ਪਾਠਕਾਂ ਵੱਲੋਂ ਸਵਾਲ
ਜਦੋਂ ਯਿਸੂ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਕੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੋ ਰਹੀ ਸੀ, ਭਾਵੇਂ ਕਿ ਬਾਗ਼ੀ ਦੂਤ ਅਜੇ ਸਵਰਗੋਂ ਕੱਢੇ ਨਹੀਂ ਗਏ ਸਨ?
ਮੱਤੀ 6:10 ਵਿਚ ਯਿਸੂ ਨੇ ਕਿਹਾ ਸੀ: “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਕਈ ਆਧੁਨਿਕ ਅਨੁਵਾਦਾਂ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ ਕਿ ਇਸ ਬੇਨਤੀ ਦੇ ਦੋ ਅਰਥ ਕੱਢੇ ਜਾ ਸਕਦੇ ਹਨ। ਪਹਿਲਾ, ਯਿਸੂ ਇੱਥੇ ਇਹ ਬੇਨਤੀ ਕਰ ਰਿਹਾ ਸੀ ਕਿ ਜਿਵੇਂ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੋ ਰਹੀ ਸੀ, ਉਸੇ ਤਰ੍ਹਾਂ ਧਰਤੀ ਉੱਤੇ ਵੀ ਹੋਵੇ। ਦੂਸਰਾ, ਸਵਰਗ ਅਤੇ ਧਰਤੀ ਦੋਹਾਂ ਉੱਤੇ ਯਹੋਵਾਹ ਦੀ ਮਰਜ਼ੀ ਮੁਕੰਮਲ ਤੌਰ ਤੇ ਪੂਰੀ ਹੋਵੇ।a ਇਸ ਆਇਤ ਵਿਚ ਯਿਸੂ ਨੇ ਪਹਿਲਾਂ ਕਿਹਾ ਸੀ: “ਤੇਰਾ ਰਾਜ ਆਵੇ।” ਇਹ ਸ਼ਬਦ ਦਿਖਾਉਂਦੇ ਹਨ ਕਿ ਦੂਸਰਾ ਅਰਥ ਬਾਈਬਲ ਦੇ ਬਾਕੀ ਹਵਾਲਿਆਂ ਨਾਲ ਜ਼ਿਆਦਾ ਮੇਲ ਖਾਂਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਧਰਤੀ ਤੇ ਸੀ ਅਤੇ ਉਸ ਤੋਂ ਬਾਅਦ ਵੀ ਲੰਬੇ ਸਮੇਂ ਤਕ ਸਵਰਗ ਵਿਚ ਕੀ ਸਥਿਤੀ ਸੀ। ਕਿਵੇਂ?
ਪਰਕਾਸ਼ ਦੀ ਪੋਥੀ ਵਿਚ ਦੱਸਿਆ ਗਿਆ ਹੈ ਕਿ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਨਾਲ ਕਿਹੜੇ ਦੋ ਨਤੀਜੇ ਨਿਕਲੇ। ਪਹਿਲਾ ਸਵਰਗ ਨਾਲ ਸੰਬੰਧਿਤ ਹੈ ਅਤੇ ਦੂਸਰਾ ਧਰਤੀ ਨਾਲ। ਪਰਕਾਸ਼ ਦੀ ਪੋਥੀ 12:7-9, 12 ਵਿਚ ਦੱਸਿਆ ਗਿਆ ਹੈ: “ਫੇਰ ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ। ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”
ਸਾਲ 1914 ਤੋਂ ਬਾਅਦ ਸ਼ਤਾਨ ਅਤੇ ਉਸ ਦੇ ਦੂਤ ਸਵਰਗ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਨਾਲ ਸਵਰਗ ਵਿਚ ਸਿਰਫ਼ ਯਹੋਵਾਹ ਦੇ ਵਫ਼ਾਦਾਰ ਆਤਮਿਕ ਪੁੱਤਰ ਹੀ ਰਹਿ ਗਏ ਜਿਨ੍ਹਾਂ ਦੀ ਗਿਣਤੀ ਬਾਗ਼ੀ ਦੂਤਾਂ ਨਾਲੋਂ ਜ਼ਿਆਦਾ ਹੈ। ਸਵਰਗ ਦੇ ਸਾਫ਼ ਹੋਣ ਨਾਲ ਪਰਮੇਸ਼ੁਰ ਦੇ ਦੂਤਾਂ ਨੂੰ ਬਹੁਤ ਖ਼ੁਸ਼ੀ ਹੋਈ। (ਅੱਯੂਬ 1:6-12; 2:1-7; ਪਰਕਾਸ਼ ਦੀ ਪੋਥੀ 12:10) ਇਸ ਤਰ੍ਹਾਂ ਸਵਰਗ ਦੇ ਸੰਬੰਧ ਵਿਚ ਯਿਸੂ ਦੀ ਬੇਨਤੀ ਪੂਰੀ ਹੋਈ। ਸਵਰਗ ਵਿਚ ਸਿਰਫ਼ ਯਹੋਵਾਹ ਦੇ ਵਫ਼ਾਦਾਰ ਦੂਤ ਹੀ ਬਚੇ ਸਨ ਅਤੇ ਉਹ ਪੂਰੀ ਤਰ੍ਹਾਂ ਉਸ ਦੇ ਅਧੀਨ ਸਨ।
ਇਸ ਗੱਲ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਵਰਗ ਵਿੱਚੋਂ ਕੱਢੇ ਜਾਣ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਸ਼ਤਾਨ ਦੇ ਦੂਤਾਂ ਨੂੰ ਆਪਣੇ ਪਰਿਵਾਰ ਵਿੱਚੋਂ ਛੇਕ ਦਿੱਤਾ ਸੀ ਅਤੇ ਉਨ੍ਹਾਂ ਉੱਤੇ ਕਈ ਪਾਬੰਦੀਆਂ ਲਾਈਆਂ ਸਨ। ਉਦਾਹਰਣ ਲਈ, ਯਹੂਦਾਹ 6 ਦੱਸਦਾ ਹੈ ਕਿ ਪਹਿਲੀ ਸਦੀ ਵਿਚ ਹੀ ਉਨ੍ਹਾਂ ਨੂੰ ‘ਘੁੱਪ ਅਧਿਆਤਮਿਕ ਅਨ੍ਹੇਰੇ ਵਿੱਚ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖਿਆ ਗਿਆ ਸੀ।’ ਇਸੇ ਤਰ੍ਹਾਂ, 2 ਪਤਰਸ 2:4 ਕਹਿੰਦਾ ਹੈ: “ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਨ੍ਹਾਂ ਪਾਪ ਕੀਤਾ ਨਾ ਛੱਡਿਆ ਸਗੋਂ ਓਹਨਾਂ ਨੂੰ ਨਰਕ [ਬੇਇੱਜ਼ਤੀ ਦੀ ਹਾਲਤ] ਵਿੱਚ ਸੁੱਟ ਕੇ [ਅਧਿਆਤਮਿਕ] ਅੰਧਕੂਪਾਂ ਵਿੱਚ ਪਾ ਦਿੱਤਾ ਭਈ ਨਿਆਉਂ ਦੇ ਲਈ ਕਾਬੂ ਰਹਿਣ।”b
ਭਾਵੇਂ ਬਾਗ਼ੀ ਦੂਤਾਂ ਉੱਤੇ ਸਵਰਗ ਵਿਚ ਕਈ ਪਾਬੰਦੀਆਂ ਲਾਈਆਂ ਗਈਆਂ ਸਨ, ਪਰ ਉਹ ਹੁਣ ਧਰਤੀ ਉੱਤੇ ਆਪਣਾ ਪੂਰਾ ਅਧਿਕਾਰ ਚਲਾ ਰਹੇ ਹਨ। ਅਸਲ ਵਿਚ ਪਰਮੇਸ਼ੁਰ ਦਾ ਬਚਨ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਅਤੇ ਉਸ ਦੇ ਦੂਤਾਂ ਨੂੰ ‘ਇਸ ਅੰਧਘੋਰ ਦੇ ਮਹਾਰਾਜੇ’ ਕਹਿੰਦਾ ਹੈ। (ਯੂਹੰਨਾ 12:31; ਅਫ਼ਸੀਆਂ 6:11, 12; 1 ਯੂਹੰਨਾ 5:19) ਜਗਤ ਦਾ ਸਰਦਾਰ ਹੋਣ ਕਰਕੇ ਸ਼ਤਾਨ ਨੇ ਯਿਸੂ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਪੇਸ਼ ਕੀਤਾ, ਬਸ਼ਰਤੇ ਕਿ ਯਿਸੂ ਇਕ ਵਾਰ ਉਸ ਨੂੰ ਮੱਥਾ ਟੇਕੇ। (ਮੱਤੀ 4:8, 9) ਇਸ ਲਈ ਜਦੋਂ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ‘ਆਵੇਗਾ,’ ਉਦੋਂ ਧਰਤੀ ਉੱਤੇ ਵੱਡੀਆਂ-ਵੱਡੀਆਂ ਤਬਦੀਲੀਆਂ ਹੋਣਗੀਆਂ।
ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ‘ਆਉਣ’ ਨਾਲ ਸਭ ਕੁਝ ਬਦਲ ਜਾਵੇਗਾ। ਇਹ ਰਾਜ ਸਾਰੀਆਂ ਇਨਸਾਨੀ ਹਕੂਮਤਾਂ ਨੂੰ ਨਾਸ਼ ਕਰ ਦੇਵੇਗਾ ਅਤੇ ਪੂਰੀ ਧਰਤੀ ਉੱਤੇ ਇਸ ਦੀ ਹੀ ਸਰਕਾਰ ਹੋਵੇਗੀ। ਇਸ ਦੌਰਾਨ ਧਰਤੀ ਉੱਤੇ ਯਹੋਵਾਹ ਤੋਂ ਡਰਨ ਵਾਲੇ ਲੋਕ “ਨਵੀਂ ਧਰਤੀ” ਯਾਨੀ ਨਵਾਂ ਸਮਾਜ ਬਣਨਗੇ। (2 ਪਤਰਸ 3:13; ਦਾਨੀਏਲ 2:44) ਇਹ ਰਾਜ ਆਗਿਆਕਾਰ ਇਨਸਾਨਜਾਤੀ ਵਿੱਚੋਂ ਪਾਪ ਨੂੰ ਵੀ ਮਿਟਾ ਦੇਵੇਗਾ ਅਤੇ ਹੌਲੀ-ਹੌਲੀ ਪੂਰੀ ਧਰਤੀ ਸੁੰਦਰ ਬਣ ਜਾਵੇਗੀ। ਇਸ ਤਰੀਕੇ ਨਾਲ ਸ਼ਤਾਨ ਦੀ ਹਕੂਮਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।—ਰੋਮੀਆਂ 8:20, 21; ਪਰਕਾਸ਼ ਦੀ ਪੋਥੀ 19:17-21.
ਇਕ ਹਜ਼ਾਰ ਸਾਲ ਦੌਰਾਨ ਮਸੀਹ ਦਾ ਰਾਜ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਦੇਵੇਗਾ। ਇਸ ਤੋਂ ਬਾਅਦ “ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।” (1 ਕੁਰਿੰਥੀਆਂ 15:28) ਫਿਰ ਇਕ ਆਖ਼ਰੀ ਇਮਤਿਹਾਨ ਹੋਵੇਗਾ ਜਿਸ ਤੋਂ ਬਾਅਦ ਸ਼ਤਾਨ, ਉਸ ਦੇ ਦੂਤ ਅਤੇ ਇਸ ਇਮਤਿਹਾਨ ਵਿਚ ਫੇਲ੍ਹ ਹੋਣ ਵਾਲਾ ਕੋਈ ਵੀ ਵਿਅਕਤੀ “ਦੂਈ ਮੌਤ” ਵਿਚ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:7-15) ਇਸ ਤੋਂ ਬਾਅਦ ਸਵਰਗ ਅਤੇ ਧਰਤੀ ਉੱਤੇ ਸਾਰੇ ਸਮਝਦਾਰ ਪ੍ਰਾਣੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਰਾਜ ਦੇ ਅਧੀਨ ਰਹਿਣਗੇ। ਉਸ ਵੇਲੇ ਯਿਸੂ ਦੀ ਪ੍ਰਾਰਥਨਾ ਦੇ ਸ਼ਬਦ ਹਰ ਤਰ੍ਹਾਂ ਨਾਲ ਪੂਰੇ ਹੋ ਜਾਣਗੇ।—1 ਯੂਹੰਨਾ 4:8.
[ਫੁਟਨੋਟ]
a ਦ ਬਾਈਬਲ—ਐਨ ਅਮੈਰੀਕਨ ਟ੍ਰਾਂਸਲੇਸ਼ਨ ਵਿਚ ਮੱਤੀ 6:10 ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਤੇਰਾ ਰਾਜ ਆਵੇ! ਤੇਰੀ ਮਰਜ਼ੀ ਧਰਤੀ ਉੱਤੇ ਅਤੇ ਸਵਰਗ ਵਿਚ ਪੂਰੀ ਹੋਵੇ।”
b ਪਤਰਸ ਰਸੂਲ ਨੇ ਇੱਥੇ ਅਧਿਆਤਮਿਕ ਤੌਰ ਤੇ ਛੇਕੇ ਜਾਣ ਤੇ ਦੂਤਾਂ ਦੀ ਹਾਲਤ ਦੀ ਤੁਲਨਾ “ਕੈਦ” ਵਿਚ ਹੋਣ ਨਾਲ ਕੀਤੀ। ਪਰ ਇੱਥੇ ਉਹ ਉਸ “ਅਥਾਹ ਕੁੰਡ” ਬਾਰੇ ਗੱਲ ਨਹੀਂ ਕਰ ਰਿਹਾ ਸੀ ਜਿਸ ਵਿਚ ਸ਼ਤਾਨ ਦੇ ਦੂਤਾਂ ਨੂੰ ਭਵਿੱਖ ਵਿਚ ਇਕ ਹਜ਼ਾਰ ਸਾਲ ਲਈ ਸੁੱਟਿਆ ਜਾਣਾ ਹੈ।—1 ਪਤਰਸ 3:19, 20; ਲੂਕਾ 8:30, 31; ਪਰਕਾਸ਼ ਦੀ ਪੋਥੀ 20:1-3.