ਪਾਠਕਾਂ ਵੱਲੋਂ ਸਵਾਲ
ਬਾਈਬਲ ਵਿਚ ਲਹੂ ਦੀ ਸਹੀ ਵਰਤੋਂ ਬਾਰੇ ਹੁਕਮਾਂ ਨੂੰ ਧਿਆਨ ਵਿਚ ਰੱਖਦਿਆਂ, ਯਹੋਵਾਹ ਦੇ ਗਵਾਹ ਉਨ੍ਹਾਂ ਇਲਾਜਾਂ ਬਾਰੇ ਕੀ ਸੋਚਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਆਪਣਾ ਲਹੂ ਵਰਤਿਆ ਜਾ ਸਕਦਾ ਹੈ?
ਹਰੇਕ ਮਸੀਹੀ ਨੂੰ ਕੋਈ ਵੀ ਫ਼ੈਸਲਾ ਸਿਰਫ਼ ਆਪਣੀ ਮਰਜ਼ੀ ਜਾਂ ਡਾਕਟਰ ਦੀ ਸਲਾਹ ਨਾਲ ਹੀ ਨਹੀਂ ਕਰਨਾ ਚਾਹੀਦਾ। ਸਗੋਂ, ਉਸ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ। ਇਹ ਮਾਮਲਾ ਉਸ ਦੇ ਅਤੇ ਯਹੋਵਾਹ ਦੇ ਵਿਚਕਾਰ ਹੈ।
ਸਾਡੀ ਜ਼ਿੰਦਗੀ ਯਹੋਵਾਹ ਵੱਲੋਂ ਹੈ। ਉਸ ਨੇ ਹੁਕਮ ਦਿੱਤਾ ਹੈ ਕਿ ਲਹੂ ਨਾ ਖਾਓ। (ਉਤਪਤ 9:3, 4) ਪ੍ਰਾਚੀਨ ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਵਿਚ ਪਰਮੇਸ਼ੁਰ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਲਹੂ ਨਾਲ ਕੀ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਲਹੂ ਜਾਨ ਨੂੰ ਦਰਸਾਉਂਦਾ ਹੈ। ਉਸ ਨੇ ਹੁਕਮ ਦਿੱਤਾ ਸੀ ਕਿ “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ।” ਉਦੋਂ ਕੀ ਜਦੋਂ ਕੋਈ ਇਨਸਾਨ ਖਾਣ ਵਾਸਤੇ ਕਿਸੇ ਜਾਨਵਰ ਨੂੰ ਮਾਰਦਾ ਸੀ? ਪਰਮੇਸ਼ੁਰ ਨੇ ਕਿਹਾ: “ਉਹ ਉਸ ਦਾ ਲਹੂ ਕੱਢ ਕੇ ਉਸ ਨੂੰ ਮਿੱਟੀ ਨਾਲ ਕੱਜੇ।”a (ਲੇਵੀਆਂ 17:11, 13) ਯਹੋਵਾਹ ਨੇ ਬਾਈਬਲ ਵਿਚ ਇਹ ਹੁਕਮ ਵਾਰ-ਵਾਰ ਦੁਹਰਾਇਆ ਸੀ। (ਬਿਵਸਥਾ ਸਾਰ 12:16, 24; 15:23) ਯਹੂਦੀ ਸੌਨਸੀਨੋ ਖ਼ੁਮਾਸ਼ ਕਹਿੰਦਾ ਹੈ: “ਲਹੂ ਰੱਖਿਆ ਨਹੀਂ ਪਰ ਜ਼ਮੀਨ ਉੱਤੇ ਡੋਲ੍ਹਿਆ ਜਾਂਦਾ ਸੀ ਤਾਂਕਿ ਉਹ ਖਾਧਾ ਨਾ ਜਾਵੇ।” ਕੋਈ ਵੀ ਇਸਰਾਏਲੀ ਹੋਰ ਕਿਸੇ ਵੀ ਜੀਵ ਦੇ ਲਹੂ ਨੂੰ ਨਾ ਖਾ ਸਕਦਾ ਸੀ, ਨਾ ਰੱਖ ਸਕਦਾ, ਅਤੇ ਨਾ ਹੀ ਵਰਤ ਸਕਦਾ ਸੀ, ਕਿਉਂਕਿ ਹਰ ਜੀਵ ਦੀ ਜਾਨ ਪਰਮੇਸ਼ੁਰ ਦੀ ਸੀ।
ਮਸੀਹਾ ਦੀ ਮੌਤ ਤੋਂ ਬਾਅਦ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦਾ ਫ਼ਰਜ਼ ਖ਼ਤਮ ਹੋ ਗਿਆ ਸੀ। ਪਰ ਪਰਮੇਸ਼ੁਰ ਦੀ ਨਜ਼ਰ ਵਿਚ ਲਹੂ ਹਾਲੇ ਵੀ ਪਵਿੱਤਰ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਰਸੂਲਾਂ ਨੇ ਕਿਹਾ ਸੀ ਕਿ ਮਸੀਹੀਆਂ ਨੂੰ ‘ਲਹੂ ਤੋਂ ਬਚਣਾ’ ਚਾਹੀਦਾ ਹੈ। ਇਹ ਹੁਕਮ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਨੈਤਿਕ ਤੌਰ ਤੇ ਇਹ ਬਦਚਲਣੀ ਜਾਂ ਮੂਰਤੀ-ਪੂਜਾ ਤੋਂ ਬਚਣ ਜਿੰਨਾ ਜ਼ਰੂਰੀ ਸੀ। (ਰਸੂਲਾਂ ਦੇ ਕਰਤੱਬ 15:28, 29; 21:25) ਵੀਹਵੀਂ ਸਦੀ ਵਿਚ ਜਦੋਂ ਲਹੂ ਦਾਨ ਕਰਨਾ ਅਤੇ ਚੜ੍ਹਾਉਣਾ ਆਮ ਕੰਮ ਬਣ ਗਿਆ ਸੀ, ਤਾਂ ਯਹੋਵਾਹ ਦੇ ਗਵਾਹਾਂ ਨੇ ਸਮਝ ਲਿਆ ਸੀ ਕਿ ਇਹ ਪਰਮੇਸ਼ੁਰ ਦੇ ਬਚਨ ਦੇ ਖ਼ਿਲਾਫ਼ ਹੈ।b
ਸਮੇਂ-ਸਮੇਂ ਤੇ ਡਾਕਟਰ ਮਰੀਜ਼ ਨੂੰ ਸਲਾਹ ਦੇਵੇਗਾ ਕਿ ਓਪਰੇਸ਼ਨ ਤੋਂ ਕਈ ਹਫ਼ਤੇ ਪਹਿਲਾਂ ਉਸ ਦਾ ਆਪਣਾ ਲਹੂ ਕੱਢ ਕੇ ਰੱਖਿਆ ਜਾਵੇ, ਤਾਂਕਿ ਜ਼ਰੂਰਤ ਪੈਣ ਤੇ ਡਾਕਟਰ ਮਰੀਜ਼ ਨੂੰ ਆਪਣਾ ਹੀ ਰੱਖਿਆ ਗਿਆ ਲਹੂ ਚੜ੍ਹਾ ਸਕਦਾ ਹੈ। ਲੇਕਿਨ, ਲਹੂ ਕੱਢਣਾ, ਰੱਖਣਾ, ਅਤੇ ਚੜ੍ਹਾਉਣਾ ਲੇਵੀਆਂ ਅਤੇ ਬਿਵਸਥਾ ਸਾਰ ਵਿਚ ਲਿਖੀਆਂ ਗਈਆਂ ਗੱਲਾਂ ਦੇ ਬਿਲਕੁਲ ਖ਼ਿਲਾਫ਼ ਹੈ। ਲਹੂ ਨੂੰ ਰੱਖਿਆ ਨਹੀਂ ਜਾਣਾ ਚਾਹੀਦਾ ਬਲਕਿ ਇਸ ਨੂੰ ਡੋਲ੍ਹਣਾ ਚਾਹੀਦਾ ਹੈ ਜਿਵੇਂ ਕਿ ਇਹ ਪਰਮੇਸ਼ੁਰ ਨੂੰ ਮੋੜਿਆ ਜਾ ਰਿਹਾ ਹੋਵੇ। ਇਹ ਸੱਚ ਹੈ ਕਿ ਅਸੀਂ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਾਂ। ਫਿਰ ਵੀ, ਯਹੋਵਾਹ ਦੇ ਗਵਾਹ ਬਿਵਸਥਾ ਵਿਚ ਲਿਖੇ ਗਏ ਅਸੂਲਾਂ ਦੀ ਕਦਰ ਕਰਦੇ ਹਨ ਅਤੇ ਹਰ ਹਾਲਤ ਵਿਚ ‘ਲਹੂ ਤੋਂ ਬਚਣਾ’ ਚਾਹੁੰਦੇ ਹਨ। ਇਸ ਲਈ, ਅਸੀਂ ਲਹੂ ਦਾਨ ਨਹੀਂ ਕਰਦੇ, ਨਾ ਹੀ ਅਸੀਂ ਆਪਣਾ ਲਹੂ ਕੱਢਵਾ ਕੇ ਬਾਅਦ ਵਿਚ ਚੜ੍ਹਾਉਣ ਲਈ ਰੱਖਦੇ ਹਾਂ ਕਿਉਂਕਿ ਇਸ ਤਰ੍ਹਾਂ ਕਰਨਾ ਪਰਮੇਸ਼ੁਰ ਦੇ ਹੁਕਮ ਦਾ ਵਿਰੋਧ ਹੈ।
ਜੇਕਰ ਡਾਕਟਰ ਲਹੂ ਨਾਲ ਹੋਰ ਕੋਈ ਇਲਾਜ ਜਾਂ ਟੈੱਸਟ ਕਰਨ, ਇਹ ਪਰਮੇਸ਼ੁਰ ਦੇ ਲਿਖੇ ਗਏ ਅਸੂਲਾਂ ਦੇ ਸਾਫ਼-ਸਾਫ਼ ਖ਼ਿਲਾਫ਼ ਨਹੀਂ ਹੈ। ਉਦਾਹਰਣ ਲਈ, ਕਈਆਂ ਮਸੀਹੀਆਂ ਨੇ ਡਾਕਟਰਾਂ ਨੂੰ ਆਪਣਾ ਲਹੂ ਟੈੱਸਟ ਕਰਨ ਲਈ ਦਿੱਤਾ ਹੈ, ਜੋ ਬਾਅਦ ਵਿਚ ਸੁੱਟਿਆ ਜਾਂਦਾ ਹੈ। ਹੋ ਸਕਦਾ ਹੈ ਕਿ ਡਾਕਟਰ ਤੁਹਾਨੂੰ ਤੁਹਾਡੇ ਲਹੂ ਨਾਲ ਹੋਰ ਵੀ ਗੁੰਝਲਦਾਰ ਇਲਾਜ ਕਰਾਉਣ ਲਈ ਕਹਿਣ।
ਉਦਾਹਰਣ ਲਈ, ਕੁਝ ਓਪਰੇਸ਼ਨਾਂ ਦੌਰਾਨ ਮਰੀਜ਼ ਦਾ ਲਹੂ ਸਰੀਰ ਤੋਂ ਬਾਹਰ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ। ਮਰੀਜ਼ ਦਾ ਬਾਕੀ ਦਾ ਲਹੂ ਪਤਲਾ ਕੀਤਾ ਜਾਂਦਾ ਹੈ। ਬਾਅਦ ਵਿਚ ਮਸ਼ੀਨ ਵਿਚਲਾ ਲਹੂ ਸਰੀਰ ਵਿਚ ਵਾਪਸ ਪਾਇਆ ਜਾਂਦਾ ਹੈ, ਅਤੇ ਇਸ ਤਰ੍ਹਾਂ ਲਹੂ ਵਿਚ ਸੈੱਲਾਂ ਦੀ ਗਿਣਤੀ ਠੀਕ ਹੋ ਜਾਂਦੀ ਹੈ। ਇਸੇ ਤਰ੍ਹਾਂ ਜ਼ਖ਼ਮ ਤੋਂ ਵਹਿੰਦਾ ਲਹੂ ਜਮ੍ਹਾ ਕਰ ਕੇ ਫਿਲਟਰ ਕੀਤਾ ਜਾ ਸਕਦਾ ਹੈ ਤਾਂਕਿ ਲਾਲ ਸੈੱਲ ਮਰੀਜ਼ ਵਿਚ ਵਾਪਸ ਪਾਏ ਜਾਣ। ਇਕ ਹੋਰ ਕਿਸਮ ਦੇ ਇਲਾਜ ਵਿਚ ਲਹੂ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ ਤਾਂਕਿ ਥੋੜ੍ਹੇ ਚਿਰ ਲਈ ਉਹ ਮਸ਼ੀਨ ਸਰੀਰ ਦੇ ਅੰਗ (ਮਿਸਾਲ ਲਈ ਦਿਲ, ਫੇਫੜੇ, ਜਾਂ ਗੁਰਦੇ) ਦੀ ਥਾਂ ਕੰਮ ਕਰੇ। ਫਿਰ ਲਹੂ ਮਸ਼ੀਨ ਤੋਂ ਮਰੀਜ਼ ਵਿਚ ਵਾਪਸ ਪਾਇਆ ਜਾਂਦਾ ਹੈ। ਹੋਰ ਇਲਾਜਾਂ ਵਿਚ, ਲਹੂ ਅਜਿਹੀ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ ਜੋ ਲਹੂ ਦੇ ਖ਼ਰਾਬ ਹਿੱਸਿਆਂ ਨੂੰ ਕੱਢ ਦਿੰਦੀ ਹੈ। ਜਾਂ ਮਰੀਜ਼ ਦੇ ਲਹੂ ਦਾ ਕੋਈ ਹਿੱਸਾ ਜੁਦਾ ਕਰ ਕੇ ਸਰੀਰ ਦੇ ਕਿਸੇ ਜ਼ਖ਼ਮ ਉੱਤੇ ਮਲ੍ਹਮ ਵਜੋਂ ਲਾਇਆ ਜਾਂਦਾ ਹੈ। ਅਜਿਹੇ ਟੈੱਸਟ ਵੀ ਹਨ ਜਿਨ੍ਹਾਂ ਵਿਚ ਲਹੂ ਕੱਢ ਕੇ ਉਸ ਨੂੰ ਕਿਸੇ ਦਵਾਈ ਨਾਲ ਰਲਾ ਕੇ ਮਰੀਜ਼ ਵਿਚ ਵਾਪਸ ਪਾਇਆ ਜਾਂਦਾ ਹੈ।
ਵੱਖੋ-ਵੱਖਰੇ ਵੇਰਵਿਆਂ ਵਾਲੇ ਨਵੇਂ ਤਰੀਕੇ, ਇਲਾਜ, ਅਤੇ ਟੈੱਸਟ ਸ਼ੁਰੂ ਹੁੰਦੇ ਰਹਿੰਦੇ ਹਨ। ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਅਸੀਂ ਹਰੇਕ ਚੀਜ਼ ਦੀ ਜਾਂਚ ਕਰ ਕੇ ਫ਼ੈਸਲਾ ਕਰੀਏ। ਇਕ ਮਸੀਹੀ ਨੂੰ ਖ਼ੁਦ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਓਪਰੇਸ਼ਨ, ਟੈੱਸਟ, ਜਾਂ ਇਲਾਜ ਦੌਰਾਨ ਉਸ ਦੇ ਲਹੂ ਨਾਲ ਕੀ ਕੀਤਾ ਜਾਵੇਗਾ। ਉਸ ਨੂੰ ਪਹਿਲਾਂ ਹੀ ਡਾਕਟਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਕਿ ਓਪਰੇਸ਼ਨ ਦੌਰਾਨ ਉਸ ਦੇ ਲਹੂ ਨਾਲ ਕੀ ਕੀਤਾ ਜਾਵੇਗਾ। ਫਿਰ ਆਪਣੀ ਜ਼ਮੀਰ ਅਨੁਸਾਰ ਉਸ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ। (ਡੱਬੀ ਦੇਖੋ।)
ਹਰ ਮਸੀਹੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਜੀਵਨ ਪਰਮੇਸ਼ੁਰ ਨੂੰ ਸੌਂਪਿਆ ਹੈ। ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ‘ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਸਾਰੀ ਜਾਨ, ਸਾਰੀ ਸ਼ਕਤੀ, ਅਤੇ ਸਾਰੀ ਬੁੱਧ ਨਾਲ ਪਿਆਰ ਕਰੇ।’ (ਲੂਕਾ 10:27) ਦੂਸਰਿਆਂ ਲੋਕਾਂ ਤੋਂ ਉਲਟ ਯਹੋਵਾਹ ਦੇ ਗਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਬਹੁਤ ਕਦਰ ਕਰਦੇ ਹਨ। ਸਾਡਾ ਜੀਵਨ-ਦਾਤਾ ਸਾਰਿਆਂ ਨੂੰ ਕਹਿੰਦਾ ਹੈ ਕਿ ਉਹ ਯਿਸੂ ਮਸੀਹ ਦੇ ਵਹਾਏ ਗਏ ਲਹੂ ਉੱਤੇ ਭਰੋਸਾ ਰੱਖਣ। ਅਸੀਂ ਪੜ੍ਹਦੇ ਹਾਂ: ‘ਯਿਸੂ ਮਸੀਹ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਮਿਲਦੀ ਹੈ।’—ਅਫ਼ਸੀਆਂ 1:7.
[ਫੁਟਨੋਟ]
a ਇਕ ਪ੍ਰੋਫ਼ੈਸਰ ਲਿਖਦਾ ਹੈ: “ਇਹ ਸਮਝਿਆ ਜਾਂਦਾ ਹੈ ਕਿ ਲਹੂ ਡੋਲ੍ਹਣਾ ਸ਼ਰਧਾ ਦਿਖਾਉਂਦਾ ਸੀ। ਇਹ ਜਾਨਵਰ ਦੀ ਜਾਨ ਦੇ ਨਾਲ-ਨਾਲ ਪਰਮੇਸ਼ੁਰ ਲਈ ਵੀ ਆਦਰ ਦਿਖਾਉਂਦਾ ਸੀ ਜਿਸ ਨੇ ਉਹ ਜਾਨ ਦਿੱਤੀ ਅਤੇ ਜੋ ਉਸ ਦੀ ਦੇਖ-ਭਾਲ ਵੀ ਕਰਦਾ ਸੀ।”
b ਅੰਗ੍ਰੇਜ਼ੀ ਵਿਚ 1 ਜੁਲਾਈ 1951 ਦੇ ਪਹਿਰਾਬੁਰਜ ਵਿਚ ਇਸ ਵਿਸ਼ੇ ਉੱਤੇ ਕਈ ਮੁੱਖ ਸਵਾਲਾਂ ਦੇ ਜਵਾਬ ਦਿੱਤੇ ਗਏ ਸਨ, ਜਿਨ੍ਹਾਂ ਨੇ ਦਿਖਾਇਆ ਕਿ ਲਹੂ ਲੈਣਾ ਕਿਉਂ ਗ਼ਲਤ ਹੈ।
[ਸਫ਼ੇ 31 ਉੱਤੇ ਡੱਬੀ/ਤਸਵੀਰਾਂ]
ਆਪਣੇ ਆਪ ਤੋਂ ਇਹ ਸਵਾਲ ਪੁੱਛੋ:
ਜੇਕਰ ਮੇਰਾ ਲਹੂ ਮੇਰੇ ਸਰੀਰ ਤੋਂ ਬਾਹਰ ਕਿਸੇ ਮਸ਼ੀਨ ਵਿਚ ਦੀ ਲੰਘਾਇਆ ਜਾਵੇਗਾ ਅਤੇ ਖ਼ੂਨ ਦਾ ਦੌਰਾ ਕੁਝ ਸਮੇਂ ਲਈ ਰੋਕਿਆ ਜਾਵੇਗਾ, ਤਾਂ ਕੀ ਮੇਰੀ ਜ਼ਮੀਰ ਨੂੰ ਇਹ ਗੱਲ ਠੀਕ ਲੱਗੇਗੀ?
ਕੀ ਬਾਈਬਲ ਦੁਆਰਾ ਸਿਖਾਈ ਗਈ ਮੇਰੀ ਜ਼ਮੀਰ ਦੁਖੀ ਹੋਵੇਗੀ ਜੇਕਰ ਰੋਗ ਦੇ ਇਲਾਜ ਲਈ ਮੇਰਾ ਆਪਣਾ ਲਹੂ ਕੱਢੇ ਅਤੇ ਸੋਧੇ ਜਾਣ ਤੋਂ ਬਾਅਦ ਫਿਰ ਮੇਰੇ ਸਰੀਰ ਵਿਚ ਵਾਪਸ ਮੋੜਿਆ ਜਾਵੇ ਜਾਂ ਉਸ ਨੂੰ ਜ਼ਖ਼ਮ ਉੱਤੇ ਮਲ੍ਹਮ ਵਜੋਂ ਲਾਇਆ ਜਾਵੇ?