ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 12/1 ਸਫ਼ੇ 30-31
  • ਏਥੋਸ ਪਹਾੜ ਇਕ “ਪਵਿੱਤਰ ਪਰਬਤ”?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਏਥੋਸ ਪਹਾੜ ਇਕ “ਪਵਿੱਤਰ ਪਰਬਤ”?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤਪੱਸਵੀਆਂ ਲਈ “ਪਵਿੱਤਰ ਪਰਬਤ”
  • ਅੱਜ ਦੇ ਦਿਨਾਂ ਵਿਚ ਏਥੋਸ ਪਹਾੜ
  • ਸਾਰਿਆਂ ਲਈ ਇਕ “ਪਵਿੱਤਰ ਪਹਾੜ”
  • ਉਸ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕੀਤੀਆਂ ਗਈਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
  • ਯਹੋਵਾਹ ਨਾਲ ਵਾਅਦਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 12/1 ਸਫ਼ੇ 30-31

ਏਥੋਸ ਪਹਾੜ ਇਕ “ਪਵਿੱਤਰ ਪਰਬਤ”?

ਆਰਥੋਡਾਕਸ ਚਰਚ ਦੇ 22 ਕਰੋੜ ਤੋਂ ਜ਼ਿਆਦਾ ਲੋਕ ਏਥੋਸ ਪਹਾੜ ਨੂੰ, ਜੋ ਕਿ ਉੱਤਰੀ ਯੂਨਾਨ ਵਿਚ ਇਕ ਉਘੜ-ਦੁਘੜ ਅੰਤਰੀਪ ਹੈ, “ਆਰਥੋਡਾਕਸ ਈਸਾਈ ਜਗਤ ਦਾ ਅੱਤ ਪਵਿੱਤਰ ਪਹਾੜ” ਮੰਨਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਇਹੋ ਦਿਲੀ ਸੁਪਨਾ ਹੈ ਕਿ ਉਹ ਇਸ “ਪਵਿੱਤਰ ਪਹਾੜ” ਏਥੋਸ ਦੀ ਤੀਰਥ-ਯਾਤਰਾ ਕਰਨ। ਇਹ “ਪਵਿੱਤਰ ਪਹਾੜ” ਕੀ ਹੈ? ਇਸ ਦੀ ਇੰਨੀ ਮਾਨਤਾ ਕਿਉਂ ਹੈ? ਕੀ ਇਹ ਉਹੀ “ਪਹਾੜ” ਹੈ ਜਿੱਥੇ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਲੋਕਾਂ ਨੂੰ ਅਧਿਆਤਮਿਕ ਰਹਿਨੁਮਾਈ ਅਤੇ ਸੱਚੀ ਭਗਤੀ ਲਈ ਜਾਣਾ ਚਾਹੀਦਾ ਹੈ?

“ਪਵਿੱਤਰ ਪਰਬਤ” ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ। ਇਸ ਦਾ ਸੰਬੰਧ ਸੱਚੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ, ਸ਼ੁੱਧ ਅਤੇ ਉੱਚੀ-ਸੁੱਚੀ ਉਪਾਸਨਾ ਦੇ ਨਾਲ ਹੈ। ਪ੍ਰਾਚੀਨ ਯਰੂਸ਼ਲਮ ਵਿਚ ਸੀਯੋਨ ਪਰਬਤ ਉਦੋਂ ਇਕ “ਪਵਿੱਤਰ ਪਰਬਤ” ਬਣਿਆ ਜਦੋਂ ਰਾਜਾ ਦਾਊਦ ਉੱਥੇ ਨੇਮ ਦਾ ਸੰਦੂਕ ਲਿਆਇਆ। (ਜ਼ਬੂਰ 15:1; 43:3; 2 ਸਮੂਏਲ 6:12, 17) ਮੋਰੀਯਾਹ ਪਹਾੜ ਉੱਤੇ ਸੁਲੇਮਾਨ ਦੀ ਹੈਕਲ ਬਣਨ ਤੋਂ ਬਾਅਦ, ਇਸ ਪਹਾੜ ਨੂੰ ਵੀ “ਸੀਯੋਨ” ਵਿਚ ਸ਼ਾਮਲ ਕਰ ਲਿਆ ਗਿਆ ਤੇ ਇਸ ਤਰ੍ਹਾਂ ਸੀਯੋਨ ਪਰਮੇਸ਼ੁਰ ਦਾ “ਪਵਿੱਤਰ ਪਹਾੜ” ਬਣਿਆ ਰਿਹਾ। (ਜ਼ਬੂਰ 2:6; ਯੋਏਲ 3:17) ਕਿਉਂਕਿ ਪਰਮੇਸ਼ੁਰ ਦੀ ਹੈਕਲ ਯਰੂਸ਼ਲਮ ਵਿਚ ਸੀ, ਇਸ ਲਈ ਉਸ ਸ਼ਹਿਰ ਨੂੰ ਵੀ ਕਦੇ-ਕਦੇ ਪਰਮੇਸ਼ੁਰ ਦਾ “ਪਵਿੱਤਰ ਪਰਬਤ” ਕਿਹਾ ਜਾਂਦਾ ਸੀ।—ਯਸਾਯਾਹ 66:20; ਦਾਨੀਏਲ 9:16, 20.

ਪਰ ਅੱਜ ਬਾਰੇ ਕੀ? ਕੀ ਏਥੋਸ ਪਹਾੜ ਜਾਂ ਕੋਈ ਹੋਰ ਚੋਟੀ ਉਹ “ਪਵਿੱਤਰ ਪਹਾੜ” ਹੈ ਜਿੱਥੇ ਲੋਕਾਂ ਨੂੰ ਪਰਮੇਸ਼ੁਰ ਦੀ ਮਨਜ਼ੂਰਯੋਗ ਭਗਤੀ ਲਈ ਜਾਣਾ ਚਾਹੀਦਾ ਹੈ?

ਤਪੱਸਵੀਆਂ ਲਈ “ਪਵਿੱਤਰ ਪਰਬਤ”

ਏਥੋਸ ਪਹਾੜ ਏਜੀਅਨ ਸਮੁੰਦਰ ਵਿਚ ਇਕ ਲੰਮੇ ਆਕਾਰ ਦੀ ਜ਼ਮੀਨ ਉੱਤੇ, ਕੇਲਸੀਡਸੀ ਪ੍ਰਾਇਦੀਪ ਦੇ ਪੂਰਬੀ ਸਿਰੇ ਤੇ ਸਥਿਤ ਹੈ। ਇਹ ਪ੍ਰਾਇਦੀਪ ਅੱਜ ਦੇ ਥੈਸਲਾਨੀਕੀ ਸ਼ਹਿਰ ਦੇ ਪੂਰਬ ਵੱਲ ਹੈ। ਏਥੋਸ ਪਹਾੜ ਇਕ ਸ਼ਾਨਦਾਰ ਸਿੱਧੀ ਸੰਗਮਰਮਰੀ ਚੋਟੀ ਹੈ ਜਿਹੜੀ ਸਮੁੰਦਰ ਤੋਂ 6,667 ਫੁੱਟ ਉੱਚੀ ਹੈ।

ਕਾਫ਼ੀ ਚਿਰਾਂ ਤੋਂ ਏਥੋਸ ਪਹਾੜ ਇਕ ਪਵਿੱਤਰ ਥਾਂ ਮੰਨੀ ਜਾਂਦੀ ਰਹੀ ਹੈ। ਯੂਨਾਨੀ ਮਿਥਿਹਾਸ ਅਨੁਸਾਰ ਦੇਵਤੇ ਓਲਿੰਪਸ ਪਹਾੜ ਤੋਂ ਵੀ ਪਹਿਲਾਂ ਇਸ ਪਹਾੜ ਤੇ ਰਹਿੰਦੇ ਸਨ। ਕਾਂਸਟੰਟਾਈਨ ਮਹਾਨ (ਚੌਥੀ ਸਦੀ ਸਾ.ਯੁ.) ਦੇ ਮਰਨ ਤੋਂ ਕੁਝ ਸਮੇਂ ਬਾਅਦ, ਏਥੋਸ ਈਸਾਈ ਗਿਰਜਿਆਂ ਲਈ ਇਕ ਪਵਿੱਤਰ ਥਾਂ ਬਣ ਗਿਆ। ਇਕ ਲੋਕ-ਕਥਾ ਅਨੁਸਾਰ, “ਕੁਆਰੀ” ਮਰਿਯਮ, ਯੂਹੰਨਾ ਇੰਜੀਲਕਾਰ ਦੇ ਨਾਲ ਲਾਜ਼ਰ ਨੂੰ ਮਿਲਣ ਲਈ ਸਾਈਪ੍ਰਸ ਜਾਂਦੀ ਹੋਈ, ਅਚਾਨਕ ਤੇਜ਼ ਤੁਫ਼ਾਨ ਦੇ ਆਉਣ ਕਰਕੇ ਇੱਥੇ ਰੁਕੀ ਸੀ। ਇਸ ਪਹਾੜ ਦੀ ਖ਼ੂਬਸੂਰਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇਸ ਪਹਾੜ ਨੂੰ ਯਿਸੂ ਕੋਲੋਂ ਮੰਗਿਆ। ਇਸ ਲਈ, ਏਥੋਸ ਨੂੰ “ਪਵਿੱਤਰ ਕੁਆਰੀ ਦਾ ਬਾਗ਼” ਵੀ ਕਿਹਾ ਜਾਣ ਲੱਗਾ। ਬਿਜ਼ੰਤੀਨੀ ਯੁਗ ਦੇ ਮੱਧ ਵਿਚ, ਇਸ ਪੂਰੀ ਪਥਰੀਲੀ ਚਟਾਨ ਨੂੰ ਪਵਿੱਤਰ ਪਹਾੜ ਕਿਹਾ ਜਾਣ ਲੱਗਾ। ਸ਼ਹਿਨਸ਼ਾਹ ਕਾਂਸਟੰਟਾਈਨ IX ਮੋਨੋਮੇਕਸ ਦੇ ਹੁਕਮ ਤੇ 1046 ਸਾ.ਯੁ. ਵਿਚ ਇਸ ਨੂੰ ਪਵਿੱਤਰ ਪਹਾੜ ਵਜੋਂ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਗਈ।

ਉਘੜ-ਦੁਘੜ ਅਤੇ ਸੁੰਨਸਾਨ ਜਿਹਾ ਹੋਣ ਕਰਕੇ, ਏਥੋਸ ਇਕ ਇਸ ਤਰ੍ਹਾਂ ਦੀ ਥਾਂ ਹੈ ਜਿਹੜੀ ਤਪੱਸਵੀ ਜੀਵਨ ਲਈ ਬਿਲਕੁਲ ਢੁਕਵੀਂ ਹੈ। ਸਦੀਆਂ ਤੋਂ ਇਸ ਨੇ ਆਰਥੋਡਾਕਸ ਜਗਤ ਦੇ ਯੂਨਾਨੀ, ਸਰਬੀਅਨ, ਰੋਮਾਨੀਅਨ, ਬਲਗੇਰੀਅਨ, ਰੂਸੀ ਅਤੇ ਹੋਰ ਕਈ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ, ਜਿਨ੍ਹਾਂ ਨੇ ਇੱਥੇ ਆਪਣੇ ਕਈ ਈਸਾਈ ਮੱਠ, ਚਰਚ ਅਤੇ ਸਮਾਜ ਬਣਾਏ ਹਨ। ਇਨ੍ਹਾਂ ਵਿੱਚੋਂ ਕੁਝ 20 ਕੁ ਅਜੇ ਬਚੇ ਹੋਏ ਹਨ।

ਅੱਜ ਦੇ ਦਿਨਾਂ ਵਿਚ ਏਥੋਸ ਪਹਾੜ

ਅੱਜ, ਏਥੋਸ ਨੂੰ ਸਰਕਾਰ ਨੇ ਖ਼ੁਦ ਰਾਜ ਕਰਨ ਦਾ ਅਧਿਕਾਰ ਦਿੱਤਾ ਹੈ ਜਿਸ ਦੀ ਪੁਸ਼ਟੀ ਸੰਨ 1926 ਵਿਚ ਕੀਤੀ ਗਈ। ਕਈ ਸਾਲਾਂ ਤਕ ਇੱਥੇ ਰਹਿਣ ਵਾਲੇ ਮੱਠਵਾਸੀਆਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਆਈ, ਪਰ ਹੁਣ ਉਨ੍ਹਾਂ ਦੀ ਗਿਣਤੀ 2000 ਤੋਂ ਵੀ ਵੱਧ ਹੈ।

ਇੱਥੋਂ ਦੇ ਹਰ ਈਸਾਈ ਮੱਠ ਦੇ ਆਪਣੇ-ਆਪਣੇ ਖੇਤ, ਛੋਟੇ-ਛੋਟੇ ਗਿਰਜੇ ਅਤੇ ਰਹਿਣ ਦੀਆਂ ਥਾਵਾਂ ਹਨ। ਪਰ ਇਨ੍ਹਾਂ ਈਸਾਈ ਸੰਨਿਆਸੀਆਂ ਦਾ ਮੁੱਖ ਪਵਿੱਤਰ ਸਥਾਨ ਕਾਰੂਲੀਆ ਦੀ ਬਸਤੀ ਵਿਚ ਹੈ, ਜਿਹੜਾ ਏਥੋਸ ਪਹਾੜ ਦੇ ਸਿਖਰ ਉੱਤੇ ਸਥਿਤ ਹੈ। ਇੱਥੇ ਸੰਨਿਆਸੀਆਂ ਦੀਆਂ ਬਹੁਤ ਸਾਰੀਆਂ ਕੁਟੀਆ ਹਨ ਅਤੇ ਇਨ੍ਹਾਂ ਤਕ ਪਹੁੰਚਣ ਲਈ ਗੁੰਝਲਦਾਰ ਰਾਹ, ਪੱਥਰ ਦੀਆਂ ਪੌੜੀਆਂ ਅਤੇ ਜੰਜੀਰਾਂ ਬਣਾਈਆਂ ਗਈਆਂ ਹਨ। ਏਥੋਸ ਉੱਤੇ ਮੱਠਵਾਸੀ ਅਜੇ ਵੀ ਬਿਜ਼ੰਤੀਨੀ ਘੜੀ (ਜਿਸ ਵਿਚ ਸੂਰਜ ਢਲਣ ਤੇ ਦਿਨ ਸ਼ੁਰੂ ਹੁੰਦਾ ਹੈ) ਅਤੇ ਜੂਲੀਅਨ ਕਲੰਡਰ (ਜੋ ਗ੍ਰੈਗੋਰੀਅਨ ਕਲੰਡਰ ਤੋਂ 13 ਦਿਨ ਪਿੱਛੇ ਹੈ) ਦੀ ਮਦਦ ਨਾਲ ਪੁਰਾਣੀਆਂ ਵਿਧੀਆਂ ਅਨੁਸਾਰ ਰੋਜ਼ਾਨਾ ਪੂਜਾ-ਪਾਠ ਕਰਦੇ ਹਨ।

ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਇਹ ਥਾਂ ਇਕ ਤੀਵੀਂ ਕਾਰਨ “ਪਵਿੱਤਰ” ਮੰਨੀ ਜਾਣੀ ਸ਼ੁਰੂ ਹੋਈ, ਪਰ 1,000 ਸਾਲਾਂ ਤੋਂ ਇੱਥੋਂ ਦੇ ਮੱਠਵਾਸੀਆਂ ਅਤੇ ਸੰਨਿਆਸੀਆਂ ਅਨੁਸਾਰ ਇਸ ਪੂਰੇ ਪ੍ਰਾਇਦੀਪ ਵਿਚ, ਤੀਵੀਆਂ ਅਤੇ ਮਾਦਾ ਜਾਨਵਰਾਂ ਸਮੇਤ ਖੁਸਰਿਆਂ ਅਤੇ ਬਿਨਾਂ ਦਾੜ੍ਹੀ ਵਾਲੇ ਆਦਮੀਆਂ ਨੂੰ ਇੱਥੇ ਆਉਣ ਦੀ ਮਨਾਹੀ ਹੈ। ਹਾਲ ਹੀ ਵਿਚ, ਬਿਨਾਂ ਦਾੜ੍ਹੀ ਵਾਲੇ ਆਦਮੀਆਂ ਨੂੰ ਅਤੇ ਕੁਝ ਮਾਦਾ ਜਾਨਵਰਾਂ ਨੂੰ ਇੱਥੇ ਆਉਣ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਤੀਵੀਆਂ ਅਜੇ ਵੀ ਏਥੋਸ ਦੀ ਤਟ ਰੇਖਾ ਤੋਂ ਲੈ ਕੇ 500 ਮੀਟਰ ਦੀ ਦੂਰੀ ਤੋਂ ਅੱਗੇ ਨਹੀਂ ਜਾ ਸਕਦੀਆਂ।

ਸਾਰਿਆਂ ਲਈ ਇਕ “ਪਵਿੱਤਰ ਪਹਾੜ”

ਕੀ ਏਥੋਸ ਉਹ “ਪਵਿੱਤਰ ਪਹਾੜ” ਹੈ ਜਿੱਥੇ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਮਸੀਹੀਆਂ ਨੂੰ ਭਗਤੀ ਲਈ ਜਾਣਾ ਚਾਹੀਦਾ ਹੈ? ਇਕ ਸਾਮਰੀ ਤੀਵੀਂ ਨਾਲ ਗੱਲ ਕਰਦੇ ਹੋਏ ਜੋ ਇਹ ਵਿਸ਼ਵਾਸ ਕਰਦੀ ਸੀ ਕਿ ਪਰਮੇਸ਼ੁਰ ਦੀ ਉਪਾਸਨਾ ਗਰਿੱਜ਼ੀਮ ਪਰਬਤ ਤੇ ਕਰਨੀ ਚਾਹੀਦੀ ਹੈ, ਉਸ ਨੂੰ ਯਿਸੂ ਨੇ ਸਪੱਸ਼ਟ ਕੀਤਾ ਕਿ ਅੱਗੋਂ ਤੋਂ ਪਰਮੇਸ਼ੁਰ ਦੀ ਉਪਾਸਨਾ ਕਿਸੇ ਵੀ ਅਸਲੀ ਪਹਾੜ ਉੱਤੇ ਨਹੀਂ ਕੀਤੀ ਜਾਵੇਗੀ। ਯਿਸੂ ਨੇ ਕਿਹਾ: “ਉਹ ਸਮਾ ਆਉਂਦਾ ਹੈ ਜਦ ਤੁਸੀਂ ਨਾ ਤਾਂ [ਗਰਿੱਜ਼ੀਮ] ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ।” ਕਿਉਂ? “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।”—ਯੂਹੰਨਾ 4:21, 24.

ਸਾਡੇ ਸਮੇਂ ਵੱਲ ਇਸ਼ਾਰਾ ਕਰਦੇ ਹੋਏ, ਯਸਾਯਾਹ ਨਬੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਲਾਖਣਿਕ ਤੌਰ ਤੇ “ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ” ਅਤੇ ਸਭ ਕੌਮਾਂ ਦੇ ਲੋਕ ਲਾਖਣਿਕ ਰੂਪ ਵਿਚ ਉਸ ਦੀ ਵੱਲ ਆਉਣਗੇ।—ਯਸਾਯਾਹ 2:2, 3.

ਜਿਹੜੇ ਆਦਮੀ ਅਤੇ ਜਿਹੜੀਆਂ ਤੀਵੀਆਂ ਪਰਮੇਸ਼ੁਰ ਨਾਲ ਇਕ ਮਨਜ਼ੂਰਯੋਗ ਰਿਸ਼ਤਾ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਪਰਮੇਸ਼ੁਰ ਦੀ ਉਪਾਸਨਾ “ਆਤਮਾ ਅਤੇ ਸੱਚਾਈ” ਨਾਲ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਸੰਸਾਰ ਭਰ ਦੇ ਲੱਖਾਂ ਹੀ ਲੋਕ ‘ਯਹੋਵਾਹ ਦੇ ਪਰਬਤ’ ਵੱਲ ਆਏ ਹਨ। ਉਹ ਅਤੇ ਹੋਰ ਕਈ ਲੋਕ ਇਕ ਯੂਨਾਨੀ ਵਕੀਲ ਵਾਂਗ ਮਹਿਸੂਸ ਕਰਦੇ ਹਨ, ਜੋ ਏਥੋਸ ਬਾਰੇ ਕਹਿੰਦੀ ਹੈ: “ਮੈਂ ਨਹੀਂ ਮੰਨਦੀ ਕਿ ਅਧਿਆਤਮਿਕਤਾ ਸਿਰਫ਼ ਕੰਧਾਂ ਵਿਚ ਜਾਂ ਈਸਾਈ ਮੱਠਾਂ ਵਿਚ ਹੀ ਮਿਲ ਸਕਦੀ ਹੈ।”—ਰਸੂਲਾਂ ਦੇ ਕਰਤੱਬ 17:24 ਦੀ ਤੁਲਨਾ ਕਰੋ।

[ਸਫ਼ੇ 31 ਉੱਤੇ ਡੱਬੀ]

ਲੰਬੇ ਸਮੇਂ ਤੋਂ ਗੁਪਤ ਰੱਖਿਆ ਖ਼ਜ਼ਾਨਾ

ਕਈ ਸਦੀਆਂ ਤੋਂ ਏਥੋਸ ਦੇ ਮੱਠ ਨਿਵਾਸੀਆਂ ਨੇ ਇਕ ਕੀਮਤੀ ਖ਼ਜ਼ਾਨਾ ਇਕੱਠਾ ਕੀਤਾ ਹੈ ਜਿਸ ਵਿਚ ਤਕਰੀਬਨ 15,000 ਹੱਥ-ਲਿਖਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਚੌਥੀ ਸਦੀ ਦੀਆਂ ਹੋਣ ਕਰਕੇ ਇਨ੍ਹਾਂ ਨੂੰ ਸੰਸਾਰ ਦੀਆਂ ਸਭ ਤੋਂ ਬੇਸ਼ਕੀਮਤੀ ਲਿਖਤਾਂ ਦਾ ਸੰਗ੍ਰਹਿ ਮੰਨਿਆ ਜਾਂਦਾ ਹੈ। ਇੱਥੇ ਬਹੁਤ ਪੁਰਾਣੀਆਂ ਤਸਵੀਰਾਂ, ਮੂਰਤੀਆਂ ਅਤੇ ਧਾਤ ਦੀਆਂ ਬਣੀਆਂ ਚੀਜ਼ਾਂ ਤੋਂ ਇਲਾਵਾ ਇੰਜੀਲ, ਜ਼ਬੂਰ ਅਤੇ ਭਜਨ ਦੀਆਂ ਕਈ ਪੋਥੀਆਂ, ਪੂਰੇ-ਪੂਰੇ ਖੰਡ ਅਤੇ ਪੱਤਰੇ ਵੀ ਹਨ। ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸੰਸਾਰ ਭਰ ਦੀਆਂ ਯੂਨਾਨੀ ਹੱਥ-ਲਿਖਤਾਂ ਦਾ ਇਕ ਚੌਥਾਈ ਹਿੱਸਾ ਏਥੋਸ ਪਹਾੜ ਦੇ ਮੱਠਾਂ ਵਿਚ ਪਿਆ ਹੈ, ਜਿਨ੍ਹਾਂ ਦੀ ਅਜੇ ਚੰਗੀ ਤਰ੍ਹਾਂ ਸੂਚੀ ਬਣਾਉਣ ਦੀ ਲੋੜ ਹੈ। ਸੰਨ 1997 ਵਿਚ, ਪਹਿਲੀ ਵਾਰ ਮੱਠਵਾਸੀਆਂ ਨੇ ਇਸ ਬੇਸ਼ਕੀਮਤੀ ਖ਼ਜ਼ਾਨੇ ਵਿੱਚੋਂ ਕੁਝ ਚੀਜ਼ਾਂ ਦੀ ਨੁਮਾਇਸ਼ ਥੈਸਲਾਨੀਕੀ ਸ਼ਹਿਰ ਵਿਚ ਲਾਉਣ ਦੀ ਇਜਾਜ਼ਤ ਦਿੱਤੀ।

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Telis/Greek National Tourist Organization

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ