ਕੀ ਕੋਈ ਕਿਸੇ ਬਾਰੇ ਅਸਲ ਵਿਚ ਪਰਵਾਹ ਕਰਦਾ ਹੈ?
“ਸਤਾਇਆਂ ਹੋਇਆਂ ਦੇ ਅੰਝੂ” ਹੜ੍ਹ ਵਾਂਗ ਵਗ ਰਹੇ ਹਨ। ਸਤਾਏ ਹੋਏ ਲੋਕ ਸੰਸਾਰ-ਭਰ ਵਿਚ ਬਹੁਤ “ਸਖ਼ਤੀਆਂ” ਦੇ ਕਾਰਨ ਹੰਝੂ ਵਹਾ ਰਹੇ ਹਨ। ਦੁਖੀ ਲੋਕ ਅਕਸਰ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ‘ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ,’ ਮਤਲਬ ਕਿ ਉਨ੍ਹਾਂ ਦੀ ਅਸਲ ਵਿਚ ਕੋਈ ਪਰਵਾਹ ਨਹੀਂ ਕਰਦਾ ਹੈ।—ਉਪਦੇਸ਼ਕ ਦੀ ਪੋਥੀ 4:1.
ਹੰਝੂਆਂ ਦੇ ਇਸ ਹੜ੍ਹ ਦੇ ਬਾਵਜੂਦ, ਕਈ ਲੋਕ ਦੁਖੀਆਂ ਨੂੰ ਦੇਖ ਕੇ ਆਪ ਜ਼ਰਾ ਵੀ ਦੁਖੀ ਨਹੀਂ ਹੁੰਦੇ। ਦੂਜਿਆਂ ਦੇ ਦੁੱਖ ਨੂੰ ਦੇਖ ਕੇ ਉਹ ਉਸੇ ਤਰੀਕੇ ਵਿਚ ਆਪਣੀਆਂ ਅੱਖਾਂ ਮੀਟ ਲੈਂਦੇ ਹਨ ਜਿਵੇਂ ਯਿਸੂ ਮਸੀਹ ਦੇ ਦ੍ਰਿਸ਼ਟਾਂਤ ਵਿਚ ਇਕ ਗਰੰਥੀ ਅਤੇ ਇਕ ਲੇਵੀ ਨੇ ਆਪਣੀਆਂ ਅੱਖਾਂ ਮੀਟ ਲਈਆਂ ਸਨ ਜਦੋਂ ਉਨ੍ਹਾਂ ਨੇ ਇਕ ਮਨੁੱਖ ਨੂੰ ਦੇਖਿਆ ਸੀ ਜਿਸ ਨੂੰ ਡਾਕੂਆਂ ਨੇ ਮਾਰਿਆ-ਕੁੱਟਿਆ ਅਤੇ ਸੜਕ ਤੇ ਅਧਮੋਇਆ ਛੱਡ ਦਿੱਤਾ ਸੀ। (ਲੂਕਾ 10:30-32) ਜਦ ਤਕ ਉਹ ਅਤੇ ਉਨ੍ਹਾਂ ਦੇ ਆਪਣੇ ਪਰਿਵਾਰ ਸਹੀ-ਸਲਾਮਤ ਹਨ, ਉਨ੍ਹਾਂ ਨੂੰ ਹੋਰ ਕਿਸੇ ਦੀ ਕੋਈ ਚਿੰਤਾ ਨਹੀਂ ਹੈ। ਅਸਲ ਵਿਚ ਉਹ ਸੋਚਦੇ ਹਨ ਕਿ “ਸਾਨੂੰ ਕੀ!”
ਇਹ ਸੁਣ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਪੌਲੁਸ ਰਸੂਲ ਨੇ ਪਹਿਲਾਂ ਦੱਸਿਆ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਬਹੁਤੇ ਲੋਕ “ਨਿਰਮੋਹ” ਹੋਣਗੇ। (2 ਤਿਮੋਥਿਉਸ 3:1, 3) ਇਕ ਬੰਦੇ ਨੇ ਅਜਿਹਾ ਰਵੱਈਆ ਦੇਖ ਕੇ ਗਿਲਾ ਕੀਤਾ ਕਿ “ਆਇਰਲੈਂਡ ਦੇ ਲੋਕੀ ਬਹੁਤ ਹੀ ਮਤਲਬੀ ਹਨ ਅਤੇ ਪਹਿਲਾਂ ਵਾਂਗ ਇਕ ਦੂਜੇ ਨਾਲ ਹਮਦਰਦ ਨਹੀਂ ਹਨ।” ਸੰਸਾਰ-ਭਰ ਵਿਚ ਲੋਕ ਮਤਲਬੀ ਹਨ ਅਤੇ ਉਨ੍ਹਾਂ ਨੂੰ ਦੂਜਿਆਂ ਦੀ ਮੰਦੀ ਹਾਲਤ ਬਾਰੇ ਕੋਈ ਪਰਵਾਰ ਨਹੀਂ ਹੈ।
ਪਰਵਾਹ ਦੀ ਕਿੰਨੀ ਜ਼ਰੂਰਤ
ਸਾਨੂੰ ਸੱਚ-ਮੁੱਚ ਹੀ ਦੂਜਿਆਂ ਦੁਆਰਾ ਪਰਵਾਹ ਦੀ ਕਿੰਨੀ ਜ਼ਰੂਰਤ ਹੈ। ਜਰਮਨੀ ਵਿਚ ਉਸ ਇਕੱਲੇ ਬੰਦੇ ਦੀ ਮਿਸਾਲ ਉੱਤੇ ਜ਼ਰਾ ਗੌਰ ਕਰੋ ਜੋ “ਕ੍ਰਿਸਮਸ ਤੇ ਆਪਣੀ ਮੌਤ ਹੋਣ ਤੋਂ ਪੰਜ ਸਾਲ ਬਾਅਦ, ਟੈਲੀਵਿਯਨ ਮੋਹਰੇ ਬੈਠਾ ਲੱਭਿਆ ਗਿਆ।” ਦੁੱਖਾਂ ਦੇ ਮਾਰੇ ਹੋਏ ਇਸ “ਤਲਾਕ-ਸ਼ੁਦਾ ਅਤੇ ਅਪੰਗ ਕੱਲਮ-ਕੱਲੇ ਬੰਦੇ” ਬਾਰੇ ਉਦੋਂ ਤਕ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਜਦ ਤਕ ਬੈਂਕ ਵਿਚ ਉਸ ਦੇ ਪੈਸੇ ਨਹੀਂ ਖ਼ਤਮ ਹੋ ਗਏ ਜਿੱਥੋਂ ਉਸ ਦਾ ਕਿਰਾਇਆ ਭਰਿਆ ਜਾਂਦਾ ਸੀ। ਕਿਸੇ ਨੂੰ ਉਸ ਦੀ ਅਸਲ ਵਿਚ ਕੋਈ ਪਰਵਾਹ ਨਹੀਂ ਸੀ।
ਉਨ੍ਹਾਂ ਕਠੋਰ ਅਤੇ ਜ਼ੁਲਮੀ ਹਾਕਮਾਂ ਦੇ ਹੱਥਾਂ ਵਿਚ ਪਏ ਲੋਕਾਂ ਬਾਰੇ ਵੀ ਜ਼ਰਾ ਸੋਚੋ ਜਿਨ੍ਹਾਂ ਦਾ ਕੋਈ ਵੀ ਨਹੀਂ ਹੈ। ਇਕ ਇਲਾਕੇ ਵਿਚ, ਤਕਰੀਬਨ 2,00,000 ਲੋਕ (ਆਬਾਦੀ ਦਾ ਚੌਥਾ ਹਿੱਸਾ) “ਦਬਾਉ ਅਤੇ ਕਾਲ ਦੇ ਕਾਰਨ ਮਰ ਗਏ” ਜਦੋਂ ਲੜਾਈ ਵਿਚ ਉਨ੍ਹਾਂ ਦਾ ਦੇਸ਼ ਲੁੱਟਿਆ ਗਿਆ। ਜਾਂ ਉਨ੍ਹਾਂ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਇੰਨਾ ਜ਼ੁਲਮ ਹੋਇਆ ਕਿ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਕ ਰਿਪੋਰਟ ਅਨੁਸਾਰ, “ਪਤਾ ਨਹੀਂ ਕਿ [ਇਕ ਦੇਸ਼] ਵਿਚ ਬੱਚਿਆਂ ਦੀਆਂ ਨਜ਼ਰਾਂ ਸਾਮ੍ਹਣੇ ਕਤਲ, ਮਾਰ-ਕੁਟਾਈ, ਅਤੇ ਬਲਾਤਕਾਰ ਵਰਗੇ ਕਿੰਨੇ ਕੁ ਜ਼ੁਲਮ ਹੋਏ ਹਨ ਜਿਹੜੇ ਕਈ ਵਾਰ ਦੂਜਿਆਂ ਨੌਜਵਾਨਾਂ ਨੇ ਕੀਤੇ ਹਨ।” ਤੁਸੀਂ ਸਮਝ ਸਕਦੇ ਹੋ ਕਿ ਅਜਿਹੇ ਅਨਿਆਂ ਤੋਂ ਦੁਖੀ ਹੋ ਕੇ ਕੋਈ ਵਿਅਕਤੀ ਰੋ ਰੋ ਕੇ ਇਹ ਸਵਾਲ ਕਿਉਂ ਪੁੱਛ ਸਕਦਾ ਹੈ ਕਿ “ਕੀ ਕੋਈ ਮੇਰੀ ਅਸਲ ਵਿਚ ਪਰਵਾਹ ਕਰਦਾ ਹੈ?”
ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਅਨੁਸਾਰ ਗ਼ਰੀਬ ਦੇਸ਼ਾਂ ਵਿਚ ਇਕ ਅਰਬ ਤਿੰਨ ਕਰੋੜ ਲੋਕਾਂ ਕੋਲ ਗੁਜ਼ਾਰਾ ਕਰਨ ਲਈ ਰੋਜ਼ ਇਕ ਅਮਰੀਕਨ ਡਾਲਰ ਨਾਲੋਂ ਵੀ ਘੱਟ ਪੈਸਾ ਹੁੰਦਾ ਹੈ। ਉਹ ਜ਼ਰੂਰ ਸੋਚਦੇ ਹੋਣਗੇ ਕਿ ਕੀ ਕੋਈ ਸਾਡੀ ਵੀ ਪਰਵਾਹ ਕਰਦਾ ਹੈ। ਹਜ਼ਾਰਾਂ ਹੀ ਰਫਿਊਜੀ ਵੀ ਇਹੀ ਸੋਚਦੇ ਹਨ। ਉਨ੍ਹਾਂ ਬਾਰੇ ਦ ਆਇਰਿਸ਼ ਟਾਈਮਜ਼ ਅਖ਼ਬਾਰ ਕਹਿੰਦਾ ਹੈ ਕਿ ‘ਉਹ ਜਾਂ ਤਾਂ ਇਕ ਰਫਿਊਜੀ ਕੈਂਪ ਜਾਂ ਓਪਰੇ ਦੇਸ਼ ਵਿਚ ਰਹਿਣ ਲਈ ਮਜਬੂਰ ਹਨ ਜਾਂ ਉਹ ਆਪਣੇ ਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ ਜਿੱਥੇ ਅਜੇ ਵੀ ਲੜਾਈ ਲੱਗੀ ਹੋਈ ਹੈ ਜਾਂ ਨਸਲੀ ਫੁੱਟ ਛਿੜੀ ਹੋਈ ਹੈ।’ ਉਹੀ ਰਿਪੋਰਟ ਲੋਕਾਂ ਨੂੰ ਇਹ ਕਰਨ ਲਈ ਆਖਦੀ ਹੈ: “ਆਪਣੀਆਂ ਅੱਖਾਂ ਬੰਦ ਕਰ ਕੇ ਸਿਰਫ਼ ਤਿੰਨ ਤਕ ਗਿਣੋ, ਇਸੇ ਪਲ ਦੇ ਅੰਦਰ-ਅੰਦਰ ਇਕ ਬਾਲਕ ਨੇ ਆਪਣੇ ਅਖ਼ੀਰਲੇ ਸਵਾਸ ਲੈ ਲਏ ਹਨ। ਉਹ 35,000 ਬੱਚਿਆਂ ਵਿੱਚੋਂ ਇਕ ਹੈ ਜੋ ਅੱਜ ਅਪੂਰਣ ਖ਼ੁਰਾਕ, ਜਾਂ ਕਿਸੇ ਬੀਮਾਰੀ ਕਾਰਨ ਮਰ ਗਿਆ ਹੈ ਜਿਸ ਤੋਂ ਬਚਾਉ ਹੋ ਸਕਦਾ ਸੀ।” ਇਸ ਤੋਂ ਲੂੰ-ਕੰਡੇ ਖੜ੍ਹੇ ਹੁੰਦੇ ਹਨ। ਇਸ ਲਈ ਕੋਈ ਹੈਰਾਨੀ ਨਹੀਂ ਹੈ ਕਿ ਦੁੱਖਾਂ ਦੇ ਮਾਰੇ ਬਹੁਤ ਸਾਰੇ ਲੋਕ ਗਿਲਾ ਕਰਦੇ ਹਨ!—ਅੱਯੂਬ 7:11.
ਕੀ ਪਹਿਲਾਂ ਹੀ ਕਿਤੇ ਇਸ ਦਾ ਇਰਾਦਾ ਕੀਤਾ ਗਿਆ ਸੀ ਕਿ ਹਾਲਾਤ ਇਸ ਤਰ੍ਹਾਂ ਦੇ ਹੋਣਗੇ? ਸੱਚ-ਸੱਚ, ਕੀ ਕੋਈ ਅਜਿਹਾ ਵਿਅਕਤੀ ਹੈ ਜੋ ਸਿਰਫ਼ ਪਰਵਾਹ ਹੀ ਨਹੀਂ ਕਰਦਾ, ਪਰ ਜਿਸ ਕੋਲ ਸਾਰਿਆਂ ਦੇ ਕਸ਼ਟ ਅਤੇ ਦੁੱਖ ਦੂਰ ਕਰਨ ਦੀ ਸ਼ਕਤੀ ਹੈ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Cover and page 32: Reuters/Nikola Solic/Archive Photos
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
A. Boulat/Sipa Press