ਉਸ ਨੇ “ਧਰਤੀ ਦੀਆਂ ਹੱਦਾਂ ਤੀਕ” ਜੋਤ ਫੈਲਾਉਣ ਵਿਚ ਮਦਦ ਕੀਤੀ
ਪੌਲੁਸ ਰਸੂਲ ਨੂੰ “ਧਰਤੀ ਦੀਆਂ ਹੱਦਾਂ ਤੀਕ” ਅਧਿਆਤਮਿਕ ਜੋਤ ਫੈਲਾਉਣ ਲਈ ਵਰਤਿਆ ਗਿਆ ਸੀ। ਸਿੱਟੇ ਵਜੋਂ ਬਹੁਤ ਸਾਰੇ ਲੋਕ ਜਿਹੜੇ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਦਿਖਾਉਂਦੇ ਸਨ, ਉਹ ਨਿਹਚਾਵਾਨ ਬਣ ਗਏ।”—ਰਸੂਲਾਂ ਦੇ ਕਰਤੱਬ 13:47, 48, ਨਿਵ; ਯਸਾਯਾਹ 49:6.
ਅਧਿਆਤਮਿਕ ਜੋਤ ਫੈਲਾਉਣ ਦੀ ਇਹੀ ਪ੍ਰਬਲ ਇੱਛਾ, ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ, ਵਿਲੀਅਮ ਲੋਇਡ ਬੈਰੀ ਦੀ ਅਰਪਿਤ ਜ਼ਿੰਦਗੀ ਅਤੇ ਮਸੀਹੀ ਸੇਵਕਾਈ ਵਿਚ ਅਣਥੱਕ ਜਤਨਾਂ ਤੋਂ ਦੇਖਣ ਨੂੰ ਮਿਲਦੀ ਸੀ। ਭਰਾ ਬੈਰੀ ਦੀ 2 ਜੁਲਾਈ, 1999 ਨੂੰ ਹਵਾਈ ਵਿਚ ਜ਼ਿਲ੍ਹਾ ਮਹਾਂ-ਸੰਮੇਲਨ ਦੌਰਾਨ ਭਾਸ਼ਣ ਦਿੰਦੇ ਸਮੇਂ ਮੌਤ ਹੋ ਗਈ।
ਲੋਇਡ ਬੈਰੀ 20 ਦਸੰਬਰ, 1916 ਨੂੰ ਨਿਊਜ਼ੀਲੈਂਡ ਵਿਚ ਪੈਦਾ ਹੋਏ ਸਨ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਾਤਾ-ਪਿਤਾ ਨੇ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਵੰਡੀਆਂ ਸੀ. ਟੀ. ਰਸਲ ਦੀਆਂ ਕਿਤਾਬਾਂ ਵਿਚ ਪੇਸ਼ ਕੀਤੀਆਂ ਬਾਈਬਲ ਸੱਚਾਈਆਂ ਵਿਚ ਡੂੰਘੀ ਦਿਲਚਸਪੀ ਦਿਖਾਈ ਸੀ। ਇਸ ਲਈ ਭਰਾ ਬੈਰੀ ਇਕ ਵਫ਼ਾਦਾਰ ਮਸੀਹੀ ਘਰਾਣੇ ਵਿਚ ਵੱਡੇ ਹੋਏ।
ਭਾਵੇਂ ਕਿ ਭਰਾ ਬੈਰੀ ਖੇਡਾਂ ਅਤੇ ਪੜ੍ਹਾਈ ਵਿਚ ਦਿਲਚਸਪੀ ਰੱਖਦੇ ਸਨ ਅਤੇ ਉਨ੍ਹਾਂ ਨੇ ਸਾਇੰਸ ਵਿਚ ਵੀ ਡਿਗਰੀ ਹਾਸਲ ਕੀਤੀ ਸੀ, ਫਿਰ ਵੀ ਉਨ੍ਹਾਂ ਨੇ ਆਪਣਾ ਧਿਆਨ ਅਧਿਆਤਮਿਕ ਗੱਲਾਂ ਉੱਤੇ ਟਿਕਾਈ ਰੱਖਿਆ। ਇਸ ਤਰ੍ਹਾਂ, ਉਨ੍ਹਾਂ ਨੇ 1 ਜਨਵਰੀ, 1939 ਨੂੰ ਆਸਟਰੇਲੀਆ ਵਿਚ ਸੋਸਾਇਟੀ ਦੀ ਸ਼ਾਖ਼ਾ ਵਿਚ ਬੈਥਲ ਪਰਿਵਾਰ ਦੇ ਇਕ ਮੈਂਬਰ ਵਜੋਂ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰ ਦਿੱਤੀ। 1941 ਵਿਚ ਸਰਕਾਰ ਵੱਲੋਂ ਸੋਸਾਇਟੀ ਉੱਤੇ ਪਾਬੰਦੀ ਲਗਾਉਣ ਤੋਂ ਬਾਅਦ ਵੀ, ਭਰਾ ਬੈਰੀ ਦਫ਼ਤਰ ਦੇ ਕੰਮ ਵਿਚ ਰੁੱਝੇ ਰਹੇ। ਸੰਗੀ ਨਿਹਚਾਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਤੇ ਕੁਝ ਲੇਖ ਲਿਖਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਸੀ। ਉਸ ਨੇ ਜਨਤਕ ਸੇਵਕਾਈ ਵਿਚ ਅਗਵਾਈ ਲੈਣ ਵਿਚ ਵੀ ਮਿਸਾਲ ਕਾਇਮ ਕੀਤੀ।
ਫਰਵਰੀ 1942 ਵਿਚ ਭਰਾ ਬੈਰੀ ਨੇ ਪੂਰੇ ਸਮੇਂ ਦੀ ਸੇਵਕਾਈ ਕਰ ਰਹੀ ਇਕ ਭੈਣ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਸਾਰੇ ਸਾਲਾਂ ਵਿਚ ਉਸ ਦੀ ਪਿਆਰੀ ਪਤਨੀ ਮੇਲਬਾ, ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਉਸ ਦੇ ਨਾਲ-ਨਾਲ ਵਫ਼ਾਦਾਰੀ ਨਾਲ ਸੇਵਾ ਕਰਦੀ ਰਹੀ ਹੈ। ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 11ਵੀਂ ਕਲਾਸ ਵਿੱਚੋਂ ਸਿਖਲਾਈ ਲੈ ਕੇ ਵਿਦੇਸ਼ੀ ਖੇਤਰਾਂ ਵਿਚ ਸੇਵਾ ਕਰਨ ਦਾ ਵੱਡਾ ਕਦਮ ਚੁੱਕਿਆ। ਉਨ੍ਹਾਂ ਨੂੰ ਅਜਿਹੇ ਦੇਸ਼ ਵਿਚ ਭੇਜਿਆ ਗਿਆ ਜੋ ਕਈਆਂ ਦੀ ਰਾਇ ਵਿਚ ‘ਧਰਤੀ ਦੀ ਹੱਦ’ ਸੀ, ਅਰਥਾਤ ਜਪਾਨ। ਨਵੰਬਰ 1949 ਵਿਚ ਜਪਾਨ ਪਹੁੰਚਣ ਤੋਂ ਬਾਅਦ, ਉਨ੍ਹਾਂ ਨੇ ਕੋਬੇ ਸ਼ਹਿਰ, ਜੋ ਇਕ ਬੰਦਰਗਾਹ ਵੀ ਹੈ, ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਜਪਾਨ ਵਿਚ ਸਿਰਫ਼ 12 ਭੈਣ-ਭਰਾ ਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ। ਭਰਾ ਬੈਰੀ ਨੇ ਜਪਾਨੀ ਭਾਸ਼ਾ ਅਤੇ ਉੱਥੋਂ ਦੇ ਤੌਰ-ਤਰੀਕਿਆਂ ਬਾਰੇ ਸਿੱਖਿਆ ਅਤੇ ਜਪਾਨੀ ਲੋਕਾਂ ਲਈ ਡੂੰਘਾ ਪਿਆਰ ਵਿਕਸਿਤ ਕੀਤਾ, ਜਿਨ੍ਹਾਂ ਨਾਲ ਉਸ ਨੇ ਅਗਲੇ 25 ਸਾਲਾਂ ਤਕ ਸੇਵਾ ਕੀਤੀ। ਜਪਾਨ ਵਿਚ ਮਸੀਹੀ ਭੈਣਾਂ-ਭਰਾਵਾਂ ਦੀ ਵਧਦੀ ਗਿਣਤੀ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਭਰਾ ਬੈਰੀ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਦਿਖਾਉਣ’ ਵਾਲੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇਸ ਗੱਲ ਨੇ ਕਈ ਦਹਾਕਿਆਂ ਤਕ ਸ਼ਾਖ਼ਾ ਦਫ਼ਤਰ ਦੀ ਚੰਗੀ ਤਰ੍ਹਾਂ ਨਿਗਰਾਨੀ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।
ਭਰਾ ਬੈਰੀ ਤੇ ਉਨ੍ਹਾਂ ਦੀ ਪਤਨੀ ਨੂੰ 1975 ਦੇ ਅੱਧ ਵਿਚ ਬਰੁਕਲਿਨ, ਨਿਊਯਾਰਕ ਬੁਲਾਇਆ ਗਿਆ, ਜਦੋਂ ਜਪਾਨ ਵਿਚ ਕੁਝ 30,000 ਗਵਾਹ ਸਨ। ਕਿਉਂਕਿ ਭਰਾ ਬੈਰੀ ਆਤਮਾ ਦੁਆਰਾ ਮਸਹ ਕੀਤੇ ਹੋਏ ਇਕ ਮਸੀਹੀ ਸਨ, ਇਸ ਲਈ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਵਜੋਂ ਸੇਵਾ ਕਰਨ ਲਈ ਸੱਦਿਆ ਗਿਆ ਸੀ। (ਰੋਮੀਆਂ 8:16, 17) ਉਨ੍ਹਾਂ ਨੂੰ ਲਿਖਣ ਦਾ ਬਹੁਤ ਤਜਰਬਾ ਸੀ ਜੋ ਕਿ ਲੇਖ ਵਿਭਾਗ ਵਿਚ ਉਨ੍ਹਾਂ ਦੇ ਨਵੇਂ ਕੰਮ ਵਿਚ ਬੜਾ ਲਾਭਦਾਇਕ ਸਿੱਧ ਹੋਇਆ। ਨਾਲੇ ਉਨ੍ਹਾਂ ਨੂੰ ਸ਼ਾਖ਼ਾ ਵਿਚ ਅਤੇ ਵੱਖ-ਵੱਖ ਦੇਸ਼ਾਂ ਵਿਚ ਕੰਮ ਕਰਨ ਦਾ ਕਾਫ਼ੀ ਤਜਰਬਾ ਸੀ ਜਿਸ ਕਰਕੇ ਉਹ ਪ੍ਰਬੰਧਕ ਸਭਾ ਦੀ ਪ੍ਰਕਾਸ਼ਨ ਸਮਿਤੀ ਦੇ ਇਕ ਮੈਂਬਰ ਵਜੋਂ ਬਹੁਮੁੱਲਾ ਯੋਗਦਾਨ ਦੇ ਸਕੇ।
ਇਨ੍ਹਾਂ ਸਾਲਾਂ ਦੌਰਾਨ, ਭਰਾ ਬੈਰੀ ਦਾ ਇਸ ਪੂਰਬੀ ਦੇਸ਼ ਲਈ ਅਤੇ ਇਸ ਦੇ ਲੋਕਾਂ ਲਈ ਪਿਆਰ ਬਰਕਰਾਰ ਰਿਹਾ। ਗਿਲਿਅਡ ਸਕੂਲ ਦੇ ਵਿਦਿਆਰਥੀ ਅਤੇ ਨਾਲ ਹੀ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਪੂਰਾ ਯਕੀਨ ਹੁੰਦਾ ਸੀ ਕਿ ਉਹ ਆਪਣੇ ਭਾਸ਼ਣਾਂ ਅਤੇ ਟਿੱਪਣੀਆਂ ਵਿਚ ਉਨ੍ਹਾਂ ਬਹੁਤ ਸਾਰੇ ਭੈਣਾਂ-ਭਰਾਵਾਂ ਬਾਰੇ ਦਿਲ ਨੂੰ ਖ਼ੁਸ਼ ਕਰਨ ਵਾਲੇ ਤਜਰਬੇ ਜ਼ਰੂਰ ਦੱਸਣਗੇ ਜੋ ਮਿਸ਼ਨਰੀ ਕੰਮ ਵਿਚ ਸੇਵਾ ਕਰ ਰਹੇ ਸਨ। ਭਰਾ ਬੈਰੀ “ਧਰਤੀ ਦੀਆਂ ਹੱਦਾਂ” ਉੱਤੇ ਰਾਜ ਪ੍ਰਚਾਰ ਦੇ ਕੰਮਾਂ ਵਿਚ ਆਪਣੇ ਤਜਰਬਿਆਂ ਨੂੰ ਬਹੁਤ ਹੀ ਸਜੀਵ ਤਰੀਕੇ ਨਾਲ ਅਤੇ ਜੋਸ਼ ਨਾਲ ਦੱਸਦੇ ਸਨ। ਇਨ੍ਹਾਂ ਵਿੱਚੋਂ ਕੁਝ ਤਜਰਬੇ 15 ਸਤੰਬਰ, 1960 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਵਿਚ ਉਨ੍ਹਾਂ ਦੀ ਜੀਵਨੀ ਵਿਚ ਦਿੱਤੇ ਗਏ ਹਨ।
ਸਾਨੂੰ ਪੂਰਾ ਵਿਸ਼ਵਾਸ ਹੈ ਕਿ ‘ਮਸੀਹ ਨਾਲ ਇਕ ਸੰਗੀ ਵਾਰਸ’ ਹੁੰਦੇ ਹੋਏ ਵੀ ਭਰਾ ਬੈਰੀ ਦੀ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਦਿਖਾਉਣ’ ਵਾਲਿਆਂ ਵਿਚ ਦਿਲਚਸਪੀ ਹਮੇਸ਼ਾ ਬਣੀ ਰਹੇਗੀ। ਬੇਸ਼ੱਕ, ਉਨ੍ਹਾਂ ਭੈਣ-ਭਰਾਵਾਂ ਨੂੰ ਉਸ ਦੀ ਬਹੁਤ ਕਮੀ ਮਹਿਸੂਸ ਹੋਵੇਗੀ ਜਿਹੜੇ ਉਸ ਨੂੰ ਇਕ ਅਧਿਆਤਮਿਕ ਵਿਅਕਤੀ ਵਜੋਂ ਜਾਣਦੇ ਅਤੇ ਪਿਆਰ ਕਰਦੇ ਸਨ, ਕਿਉਂਕਿ ਭਰਾ ਬੈਰੀ ਨੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਪੂਰੀ ਤਰ੍ਹਾਂ ਅਰਪਿਤ ਕਰ ਦਿੱਤਾ ਸੀ ਤੇ ਪਰਮੇਸ਼ੁਰ ਦੇ ਲੋਕਾਂ ਨੂੰ ਦਿਲੋਂ ਪਿਆਰ ਕਰਦੇ ਸਨ। ਪਰ ਅਸੀਂ ਬਹੁਤ ਖ਼ੁਸ਼ ਹਾਂ ਕਿ ਭਰਾ ਬੈਰੀ ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਅੰਤ ਤਕ ਵਫ਼ਾਦਾਰ ਰਹੇ।—ਪਰਕਾਸ਼ ਦੀ ਪੋਥੀ 2:10.
[ਸਫ਼ੇ 16 ਉੱਤੇ ਤਸਵੀਰ]
1988 ਵਿਚ “ਸ਼ਾਸਤਰ ਉਤੇ ਅੰਤਰਦ੍ਰਿਸ਼ਟੀ”(ਅੰਗ੍ਰੇਜ਼ੀ) ਨਾਮਕ ਕਿਤਾਬ ਦੀ ਰਿਲੀਸ ਸਮੇਂ ਲੋਇਡ ਬੈਰੀ ਅਤੇ ਜੌਨ ਬਾਰ
[ਸਫ਼ੇ 16 ਉੱਤੇ ਤਸਵੀਰ]
ਗਿਲਿਅਡ ਦੀ 11ਵੀਂ ਕਲਾਸ ਦੇ ਵਿਦਿਆਰਥੀ 40 ਸਾਲਾਂ ਤੋਂ ਬਾਅਦ ਜਪਾਨ ਵਿਚ ਦੁਬਾਰਾ ਮਿਲੇ