾਲ ਨਹੀਂ ਫੁੱਲਦੇ। ਇਸ ਦੇ ਨਾਲ-ਨਾਲ, ਜਦੋਂ ਅਸੀਂ ਯਹੋਵਾਹ ਦੇ ਸੰਗਠਨ ਦੀ ਰੀਸ ਕਰਦਿਆਂ ਇਨਸਾਨਾਂ ਦਾ ਹੱਦੋਂ ਵਧ ਆਦਰ ਨਹੀਂ ਕਰਦੇ, ਤਾਂ ਅਸੀਂ ਸੰਗਠਨ ਦੇ ਨਾਲ-ਨਾਲ ਚੱਲਦੇ ਰਹਿ ਸਕਦੇ ਹਾਂ। ਇਸ ਤੋਂ ਇਲਾਵਾ, ਜੇ ਕੋਈ ਆਦਰਯੋਗ ਵਿਅਕਤੀ ਗ਼ਲਤੀ ਕਰਦਾ ਹੈ, ਤਾਂ ਅਸੀਂ ਠੋਕਰ ਖਾਣ ਤੋਂ ਬਚਦੇ ਹਾਂ।
21. ਦੂਜਿਆਂ ਨੂੰ ਆਦਰ ਦੇਣ ਦਾ ਸਭ ਤੋਂ ਵੱਡਾ ਫ਼ਾਇਦਾ ਕੀ ਹੈ?
21 ਦੂਜਿਆਂ ਨੂੰ ਆਦਰ ਦਿਖਾਉਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ। ਅਸੀਂ ਉਸ ਦੀ ਮਰਜ਼ੀ ਮੁਤਾਬਕ ਕੰਮ ਕਰ ਰਹੇ ਹੁੰਦੇ ਹਾਂ ਅਤੇ ਉਸ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹਾਂ। ਫਿਰ ਯਹੋਵਾਹ ਸ਼ੈਤਾਨ ਨੂੰ ਜਵਾਬ ਦੇ ਸਕਦਾ ਹੈ ਜਿਸ ਨੇ ਕਿਹਾ ਕਿ ਕੋਈ ਵੀ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿ ਸਕਦਾ। (ਕਹਾ. 27:11) ਦੁਨੀਆਂ ਵਿਚ ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਦੇ ਕਿ ਕਿਨ੍ਹਾਂ ਨੂੰ ਅਤੇ ਕਿਸ ਹੱਦ ਤਕ ਆਦਰ ਦੇਣਾ ਚਾਹੀਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਇਹ ਸਾਰਾ ਕੁਝ ਸਿਖਾਇਆ ਹੈ!