ਕੀ ਵਫ਼ਾਦਾਰ ਰਹਿਣ ਦਾ ਕੋਈ ਫ਼ਾਇਦਾ ਹੈ?
“ਤੂੰ ਇਸ ਆਦਮੀ ਤੋਂ ਆਪਣਾ ਪਿੱਛਾ ਕਿਉਂ ਨਹੀਂ ਛੁਡਾਉਂਦੀ।” ਰੀਟਾ ਆਪਣੀ ਸਹੇਲੀ ਨੂੰ ਸਲਾਹ ਦਿੰਦੀ ਹੋਈ ਕਹਿਣ ਲੱਗੀ। “ਤੂੰ ਹਾਂ ਕਰ, ਤਾਂ ਤੇਰੇ ਰਿਸ਼ਤੇ ਦੀ ਗੱਲ ਮੈਂ ਹੋਰ ਥਾਂ ਕਰ ਦੇਵਾਂਗੀ।”
“ਮੈਂ ਮੰਨਦੀ ਹਾਂ ਕਿ ਮੈਨੂੰ ਮੁਸ਼ਕਲਾਂ ਬਹੁਤ ਸਹਿਣੀਆਂ ਪੈਂਦੀਆਂ ਹਨ,” ਕੁਲਜੀਤ ਜਵਾਬ ਦਿੰਦੀ ਹੋਈ ਕਹਿੰਦੀ ਹੈ, “ਪਰ ਫਿਰ ਵੀ ਉਹ ਮੇਰੇ ਪਤੀ ਹਨ, ਮੇਰੇ ਬੱਚਿਆਂ ਦਾ ਪਿਉ ਹੈ। ਮੈਂ ਉਸ ਦਾ ਸਾਥ ਨਹੀਂ ਛੱਡ ਸਕਦੀ।”
ਰੀਟਾ ਜਵਾਬ ਦਿੰਦੀ ਹੈ: “ਠੀਕ ਹੈ, ਪਰ ਮੈਂ ਤੈਨੂੰ ਦੱਸ ਦਿੰਦੀ ਹਾਂ ਕਿ ਇਸ ਆਦਮੀ ਨਾਲ ਰਹਿ ਕੇ ਤੇਰੀ ਜ਼ਿੰਦਗੀ ਸੌਖੀ ਨਹੀਂ ਹੋਵੇਗੀ।”
ਇਸ ਕਹਾਣੀ ਵਿਚ ਰੀਟਾ ਦੀ ਇਹ ਗੱਲ ਠੀਕ ਸੀ ਕਿ ਰਿਸ਼ਤਿਆਂ-ਨਾਤਿਆਂ ਨੂੰ ਨਿਭਾਉਣਾ ਕਦੇ ਸੌਖਾ ਨਹੀਂ ਹੁੰਦਾ। ਇਸ ਵਿਚ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਪਰ ਕੀ ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਹੈ?
ਵਫ਼ਾ ਤੇ ਪਿਆਰ ਦੀਆਂ ਸਿਫ਼ਤਾਂ ਵੱਧ, ਅਮਲ ਘੱਟ
ਜਰਮਨੀ ਵਿਚ ਕੀਤੀ ਗਈ ਰਿਸਰਚ ਮੁਤਾਬਕ 96 ਪ੍ਰਤਿਸ਼ਤ ਲੋਕ ਵਫ਼ਾਦਾਰੀ ਦੇ ਸਦਗੁਣ ਨੂੰ ਜ਼ਰੂਰੀ ਸਮਝਦੇ ਸਨ। ਇਕ ਹੋਰ ਸਰਵੇ ਤੋਂ ਜ਼ਾਹਰ ਹੁੰਦਾ ਹੈ ਕਿ ਨੌਜਵਾਨ ਵੀ ਇਸ ਗੁਣ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਇਹ ਸਰਵੇਖਣ 18-24 ਸਾਲਾਂ ਦੇ ਨੌਜਵਾਨਾਂ ਦਾ ਸੀ ਜਿਨ੍ਹਾਂ ਵਿੱਚੋਂ ਤਕਰੀਬਨ 70 ਪ੍ਰਤਿਸ਼ਤ ਨੇ ਵਫ਼ਾਦਾਰੀ ਦੇ ਗੁਣ ਨੂੰ ਪਸੰਦ ਕੀਤਾ।
ਇਸ ਗੁਣ ਦੀਆਂ ਸਿਫ਼ਤਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਹਨ, ਪਰ ਜਦੋਂ ਕੋਈ ਮੁਸੀਬਤ ਆਉਂਦੀ ਹੈ, ਉਦੋਂ ਘੱਟ ਹੀ ਲੋਕ ਕਿਸੇ ਦਾ ਸਾਥ ਨਿਭਾਉਣ ਲਈ ਤਿਆਰ ਹੁੰਦੇ ਹਨ। ਮਿਸਾਲ ਲਈ, ਕਈ ਯੂਰਪੀ ਦੇਸ਼ਾਂ ਵਿਚ ਸ਼ਾਦੀ-ਸ਼ੁਦਾ ਜੋੜੇ ਅਤੇ ਪਰਿਵਾਰ ਦੇ ਜੀਅ ਇਕ-ਦੂਜਾ ਦਾ ਸਾਥ ਘੱਟ ਹੀ ਨਿਭਾਉਂਦੇ ਹਨ। ਕਈ ਦੋਸਤ ਵੀ ਅਕਸਰ ਦਗ਼ਾ ਦੇ ਜਾਂਦੇ ਹਨ। ਇਕ ਸਮਾਂ ਸੀ ਜਦ ਲੋਕ ਆਪਣੇ ਮਾਲਕ ਦਾ ਇੱਜ਼ਤ-ਮਾਣ ਕਰਦੇ ਸਨ ਅਤੇ ਈਮਾਨਦਾਰੀ ਨਾਲ ਕੰਮ ਕਰਨਾ ਜ਼ਰੂਰੀ ਸਮਝਦੇ ਸਨ। ਗਾਹਕ ਵੀ ਅਕਸਰ ਇੱਕੋ ਦੁਕਾਨਦਾਰ ਤੋਂ ਸੌਦਾ ਖ਼ਰੀਦਦੇ ਹੁੰਦੇ ਸਨ। ਪਰ ਹੁਣ ਸਭ ਕੁਝ ਬਦਲ ਗਿਆ ਹੈ। ਦੁਨੀਆਂ ਵਿਚ ਅਜਿਹੇ ਗੁਣ ਘੱਟ ਹੀ ਦੇਖੇ ਜਾਂਦੇ ਹਨ। ਪਰ ਕਿਉਂ?
ਕਦੇ-ਕਦਾਈਂ ਜ਼ਿੰਦਗੀ ਦੀ ਹਫੜਾ-ਦਫੜੀ ਕਰਕੇ ਲੋਕ ਆਪਣੇ ਵਾਅਦਿਆਂ ਨੂੰ ਨਿਭਾਉਣਾ ਜਾਂ ਆਪਣੇ ਰਿਸ਼ਤਿਆਂ ਨੂੰ ਬਣਾਈ ਰੱਖਣਾ ਇਕ ਬੋਝ ਸਮਝਣ ਲੱਗਦੇ ਹਨ। ਇਹ ਵੀ ਹੋ ਸਕਦਾ ਹੈ ਕਿ ਜਿਸ ਵਿਅਕਤੀ ਨਾਲ ਧੋਖਾ ਕੀਤਾ ਗਿਆ ਹੋਵੇ ਉਹ ਸ਼ਾਇਦ ਸੋਚੇ ਕਿ ‘ਬਿਹਤਰ ਹੋਵੇਗਾ ਜੇ ਮੈਂ ਕਿਸੇ ਦੇ ਨਜ਼ਦੀਕ ਨਾ ਹੀ ਹੋਵਾਂ।’ ਜਾਂ ਫਿਰ ਹੋ ਸਕਦਾ ਹੈ ਕਿ ਕੁਝ ਲੋਕ ਇਵੇਂ ਸੋਚਣ ਕਿ ਇਸ ਪਲ ਭਰ ਦੀ ਜ਼ਿੰਦਗੀ ਵਿਚ ਉਨ੍ਹਾਂ ਕੋਲ ਕਿਸੇ ਲਈ ਸਮਾਂ ਨਹੀਂ ਹੈ। ਉਹ ਨਾ ਰਿਸ਼ਤੇ ਜੋੜਦੇ ਤੇ ਨਾ ਵਫ਼ਾ ਦੀਆਂ ਕਸਮਾਂ ਖਾਂਦੇ ਹਨ।
ਕਾਰਨ ਜੋ ਮਰਜ਼ੀ ਹੋਵੇ, ਪਰ ਵਫ਼ਾ ਅਤੇ ਪਿਆਰ ਦੀਆਂ ਸਿਫ਼ਤਾਂ ਵੱਧ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਗੁਣਾਂ ਨੂੰ ਪੈਦਾ ਘੱਟ ਕੀਤਾ ਜਾਂਦਾ ਹੈ। ਤਾਂ ਫਿਰ ਸਵਾਲ ਇਹ ਹਨ: ਕੀ ਵਫ਼ਾਦਾਰ ਰਹਿਣ ਦਾ ਕੋਈ ਫ਼ਾਇਦਾ ਹੈ? ਜੇ ਹੈ, ਤਾਂ ਸਾਨੂੰ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਅਸੀਂ ਕਿਹੜੇ ਤਰੀਕਿਆਂ ਨਾਲ ਵਫ਼ਾਦਾਰ ਰਹਿ ਸਕਦੇ ਹਾਂ? ਵਫ਼ਾਦਾਰ ਰਹਿਣ ਦੇ ਫ਼ਾਇਦੇ ਕੀ ਹਨ?
[ਸਫ਼ੇ 3 ਉੱਤੇ ਸੁਰਖੀ]
ਵਫ਼ਾ ਤੇ ਪਿਆਰ ਦੀਆਂ ਸਿਫ਼ਤਾਂ ਵੱਧ, ਅਮਲ ਘੱਟ