ਯੂਨਾਨੀ ਫ਼ਲਸਫ਼ਾ—ਕੀ ਇਸ ਨੇ ਈਸਾਈ ਮੱਤ ਨੂੰ ਹੋਰ ਵੀ ਖੂਬ ਬਣਾਇਆ?
“ਈਸਾਈ ਮੱਤ ਨੇ ਯੂਨਾਨੀ ਅਤੇ ਰੋਮੀ ਸਭਿਆਚਾਰ ਦੇ ਵਿਰੁੱਧ ਹੋਣ ਦੇ ਬਾਵਜੂਦ ਵੀ ਕਾਫ਼ੀ ਕਲਾਸਿਕੀ ਫ਼ਲਸਫ਼ਾ ਅਪਣਾ ਲਿਆ।” —ਦ ਐਨਸਾਈਕਲੋਪੀਡੀਆ ਅਮੈਰੀਕਾਨਾ।
“ਸੰਤ” ਅਗਸਟੀਨ “ਈਸਾਈ” ਮੱਤ ਉੱਤੇ ਵੱਡਾ ਪ੍ਰਭਾਵ ਪਾਉਣ ਵਾਲਿਆਂ ਵਿਚ ਸਭ ਤੋਂ ਅੱਗੇ ਗਿਣਿਆ ਜਾਂਦਾ ਹੈ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਅਗਸਟੀਨ ਦੇ ‘ਦਿਮਾਗ਼ ਵਿਚ ਨਵੇਂ ਨੇਮ ਦਾ ਮੱਤ ਅਤੇ ਯੂਨਾਨੀ ਫ਼ਲਸਫ਼ੇ ਦੀ ਅਫਲਾਤੂਨੀ ਰੀਤ ਪੂਰੀ ਤਰ੍ਹਾਂ ਰਲ਼-ਮਿਲ਼ ਗਏ; ਅਤੇ ਉਹ ਇਸ ਰਲ਼-ਮਿਲਾਵਟ ਦੇ ਨਤੀਜੇ ਨੂੰ ਮੱਧਕਾਲੀ ਰੋਮਨ ਕੈਥੋਲਿਕ ਮੱਤ ਅਤੇ ਪੁਨਰ-ਜਾਗ੍ਰਿਤ ਕਾਲ ਦੇ ਪ੍ਰੋਟੈਸਟੈਂਟ ਮੱਤ ਤਕ ਪਹੁੰਚਾਉਣ ਦਾ ਜ਼ਰੀਆ ਵੀ ਬਣਿਆ।’
ਅਗਸਟੀਨ ਦੀ ਵਿਰਾਸਤ ਦਰਅਸਲ ਬਹੁਤ ਸਮੇਂ ਲਈ ਜਾਰੀ ਰਹੀ ਹੈ। ਈਸਾਈ-ਜਗਤ ਉੱਤੇ ਯੂਨਾਨੀ ਫ਼ਲਸਫ਼ੇ ਦੇ ਵੱਡੇ ਪ੍ਰਭਾਵ ਬਾਰੇ ਜ਼ਿਕਰ ਕਰਦੇ ਹੋਏ, ਡਗਲਸ ਟੀ. ਹੋਲਡਨ ਨੇ ਕਿਹਾ: “ਯੂਨਾਨੀ ਫ਼ਲਸਫ਼ਾ ਈਸਾਈ ਧਰਮ ਦਿਆਂ ਸਿਧਾਂਤਾਂ ਨਾਲ ਇੰਨਾ ਰਲ਼-ਮਿਲ਼ ਗਿਆ ਹੈ ਕਿ ਇਸ ਤੋਂ ਨੌਂ ਗੁਣਾ ਯੂਨਾਨੀ ਖ਼ਿਆਲਾਂ ਦੇ ਅਤੇ ਇਕ ਗੁਣਾ ਈਸਾਈ ਖ਼ਿਆਲਾਂ ਵਾਲੇ ਲੋਕ ਪੈਦਾ ਹੋਏ ਹਨ।”
ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਸ਼ੁਰੂ-ਸ਼ੁਰੂ ਵਿਚ ਅਜਿਹੇ ਫ਼ਲਸਫ਼ੇ ਸੰਬੰਧੀ ਪ੍ਰਭਾਵ ਨੇ ਈਸਾਈ ਮੱਤ ਦੀ ਖੂਬੀ ਵਧਾਈ, ਉਸ ਦੀਆਂ ਸਿੱਖਿਆਵਾਂ ਨੂੰ ਖੂਬ ਬਣਾਇਆ, ਅਤੇ ਉਸ ਨੂੰ ਮੰਨਣਾ ਹੋਰ ਵੀ ਸੌਖਾ ਬਣਾਇਆ। ਕੀ ਇਹ ਸੱਚ ਹੈ? ਯੂਨਾਨੀ ਫ਼ਲਸਫ਼ੇ ਦਾ ਪ੍ਰਭਾਵ ਕਿਵੇਂ ਅਤੇ ਕਦੋਂ ਪਿਆ? ਕੀ ਇਸ ਨੇ ਈਸਾਈ ਮੱਤ ਦੀ ਖੂਬੀ ਵਧਾਈ ਜਾਂ ਉਸ ਨੂੰ ਭ੍ਰਿਸ਼ਟ ਕੀਤਾ?
ਤੀਜੀ ਸਦੀ ਸਾ.ਯੁ.ਪੂ. ਤੋਂ ਲੈ ਕੇ ਪੰਜਵੀਂ ਸਦੀ ਸਾ.ਯੂ. ਦੇ ਦੌਰਾਨ ਕਈ ਤਬਦੀਲੀਆਂ ਹੋਈਆਂ। ਚਾਰ ਅਨੋਖੇ ਨਾਵਾਂ ਦੀ ਜਾਂਚ ਕਰਨ ਦੁਆਰਾ ਇਨ੍ਹਾਂ ਤਬਦੀਲੀਆਂ ਉੱਤੇ ਗੌਰ ਕਰਨ ਨਾਲ ਅਸੀਂ ਕਾਫ਼ੀ ਕੁਝ ਪਤਾ ਕਰ ਸਕਦੇ ਹਾਂ: (1) “ਯੂਨਾਨੀਆਂ ਤੋਂ ਪ੍ਰਭਾਵਿਤ ਯਹੂਦੀ ਮੱਤ,” (2) “ਈਸਾਈਆਂ ਤੋਂ ਪ੍ਰਭਾਵਿਤ ਯੂਨਾਨੀ ਮੱਤ,” (3) “ਯੂਨਾਨੀਆਂ ਤੋਂ ਪ੍ਰਭਾਵਿਤ ਈਸਾਈ ਮੱਤ,” ਅਤੇ (4) “ਈਸਾਈ ਫ਼ਲਸਫ਼ਾ।”
“ਯੂਨਾਨੀਆਂ ਤੋਂ ਪ੍ਰਭਾਵਿਤ ਯਹੂਦੀ ਮੱਤ”
ਪਹਿਲੇ ਨਾਂ, “ਯੂਨਾਨੀਆਂ ਤੋਂ ਪ੍ਰਭਾਵਿਤ ਯਹੂਦੀ ਮੱਤ” ਵਿਚ ਸੱਚ-ਮੁੱਚ ਹੀ ਸੰਗਤ ਨਹੀਂ ਹੈ। ਸੱਚੇ ਪਰਮੇਸ਼ੁਰ, ਯਹੋਵਾਹ, ਦੁਆਰਾ ਸਥਾਪਿਤ ਕੀਤੇ ਗਏ ਇਬਰਾਨੀ ਲੋਕਾਂ ਦੇ ਮੁਢਲੇ ਧਰਮ ਵਿਚ ਝੂਠੇ ਧਾਰਮਿਕ ਵਿਚਾਰਾਂ ਤੋਂ ਕੋਈ ਵੀ ਅਸ਼ੁੱਧਤਾ ਨਹੀਂ ਰਲ਼ਾਈ ਜਾਣੀ ਸੀ। (ਬਿਵਸਥਾ ਸਾਰ 12:32; ਕਹਾਉਤਾਂ 30:5, 6) ਪਰ, ਸ਼ੁਰੂ ਤੋਂ ਹੀ, ਉਪਾਸਨਾ ਦੀ ਸ਼ੁੱਧਤਾ ਨੂੰ ਮਿਸਰੀ, ਕਨਾਨੀ, ਅਤੇ ਬਾਬਲੀ ਸ੍ਰੋਤਾਂ ਵਰਗੇ ਝੂਠੇ ਧਾਰਮਿਕ ਅਮਲਾਂ ਅਤੇ ਸੋਚ-ਵਿਚਾਰਾਂ ਦੁਆਰਾ ਭ੍ਰਿਸ਼ਟਤਾ ਦਾ ਖ਼ਤਰਾ ਪੇਸ਼ ਹੋਇਆ। ਅਫ਼ਸੋਸ ਦੀ ਗੱਲ ਹੈ ਕਿ ਇਸਰਾਏਲ ਕੌਮ ਨੇ ਆਪਣੇ ਸੱਚੇ ਧਰਮ ਨੂੰ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਲੈਣ ਦਿੱਤਾ।—ਨਿਆਈਆਂ 2:11-13.
ਸਦੀਆਂ ਬਾਅਦ, ਚੌਥੀ ਸਦੀ ਸਾ.ਯੁ.ਪੂ. ਵਿਚ, ਜਦੋਂ ਪ੍ਰਾਚੀਨ ਫਲਸਤੀਨ, ਸਿਕੰਦਰ ਮਹਾਨ ਦੇ ਹੇਠ ਯੂਨਾਨੀ ਸਾਮਰਾਜ ਦਾ ਹਿੱਸਾ ਬਣ ਗਿਆ ਸੀ, ਇਹ ਭ੍ਰਿਸ਼ਟਤਾ ਨਵੇਂ ਸਿਰੇ ਤੇ ਪਹੁੰਚੀ ਅਤੇ ਉਸ ਨੇ ਬਹੁਤ ਘਟੀਆ ਅਤੇ ਲੰਬੇ ਸਮੇਂ ਲਈ ਜਾਰੀ ਰਹਿਣ ਵਾਲੇ ਅਸਰ ਪਾਏ। ਸਿਕੰਦਰ ਨੇ ਆਪਣੀ ਫ਼ੌਜ ਵਿਚ ਯਹੂਦੀਆਂ ਨੂੰ ਭਰਤੀ ਕੀਤਾ। ਦੇਸ਼ ਦੇ ਨਵੇਂ ਵਿਜੇਤਾ ਨਾਲ ਯਹੂਦੀ ਲੋਕਾਂ ਦੇ ਸੰਬੰਧ ਨੇ ਯਹੂਦੀ ਧਾਰਮਿਕ ਖ਼ਿਆਲਾਂ ਉੱਤੇ ਡੂੰਘਾ ਪ੍ਰਭਾਵ ਪਾਇਆ। ਯਹੂਦੀ ਵਿਦਿਆ ਵਿਚ ਯੂਨਾਨੀਆਂ ਦੇ ਖ਼ਿਆਲ ਆ ਵੜੇ। ਸਮਝਿਆ ਜਾਂਦਾ ਹੈ ਕਿ 175 ਸਾ.ਯੁ.ਪੂ. ਵਿਚ, ਪ੍ਰਧਾਨ ਜਾਜਕ ਜੇਸਨ ਨੇ ਹੋਮਰ ਬਾਰੇ ਸਟੱਡੀ ਕਰਨ ਲਈ ਯਰੂਸ਼ਲਮ ਵਿਚ ਇਕ ਯੂਨਾਨੀ ਅਕੈਡਮੀ ਸਥਾਪਿਤ ਕੀਤੀ ਸੀ।
ਦਿਲਚਸਪੀ ਦੀ ਗੱਲ ਹੈ ਕਿ ਇਕ ਸਾਮਰੀ ਬੰਦੇ ਨੇ, ਦੂਜੀ ਸਦੀ ਸਾ.ਯੁ.ਪੂ. ਦੇ ਦੂਸਰੇ ਹਿੱਸੇ ਵਿਚ ਲਿਖਦਿਆਂ, ਬਾਈਬਲ ਦੇ ਇਤਿਹਾਸ ਨੂੰ ਯੂਨਾਨੀਆਂ ਦੇ ਇਤਿਹਾਸਕ ਸਾਹਿੱਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜੂਡਿਥ ਅਤੇ ਟੋਬਿਟ ਵਰਗੀਆਂ ਕਲਪਿਤ ਯਹੂਦੀ ਪੁਸਤਕਾਂ ਅਸਲ ਵਿਚ ਯੂਨਾਨੀ ਕਾਮੁਕ ਲੋਕ-ਕਥਾਵਾਂ ਵੱਲ ਵੀ ਸੰਕੇਤ ਕਰਦੀਆਂ ਹਨ। ਕਈ ਯਹੂਦੀ ਫ਼ਿਲਾਸਫ਼ਰ ਵੀ ਪ੍ਰਗਟ ਹੋਏ ਜਿਨ੍ਹਾਂ ਨੇ ਯੂਨਾਨੀ ਖ਼ਿਆਲਾਂ ਨੂੰ ਯਹੂਦੀ ਧਰਮ ਅਤੇ ਬਾਈਬਲ ਨਾਲ ਇਕ-ਮਿਕ ਕਰਨ ਦੀ ਕੋਸ਼ਿਸ਼ ਕੀਤੀ।
ਕਿਹਾ ਜਾਂਦਾ ਹੈ ਕਿ ਪਹਿਲੀ ਸਦੀ ਦੇ ਫ਼ਾਇਲੋ ਨਾਂ ਦੇ ਯਹੂਦੀ ਬੰਦੇ ਨੇ ਇਸ ਵਿਚ ਸਭ ਤੋਂ ਜ਼ਿਆਦਾ ਹੱਥ ਵਟਾਇਆ। ਉਸ ਨੇ ਅਫਲਾਤੂਨ (ਪਲੈਟੋ, ਚੌਥੀ ਸਦੀ ਸਾ.ਯੁ.ਪੂ.), ਪਾਇਥਾਗੋਰਸ ਅਤੇ ਜ਼ੀਨੋ ਦੀਆਂ ਸਿੱਖਿਆਵਾਂ ਚੋਰੀ ਕਰ ਲਈਆਂ। ਯਹੂਦੀ ਲੋਕ ਫ਼ਾਇਲੋ ਦੇ ਵਿਚਾਰਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਸਨ। ਯਹੂਦੀ ਸਭਿਆਚਾਰ ਵਿਚ ਯੂਨਾਨੀ ਖ਼ਿਆਲਾਂ ਦੇ ਦਿਮਾਗ਼ੀ ਤੌਰ ਤੇ ਪ੍ਰਵੇਸ਼ ਹੋਣ ਬਾਰੇ ਗੱਲ ਕਰਦੇ ਹੋਏ, ਯਹੂਦੀ ਲੇਖਕ ਮੈਕਸ ਡਮੌਂਟ ਕਹਿੰਦਾ ਹੈ: “ਅਫਲਾਤੂਨੀ ਖ਼ਿਆਲਾਂ, ਅਰਸਤੂ-ਸੰਬੰਧੀ ਤਰਕ, ਅਤੇ ਉਕਲੀਦਸੀ ਵਿਗਿਆਨ ਨਾਲ ਮਾਲਾ-ਮਾਲ ਹੋ ਕੇ, ਯਹੂਦੀ ਵਿਦਵਾਨ ਤੌਰਾਤ ਨੂੰ ਨਵੇਂ ਤਰੀਕਿਓਂ ਦੇਖਣ ਲੱਗੇ। . . . ਉਹ ਯੂਨਾਨੀ ਵਿਚਾਰਾਂ ਨੂੰ ਯਹੂਦੀ ਇਲਹਾਮ ਨਾਲ ਜੋੜਨ ਲੱਗ ਪਏ।”
ਸਮਾਂ ਆਉਣ ਤੇ, ਰੋਮੀਆਂ ਨੇ ਯੂਨਾਨੀ ਸਾਮਰਾਜ ਉੱਤੇ ਕਬਜ਼ਾ ਕਰ ਲਿਆ ਅਤੇ ਇਵੇਂ ਯਰੂਸ਼ਲਮ ਉਨ੍ਹਾਂ ਦੇ ਅਧੀਨ ਆ ਗਿਆ। ਇਸ ਨੇ ਹੋਰ ਵੀ ਵੱਡੀਆਂ-ਵੱਡੀਆਂ ਬਦਲੀਆਂ ਲਈ ਰਾਹ ਖੋਲ੍ਹਿਆ। ਤੀਜੀ ਸਦੀ ਤਕ, ਅਫਲਾਤੂਨ ਦੇ ਖ਼ਿਆਲਾਂ ਨੂੰ ਵਧਾਉਣ ਅਤੇ ਰਲ਼-ਮਿਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਸੋਚਵਾਨਾਂ ਦੇ ਫ਼ਲਸਫ਼ਿਆਂ ਅਤੇ ਧਾਰਮਿਕ ਸਿਧਾਂਤਾਂ ਨੇ ਪੱਕੇ ਰੂਪ ਧਾਰ ਲਏ ਅਤੇ ਇਨ੍ਹਾਂ ਨੂੰ ਅੱਜ ਇਕੱਠੇ ਤੌਰ ਤੇ ਨਵ-ਅਫਲਾਤੂਨਵਾਦ ਸੱਦਿਆ ਜਾਂਦਾ ਹੈ। ਧਰਮ-ਤਿਆਗੀ ਮਸੀਹੀ ਮੱਤ ਉੱਤੇ ਇਸ ਤਰ੍ਹਾਂ ਦੀ ਸੋਚਣੀ ਦਾ ਡੂੰਘਾ ਪ੍ਰਭਾਵ ਪੈਣਾ ਸੀ।
“ਈਸਾਈਆਂ ਤੋਂ ਪ੍ਰਭਾਵਿਤ ਯੂਨਾਨੀ ਮੱਤ”
ਸਾਡੇ ਸਾਧਾਰਣ ਯੁਗ ਦੀਆਂ ਪਹਿਲੀਆਂ ਪੰਜ ਸਦੀਆਂ ਦੌਰਾਨ, ਕੁਝ ਵਿਦਵਾਨਾਂ ਨੇ ਯੂਨਾਨੀ ਫ਼ਲਸਫ਼ੇ ਅਤੇ ਬਾਈਬਲ ਦੀ ਪ੍ਰਗਟ ਸੱਚਾਈ ਵਿਚਕਾਰ ਸੰਬੰਧ ਦਿਖਾਉਣ ਦੀ ਕੋਸ਼ਿਸ਼ ਕੀਤੀ। ਈਸਾਈ ਮੱਤ ਦਾ ਇਤਿਹਾਸ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਕਹਿੰਦੀ ਹੈ: ‘ਕ੍ਰਿਸਚੀਅਨ ਫ਼ਿਲਾਸਫ਼ਰਾਂ ਨੇ ਮਸੀਹ ਦੇ ਸਮੇਂ ਤੋਂ ਪਹਿਲਾਂ ਦੇ ਯੂਨਾਨੀਆਂ ਨੂੰ ਇਵੇਂ ਦਰਸਾਉਣਾ ਸੀ ਜਿਵੇਂ ਕਿ ਉਹ ਬਹਾਦਰਾਂ ਵਾਂਗ ਪਰਮੇਸ਼ੁਰ ਦੇ ਗਿਆਨ ਨੂੰ ਭਾਲ ਰਹੇ ਸਨ ਭਾਵੇਂ ਕਿ ਅੰਨ੍ਹਿਆਂ ਦੀ ਤਰ੍ਹਾਂ। ਉਹ ਖਾਲੀ ਚੁੱਟਕੀ ਵਜਾ ਕੇ ਹੀ ਯਿਸੂ ਨੂੰ ਹਾਜ਼ਰ ਕਰਾਉਣ, ਮਤਲਬ ਕਿ ਉਹ ਕ੍ਰਿਸਚਿਏਨੀਟੀ ਨੂੰ ਆਪਣੇ ਮਨੋ ਹੀ ਘੜਨ ਦੀ ਕੋਸ਼ਿਸ਼ ਕਰ ਰਹੇ ਸਨ।’
ਅਜਿਹਿਆਂ ਵਿਦਵਾਨਾਂ ਤੋਂ ਪਹਿਲਾਂ ਰਹਿਣ ਵਾਲੇ ਇਕ ਵਿਦਵਾਨ, ਪਲੋਟਾਈਨਸ (205-270) ਨੇ ਇਕ ਰੀਤੀ ਸ਼ੁਰੂ ਕੀਤੀ ਜੋ ਮੁੱਖ ਤੌਰ ਤੇ ਅਫਲਾਤੂਨ ਦੀ ਸਿੱਖਿਆ ਉੱਤੇ ਆਧਾਰਿਤ ਸੀ। ਪਲੋਟਾਈਨਸ ਨੇ ਸਰੀਰ ਤੋਂ ਅੱਡ ਆਤਮਾ ਦਾ ਵਿਚਾਰ ਸ਼ੁਰੂ ਕੀਤਾ। ਪ੍ਰੋਫ਼ੈਸਰ ਈ. ਡਬਲਯੂ. ਹੌਪਕਿੰਜ਼ ਨੇ ਪਲੋਟਾਈਨਸ ਬਾਰੇ ਕਿਹਾ: ‘ਈਸਾਈ ਮੱਤ ਦੇ ਆਗੂਆਂ ਉੱਤੇ ਉਸ ਦੀ ਧਰਮ ਸਿੱਖਿਆ ਦਾ ਵੱਡਾ ਪ੍ਰਭਾਵ ਪਿਆ।’
“ਯੂਨਾਨੀਆਂ ਤੋਂ ਪ੍ਰਭਾਵਿਤ ਈਸਾਈ ਮੱਤ” ਅਤੇ “ਈਸਾਈ ਫ਼ਲਸਫ਼ਾ”
ਦੂਜੀ ਸਦੀ ਵਿਚ ਸ਼ੁਰੂ ਕਰਦਿਆਂ, “ਕ੍ਰਿਸਚੀਅਨ” ਵਿਦਵਾਨਾਂ ਨੇ ਗ਼ੈਰ-ਕ੍ਰਿਸਚੀਅਨ ਵਿਦਵਾਨਾਂ ਉੱਤੇ ਪ੍ਰਭਾਵ ਪਾਉਣ ਦਾ ਵੱਡਾ ਜਤਨ ਕੀਤਾ। “ਫੋਕੀਆਂ ਸੰਸਾਰਕ ਬਹਿਸਾਂ” ਅਤੇ “ਸ਼ਾਬਦਿਕ ਵਿਰੋਧ ਅਰਥਾਤ, ‘ਝੂਠੇ ਗਿਆਨ’” ਦੇ ਵਿਰੁੱਧ ਪੌਲੁਸ ਰਸੂਲ ਦੀ ਸਪੱਸ਼ਟ ਚੇਤਾਵਨੀ ਦੇ ਬਾਵਜੂਦ, ਅਜਿਹਿਆਂ ਵਿਦਵਾਨਾਂ ਨੇ ਆਪਣੀ ਸਿੱਖਿਆ ਵਿਚ ਆਲੇ-ਦੁਆਲੇ ਦੇ ਯੂਨਾਨ-ਸੰਬੰਧੀ ਸਭਿਆਚਾਰ ਤੋਂ ਫ਼ਲਸਫ਼ਿਆਂ ਵਾਲੀਆਂ ਗੱਲਾਂ ਰਲ਼ਾ ਲਈਆਂ। (1 ਤਿਮੋਥਿਉਸ 6:20, ਪਵਿੱਤਰ ਬਾਈਬਲ ਨਵਾਂ ਅਨੁਵਾਦ।) ਫ਼ਾਇਲੋ ਦੀ ਉਦਾਹਰਣ ਤੋਂ ਇਵੇਂ ਲੱਗਦਾ ਸੀ ਕਿ ਬਾਈਬਲ ਅਤੇ ਅਫਲਾਤੂਨੀ ਵਿਚਾਰ ਇਕ-ਮਿਕ ਕੀਤੇ ਜਾ ਸਕਦੇ ਹਨ।—2 ਪਤਰਸ 1:16 ਦੀ ਤੁਲਨਾ ਕਰੋ।
ਨੁਕਸਾਨ ਅਸਲ ਵਿਚ ਬਾਈਬਲੀ ਸੱਚਾਈ ਦਾ ਹੋਇਆ। “ਈਸਾਈ” ਗੁਰੂਆਂ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਈਸਾਈ ਮੱਤ ਯੂਨਾਨੀ-ਰੋਮੀ ਮਾਨਵਤਾ ਦੇ ਸਮਾਨ ਸੀ। ਐਲੇਕਜ਼ਾਨਡ੍ਰਿਆ ਦੇ ਕਲੈਮੰਟ ਅਤੇ ਔਰਿਗਨ (ਦੂਜੀ ਅਤੇ ਤੀਜੀ ਸਦੀ) ਨੇ ਨਵ-ਅਫਲਾਤੂਨਵਾਦ ਉੱਤੇ ਆਧਾਰਿਤ ਉਹ ਫ਼ਲਸਫ਼ਾ ਬਣਾਇਆ ਜੋ ਬਾਅਦ ਵਿਚ “ਈਸਾਈ ਫ਼ਲਸਫ਼ਾ” ਸੱਦਿਆ ਜਾਣ ਲੱਗਾ। ਮਿਲਾਨ ਦੇ ਬਿਸ਼ਪ, ਐਮਭਰੋਜ਼ (339-397) ਨੇ “ਯੂਨਾਨ ਦੀ ਨਵੀਂ ਤੋਂ ਨਵੀਂ ਵਿਦਿਆ, ਚਾਹੇ ਈਸਾਈ ਅਤੇ ਗ਼ੈਰ-ਈਸਾਈ, ਅਤੇ ਖ਼ਾਸ ਕਰਕੇ . . . ਗ਼ੈਰ-ਈਸਾਈ ਨਵ-ਅਫਲਾਤੂਨੀ ਪਲੋਟਾਈਨਸ ਦੀਆਂ ਲਿਖਤਾਂ ਨੂੰ ਅਪਣਾ ਲਿਆ ਸੀ।” ਉਸ ਨੇ ਪੜ੍ਹੇ-ਲਿਖੇ ਰੋਮੀਆਂ ਨੂੰ ਕਲਾਸਿਕੀ ਤਰ੍ਹਾਂ ਦੀ ਈਸਾਈ ਮੱਤ ਸਿਖਾਉਣ ਦੀ ਕੋਸ਼ਿਸ਼ ਕੀਤੀ। ਅਗਸਟੀਨ ਵੀ ਉਸੇ ਦੀ ਚਾਲ ਤੇ ਚੱਲਿਆ।
ਇਕ ਸਦੀ ਬਾਅਦ, ਐਰੀਆਪਗਸ ਦੇ ਮੈਂਬਰ ਡੀਓਨੀਸੀਅਸ (ਜਿਸ ਨੂੰ ਜਾਅਲੀ-ਡੀਓਨੀਸੀਅਸ ਦੀ ਪਦਵੀ ਵੀ ਦਿੱਤੀ ਗਈ) ਨੇ, ਜੋ ਕਿ ਸ਼ਾਇਦ ਇਕ ਸੀਰੀਆਈ ਮੱਠਵਾਸੀ ਸੀ, ਨਵ-ਅਫਲਾਤੂਨੀ ਫ਼ਲਸਫ਼ੇ ਨੂੰ “ਈਸਾਈ” ਧਰਮ-ਸਿੱਖਿਆ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਕ ਐਨਸਾਈਕਲੋਪੀਡੀਆ ਦੇ ਅਨੁਸਾਰ, ਉਸ ਦੀਆਂ “ਲਿਖਤਾਂ ਨੇ ਮੱਧਕਾਲੀ ਈਸਾਈ ਸਿਧਾਂਤ ਅਤੇ ਧਰਮ ਦੇ ਵੱਡੇ ਹਿੱਸੇ ਉੱਤੇ ਪੱਕਾ ਨਵ-ਅਫਲਾਤੂਨੀ ਰੁਝਾਨ ਸਥਾਪਿਤ ਕੀਤਾ . . . ਜਿਸ ਨੇ ਵਰਤਮਾਨ ਸਮੇਂ ਤਕ ਉਸ ਦੇ ਧਾਰਮਿਕ ਅਤੇ ਪੂਜਾ ਕਰਨ ਦੇ ਤਰੀਕੇ ਉੱਤੇ ਪ੍ਰਭਾਵ ਪਾਇਆ ਹੈ।” ‘ਫ਼ੈਲਸੂਫ਼ੀ ਅਤੇ ਲਾਗ ਲਪੇਟ ਜੋ ਮਨੁੱਖਾਂ ਦੀਆਂ ਰੀਤਾਂ ਦੇ ਅਨੁਸਾਰ ਹੈ’ ਵਾਲੀ ਪੌਲੁਸ ਰਸੂਲ ਦੀ ਚੇਤਾਵਨੀ ਦਾ ਇਹ ਕਿੰਨਾ ਘੋਰ ਨਿਰਾਦਰ ਹੈ!—ਕੁਲੁੱਸੀਆਂ 2:8.
ਭ੍ਰਿਸ਼ਟ ਕਰਨ ਵਾਲੀਆਂ ਸਿੱਖਿਆਵਾਂ
ਇਹ ਦੇਖਿਆ ਗਿਆ ਹੈ ਕਿ “ਈਸਾਈ ਅਫਲਾਤੂਨੀਆਂ ਨੇ ਇਲਹਾਮੀ ਸੰਦੇਸ਼ ਨੂੰ ਪ੍ਰਮੁੱਖਤਾ ਦਿੱਤੀ ਅਤੇ ਉਨ੍ਹਾਂ ਨੇ ਸ਼ਾਸਤਰ ਅਤੇ ਚਰਚ-ਪਰੰਪਰਾ ਨੂੰ ਸਮਝਣ ਅਤੇ ਇਨ੍ਹਾਂ ਦੀ ਪੁਸ਼ਟੀ ਕਰਨ ਲਈ ਅਫਲਾਤੂਨੀ ਫ਼ਲਸਫ਼ੇ ਨੂੰ ਸਭ ਤੋਂ ਉੱਤਮ ਗਿਣਿਆ।”
ਅਫਲਾਤੂਨ ਖ਼ੁਦ ਅਮਰ ਆਤਮਾ ਵਿਚ ਪੱਕਾ ਵਿਸ਼ਵਾਸ ਕਰਨ ਲੱਗ ਪਿਆ ਸੀ। ਇਕ ਮੁੱਖ ਝੂਠੀ ਸਿੱਖਿਆ ਜੋ ਖ਼ਾਸ ਤੌਰ ਤੇ “ਈਸਾਈ” ਧਰਮ-ਸਿੱਖਿਆ ਵਿਚ ਹੌਲੀ-ਹੌਲੀ ਘੁਸ ਆਈ, ਉਹ ਹੈ ਕਿ ਆਤਮਾ ਅਮਰ ਹੈ। ਇਸ ਸਿੱਖਿਆ ਨੂੰ ਇਸ ਆਧਾਰ ਤੇ ਕਬੂਲ ਕਰਨਾ ਕਿ ਇਸ ਨੇ ਈਸਾਈ ਮੱਤ ਨੂੰ ਲੋਕ-ਪ੍ਰਿਅ ਬਣਾ ਦਿੱਤਾ ਗ਼ਲਤ ਹੈ। ਜਦੋਂ ਪੌਲੁਸ ਰਸੂਲ ਯੂਨਾਨੀ ਸਭਿਆਚਾਰ ਦੇ ਵਿਚਕਾਰ ਅਥੇਨੈ ਵਿਚ ਪ੍ਰਚਾਰ ਕਰ ਰਿਹਾ ਸੀ, ਤਾਂ ਉਸ ਨੇ ਆਤਮਾ ਬਾਰੇ ਇਹ ਅਫਲਾਤੂਨੀ ਸਿੱਖਿਆ ਨਹੀਂ ਸਿਖਾਈ ਸੀ। ਇਸ ਦੀ ਬਜਾਇ ਉਸ ਨੇ ਪੁਨਰ-ਉਥਾਨ ਦੇ ਸਿਧਾਂਤ ਬਾਰੇ ਪ੍ਰਚਾਰ ਕੀਤਾ, ਭਾਵੇਂ ਕਿ ਉੱਥੇ ਹਾਜ਼ਰ ਯੂਨਾਨੀਆਂ ਵਿੱਚੋਂ ਕਈਆਂ ਨੂੰ ਉਸ ਦੀ ਗੱਲ ਸਵੀਕਾਰ ਕਰਨੀ ਔਖੀ ਲੱਗੀ।—ਰਸੂਲਾਂ ਦੇ ਕਰਤੱਬ 17:22-32.
ਯੂਨਾਨੀ ਫ਼ਲਸਫ਼ੇ ਤੋਂ ਉਲਟ, ਬਾਈਬਲ ਠੀਕ ਤਰ੍ਹਾਂ ਦਿਖਾਉਂਦੀ ਹੈ ਕਿ ਮੌਤ ਹੋਣ ਤੇ ਸਭ ਕੁਝ ਮਰ ਜਾਂਦਾ ਹੈ, ਯਾਨੀ ਕੁਝ ਵੀ ਜ਼ਿੰਦਾ ਨਹੀਂ ਰਹਿੰਦਾ। (ਹਿਜ਼ਕੀਏਲ 18:4) ਉਪਦੇਸ਼ਕ ਦੀ ਪੋਥੀ 9:5 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” ਬਾਈਬਲ ਵਿਚ ਅਮਰ ਆਤਮਾ ਦੀ ਸਿੱਖਿਆ ਨਹੀਂ ਮਿਲਦੀ।
ਧੋਖਾ ਦੇਣ ਵਾਲੀ ਇਕ ਹੋਰ ਸਿੱਖਿਆ ਯਿਸੂ ਦੇ ਪੂਰਵ-ਮਾਨਵੀ ਦਰਜੇ ਬਾਰੇ ਹੈ ਕਿ ਉਹ ਆਪਣੇ ਪਿਤਾ ਦੇ ਬਰਾਬਰ ਸੀ। ਪਹਿਲੀਆਂ ਤਿੰਨ ਸਦੀਆਂ ਦਾ ਚਰਚ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ: “ਤ੍ਰਿਏਕ ਦਾ ਸਿਧਾਂਤ . . . ਯਹੂਦੀ ਅਤੇ ਮਸੀਹੀ ਸ਼ਾਸਤਰ ਦੀ ਬਜਾਇ ਕਿਸੇ ਓਪਰੇ ਸੋਮੇ ਵਿੱਚੋਂ ਸ਼ੁਰੂ ਹੋਇਆ ਸੀ।” ਇਹ ਕਿੱਥੋਂ ਸ਼ੁਰੂ ਹੋਇਆ ਸੀ? ਇਹ ਸਿਧਾਂਤ “ਪ੍ਰਫੁੱਲਤ ਹੋਇਆ, ਅਤੇ ਅਫਲਾਤੂਨੀ ਪਿਤਾਵਾਂ ਦੇ ਹੱਥੀਂ ਈਸਾਈ ਮੱਤ ਵਿਚ ਜੋੜਿਆ ਗਿਆ ਸੀ।”
ਅਸਲ ਵਿਚ, ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤੇ ਚਰਚ ਦੇ ਪਿਤਾ ਨਵ-ਅਫਲਾਤੂਨਵਾਦ ਪ੍ਰਭਾਵ ਹੇਠ ਆਈ ਗਏ, ਤ੍ਰਿਏਕਵਾਦੀਆਂ ਦੇ ਮਗਰ ਜ਼ਿਆਦਾ ਲੋਕ ਲੱਗਣ ਲੱਗ ਪਏ। ਤੀਜੀ ਸਦੀ ਦੇ ਨਵ-ਅਫਲਾਤੂਨੀ ਫ਼ਲਸਫ਼ੇ ਨੇ ਉਨ੍ਹਾਂ ਨੂੰ ਉਹ ਸਮਝੌਤਾ ਕਰ ਲੈਣ ਦਿੱਤਾ ਜੋ ਸਮਝ ਤੋਂ ਪਾਰ ਸੀ, ਯਾਨੀ ਕਿ ਤਿਗੁਣੇ ਈਸ਼ਵਰ ਨੂੰ ਇਕ ਬਣਾ ਦੇਣਾ। ਫ਼ਲਸਫ਼ੇ-ਸੰਬੰਧੀ ਤਰਕ ਦੇ ਨਾਲ ਉਹ ਕਹਿਣ ਲੱਗੇ ਕਿ ਤਿੰਨ ਸ਼ਖ਼ਸ ਇਕ ਈਸ਼ਵਰ ਹੋ ਸਕਦੇ ਹਨ, ਅਤੇ ਆਪਣੀ-ਆਪਣੀ ਸ਼ਖ਼ਸੀਅਤ ਵੀ ਰੱਖ ਸਕਦੇ ਹਨ!
ਪਰ ਬਾਈਬਲ ਦੀ ਸੱਚਾਈ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਯਿਸੂ ਮਸੀਹ ਘੱਟ ਦਰਜੇ ਤੇ ਪਰਮੇਸ਼ੁਰ ਦਾ ਸਿਰਜਿਆ ਹੋਇਆ ਪੁੱਤਰ ਹੈ, ਅਤੇ ਪਵਿੱਤਰ ਆਤਮਾ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ। (ਬਿਵਸਥਾ ਸਾਰ 6:4; ਯਸਾਯਾਹ 45:5; ਰਸੂਲਾਂ ਦੇ ਕਰਤੱਬ 2:4; ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14) ਤ੍ਰਿਏਕ ਦਾ ਸਿਧਾਂਤ ਅਕਾਲ ਪੁਰਖ ਦਾ ਨਿਰਾਦਰ ਕਰਦਾ ਹੈ ਅਤੇ ਲੋਕਾਂ ਨੂੰ ਉਲਝਣ ਵਿਚ ਪਾ ਕੇ ਉਨ੍ਹਾਂ ਨੂੰ ਨਾ ਸਮਝੇ ਜਾਣ ਵਾਲੇ ਪਰਮੇਸ਼ੁਰ ਤੋਂ ਮੂੰਹ ਮੁੜਵਾਉਂਦਾ ਹੈ।
ਮਸੀਹੀ ਸੋਚਣੀ ਉੱਤੇ ਨਵ-ਅਫਲਾਤੂਨੀ ਪ੍ਰਭਾਵ ਕਰਕੇ ਇਕ ਹੋਰ ਚੀਜ਼ ਦਾ ਵੀ ਨੁਕਸਾਨ ਹੋਇਆ, ਉਹ ਸੀ ਹਜ਼ਾਰ ਸਾਲ ਦੇ ਯੁਗ ਦੀ ਸ਼ਾਸਤਰ-ਆਧਾਰਿਤ ਆਸ। (ਪਰਕਾਸ਼ ਦੀ ਪੋਥੀ 20:4-6) ਇਸ ਯੁਗ ਵਿਚ ਆਸ ਕਰਨ ਵਾਲਿਆਂ ਦੀ ਨਿੰਦਾ ਕਰਨ ਲਈ ਔਰਿਗਨ ਮਸ਼ਹੂਰ ਸੀ। ਉਹ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਠੋਸ ਆਧਾਰਿਤ ਬਾਈਬਲੀ ਸਿੱਖਿਆ ਦੇ ਕਿਉਂ ਇੰਨਾ ਖ਼ਿਲਾਫ਼ ਸੀ? ਦ ਕੈਥੋਲਿਕ ਐਨਸਾਈਕਲੋਪੀਡੀਆ ਜਵਾਬ ਦਿੰਦਾ ਹੈ: “ਨਵ-ਅਫਲਾਤੂਨਵਾਦ ਦੇ ਕਰਕੇ ਜਿਸ ਉੱਤੇ ਉਸ ਦੇ ਸਿਧਾਂਤ ਆਧਾਰਿਤ ਸਨ . . . [ਔਰਿਗਨ] ਹਜ਼ਾਰ ਸਾਲ ਦੇ ਯੁਗ ਵਿਚ ਵਿਸ਼ਵਾਸ ਕਰਨ ਵਾਲਿਆਂ ਦਾ ਪੱਖ ਨਹੀਂ ਪੂਰ ਸਕਦਾ ਸੀ।”
ਸੱਚਾਈ
ਉੱਪਰ ਦੱਸੀਆਂ ਗਈਆਂ ਘਟਨਾਵਾਂ ਵਿੱਚੋਂ ਇਕ ਵੀ ਸੱਚਾਈ ਨਾਲ ਸੰਬੰਧ ਨਹੀਂ ਰੱਖਦੀ। ਇਹ ਸੱਚਾਈ ਬਾਈਬਲ ਵਿਚ ਪਾਈਆਂ ਜਾਂਦੀਆਂ ਸਾਰੀਆਂ ਮਸੀਹੀ ਸਿੱਖਿਆਵਾਂ ਹਨ। (2 ਕੁਰਿੰਥੀਆਂ 4:2; ਤੀਤੁਸ 1:1, 14; 2 ਯੂਹੰਨਾ 1-4) ਸੱਚਾਈ ਦਾ ਇੱਕੋ-ਇਕ ਸ੍ਰੋਤ ਬਾਈਬਲ ਹੈ।—ਯੂਹੰਨਾ 17:17; 2 ਤਿਮੋਥਿਉਸ 3:16.
ਪਰ ਯਹੋਵਾਹ, ਸੱਚਾਈ, ਮਨੁੱਖਜਾਤੀ, ਅਤੇ ਸਦੀਪਕ ਜੀਵਨ ਦੇ ਦੁਸ਼ਮਣ ਨੇ ਅਨੇਕਾਂ ਚਲਾਕ ਤਰੀਕਿਆਂ ਨਾਲ ਸੱਚਾਈ ਵਿਚ ਮਿਲਾਵਟ ਪਾਈ। ਉਹ ਦੁਸ਼ਮਣ ਸ਼ਤਾਨ ਅਰਥਾਤ ਇਬਲੀਸ ਹੈ, ਜੋ “ਮਨੁੱਖ ਘਾਤਕ” ਅਤੇ ‘ਝੂਠ ਦਾ ਪਤੰਦਰ” ਹੈ। (ਯੂਹੰਨਾ 8:44. 2 ਕੁਰਿੰਥੀਆਂ 11:3 ਦੀ ਤੁਲਨਾ ਕਰੋ।) ਮਸੀਹੀ ਸਿੱਖਿਆਵਾਂ ਦੀ ਬਣਤਰ ਅਤੇ ਵਿਸ਼ੇਸ਼ਤਾ ਨੂੰ ਬਦਲਣ ਦੀ ਕੋਸ਼ਿਸ਼ ਵਿਚ ਸ਼ਤਾਨ ਦੇ ਹੱਥੀਂ ਜ਼ਬਰਦਸਤ ਸੰਦਾਂ ਵਿੱਚੋਂ ਯੂਨਾਨੀ ਫ਼ਿਲਾਸਫ਼ਰਾਂ ਦੀਆਂ ਸਿੱਖਿਆਵਾਂ, ਜੋ ਕਿ ਉਸ ਦੀ ਆਪਣੀ ਸੋਚਣੀ ਜ਼ਾਹਰ ਕਰਦੀਆਂ ਹਨ, ਇਕ ਮੁੱਖ ਸੰਦ ਰਿਹਾ ਹੈ।
ਮਸੀਹੀ ਸਿੱਖਿਆ ਅਤੇ ਯੂਨਾਨੀ ਫ਼ਲਸਫ਼ੇ ਨੂੰ ਰਲ਼-ਮਿਲਾਉਣਾ ਅਸਲ ਵਿਚ ਬਾਈਬਲ ਦੀ ਸੱਚਾਈ ਨੂੰ ਮੱਠਾ ਕਰਨ ਦਾ ਜਤਨ ਹੈ। ਇਸ ਤਰ੍ਹਾਂ ਨਿਮਰ, ਸੁਹਿਰਦ ਲੋਕਾਂ ਲਈ ਜੋ ਸੱਚਾਈ ਸਿੱਖਣੀ ਚਾਹੁੰਦੇ ਹਨ, ਬਾਈਬਲ ਦੀ ਸੱਚਾਈ ਦੀ ਖਿੱਚ ਘੱਟ ਜਾਂਦੀ ਹੈ। (1 ਕੁਰਿੰਥੀਆਂ 3:1, 2, 19, 20) ਇਹ ਰਲ਼-ਮਿਲਾਵਟ ਬਾਈਬਲ ਦੀ ਸਪੱਸ਼ਟ ਅਤੇ ਸੁੱਚੀ ਸਿੱਖਿਆ ਨੂੰ ਭ੍ਰਿਸ਼ਟ ਕਰ ਕੇ ਸੱਚ ਅਤੇ ਝੂਠ ਵਿਚ ਫ਼ਰਕ ਦੇਖਣਾ ਮੁਸ਼ਕਲ ਬਣਾਉਂਦੀ ਹੈ।
ਕਲੀਸਿਯਾ ਦੇ ਸਿਰ, ਯਿਸੂ ਮਸੀਹ, ਦੀ ਅਗਵਾਈ ਦੇ ਅਧੀਨ ਅੱਜ ਸੱਚੀ ਮਸੀਹੀ ਸਿੱਖਿਆ ਮੁੜ-ਬਹਾਲ ਕੀਤੀ ਗਈ ਹੈ। ਇਸ ਤੋਂ ਵੱਧ, ਸੱਚੇ ਦਿਲ ਨਾਲ ਸੱਚਾਈ ਨੂੰ ਭਾਲਣ ਵਾਲੇ ਲੋਕ ਸੱਚੀ ਮਸੀਹੀ ਕਲੀਸਿਯਾ ਨੂੰ ਆਸਾਨੀ ਨਾਲ ਉਸ ਦੇ ਫਲਾਂ ਤੋਂ ਪਛਾਣ ਸਕਦੇ ਹਨ। (ਮੱਤੀ 7:16, 20) ਯਹੋਵਾਹ ਦੇ ਗਵਾਹ ਅਜਿਹੇ ਲੋਕਾਂ ਦੀ ਮਦਦ ਕਰਨ ਵਾਸਤੇ ਤਿਆਰ ਅਤੇ ਉਤਾਵਲੇ ਹਨ, ਤਾਂਕਿ ਉਹ ਸੱਚਾਈ ਦੇ ਸੁੱਚੇ ਪਾਣੀ ਨੂੰ ਭਾਲ ਸਕਣ ਅਤੇ ਸਾਡੇ ਪਿਤਾ, ਯਹੋਵਾਹ, ਦੁਆਰਾ ਪੇਸ਼ ਕੀਤੀ ਗਈ ਹਮੇਸ਼ਾ ਦੀ ਜ਼ਿੰਦਗੀ ਨੂੰ ਪੱਕੀ ਤਰ੍ਹਾਂ ਫੜ ਸਕਣ।—ਯੂਹੰਨਾ 4:14; 1 ਤਿਮੋਥਿਉਸ 6:19.
[ਸਫ਼ੇ 11 ਉੱਤੇ ਤਸਵੀਰ]
ਅਗਸਟੀਨ
[ਸਫ਼ੇ 10 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Greek text: From the book Ancient Greek Writers: Plato’s Phaedo, 1957, Ioannis N. Zacharopoulos, Athens; Plato: Musei Capitolini, Roma