ਗੁੱਸੇ ਦੇ ਕਾਰਨ ਠੋਕਰ ਨਾ ਖਾਓ
“ਦੰਦੀਆਂ ਪੀਹ ਲੈ!” “ਜ਼ਬਾਨ ਉੱਤੇ ਲਗਾਮ ਲਾ ਲੈ!” ਅੰਗ੍ਰੇਜ਼ੀ ਭਾਸ਼ਾ ਵਿਚ ਕਹਿੰਦੇ ਹਨ ਕਿ “ਮੰਹੂ ਖੋਲ੍ਹਣ ਤੋਂ ਪਹਿਲਾਂ ਦੱਸਾਂ ਤਕ ਗਿਣ ਲੈ!” ਕੀ ਤੁਸੀਂ ਕਦੇ ਇਹ ਸ਼ਬਦ ਸੁਣੇ ਹਨ? ਸ਼ਾਇਦ ਤੁਸੀਂ ਆਪਣੇ ਦਿਲ ਦੀ ਉਬਾਲ ਨੂੰ ਸ਼ਾਂਤ ਕਰਨ ਲਈ ਇਨ੍ਹਾਂ ਸ਼ਬਦਾਂ ਨੂੰ ਖ਼ੁਦ ਵੀ ਦੁਹਰਾਇਆ ਹੋਵੇ। ਕੁਝ ਲੋਕ ਲੜਾਈ-ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਰਨ-ਫਿਰਨ ਲਈ ਬਾਹਰ ਖਿਸਕ ਜਾਂਦੇ ਹਨ। ਇਹ ਆਪਣਾ ਗੁੱਸਾ ਠੰਢਾ ਕਰਨ ਲਈ ਅਤੇ ਦੂਜਿਆਂ ਨਾਲ ਰਿਸ਼ਤਾ ਕਾਇਮ ਰੱਖਣ ਲਈ ਕੁਝ ਸਾਧਾਰਣ ਜਿਹੇ ਚਾਰੇ ਹਨ।
ਪਰ ਹਾਲ ਹੀ ਦੇ ਸਾਲਾਂ ਵਿਚ ਸਿਹਤ ਦੇ ਮਾਹਰਾਂ ਤੋਂ ਕੋਈ ਸਪੱਸ਼ਟ ਸਲਾਹ ਨਹੀਂ ਮਿਲੀ ਹੈ ਕਿ ਗੁੱਸੇ ਨੂੰ ਰੋਕਿਆ ਜਾਣਾ ਜਾਂ ਦਬਾਇਆ ਜਾਣਾ ਚਾਹੀਦਾ ਹੈ। ਮਿਸਾਲ ਲਈ, ਕੁਝ ਮਨੋਵਿਗਿਆਨੀ ਇਸ ਵਿਚਾਰ ਦੇ ਪੱਖ ਵਿਚ ਹਨ ਕਿ ਤੁਹਾਨੂੰ ਗੁੱਸੇ ਵਿਚ ਭੜਕ ਉੱਠਣਾ ਚਾਹੀਦਾ ਹੈ “ਜੇ ਇਹ ਤੁਹਾਡੀ ਭਾਫ਼ ਕੱਢ ਦਿੰਦਾ ਹੈ।” ਦੂਜੇ ਡਾਕਟਰ ਚੇਤਾਵਨੀ ਦਿੰਦੇ ਹਨ ਕਿ ਜੇ ਇਕ ਵਿਅਕਤੀ ਹਮੇਸ਼ਾ ਭੜਕ ਉੱਠੀ ਜਾਵੇ ਤਾਂ ਉਸ ਲਈ ‘ਸਿਗਰਟ ਪੀਣ, ਹਾਈ ਬਲੱਡ ਪ੍ਰੈਸ਼ਰ, ਅਤੇ ਹਾਈ ਕਲੈਸਟਰੋਲ ਵਰਗੀਆਂ ਖ਼ਤਰਨਾਕ ਬੀਮਾਰੀਆਂ ਨਾਲੋਂ ਵੱਧ, ਛੋਟੀ ਉਮਰ ਵਿਚ ਦਮ ਤੋੜਨ ਦਾ ਜ਼ਿਆਦਾ ਖ਼ਤਰਾ ਪੇਸ਼ ਹੈ।’ ਪਰਮੇਸ਼ੁਰ ਦਾ ਸ਼ਬਦ ਸਾਫ਼-ਸਾਫ਼ ਦੱਸਦਾ ਹੈ ਕਿ “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂਰ 37:8) ਬਾਈਬਲ ਅਜਿਹੀ ਖ਼ਾਸ ਸਲਾਹ ਕਿਉਂ ਦਿੰਦੀ ਹੈ?
ਬੇਕਾਬੂ ਭਾਵਨਾਵਾਂ ਲੋਕਾਂ ਤੋਂ ਬੇਕਾਬੂ ਕੰਮ ਕਰਾਉਂਦੀਆਂ ਹਨ। ਇਹ ਗੱਲ ਮਨੁੱਖ ਦੇ ਇਤਿਹਾਸ ਵਿਚ ਬਹੁਤ ਹੀ ਪਹਿਲਾਂ ਜ਼ਾਹਰ ਹੋ ਗਈ ਸੀ। ਅਸੀਂ ਇਸ ਬਾਰੇ ਪੜ੍ਹਦੇ ਹਾਂ ਕਿ “ਕਇਨ ਬਹੁਤ ਕਰੋਧਵਾਨ ਹੋਇਆ ਅਰ ਉਹ ਦਾ ਮੂੰਹ ਉੱਤਰ ਗਿਆ।” ਇਸ ਦਾ ਨਤੀਜਾ ਕੀ ਸੀ? ਉਸ ਦੇ ਕ੍ਰੋਧ ਨੇ ਉਸ ਨੂੰ ਇੰਨਾ ਜਕੜ ਲਿਆ ਸੀ ਕਿ ਜਦੋਂ ਯਹੋਵਾਹ ਨੇ ਉਸ ਨੂੰ ਭਲਾ ਕਰਨ ਦੀ ਸਲਾਹ ਦਿੱਤੀ, ਉਸ ਨੇ ਆਪਣਾ ਦਿਲ ਕਠੋਰ ਕਰ ਲਿਆ। ਕਇਨ ਨੇ ਆਪਣੇ ਬੇਹੱਦ ਕ੍ਰੋਧ ਦੇ ਕਾਰਨ ਬਹੁਤ ਵੱਡਾ ਪਾਪ ਕੀਤਾ—ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ।—ਉਤਪਤ 4:3-8.
ਸ਼ਾਊਲ ਨੂੰ ਇਸੇ ਤਰ੍ਹਾਂ ਵੱਡਾ ਕ੍ਰੋਧ ਆਇਆ ਜਦੋਂ ਉਸ ਨੇ ਦਾਊਦ ਦੇ ਗੁਣ ਗਾਏ ਜਾਂਦੇ ਸੁਣੇ। “ਤੀਵੀਆਂ ਨੇ ਵਜਾਉਂਦਿਆਂ ਵਜਾਉਂਦਿਆਂ ਵਾਰੋ ਵਾਰੀ ਗਾ ਕੇ ਆਖਿਆ,—ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ! ਤਾਂ ਸ਼ਾਊਲ ਨੂੰ ਵੱਡਾ ਕ੍ਰੋਧ ਆਇਆ ਅਰ ਇਹ ਗੱਲ ਉਸ ਨੂੰ ਮਾੜੀ ਲੱਗੀ।” ਕ੍ਰੋਧ ਨੇ ਸ਼ਾਊਲ ਨੂੰ ਇੰਨਾ ਪਾਗਲ ਕਰ ਦਿੱਤਾ ਕਿ ਉਸ ਨੇ ਕਈ ਵਾਰੀ ਦਾਊਦ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਦਾਊਦ ਨੇ ਸ਼ਾਊਲ ਵੱਲ ਮਿੱਤਰਤਾ ਦਾ ਹੱਥ ਵਧਾਇਆ, ਸ਼ਾਊਲ ਉਸ ਨਾਲ ਸ਼ਾਂਤੀ ਅਤੇ ਸਮਝੌਤਾ ਨਹੀਂ ਚਾਹੁੰਦਾ ਸੀ। ਅਖ਼ੀਰ ਵਿਚ ਉਹ ਯਹੋਵਾਹ ਦੀ ਮਿਹਰਬਾਨੀ ਬਿਲਕੁਲ ਖੋਹ ਬੈਠਾ।—1 ਸਮੂਏਲ 18:6-11; 19:9, 10; 24:1-21; ਕਹਾਉਤਾਂ 6:34, 35.
ਇਹ ਅਵੱਸ਼ ਹੈ ਕਿ ਜਦੋਂ ਕੋਈ ਬੇਲਗਾਮ ਗੁੱਸੇ ਨਾਲ ਭੜਕ ਉੱਠਦਾ ਹੈ, ਤਾਂ ਉਹ ਅਜਿਹੀਆਂ ਗੱਲਾਂ ਕਹੇਗਾ ਜਾਂ ਕਰੇਗਾ ਜੋ ਸਾਰਿਆਂ ਦਾ ਦਿਲ ਦੁਖਾਉਣਗੀਆਂ। (ਕਹਾਉਤਾਂ 29:22) ਕਇਨ ਅਤੇ ਸ਼ਾਊਲ ਨੂੰ ਇਸ ਕਰਕੇ ਗੁੱਸਾ ਚੜ੍ਹਿਆ ਕਿਉਂਕਿ ਉਹ ਦੋਵੇਂ ਆਪੋ-ਆਪਣੇ ਤਰੀਕੇ ਵਿਚ ਖੁਣਸੀ ਅਤੇ ਈਰਖਾਲੂ ਸਨ। ਪਰ, ਗੁੱਸੇ ਦੇ ਕਈ ਕਾਰਨ ਹੋ ਸਕਦੇ ਹਨ। ਬਿਨਾਂ ਮਤਲਬ ਨੁਕਤਾਚੀਨੀ, ਨਿਰਾਦਰੀ, ਗ਼ਲਤਫ਼ਹਿਮੀ, ਜਾਂ ਤਰਫ਼ਦਾਰੀ ਦੀ ਚੰਗਿਆੜੀ ਭਾਂਬੜ ਮਚਾ ਸਕਦੀ ਹੈ।
ਕਇਨ ਅਤੇ ਸ਼ਾਊਲ ਦੀਆਂ ਉਦਾਹਰਣਾਂ ਦੋਹਾਂ ਆਦਮੀਆਂ ਵਿਚ ਇਕ ਵੱਡੀ ਕਮੀ ਦਿਖਾਉਂਦੀਆਂ ਹਨ। ਜ਼ਾਹਰ ਹੈ ਕਿ ਕਇਨ ਦਾ ਚੜ੍ਹਾਵਾ ਨਿਹਚਾ ਕਰਕੇ ਨਹੀਂ ਕੀਤਾ ਜਾ ਰਿਹਾ ਸੀ। (ਇਬਰਾਨੀਆਂ 11:4) ਕਿਉਂ ਜੋ ਸ਼ਾਊਲ ਨੇ ਯਹੋਵਾਹ ਦੇ ਸਪੱਸ਼ਟ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਬਾਅਦ ਵਿਚ ਬਹਾਨੇ ਬਣਾਉਣ ਦੇ ਜਤਨ ਕੀਤੇ, ਉਹ ਰੱਬ ਦੀ ਮਿਹਰਬਾਨੀ ਅਤੇ ਪਵਿੱਤਰ ਸ਼ਕਤੀ ਖੋਹ ਬੈਠਾ। ਇੱਥੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਦੋਂਹਾਂ ਬੰਦਿਆਂ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਭੰਗ ਕਰ ਲਿਆ ਸੀ।
ਅਜਿਹੇ ਸੁਭਾਵਾਂ ਦੀ ਦਾਊਦ ਦੇ ਸੁਭਾਅ ਨਾਲ ਤੁਲਨਾ ਕਰੋ। ਉਹ ਸ਼ਾਊਲ ਦੀਆਂ ਬਦਸਲੂਕੀਆਂ ਦੇ ਕਾਰਨ ਉਸ ਨਾਲ ਬਹੁਤ ਹੀ ਗੁੱਸੇ ਹੋ ਸਕਦਾ ਸੀ। ਦਾਊਦ ਗੁੱਸੇ ਨਾਲ ਗਰਮ ਨਹੀਂ ਹੋਇਆ। ਕਿਉਂ ਨਹੀਂ? ਉਸ ਨੇ ਕਿਹਾ: “ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਹੈ।” ਦਾਊਦ ਦੇ ਮਨ ਵਿਚ ਯਹੋਵਾਹ ਦੇ ਨਾਲ ਉਸ ਦਾ ਰਿਸ਼ਤਾ ਸਭ ਤੋਂ ਵੱਡੀ ਗੱਲ ਸੀ, ਅਤੇ ਇਸ ਚੀਜ਼ ਨੇ ਸ਼ਾਊਲ ਨਾਲ ਉਸ ਦੇ ਮਿਲਣ-ਵਰਤਣ ਵਿਚ ਫ਼ਰਕ ਪਾਇਆ। ਉਸ ਨੇ ਨਿਮਰਤਾ ਨਾਲ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ।—1 ਸਮੂਏਲ 24:6, 15.
ਅਸਲ ਵਿਚ ਬੇਲਗਾਮ ਗੁੱਸੇ ਦੇ ਅਸਰ ਬਹੁਤ ਬੁਰੇ ਹੁੰਦੇ ਹਨ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ।” (ਅਫ਼ਸੀਆਂ 4:26) ਜਦ ਕਿ ਉਚਿਤ ਗੁੱਸੇ ਦਾ ਸਮਾਂ ਹੁੰਦਾ ਹੈ, ਇਹ ਖ਼ਤਰਾ ਹਮੇਸ਼ਾ ਸੰਭਵ ਹੈ ਕਿ ਅਸੀਂ ਗੁੱਸੇ ਦੇ ਕਾਰਨ ਠੋਕਰ ਖਾ ਸਕਦੇ ਹਾਂ। ਇਸ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁੱਸੇ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?
ਇਕ ਪ੍ਰਮੁੱਖ ਤਰੀਕਾ ਹੈ ਯਹੋਵਾਹ ਦੇ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨਾ। ਉਹ ਤੁਹਾਨੂੰ ਹੌਸਲਾ ਦਿੰਦਾ ਹੈ ਕਿ ਤੁਸੀਂ ਉਸ ਦੇ ਸਾਮ੍ਹਣੇ ਆਪਣਾ ਦਿਲ ਅਤੇ ਮਨ ਖੋਲ੍ਹੋ। ਉਸ ਨੂੰ ਆਪਣੇ ਫ਼ਿਕਰ ਅਤੇ ਗੱਮ ਦੱਸੋ, ਅਤੇ ਆਪਣੇ ਗੁੱਸੇ ਨੂੰ ਠੰਢਾ ਕਰਨ ਲਈ ਇਕ ਸ਼ਾਂਤ ਦਿਲ ਲਈ ਬੇਨਤੀ ਕਰੋ। (ਕਹਾਉਤਾਂ 14:30) ਯਕੀਨ ਕਰੋ ਕਿ “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—1 ਪਤਰਸ 3:12.
ਪ੍ਰਾਰਥਨਾ ਤੁਹਾਨੂੰ ਢਾਲ਼ ਸਕਦੀ ਹੈ ਅਤੇ ਤੁਹਾਡੀ ਅਗਵਾਈ ਕਰ ਸਕਦੀ ਹੈ। ਕਿਸ ਤਰ੍ਹਾਂ? ਇਹ ਦੂਜਿਆਂ ਨਾਲ ਤੁਹਾਡੇ ਮਿਲਣ-ਵਰਤਣ ਉੱਤੇ ਬਹੁਤ ਅਸਰ ਪਾ ਸਕਦੀ ਹੈ। ਯਾਦ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਕਿਸ ਤਰ੍ਹਾਂ ਵਰਤਿਆ ਹੈ। ਜਿਵੇਂ ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ।” (ਜ਼ਬੂਰ 103:10) ਮਾਫ਼ ਕਰ ਦੇਣ ਵਾਲਾ ਸੁਭਾਅ ਬਹੁਤ ਹੀ ਜ਼ਰੂਰੀ ਹੈ ਤਾਂਕਿ “ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ।” (2 ਕੁਰਿੰਥੀਆਂ 2:10, 11) ਇਸ ਤੋਂ ਇਲਾਵਾ, ਪ੍ਰਾਰਥਨਾ ਕਰਨ ਨਾਲ ਤੁਹਾਡਾ ਦਿਲ ਪਵਿੱਤਰ ਸ਼ਕਤੀ ਦੀ ਅਗਵਾਈ ਲਈ ਖੁੱਲ੍ਹ ਜਾਂਦਾ ਹੈ ਅਤੇ ਇਹ ਲੰਬੇ ਸਮੇਂ ਤੋਂ ਸਿੱਖੇ ਹੋਏ ਘਟੀਆ ਚਾਲ-ਚਲਣ ਨੂੰ ਬਦਲ ਸਕਦਾ ਹੈ। ਯਹੋਵਾਹ ਖ਼ੁਸ਼ੀ ਨਾਲ ‘ਸਾਰੀ ਸਮਝ ਤੋਂ ਪਰੇ ਸ਼ਾਂਤੀ’ ਦਿੰਦਾ ਹੈ, ਅਤੇ ਇਹ ਤੁਹਾਨੂੰ ਗੁੱਸੇ ਦੇ ਮਜ਼ਬੂਤ ਪੰਜੇ ਵਿੱਚੋਂ ਛੁਡਾ ਸਕਦੀ ਹੈ।—ਫ਼ਿਲਿੱਪੀਆਂ 4:7.
ਪਰ, ਪ੍ਰਾਰਥਨਾ ਬਾਈਬਲ ਦੀ ਬਾਕਾਇਦਾ ਜਾਂਚ ਦੇ ਨਾਲ-ਨਾਲ ਕਰਨੀ ਚਾਹੀਦੀ ਹੈ ਤਾਂਕਿ ਅਸੀਂ ‘ਸਮਝੀ ਜਾਈਏ ਕਿ ਪ੍ਰਭੁ ਦੀ ਇੱਛਿਆ ਕੀ ਹੈ।’ (ਅਫ਼ਸੀਆਂ 5:17; ਯਾਕੂਬ 3:17) ਜੇਕਰ ਤੁਹਾਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਔਖਾ ਲੱਗ ਰਿਹਾ ਹੈ, ਤਾਂ ਇਸ ਗੱਲ ਬਾਰੇ ਯਹੋਵਾਹ ਦੀ ਸੋਚਣੀ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਖ਼ਾਸ ਸ਼ਾਸਤਰਵਚਨਾਂ ਵੱਲ ਧਿਆਨ ਦਿਓ ਜੋ ਗੁੱਸੇ ਦੇ ਕਾਬੂ ਕਰਨ ਨਾਲ ਸੰਬੰਧਿਤ ਹਨ।
ਪੌਲੁਸ ਰਸੂਲ ਇਹ ਜ਼ਰੂਰੀ ਗੱਲ ਯਾਦ ਦਿਲਾਉਂਦਾ ਹੈ ਕਿ “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਦੂਜਿਆਂ ਦਾ ਭਲਾ ਕਰਨ ਬਾਰੇ ਜ਼ਿਆਦਾ ਸੋਚੋ। ਅਜਿਹੇ ਵਧੀਆ ਕੰਮ ਹਮਦਰਦੀ ਅਤੇ ਭਰੋਸਾ ਵਧਾਉਣਗੇ ਅਤੇ ਗ਼ਲਤਫ਼ਹਿਮੀਆਂ ਨੂੰ ਦੂਰ ਕਰ ਦੇਣਗੇ ਜੋ ਸੌਖਿਆਂ ਹੀ ਗੁੱਸਾ ਭੜਕਾ ਸਕਦੀਆਂ ਹਨ।
ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾ ਦੇਹ, ਭਈ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ। ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।” (ਜ਼ਬੂਰ 119:133, 165) ਇਹ ਤੁਹਾਡੇ ਬਾਰੇ ਵੀ ਸੱਚ ਸਾਬਤ ਹੋ ਸਕਦਾ ਹੈ।
[ਸਫ਼ੇ 9 ਉੱਤੇ ਡੱਬੀ/ਤਸਵੀਰ]
ਗੁੱਸੇ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ
□ ਯਹੋਵਾਹ ਨੂੰ ਪ੍ਰਾਰਥਨਾ ਕਰੋ।—ਜ਼ਬੂਰ 145:18.
□ ਹਰ ਰੋਜ਼ ਸ਼ਾਸਤਰਵਚਨਾਂ ਦੀ ਜਾਂਚ ਕਰੋ।—ਜ਼ਬੂਰ 119:133, 165.
□ ਉਚਿਤ ਕੰਮਾਂ-ਕਾਰਾਂ ਵਿਚ ਰੁੱਝੇ ਰਹੋ।—ਗਲਾਤੀਆਂ 6:9, 10.