ਕੀ ਯਹੋਵਾਹ ਸਾਡੇ ਤੋਂ ਬਹੁਤ ਕੁਝ ਮੰਗਦਾ ਹੈ?
“ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.
1. ਕਈ ਲੋਕ ਯਹੋਵਾਹ ਦੀ ਸੇਵਾ ਕਿਉਂ ਨਹੀਂ ਕਰਦੇ?
ਯਹੋਵਾਹ ਆਪਣਿਆਂ ਲੋਕਾਂ ਤੋਂ ਕੁਝ ਮੰਗਦਾ ਹੈ। ਮੀਕਾਹ ਦੀ ਭਵਿੱਖਬਾਣੀ ਵਿੱਚੋਂ ਉੱਪਰ ਦਿੱਤੇ ਗਏ ਸ਼ਬਦ ਪੜ੍ਹ ਕੇ ਤੁਸੀਂ ਸ਼ਾਇਦ ਸੋਚੋਗੇ ਕਿ ਪਰਮੇਸ਼ੁਰ ਦੀਆਂ ਇਹ ਮੰਗਾਂ ਜਾਇਜ਼ ਹਨ। ਫਿਰ ਵੀ, ਕਈ ਲੋਕ ਸਾਡੇ ਉੱਤਮ ਸ੍ਰਿਸ਼ਟੀਕਰਤਾ ਦੀ ਸੇਵਾ ਨਹੀਂ ਕਰਦੇ, ਅਤੇ ਕਈ ਜੋ ਪਹਿਲਾਂ ਉਸ ਦੀ ਸੇਵਾ ਕਰਦੇ ਸਨ ਹੁਣ ਹਟ ਗਏ ਹਨ। ਕਿਉਂ? ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਸਾਡੇ ਤੋਂ ਬਹੁਤ ਜ਼ਿਆਦਾ ਮੰਗਦਾ ਹੈ। ਪਰ, ਕੀ ਉਹ ਸੱਚ-ਮੁੱਚ ਬਹੁਤ ਮੰਗਦਾ ਹੈ? ਜਾਂ ਕੀ ਯਹੋਵਾਹ ਦੀਆਂ ਮੰਗਾਂ ਦੇ ਸੰਬੰਧ ਵਿਚ ਉਨ੍ਹਾਂ ਦਾ ਰਵੱਈਆ ਗ਼ਲਤ ਹੈ? ਇਕ ਇਤਿਹਾਸਕ ਬਿਰਤਾਂਤ ਸਾਨੂੰ ਇਸ ਮਾਮਲੇ ਬਾਰੇ ਸਮਝਾਉਂਦਾ ਹੈ।
2. ਨਅਮਾਨ ਕੌਣ ਸੀ, ਅਤੇ ਯਹੋਵਾਹ ਦੇ ਨਬੀ ਨੇ ਉਸ ਨੂੰ ਕੀ ਕਰਨ ਲਈ ਕਿਹਾ?
2 ਅਰਾਮ ਦੇਸ਼ ਦੇ ਸੈਨਾਪਤੀ ਨਅਮਾਨ ਨੂੰ ਕੋੜ੍ਹ ਹੋਇਆ ਸੀ, ਇਸ ਲਈ ਉਸ ਨੂੰ ਸਲਾਹ ਦਿੱਤੀ ਗਈ ਕਿ ਉਹ ਇਸਰਾਏਲ ਨੂੰ ਜਾ ਕੇ ਯਹੋਵਾਹ ਦੇ ਨਬੀ ਨੂੰ ਮਿਲੇ ਜੋ ਉਸ ਨੂੰ ਠੀਕ ਕਰ ਸਕਦਾ ਸੀ। ਨਅਮਾਨ ਅਤੇ ਉਸ ਦੇ ਨੌਕਰਾਂ ਨੇ ਇਸਰਾਏਲ ਨੂੰ ਸਫ਼ਰ ਕੀਤਾ ਅਤੇ ਅਖ਼ੀਰ ਵਿਚ ਪਰਮੇਸ਼ੁਰ ਦੇ ਨਬੀ ਅਲੀਸ਼ਾ ਦੇ ਘਰ ਪਹੁੰਚੇ। ਘਰੋਂ ਨਿਕਲ ਕੇ ਆਪਣੇ ਖ਼ਾਸ ਮਹਿਮਾਨ ਨੂੰ ਮਿਲਣ ਦੀ ਬਜਾਇ ਅਲੀਸ਼ਾ ਨੇ ਆਪਣੇ ਨੌਕਰ ਰਾਹੀਂ ਇਹ ਸੁਨੇਹਾ ਭੇਜਿਆ ਕਿ “ਜਾਹ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ।”—2 ਰਾਜਿਆਂ 5:10.
3. ਨਅਮਾਨ ਨੇ ਪਹਿਲਾਂ ਯਹੋਵਾਹ ਦੀ ਗੱਲ ਮੰਨਣ ਤੋਂ ਇਨਕਾਰ ਕਿਉਂ ਕੀਤਾ ਸੀ?
3 ਜੇਕਰ ਨਅਮਾਨ ਪਰਮੇਸ਼ੁਰ ਦੇ ਨਬੀ ਦੀਆਂ ਮੰਗਾਂ ਪੂਰੀਆਂ ਕਰੇਗਾ ਤਾਂ ਉਹ ਇਸ ਭੈੜੀ ਬੀਮਾਰੀ ਤੋਂ ਠੀਕ ਕੀਤਾ ਜਾਵੇਗਾ। ਇਸ ਲਈ, ਕੀ ਯਹੋਵਾਹ ਉਸ ਤੋਂ ਕੋਈ ਵੱਡੀ ਗੱਲ ਮੰਗ ਰਿਹਾ ਸੀ? ਬਿਲਕੁਲ ਨਹੀਂ। ਲੇਕਿਨ ਫਿਰ ਵੀ ਨਅਮਾਨ ਯਹੋਵਾਹ ਦੀ ਮੰਗ ਪੂਰੀ ਨਹੀਂ ਕਰਨੀ ਚਾਹੁੰਦਾ ਸੀ। ਉਸ ਨੇ ਇਤਰਾਜ਼ ਕੀਤਾ: “ਕੀ ਦੰਮਿਸਕ ਦੀਆਂ ਨਦੀਆਂ ਅਬਾਨਾਹ ਤੇ ਫਰ ਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ, ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸੱਕਦਾ ਸਾਂ?” ਸੋ ਨਅਮਾਨ ਮੁੜਿਆ ਅਤੇ ਗੁੱਸੇ ਨਾਲ ਚੱਲਿਆ ਗਿਆ।—2 ਰਾਜਿਆਂ 5:12.
4, 5. (ੳ) ਯਹੋਵਾਹ ਦੀ ਗੱਲ ਮੰਨਣ ਦਾ ਨਅਮਾਨ ਨੂੰ ਕਿਹੜੀ ਬਰਕਤ ਮਿਲੀ, ਅਤੇ ਬਰਕਤ ਮਿਲਣ ਤੇ ਉਸ ਨੇ ਕੀ ਕੀਤਾ? (ਅ) ਅਸੀਂ ਹੁਣ ਕਿਸ ਚੀਜ਼ ਉੱਤੇ ਧਿਆਨ ਦੇਵਾਂਗੇ?
4 ਨਅਮਾਨ ਦੀ ਅਸਲ ਵਿਚ ਕੀ ਸਮੱਸਿਆ ਸੀ? ਯਹੋਵਾਹ ਦੀ ਗੱਲ ਮੰਨਣੀ ਉਸ ਲਈ ਔਖੀ ਨਹੀਂ ਸੀ। ਨਅਮਾਨ ਦੇ ਸੇਵਕਾਂ ਨੇ ਸੋਚ-ਸਮਝ ਕੇ ਕਿਹਾ: “ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦ ਉਸ ਨੇ ਤੁਹਾਨੂੰ ਆਖਿਆ ਹੈ ਭਈ ਨਹਾ ਲੈ ਤੇ ਸ਼ੁੱਧ ਹੋ ਜਾਹ ਤਾਂ ਕਿੰਨਾ ਵਧੀਕ ਏਹ ਕਰਨਾ ਚਾਹੀਦਾ ਹੈ?” (2 ਰਾਜਿਆਂ 5:13) ਗੱਲ ਤਾਂ ਇਹ ਸੀ ਕਿ ਨਅਮਾਨ ਦਾ ਰਵੱਈਆ ਗ਼ਲਤ ਸੀ। ਉਸ ਨੇ ਸੋਚਿਆ ਕਿ ਉਸ ਨਾਲ ਉਹ ਆਦਰ-ਮਾਣ ਨਹੀਂ ਕੀਤਾ ਗਿਆ ਸੀ ਜਿਸ ਦਾ ਉਹ ਹੱਕਦਾਰ ਸੀ। ਅਤੇ ਉਸ ਤੋਂ ਅਜਿਹੀ ਗੱਲ ਮੰਗੀ ਗਈ ਸੀ ਜੋ ਉਸ ਨੂੰ ਬਹੁਤ ਹੀ ਫਜ਼ੂਲ ਅਤੇ ਘਟੀਆ ਲੱਗਦੀ ਸੀ। ਲੇਕਿਨ ਨਅਮਾਨ ਨੇ ਆਪਣੇ ਨੌਕਰ ਦੀ ਚੰਗੀ ਸਲਾਹ ਸੁਣੀ ਅਤੇ ਯਰਦਨ ਨਦੀ ਵਿੱਚ ਸੱਤ ਚੁੱਭੀਆਂ ਮਾਰੀਆਂ। ਉਸ ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ “ਉਹ ਦੀ ਦੇਹ ਿਨੱਕੇ ਬਾਲਕ ਦੀ ਦੇਹ ਵਰਗੀ ਸਾਫ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ।” ਉਹ ਬਹੁਤ ਹੀ ਧੰਨਵਾਦੀ ਸੀ। ਇਸ ਤੋਂ ਇਲਾਵਾ, ਨਅਮਾਨ ਨੇ ਐਲਾਨ ਕੀਤਾ ਕਿ ਉਹ ਹੁਣ ਯਹੋਵਾਹ ਦੇ ਸਿਵਾਇ ਹੋਰ ਕਿਸੇ ਰੱਬ ਦੀ ਉਪਾਸਨਾ ਨਹੀਂ ਕਰੇਗਾ।—2 ਰਾਜਿਆਂ 5:14-17.
5 ਮਾਨਵੀ ਇਤਿਹਾਸ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਈ ਨਿਯਮ ਦਿੱਤੇ ਹਨ। ਆਓ ਅਸੀਂ ਇਨ੍ਹਾਂ ਵਿੱਚੋਂ ਕੁਝ ਨਿਯਮਾਂ ਉੱਤੇ ਧਿਆਨ ਦੇਈਏ। ਧਿਆਨ ਦਿੰਦੇ ਸਮੇਂ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਕੀ ਕਰਦੇ ਜੇ ਯਹੋਵਾਹ ਨੇ ਤੁਹਾਡੇ ਤੋਂ ਇਹ ਗੱਲਾਂ ਮੰਗੀਆਂ ਹੁੰਦੀਆਂ। ਫਿਰ ਬਾਅਦ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਅੱਜ ਸਾਡੇ ਤੋਂ ਕੀ ਮੰਗਦਾ ਹੈ।
ਪਿਛਲਿਆਂ ਸਮਿਆਂ ਵਿਚ ਯਹੋਵਾਹ ਦੀਆਂ ਮੰਗਾਂ
6. ਪਹਿਲੇ ਜੋੜੇ ਨੂੰ ਕੀ ਕਰਨ ਲਈ ਕਿਹਾ ਗਿਆ ਸੀ, ਅਤੇ ਜੇ ਤੁਹਾਨੂੰ ਇਸ ਤਰ੍ਹਾਂ ਕਿਹਾ ਜਾਂਦੇ ਤਾਂ ਤੁਸੀਂ ਕੀ ਕਰਦੇ?
6 ਯਹੋਵਾਹ ਨੇ ਪਹਿਲੇ ਜੋੜੇ ਆਦਮ ਅਤੇ ਹੱਵਾਹ ਨੂੰ ਔਲਾਦ ਪਾਲਣ, ਧਰਤੀ ਨੂੰ ਭਰਨ ਅਤੇ ਜਾਨਵਰਾਂ ਨੂੰ ਆਪਣੇ ਵੱਸ ਵਿਚ ਕਰਨ ਦਾ ਹੁਕਮ ਦਿੱਤਾ ਸੀ। ਆਦਮ ਅਤੇ ਉਸ ਦੀ ਪਤਨੀ ਨੂੰ ਇਕ ਵੱਡੇ ਫਿਰਦੌਸ ਵਿਚ ਰਹਿਣ ਦੀ ਵੀ ਬਰਕਤ ਮਿਲੀ। (ਉਤਪਤ 1:27, 28; 2:9-15) ਲੇਕਿਨ ਇਕ ਪਾਬੰਦੀ ਸੀ। ਅਦਨ ਦੇ ਬਾਗ਼ ਦੇ ਕਈਆਂ ਫਲਾਂ ਵਾਲੇ ਦਰਖ਼ਤਾਂ ਵਿੱਚੋਂ ਉਨ੍ਹਾਂ ਲਈ ਇਕ ਖ਼ਾਸ ਦਰਖ਼ਤ ਤੋਂ ਖਾਣਾ ਮਨ੍ਹਾ ਸੀ। (ਉਤਪਤ 2:16, 17) ਕੀ ਇਹ ਕੋਈ ਵੱਡੀ ਗੱਲ ਸੀ? ਬਿਲਕੁਲ ਨਹੀਂ। ਕੀ ਤੁਸੀਂ ਅਜਿਹੇ ਕੰਮ ਨੂੰ ਪੂਰਾ ਕਰਨ ਵਿਚ ਖ਼ੁਸ਼ ਨਹੀਂ ਹੁੰਦੇ, ਜਿਸ ਵਿਚ ਸੰਪੂਰਣ ਸਿਹਤ ਨਾਲ ਸਦਾ ਲਈ ਜੀਉਂਦੇ ਰਹਿਣ ਦੀ ਸੰਭਾਵਨਾ ਸੀ? ਭਾਵੇਂ ਕੋਈ ਭਰਮਾਉਣ ਵਾਲਾ ਬਾਗ਼ ਵਿਚ ਆਵੇ ਕੀ ਤੁਸੀਂ ਉਸ ਦੀ ਗੱਲ ਨੂੰ ਰੱਦ ਨਹੀਂ ਕਰਦੇ? ਅਤੇ ਕੀ ਤੁਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਯਹੋਵਾਹ ਕੋਲ ਇਕ ਛੋਟੀ ਜਿਹੀ ਪਾਬੰਦੀ ਲਗਾਉਣ ਦਾ ਹੱਕ ਸੀ?—ਉਤਪਤ 3:1-5.
7. (ੳ) ਨੂਹ ਨੂੰ ਕਿਹੜਾ ਕੰਮ ਦਿੱਤਾ ਗਿਆ ਸੀ, ਅਤੇ ਉਸ ਨੇ ਕਿਸ ਤਰ੍ਹਾਂ ਦੀ ਵਿਰੋਧਤਾ ਦਾ ਸਾਮ੍ਹਣਾ ਕੀਤਾ? (ਅ) ਯਹੋਵਾਹ ਵੱਲੋਂ ਨੂਹ ਨੂੰ ਦਿੱਤੇ ਗਏ ਕੰਮ ਬਾਰੇ ਤੁਹਾਡਾ ਕੀ ਵਿਚਾਰ ਹੈ?
7 ਕਈ ਸਾਲ ਬਾਅਦ, ਵਿਸ਼ਵ-ਵਿਆਪੀ ਜਲ-ਪਰਲੋ ਵਿੱਚੋਂ ਬਚਣ ਲਈ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ। ਕਿਸ਼ਤੀ ਬਹੁਤ ਹੀ ਵੱਡੀ ਸੀ ਇਸ ਲਈ ਇਹ ਕੰਮ ਔਖਾ ਸੀ ਅਤੇ ਇਹ ਮਖੌਲ ਅਤੇ ਨਫ਼ਰਤ-ਭਰੇ ਮਾਹੌਲ ਵਿਚ ਕੀਤਾ ਗਿਆ ਸੀ। ਲੇਕਿਨ, ਨੂਹ ਲਈ ਆਪਣੇ ਪਰਿਵਾਰ ਨੂੰ, ਅਤੇ ਇਸ ਦੇ ਨਾਲ-ਨਾਲ ਕਈ ਜਾਨਵਰਾਂ ਨੂੰ ਵੀ ਬਚਾਉਣ ਦਾ ਇਹ ਕਿੰਨਾ ਵੱਡਾ ਸਨਮਾਨ ਸੀ! (ਉਤਪਤ 6:1-8, 14-16; ਇਬਰਾਨੀਆਂ 11:7; 2 ਪਤਰਸ 2:5) ਜੇਕਰ ਤੁਹਾਨੂੰ ਅਜਿਹਾ ਕੰਮ ਦਿੱਤਾ ਜਾਂਦਾ ਤਾਂ ਕੀ ਤੁਸੀਂ ਇਸ ਨੂੰ ਪੂਰਾ ਕਰਨ ਵਿਚ ਸਖ਼ਤ ਮਿਹਨਤ ਨਹੀਂ ਕਰਦੇ? ਜਾਂ ਕੀ ਤੁਸੀਂ ਇਹ ਕਹਿੰਦੇ ਕਿ ਯਹੋਵਾਹ ਤੁਹਾਡੇ ਤੋਂ ਬਹੁਤ ਜ਼ਿਆਦਾ ਮੰਗ ਰਿਹਾ ਹੈ?
8. ਅਬਰਾਹਾਮ ਨੂੰ ਕੀ ਕਰਨ ਲਈ ਕਿਹਾ ਗਿਆ ਸੀ, ਅਤੇ ਉਸ ਦੀ ਆਗਿਆਕਾਰਤਾ ਨੇ ਕਿਸ ਗੱਲ ਨੂੰ ਦਰਸਾਇਆ?
8 ਪਰਮੇਸ਼ੁਰ ਨੇ ਅਬਰਾਹਾਮ ਤੋਂ ਇਕ ਬਹੁਤ ਹੀ ਔਖੀ ਗੱਲ ਮੰਗੀ ਸੀ, ਉਸ ਨੇ ਕਿਹਾ: “ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ . . . ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।” (ਉਤਪਤ 22:2) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਸ ਵੇਲੇ ਬੇਔਲਾਦ ਇਸਹਾਕ ਦੀ ਅਗਾਂਹ ਸੰਤਾਨ ਹੋਵੇਗੀ। ਇਸ ਲਈ ਇਸਹਾਕ ਨੂੰ ਦੁਬਾਰਾ ਜੀਉਂਦਾ ਕਰਨ ਦੀ ਪਰਮੇਸ਼ੁਰ ਦੀ ਯੋਗਤਾ ਵਿਚ ਅਬਰਾਹਾਮ ਦੀ ਨਿਹਚਾ ਪਰਖੀ ਗਈ ਸੀ। ਜਦੋਂ ਅਬਰਾਹਾਮ ਇਸਹਾਕ ਦੀ ਬਲੀ ਚੜ੍ਹਾਉਣ ਹੀ ਵਾਲਾ ਸੀ, ਤਾਂ ਪਰਮੇਸ਼ੁਰ ਨੇ ਉਸ ਗੱਭਰੂ ਦੀ ਜਾਨ ਬਖ਼ਸ਼ੀ। ਇਸ ਗੱਲ ਨੇ ਦਰਸਾਇਆ ਕਿ ਪਰਮੇਸ਼ੁਰ ਆਪਣੇ ਪੁੱਤਰ ਨੂੰ ਮਨੁੱਖਜਾਤੀ ਲਈ ਬਲੀਦਾਨ ਕਰੇਗਾ ਅਤੇ ਫਿਰ ਉਸ ਨੂੰ ਜੀ ਉਠਾਏਗਾ।—ਉਤਪਤ 17:19; 22:9-18; ਯੂਹੰਨਾ 3:16; ਰਸੂਲਾਂ ਦੇ ਕਰਤੱਬ 2:23, 24, 29-32; ਇਬਰਾਨੀਆਂ 11:17-19.
9. ਯਹੋਵਾਹ ਅਬਰਾਹਾਮ ਤੋਂ ਬਹੁਤ ਜ਼ਿਆਦਾ ਕਿਉਂ ਨਹੀਂ ਮੰਗ ਰਿਹਾ ਸੀ?
9 ਕਈ ਸ਼ਾਇਦ ਸੋਚਣ ਕਿ ਯਹੋਵਾਹ ਪਰਮੇਸ਼ੁਰ ਅਬਰਾਹਾਮ ਤੋਂ ਕੁਝ ਜ਼ਿਆਦਾ ਹੀ ਮੰਗ ਰਿਹਾ ਸੀ। ਪਰ ਕੀ ਇਹ ਸੱਚ ਹੈ? ਕੀ ਸਾਡੇ ਤੋਂ ਆਗਿਆਕਾਰੀ ਮੰਗਣੀ, ਖ਼ਾਸ ਕਰਕੇ ਜੇ ਸਾਡੀ ਜਾਨ ਨੂੰ ਖ਼ਤਰਾ ਹੋਵੇ, ਸਾਡੇ ਸ੍ਰਿਸ਼ਟੀਕਰਤਾ ਵੱਲੋਂ ਨਿਰਮੋਹੀ ਹੈ ਭਾਵੇਂ ਕਿ ਉਹ ਮੁਰਦਿਆਂ ਨੂੰ ਜੀ ਉਠਾ ਸਕਦਾ ਹੈ? ਯਿਸੂ ਅਤੇ ਉਸ ਦੇ ਮੁਢਲਿਆਂ ਚੇਲਿਆਂ ਨੇ ਇਸ ਤਰ੍ਹਾਂ ਨਹੀਂ ਸੋਚਿਆ ਸੀ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਉਹ ਬਦਸਲੂਕੀ ਸਹਾਰਨ, ਇੱਥੋਂ ਤਕ ਕਿ ਆਪਣੀ ਜਾਨ ਵੀ ਦੇਣ ਲਈ ਤਿਆਰ ਸਨ। (ਯੂਹੰਨਾ 10:11, 17, 18; ਰਸੂਲਾਂ ਦੇ ਕਰਤੱਬ 5:40-42; 21:13) ਜੇ ਗੱਲ ਇਸ ਹੱਦ ਤਕ ਪਹੁੰਚੇ ਤਾਂ ਕੀ ਤੁਸੀਂ ਵੀ ਇਸ ਤਰ੍ਹਾਂ ਕਰਨ ਲਈ ਤਿਆਰ ਹੋਵੋਗੇ? ਇਨ੍ਹਾਂ ਕੁਝ ਚੀਜ਼ਾਂ ਉੱਤੇ ਧਿਆਨ ਦਿਓ ਜੋ ਯਹੋਵਾਹ ਨੇ ਉਨ੍ਹਾਂ ਤੋਂ ਮੰਗੀਆਂ ਸਨ ਜੋ ਉਸ ਦੀ ਸੇਵਾ ਕਰਨ ਲਈ ਰਾਜ਼ੀ ਹੋਏ ਸਨ।
ਇਸਰਾਏਲ ਲਈ ਯਹੋਵਾਹ ਦੀ ਬਿਵਸਥਾ
10. ਯਹੋਵਾਹ ਦੀ ਹਰੇਕ ਗੱਲ ਮੰਨਣ ਦਾ ਵਾਅਦਾ ਕਿਸ ਨੇ ਕੀਤਾ ਸੀ, ਅਤੇ ਉਸ ਨੇ ਉਨ੍ਹਾਂ ਨੂੰ ਕੀ ਦਿੱਤਾ?
10 ਅਬਰਾਹਾਮ ਦੇ ਪੁੱਤਰ ਇਸਹਾਕ ਅਤੇ ਪੋਤੇ ਯਾਕੂਬ, ਜਾਂ ਇਸਰਾਏਲ, ਰਾਹੀਂ ਉਸ ਦੀ ਸੰਤਾਨ ਇਸਰਾਏਲ ਦੀ ਕੌਮ ਬਣੀ। ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। (ਉਤਪਤ 32:28; 46:1-3; 2 ਸਮੂਏਲ 7:23, 24) ਇਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪਰਮੇਸ਼ੁਰ ਦਾ ਪੂਰੀ ਤਰ੍ਹਾਂ ਕਹਿਣਾ ਮੰਨਣਗੇ। ਉਨ੍ਹਾਂ ਨੇ ਕਿਹਾ “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:8) ਕਿਉਂ ਜੋ ਇਸਰਾਏਲੀ ਯਹੋਵਾਹ ਦੇ ਅਧੀਨ ਰਹਿਣਾ ਚਾਹੁੰਦੇ ਸਨ ਉਸ ਨੇ ਉਨ੍ਹਾਂ ਨੂੰ 600 ਤੋਂ ਜ਼ਿਆਦਾ ਨਿਯਮ ਦਿੱਤੇ, ਜਿਨ੍ਹਾਂ ਵਿਚ ਦਸ ਹੁਕਮ ਵੀ ਸਨ। ਸਮੇਂ ਦੇ ਬੀਤਣ ਨਾਲ ਮੂਸਾ ਦੁਆਰਾ ਦਿੱਤੇ ਗਏ ਪਰਮੇਸ਼ੁਰ ਦੇ ਇਹ ਕਾਨੂੰਨ ਬਿਵਸਥਾ ਦੇ ਨਾਂ ਤੋਂ ਜਾਣੇ ਗਏ ਸਨ।—ਅਜ਼ਰਾ 7:6; ਲੂਕਾ 10:25-27; ਯੂਹੰਨਾ 1:17.
11. ਬਿਵਸਥਾ ਦਾ ਇਕ ਮਕਸਦ ਕੀ ਸੀ, ਅਤੇ ਉਸ ਨੂੰ ਪੂਰਾ ਕਰਨ ਲਈ ਕਿਹੜੇ ਕੁਝ ਨਿਯਮ ਦਿੱਤੇ ਗਏ ਸਨ?
11 ਬਿਵਸਥਾ ਦਾ ਇਕ ਮਕਸਦ ਸੀ ਇਸਰਾਏਲੀਆਂ ਦੀ ਰੱਖਿਆ ਕਰਨੀ। ਬਿਵਸਥਾ ਵਿਚ ਲਿੰਗੀ ਨੈਤਿਕਤਾ, ਕਾਰੋਬਾਰੀ ਲੈਣ-ਦੇਣ ਅਤੇ ਬੱਚਿਆਂ ਦੀ ਦੇਖ-ਭਾਲ ਵਰਗੇ ਮਾਮਲਿਆਂ ਬਾਰੇ ਵਧੀਆ ਨਿਯਮ ਸਨ। (ਕੂਚ 20:14; ਲੇਵੀਆਂ 18:6-18, 22-24; 19:35, 36; ਬਿਵਸਥਾ ਸਾਰ 6:6-9) ਆਪਣੇ ਗੁਆਂਢੀਆਂ ਅਤੇ ਨਾਲੇ ਆਪਣੇ ਜਾਨਵਰਾਂ ਨਾਲ ਵਰਤਾਉ ਕਰਨ ਬਾਰੇ ਨਿਯਮ ਵੀ ਦਿੱਤੇ ਗਏ ਸਨ। (ਲੇਵੀਆਂ 19:18; ਬਿਵਸਥਾ ਸਾਰ 22:4, 10) ਸਾਲਾਨਾ ਤਿਉਹਾਰਾਂ ਅਤੇ ਉਪਾਸਨਾ ਲਈ ਇਕੱਠੇ ਹੋਣ ਦੇ ਸੰਬੰਧ ਵਿਚ ਵੀ ਕੁਝ ਗੱਲਾਂ ਮੰਗੀਆਂ ਗਈਆਂ ਸਨ ਜੋ ਲੋਕਾਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਰਹਿਣ ਦੀ ਮਦਦ ਕਰਦੀਆਂ ਸਨ।—ਲੇਵੀਆਂ 23:1-43; ਬਿਵਸਥਾ ਸਾਰ 31:10-13.
12. ਬਿਵਸਥਾ ਦਾ ਮੁੱਖ ਮਕਸਦ ਕੀ ਸੀ?
12 ਬਿਵਸਥਾ ਦਾ ਮੁੱਖ ਮਕਸਦ ਪੌਲੁਸ ਰਸੂਲ ਦੁਆਰਾ ਦੱਸਿਆ ਗਿਆ ਸੀ: “ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ, ਪਰ ਇਹ ਅਬਰਾਹਾਮ ਦੀ ‘ਸੰਤਾਨ’ [ਮਸੀਹ] ਦੇ ਆਉਣ ਤਕ ਹੀ ਲਾਗੂ ਰਹਿ ਸਕਦੀ ਸੀ, ਜਿਸਦੇ ਨਾਲ ਪਰਮੇਸ਼ਰ ਨੇ ਪ੍ਰਤਿੱਗਿਆ ਕੀਤੀ ਸੀ।” (ਗਲਾਤੀਆਂ 3:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਿਵਸਥਾ ਨੇ ਇਸਰਾਏਲੀਆਂ ਨੂੰ ਯਾਦ ਦਿਲਾਇਆ ਕਿ ਉਹ ਅਪੂਰਣ ਸਨ। ਇਸ ਲਈ, ਇਹ ਗੱਲ ਸਾਫ਼ ਸੀ ਕਿ ਉਨ੍ਹਾਂ ਨੂੰ ਇਕ ਸੰਪੂਰਣ ਬਲੀਦਾਨ ਦੀ ਜ਼ਰੂਰਤ ਸੀ ਜੋ ਉਨ੍ਹਾਂ ਦਿਆਂ ਪਾਪਾਂ ਨੂੰ ਬਿਲਕੁਲ ਮਿਟਾ ਸਕਦਾ ਸੀ। (ਇਬਰਾਨੀਆਂ 10:1-4) ਬਿਵਸਥਾ ਰਾਹੀਂ ਲੋਕਾਂ ਨੂੰ ਯਿਸੂ ਨੂੰ ਕਬੂਲ ਕਰਨ ਲਈ ਤਿਆਰ ਕੀਤਾ ਜਾਣਾ ਸੀ, ਜੋ ਕਿ ਮਸੀਹਾ ਜਾਂ ਮਸੀਹ ਸੀ। ਪੌਲੁਸ ਨੇ ਲਿਖਿਆ: “ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।”—ਗਲਾਤੀਆਂ 3:24.
ਕੀ ਯਹੋਵਾਹ ਦੀ ਬਿਵਸਥਾ ਇਕ ਬੋਝ ਸੀ?
13. (ੳ) ਅਪੂਰਣ ਮਨੁੱਖਾਂ ਨੇ ਬਿਵਸਥਾ ਨੂੰ ਕਿਸ ਤਰ੍ਹਾਂ ਵਿਚਾਰਿਆ ਸੀ ਅਤੇ ਕਿਉਂ? (ਅ) ਕੀ ਬਿਵਸਥਾ ਸੱਚ-ਮੁੱਚ ਇਕ ਬੋਝ ਸੀ?
13 ਭਾਵੇਂ ਕਿ ਬਿਵਸਥਾ ‘ਪਵਿੱਤਰ ਅਤੇ ਜਥਾਰਥ ਅਤੇ ਚੰਗੀ ਸੀ’ ਕਈ ਉਸ ਨੂੰ ਇਕ ਬੋਝ ਸਮਝਦੇ ਸਨ। (ਰੋਮੀਆਂ 7:12) ਕਿਉਂਕਿ ਬਿਵਸਥਾ ਸੰਪੂਰਣ ਸੀ, ਇਸਰਾਏਲ ਦੇ ਲੋਕ ਉਸ ਦੇ ਉੱਚੇ ਮਿਆਰ ਕਾਇਮ ਨਹੀਂ ਰੱਖ ਸਕੇ। (ਜ਼ਬੂਰ 19:7) ਇਸੇ ਲਈ ਪਤਰਸ ਰਸੂਲ ਨੇ ਉਸ ਨੂੰ “ਜੂਲਾ” ਸੱਦਿਆ “ਜਿਹ ਨੂੰ ਨਾ ਸਾਡੇ ਪਿਉ ਦਾਦੇ, ਨਾ ਅਸੀਂ ਚੁੱਕ ਸੱਕੇ।” (ਰਸੂਲਾਂ ਦੇ ਕਰਤੱਬ 15:10) ਪਰ, ਬਿਵਸਥਾ ਖ਼ੁਦ ਇਕ ਬੋਝ ਨਹੀਂ ਸੀ ਅਤੇ ਜਦ ਲੋਕ ਉਸ ਨੂੰ ਮੰਨਦੇ ਸਨ ਤਦ ਉਹ ਲਾਭ ਉਠਾਉਂਦੇ ਸਨ।
14. ਕਿਹੜੀਆਂ ਕੁਝ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਬਿਵਸਥਾ ਇਸਰਾਏਲੀਆਂ ਲਈ ਬਹੁਤ ਹੀ ਲਾਭਦਾਇਕ ਮਕਸਦ ਪੂਰਾ ਕਰਦੀ ਸੀ?
14 ਮਿਸਾਲ ਲਈ, ਬਿਵਸਥਾ ਦੇ ਅਧੀਨ ਇਕ ਚੋਰ ਨੂੰ ਕੈਦ ਨਹੀਂ ਕੀਤਾ ਜਾਂਦਾ ਸੀ ਪਰ ਉਸ ਨੂੰ ਕੰਮ ਕਰ ਕੇ ਚੁਰਾਈ ਚੀਜ਼ ਦਾ ਦੁਗਣਾ ਹਿਸਾਬ ਭਰਨਾ ਪੈਂਦਾ ਸੀ। ਇਸ ਤਰ੍ਹਾਂ ਜਿਸ ਵਿਅਕਤੀ ਤੋਂ ਚੀਜ਼ ਚੁਰਾਈ ਜਾਵੇ ਉਸ ਨੂੰ ਕੋਈ ਘਾਟਾ ਨਹੀਂ ਪੈਂਦਾ ਸੀ ਅਤੇ ਨਾ ਹੀ ਕੈਦਖ਼ਾਨਿਆਂ ਨੂੰ ਚਲਾਉਣ ਲਈ ਮਿਹਨਤ ਕਰਨ ਵਾਲਿਆਂ ਲੋਕਾਂ ਉੱਤੇ ਬੋਝ ਪਾਇਆ ਜਾਂਦਾ ਸੀ। (ਕੂਚ 22:1, 3, 4, 7) ਸਿਹਤ ਲਈ ਖ਼ਰਾਬ ਭੋਜਨ ਮਨ੍ਹਾ ਸਨ। ਜੇ ਸੂਰ ਦਾ ਮਾਸ ਚੱਜ ਨਾਲ ਨਾ ਰਿੰਨ੍ਹਿਆ ਜਾਵੇ ਤਾਂ ਉਸ ਨਾਲ ਟ੍ਰਿਕਿਨੋਸਿਸ ਦਾ ਰੋਗ ਲੱਗ ਸਕਦਾ ਹੈ ਅਤੇ ਖਰਗੋਸ਼ ਦੇ ਮਾਸ ਤੋਂ ਟੁਲਾਰੀਮੀਆ ਹੋ ਸਕਦਾ ਹੈ। (ਲੇਵੀਆਂ 11:4-12) ਇਸੇ ਤਰ੍ਹਾਂ, ਲਾਸ਼ ਨੂੰ ਛੂਹਣਾ ਬਿਵਸਥਾ ਵਿਚ ਮਨ੍ਹਾ ਸੀ ਜਿਸ ਤੋਂ ਲੋਕਾਂ ਦਾ ਬਚਾਉ ਹੁੰਦਾ ਸੀ। ਜੇਕਰ ਕੋਈ ਵਿਅਕਤੀ ਲਾਸ਼ ਨੂੰ ਛੂਹੇ ਤਾਂ ਉਸ ਨੂੰ ਨਹਾਉਣਾ ਪੈਂਦਾ ਸੀ ਅਤੇ ਆਪਣੇ ਕੱਪੜੇ ਵੀ ਧੋਣੇ ਪੈਂਦੇ ਸਨ। (ਲੇਵੀਆਂ 11:31-36; ਗਿਣਤੀ 19:11-22) ਮਲ ਨੂੰ ਦੱਬਣਾ ਪੈਂਦਾ ਸੀ ਤਾਂਕਿ ਲੋਕ ਉਨ੍ਹਾਂ ਰੋਗਾਣੂਆਂ ਦੇ ਫੈਲਾਉ ਤੋਂ ਬਚ ਸਕਣ, ਜਿਨ੍ਹਾਂ ਬਾਰੇ ਵਿਗਿਆਨੀਆਂ ਨੂੰ ਹਾਲ ਹੀ ਦੀਆਂ ਸਦੀਆਂ ਵਿਚ ਪਤਾ ਲੱਗਾ ਹੈ।—ਬਿਵਸਥਾ ਸਾਰ 23:13.
15. ਇਸਰਾਏਲੀਆਂ ਉੱਤੇ ਕਿਹੜੀ ਗੱਲ ਨੇ ਬੋਝ ਪਾਇਆ ਸੀ?
15 ਬਿਵਸਥਾ ਨੇ ਲੋਕਾਂ ਤੋਂ ਬਹੁਤ ਜ਼ਿਆਦਾ ਨਹੀਂ ਮੰਗਿਆ ਸੀ। ਪਰ ਜਿਨ੍ਹਾਂ ਮਨੁੱਖਾਂ ਨੇ ਬਿਵਸਥਾ ਸਿਖਾਉਣੀ ਸੀ, ਉਨ੍ਹਾਂ ਦੀਆਂ ਮੰਗਾਂ ਭਾਰੀਆਂ ਸਨ। ਉਨ੍ਹਾਂ ਦੇ ਆਪਣੇ ਹੀ ਅਸੂਲਾਂ ਦੇ ਸੰਬੰਧ ਵਿਚ, ਜੇਮਜ਼ ਹੇਸਟਿੰਗਸ ਦੁਆਰਾ ਸੰਪਾਦਿਤ ਏ ਡਿਕਸ਼ਨਰੀ ਆਫ਼ ਦ ਬਾਈਬਲ, ਕਹਿੰਦੀ ਹੈ: “ਹਰੇਕ ਬਾਈਬਲੀ ਹੁਕਮ ਦੇ ਨਾਲ ਕਈ ਛੋਟੇ-ਛੋਟੇ ਨਿਯਮ ਜੋੜੇ ਗਏ ਸਨ। . . . ਮਨੁੱਖਾਂ ਦੇ ਹਰੇਕ ਕੰਮ ਨੂੰ ਬਿਵਸਥਾ ਦੇ ਅਧੀਨ ਲਿਆਉਣ ਅਤੇ ਤਰਕਹੀਣ ਤਰੀਕੇ ਵਿਚ ਮਨੁੱਖਾਂ ਦੇ ਚਾਲ-ਚੱਲਣ ਨੂੰ ਸਖ਼ਤ ਨਿਯਮਾਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਵਿਅਕਤੀ ਦੀ ਜ਼ਮੀਰ ਦੀ ਆਵਾਜ਼ ਨੂੰ ਦਬਾਇਆ ਗਿਆ ਸੀ; ਇਨ੍ਹਾਂ ਢੇਰ ਸਾਰਿਆਂ ਫ਼ਜ਼ੂਲ ਨਿਯਮਾਂ ਦੇ ਬੋਝ ਨੇ ਲੋਕਾਂ ਦਿਆਂ ਜੀਵਨਾਂ ਉੱਤੇ ਈਸ਼ਵਰੀ ਸ਼ਬਦ ਦਾ ਅਸਰ ਨਹੀਂ ਪੈਣ ਦਿੱਤਾ।”
16. ਧਾਰਮਿਕ ਆਗੂਆਂ ਦੇ ਬੋਝਲ ਨਿਯਮਾਂ ਅਤੇ ਰੀਤਾਂ ਬਾਰੇ ਯਿਸੂ ਨੇ ਕੀ ਕਿਹਾ ਸੀ?
16 ਯਿਸੂ ਮਸੀਹ ਨੇ ਢੇਰ ਸਾਰੇ ਨਿਯਮ ਬਣਾਉਣ ਵਾਲੇ ਧਾਰਮਿਕ ਆਗੂਆਂ ਨੂੰ ਇਹ ਕਹਿੰਦੇ ਹੋਏ ਦੋਸ਼ੀ ਠਹਿਰਾਇਆ: “ਓਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਪਰ ਓਹ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਖਿਸਕਾਉਣ ਨੂੰ ਰਾਜੀ ਨਹੀਂ।” (ਮੱਤੀ 23:2, 4) ਉਸ ਨੇ ਦਿਖਾਇਆ ਕਿ ਉਨ੍ਹਾਂ ਦੇ ਹੱਦੋਂ ਵੱਧ ਸਫ਼ਾਈ ਕਰਨ ਵਰਗੇ ਨਿਯਮ ਅਤੇ ਰੀਤਾਂ ਨੇ ‘ਪਰਮੇਸ਼ੁਰ ਦੇ ਬਚਨ ਨੂੰ ਅਕਾਰਥ’ ਕੀਤਾ। (ਮਰਕੁਸ 7:1-13; ਮੱਤੀ 23:13, 24-26) ਲੇਕਿਨ ਯਿਸੂ ਦੇ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਇਸਰਾਏਲ ਦੇ ਧਾਰਮਿਕ ਅਧਿਆਪਕ ਪਰਮੇਸ਼ੁਰ ਦੀਆਂ ਮੰਗਾਂ ਨੂੰ ਗ਼ਲਤ ਤਰੀਕੇ ਵਿਚ ਪੇਸ਼ ਕਰਦੇ ਸਨ।
ਜੋ ਯਹੋਵਾਹ ਅਸਲ ਵਿਚ ਮੰਗ ਰਿਹਾ ਹੈ
17. ਯਹੋਵਾਹ ਨੇ ਬੇਵਫ਼ਾ ਇਸਰਾਏਲੀਆਂ ਦੀਆਂ ਹੋਮ ਬਲੀਆਂ ਨੂੰ ਕਿਉਂ ਨਹੀਂ ਪਸੰਦ ਕੀਤਾ?
17 ਯਸਾਯਾਹ ਨਬੀ ਦੇ ਰਾਹੀਂ ਯਹੋਵਾਹ ਨੇ ਕਿਹਾ: “ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ ਮੈਂ ਪਰਸੰਨ ਨਹੀਂ ਹਾਂ।” (ਯਸਾਯਾਹ 1:10, 11) ਪਰਮੇਸ਼ੁਰ ਨੇ ਉਨ੍ਹਾਂ ਬਲੀਦਾਨਾਂ ਨੂੰ ਕਿਉਂ ਨਹੀਂ ਪਸੰਦ ਕੀਤਾ ਜਿਨ੍ਹਾਂ ਦੀ ਮੰਗ ਉਸ ਨੇ ਖ਼ੁਦ ਬਿਵਸਥਾ ਵਿਚ ਕੀਤੀ ਸੀ? (ਲੇਵੀਆਂ 1:1–4:35) ਕਿਉਂਕਿ ਲੋਕ ਉਸ ਦੀ ਇੱਜ਼ਤ ਨਹੀਂ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਸੀ: “ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡੋ। ਨੇਕੀ ਸਿੱਖੋ, ਨਿਆਉਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ ਯਤੀਮ ਦਾ ਨਿਆਉਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।” (ਯਸਾਯਾਹ 1:16, 17) ਕੀ ਇਹ ਸਾਨੂੰ ਸਾਫ਼-ਸਾਫ਼ ਨਹੀਂ ਸਮਝਾਉਂਦਾ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਕੀ ਚਾਹੁੰਦਾ ਹੈ?
18. ਯਹੋਵਾਹ ਅਸਲ ਵਿਚ ਇਸਰਾਏਲੀਆਂ ਤੋਂ ਕੀ ਚਾਹੁੰਦਾ ਸੀ?
18 ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਸੱਚ-ਮੁੱਚ ਕੀ ਚਾਹੁੰਦਾ ਸੀ, ਜਦੋਂ ਉਸ ਨੂੰ ਇਹ ਸਵਾਲ ਪੁੱਛਿਆ ਗਿਆ: “ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।” (ਮੱਤੀ 22:36-40; ਲੇਵੀਆਂ 19:18; ਬਿਵਸਥਾ ਸਾਰ 6:4-6) ਮੂਸਾ ਨਬੀ ਨੇ ਵੀ ਇਹੋ ਹੀ ਗੱਲ ਕਹੀ ਜਦੋਂ ਉਸ ਨੇ ਅਗਲੇ ਸ਼ਬਦ ਕਹੇ: “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ।”—ਬਿਵਸਥਾ ਸਾਰ 10:12, 13; 15:7, 8.
19. ਇਸਰਾਏਲੀਆਂ ਨੇ ਪਵਿੱਤਰ ਹੋਣ ਦਾ ਦਿਖਾਵਾ ਕਿਸ ਤਰ੍ਹਾਂ ਕੀਤਾ, ਲੇਕਿਨ ਯਹੋਵਾਹ ਨੇ ਉਨ੍ਹਾਂ ਨੂੰ ਕੀ ਕਿਹਾ?
19 ਆਪਣੀਆਂ ਗ਼ਲਤੀਆਂ ਦੇ ਬਾਵਜੂਦ ਇਸਰਾਏਲੀ ਲੋਕ ਪਵਿੱਤਰ ਦਿਖਾਈ ਦੇਣਾ ਚਾਹੁੰਦੇ ਸਨ। ਭਾਵੇਂ ਕਿ ਬਿਵਸਥਾ ਅਨੁਸਾਰ ਉਨ੍ਹਾਂ ਤੋਂ ਪ੍ਰਾਸਚਿਤ ਦੇ ਦਿਨ ਤੇ, ਸਾਲ ਵਿਚ ਸਿਰਫ਼ ਇਕ ਵਾਰ, ਵਰਤ ਰੱਖਣ ਦੀ ਮੰਗ ਕੀਤੀ ਗਈ ਸੀ, ਉਹ ਕਈ ਵਾਰ ਵਰਤ ਰੱਖਣ ਲੱਗ ਪਏ। (ਲੇਵੀਆਂ 16:30, 31) ਲੇਕਿਨ ਯਹੋਵਾਹ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਝਿੜਕਿਆ: “ਜਿਹੜਾ ਵਰਤ ਮੈਂ ਚੁਣਿਆ ਕੀ ਏਹ ਨਹੀਂ ਹੈ, ਭਈ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਜੂਲੇ ਦੇ ਬੰਦਾਂ ਨੂੰ ਤੋੜੋ? ਦਬੈਲਾਂ ਨੂੰ ਛੁਡਾਓ ਅਰ ਹਰ ਜੂਲੇ ਨੂੰ ਭੰਨ ਸੁੱਟੋ? ਕੀ ਏਹ ਨਹੀਂ ਭਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ ਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?”—ਯਸਾਯਾਹ 58:3-7.
20. ਯਿਸੂ ਨੇ ਧਾਰਮਿਕ ਪਖੰਡੀਆਂ ਨੂੰ ਕਿਸ ਕਾਰਨ ਝਿੜਕਿਆ ਸੀ?
20 ਇਹ ਘਮੰਡੀ ਇਸਰਾਏਲੀ ਉਨ੍ਹਾਂ ਧਾਰਮਿਕ ਪਖੰਡੀਆਂ ਵਰਗੇ ਸਨ ਜਿਨ੍ਹਾਂ ਨੂੰ ਯਿਸੂ ਨੇ ਕਿਹਾ: “ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।” (ਮੱਤੀ 23:23; ਲੇਵੀਆਂ 27:30) ਕੀ ਯਿਸੂ ਦੇ ਸ਼ਬਦ ਸਾਨੂੰ ਇਹ ਨਹੀਂ ਸਮਝਾਉਂਦੇ ਕਿ ਯਹੋਵਾਹ ਸਾਡੇ ਤੋਂ ਅਸਲ ਵਿਚ ਕੀ ਚਾਹੁੰਦਾ ਹੈ?
21. ਮੀਕਾਹ ਨਬੀ ਨੇ ਯਹੋਵਾਹ ਦੀਆਂ ਮੰਗਾਂ ਦਾ ਨਿਚੋੜ ਕਿਸ ਤਰ੍ਹਾਂ ਕੱਢਿਆ?
21 ਇਹ ਸਪੱਸ਼ਟ ਕਰਨ ਵਾਸਤੇ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਕੀ ਨਹੀਂ, ਪਰਮੇਸ਼ੁਰ ਦੇ ਨਬੀ ਮੀਕਾਹ ਨੇ ਪੁੱਛਿਆ: “ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ, ਅਤੇ ਮਹਾਨ ਪਰਮੇਸ਼ੁਰ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ? ਭਲਾ, ਯਹੋਵਾਹ ਹਜ਼ਾਰਾਂ ਛੱਤਰਿਆਂ ਨਾਲ, ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ? ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:6-8.
22. ਯਹੋਵਾਹ ਖ਼ਾਸ ਕਰਕੇ ਉਨ੍ਹਾਂ ਤੋਂ ਕੀ ਚਾਹੁੰਦਾ ਸੀ ਜੋ ਬਿਵਸਥਾ ਦੇ ਅਧੀਨ ਸਨ?
22 ਤਾਂ ਫਿਰ ਯਹੋਵਾਹ ਖ਼ਾਸ ਕਰਕੇ ਉਨ੍ਹਾਂ ਤੋਂ ਕੀ ਮੰਗਦਾ ਸੀ ਜੋ ਬਿਵਸਥਾ ਦੇ ਅਧੀਨ ਰਹਿੰਦੇ ਸਨ? ਬਿਨਾਂ ਸ਼ੱਕ, ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਸੀ। ਅਤੇ ਇਸ ਦੇ ਨਾਲ-ਨਾਲ, ਪੌਲੁਸ ਰਸੂਲ ਨੇ ਕਿਹਾ: “ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।” (ਗਲਾਤੀਆਂ 5:14) ਇਸੇ ਤਰ੍ਹਾਂ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਵੀ ਦੱਸਿਆ: “ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹ ਨੇ ਸ਼ਰਾ ਨੂੰ ਪੂਰਿਆਂ ਕੀਤਾ ਹੈ। . . . ਪਿਆਰ ਸ਼ਰਾ ਦਾ ਪੂਰਾ ਕਰਨਾ ਹੈ।”—ਰੋਮੀਆਂ 13:8-10.
ਉਹ ਬਹੁਤ ਜ਼ਿਆਦਾ ਨਹੀਂ ਚਾਹੁੰਦਾ
23, 24. (ੳ) ਯਹੋਵਾਹ ਦੇ ਹਮੇਸ਼ਾ ਆਖੇ ਲੱਗਣਾ ਸਾਡੇ ਲਈ ਇਕ ਵੱਡੀ ਗੱਲ ਕਿਉਂ ਨਹੀਂ ਹੋਣੀ ਚਾਹੀਦੀ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
23 ਕੀ ਇਹ ਗੱਲ ਸਾਨੂੰ ਪ੍ਰਭਾਵਿਤ ਨਹੀਂ ਕਰਦੀ ਹੈ ਕਿ ਯਹੋਵਾਹ ਕਿੰਨਾ ਪ੍ਰੇਮਪੂਰਣ, ਧਿਆਨ ਰੱਖਣ ਵਾਲਾ ਅਤੇ ਦਿਆਲੂ ਪਰਮੇਸ਼ੁਰ ਹੈ? ਪਰਮੇਸ਼ੁਰ ਦਾ ਇਕਲੌਤਾ ਪੁੱਤਰ, ਯਿਸੂ ਮਸੀਹ, ਉਸ ਦੇ ਪਿਆਰ ਨੂੰ ਬਿਆਨ ਕਰਨ ਵਾਸਤੇ ਧਰਤੀ ਤੇ ਆਇਆ ਸੀ—ਲੋਕਾਂ ਨੂੰ ਇਹ ਦਿਖਾਉਣ ਕਿ ਯਹੋਵਾਹ ਦੀ ਨਜ਼ਰ ਵਿਚ ਉਹ ਕਿੰਨੇ ਕੀਮਤੀ ਹਨ। ਪਰਮੇਸ਼ੁਰ ਦੇ ਪਿਆਰ ਬਾਰੇ ਸਮਝਾਉਂਦੇ ਹੋਏ, ਯਿਸੂ ਨੇ ਛੋਟੀਆਂ ਚਿੜੀਆਂ ਬਾਰੇ ਕਿਹਾ: “ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ।” ਇਸ ਲਈ ਉਸ ਨੇ ਕਿਹਾ: “ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਨਿਸ਼ਚੇ ਹੀ, ਅਜਿਹੇ ਪ੍ਰੇਮਪੂਰਣ ਪਰਮੇਸ਼ੁਰ ਦੇ ਹਮੇਸ਼ਾ ਆਖੇ ਲੱਗਣਾ ਸਾਡੇ ਲਈ ਕਦੀ ਵੀ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ!
24 ਲੇਕਿਨ, ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ? ਅਤੇ ਕਈ ਲੋਕ ਇਸ ਨੂੰ ਬਹੁਤ ਜ਼ਿਆਦਾ ਕਿਉਂ ਸਮਝਦੇ ਹਨ? ਇਨ੍ਹਾਂ ਸਵਾਲਾਂ ਦੀ ਜਾਂਚ ਕਰਨ ਦੁਆਰਾ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਦੀ ਹਰੇਕ ਗੱਲ ਮੰਨਣੀ ਇਕ ਵੱਡਾ ਸਨਮਾਨ ਕਿਉਂ ਹੈ।
ਕੀ ਤੁਸੀਂ ਜਵਾਬ ਦੇ ਸਕਦੇ ਹੋ?
◻ ਕੁਝ ਲੋਕ ਯਹੋਵਾਹ ਦੀ ਸੇਵਾ ਕਰਨ ਤੋਂ ਕਿਉਂ ਇਨਕਾਰ ਕਰਦੇ ਹਨ?
◻ ਯਹੋਵਾਹ ਦੀਆਂ ਮੰਗਾਂ ਸਾਲਾਂ ਦੌਰਾਨ ਕਿਸ ਤਰ੍ਹਾਂ ਬਦਲੀਆਂ ਹਨ?
◻ ਬਿਵਸਥਾ ਦੁਆਰਾ ਕਿਹੜੇ ਮਕਸਦ ਪੂਰੇ ਕੀਤੇ ਗਏ ਸਨ?
◻ ਜੋ ਯਹੋਵਾਹ ਸਾਡੇ ਤੋਂ ਮੰਗਦਾ ਉਹ ਕੋਈ ਵੱਡੀ ਗੱਲ ਕਿਉਂ ਨਹੀਂ?
[ਸਫ਼ੇ 18 ਉੱਤੇ ਤਸਵੀਰ]
ਸਫ਼ਾਈ ਦਿਆਂ ਨਿਯਮਾਂ ਵਾਂਗ, ਮਨੁੱਖਾਂ ਦੁਆਰਾ ਬਣਾਏ ਗਏ ਨਿਯਮਾਂ ਨੇ ਉਪਾਸਨਾ ਨੂੰ ਬੋਝ ਬਣਾ ਦਿੱਤਾ ਹੈ