ਇਕ ਸਕੂਲ ਜਿਸ ਦੇ ਗ੍ਰੈਜੂਏਟ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ
ਦੋ ਸੋ ਤੋਂ ਜ਼ਿਆਦਾ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ 98,000 ਤੋਂ ਜ਼ਿਆਦਾ ਕਲੀਸਿਯਾਵਾਂ ਹਨ ਜਿਨ੍ਹਾਂ ਵਿਚ ਹਰ ਤਰ੍ਹਾਂ ਦੇ ਲੋਕਾਂ ਨੂੰ ਪਰਮੇਸ਼ੁਰ ਸਿੱਖਿਆ ਦੇ ਰਿਹਾ ਹੈ। ਬਾਈਬਲ ਉਨ੍ਹਾਂ ਦੀ ਮੁੱਖ ਕਿਤਾਬ ਹੈ। ਬਾਈਬਲ ਦੀ ਸਿੱਖਿਆ ਲੈ ਕੇ ਉਹ ਦੂਸਰਿਆਂ ਦੀ ਵੀ ਪਰਮੇਸ਼ੁਰ ਦੀ ਇੱਛਾ ਬਾਰੇ ਜਾਣਨ ਤੇ ਉਸ ਅਨੁਸਾਰ ਜੀਣ ਵਿਚ ਮਦਦ ਕਰਦੇ ਹਨ। ਇਸ ਸਿੱਖਿਆ ਤੋਂ ਲੋਕਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਉਹ ਜੋ ਵੀ ਸਿੱਖਦੇ ਹਨ, ਦੂਸਰਿਆਂ ਨੂੰ ਵੀ ਜਾ ਕੇ ਦੱਸਦੇ ਹਨ। ਇਸ ਤਰ੍ਹਾਂ ਉਹ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਦੇ ਹਨ।—ਮੱਤੀ 28:19, 20.
ਕਲੀਸਿਯਾ ਵਿਚ ਸਿੱਖਿਆ ਦੇਣ ਦੇ ਪ੍ਰਬੰਧਾਂ ਤੋਂ ਇਲਾਵਾ ਯਹੋਵਾਹ ਦੇ ਗਵਾਹ ਕੁਝ ਸਪੈਸ਼ਲ ਸਕੂਲ ਵੀ ਚਲਾਉਂਦੇ ਹਨ। ਇਨ੍ਹਾਂ ਵਿੱਚੋਂ ਇਕ ਹੈ ਸੇਵਕਾਈ ਸਿਖਲਾਈ ਸਕੂਲ। ਇਹ ਸਕੂਲ ਅਕਤੂਬਰ 1987 ਵਿਚ ਅਮਰੀਕਾ ਦੇ ਸ਼ਹਿਰ ਪਿਟੱਸਬਰਗ ਵਿਚ ਸ਼ੁਰੂ ਹੋਇਆ ਸੀ। ਪਹਿਲੀ ਕਲਾਸ ਵਿਚ ਅੰਗ੍ਰੇਜ਼ੀ ਬੋਲਣ ਵਾਲੇ 24 ਵਿਦਿਆਰਥੀ ਸਨ। ਉਸ ਤੋਂ ਬਾਅਦ ਇਹ ਸਕੂਲ 43 ਦੇਸ਼ਾਂ ਵਿਚ 21 ਭਾਸ਼ਾਵਾਂ ਵਿਚ ਚਲਾਇਆ ਗਿਆ। ਹੁਣ ਤਕ 90 ਤੋਂ ਜ਼ਿਆਦਾ ਦੇਸ਼ਾਂ ਵਿਚ ਕੁਆਰੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੇ ਇਸ ਸਕੂਲ ਵਿਚ ਕੋਰਸ ਕੀਤਾ ਹੈ। ਅੱਠ ਹਫ਼ਤਿਆਂ ਦਾ ਕੋਰਸ ਖ਼ਤਮ ਕਰਨ ਤੋਂ ਬਾਅਦ ਲੋੜ ਅਨੁਸਾਰ ਗ੍ਰੈਜੂਏਟਾਂ ਨੂੰ ਆਪਣੇ ਦੇਸ਼ ਵਿਚ ਹੀ ਜਾਂ ਫਿਰ ਵਿਦੇਸ਼ਾਂ ਵਿਚ ਘੱਲਿਆ ਜਾਂਦਾ ਹੈ। 2005 ਦੇ ਅਖ਼ੀਰ ਤਕ, 22,000 ਤੋਂ ਜ਼ਿਆਦਾ ਭਰਾ ਇਹ ਕੋਰਸ ਕਰ ਚੁੱਕੇ ਸਨ। ਇਹ ਭਰਾ ਪਰਮੇਸ਼ੁਰ ਦੀ ਸੇਵਾ ਕਰਨ ਤੇ ਦੂਸਰਿਆਂ ਦੀ ਮਦਦ ਕਰਨ ਵਿਚ ਬਹੁਤ ਮਿਹਨਤ ਕਰਦੇ ਹਨ ਜਿਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਭਰਪੂਰ ਬਰਕਤਾਂ ਵੀ ਦਿੱਤੀਆਂ ਹਨ।—ਕਹਾਉਤਾਂ 10:22; 1 ਪਤਰਸ 5:5.
ਇਹ ਕੋਰਸ ਕਰਨ ਦਾ ਪ੍ਰਬੰਧ ਕਰਨਾ
ਜ਼ਿਆਦਾਤਰ ਵਿਦਿਆਰਥੀਆਂ ਨੂੰ ਕੋਰਸ ਕਰਨ ਲਈ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਕਈ ਵਾਰੀ ਮਾਲਕ ਛੁੱਟੀ ਨਹੀਂ ਦਿੰਦੇ ਹਨ। ਹਵਾਈ ਵਿਚ ਦੋ ਭਰਾਵਾਂ ਨੂੰ ਇਹ ਕੋਰਸ ਕਰਨ ਦਾ ਸੱਦਾ ਮਿਲਿਆ। ਇਹ ਭਰਾ ਇਕ ਸਕੂਲ ਵਿਚ ਪੜ੍ਹਾਉਂਦੇ ਸਨ। ਯਹੋਵਾਹ ਤੇ ਭਰੋਸਾ ਰੱਖਦੇ ਹੋਏ ਉਨ੍ਹਾਂ ਨੇ ਛੁੱਟੀ ਲਈ ਬੇਨਤੀ ਕੀਤੀ ਤੇ ਸਮਝਾਇਆ ਕਿ ਉਹ ਇਹ ਕੋਰਸ ਕਿਉਂ ਕਰਨਾ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਣਗੇ। ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ।
ਪਰ ਛੁੱਟੀ ਮੰਗਣ ਤੇ ਕਈ ਮਾਲਕਾਂ ਨੇ ਭਰਾਵਾਂ ਨੂੰ ਕਹਿ ਦਿੱਤਾ ਕਿ ਵਾਪਸ ਆਉਣ ਤੇ ਉਨ੍ਹਾਂ ਨੂੰ ਕੰਮ ਤੇ ਨਹੀਂ ਰੱਖਿਆ ਜਾਵੇਗਾ। ਭਰਾਵਾਂ ਨੇ ਯਹੋਵਾਹ ਦੇ ਸੰਗਠਨ ਤੋਂ ਸਿਖਲਾਈ ਲੈਣ ਦਾ ਫ਼ੈਸਲਾ ਕੀਤਾ, ਭਾਵੇਂ ਕਿ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ। ਪਰ ਕੋਰਸ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਕੁਝ ਭਰਾਵਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਕੰਮ ਤੇ ਦੁਬਾਰਾ ਰੱਖ ਲਿਆ। ਭਰਾਵਾਂ ਦੇ ਦ੍ਰਿੜ੍ਹ ਫ਼ੈਸਲੇ ਨੂੰ ਥੋੜ੍ਹੇ ਸ਼ਬਦਾਂ ਵਿਚ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ: ਛੁੱਟੀ ਲਈ ਬੇਨਤੀ ਕਰੋ, ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ ਤੇ ਬਾਕੀ ਉਸ ਦੇ ਹੱਥ ਛੱਡ ਦਿਓ।—ਜ਼ਬੂਰਾਂ ਦੀ ਪੋਥੀ 37:5.
“ਯਹੋਵਾਹ ਵੱਲੋਂ ਸਿੱਖੇ ਹੋਏ”
ਅੱਠ ਹਫ਼ਤਿਆਂ ਦੇ ਇਸ ਕੋਰਸ ਵਿਚ ਬਾਈਬਲ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਂਦਾ ਹੈ। ਵਿਦਿਆਰਥੀ ਸਿੱਖਦੇ ਹਨ ਕਿ ਪਰਮੇਸ਼ੁਰ ਦੇ ਲੋਕ ਉਸ ਦੀ ਇੱਛਾ ਪੂਰੀ ਕਰਨ ਲਈ ਮਿਲ ਕੇ ਕਿਵੇਂ ਕੰਮ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਸਿੱਖਦੇ ਹਨ ਕਿ ਪ੍ਰਚਾਰ ਵਿਚ, ਸਭਾਵਾਂ ਵਿਚ ਤੇ ਅਸੈਂਬਲੀਆਂ ਵਿਚ ਬਾਈਬਲ ਨੂੰ ਵਧੀਆ ਤਰੀਕੇ ਨਾਲ ਕਿਵੇਂ ਵਰਤਣਾ ਹੈ।
ਇਕ ਗ੍ਰੈਜੂਏਟ ਨੇ ਅਜੇ ਕੋਰਸ ਕਰਨ ਵਾਲੇ ਇਕ ਭਰਾ ਨੂੰ ਲਿਖਿਆ: “ਮੇਰੀ ਗੱਲ ਦਾ ਯਕੀਨ ਕਰ, ਤੈਨੂੰ ਇਹੋ ਜਿਹੀ ਬਿਹਤਰੀਨ ਸਿਖਲਾਈ ਹੋਰ ਕਿਤੇ ਨਹੀਂ ਮਿਲਣੀ। ਬਾਈਬਲ ਦੇ ਇਹ ਸ਼ਬਦ ‘ਯਹੋਵਾਹ ਵੱਲੋਂ ਸਿੱਖੇ ਹੋਏ’ ਤੇਰੇ ਲਈ ਹੋਰ ਵੀ ਮਾਅਨੇ ਰੱਖਣਗੇ। ਇਸ ਕੋਰਸ ਦੌਰਾਨ ਵਿਦਿਆਰਥੀਆਂ ਦੀ ਸੋਚ ਤੇ ਸ਼ਖ਼ਸੀਅਤਾਂ ਨੂੰ ਹੋਰ ਨਿਖਾਰਿਆ ਜਾਂਦਾ ਹੈ ਤਾਂਕਿ ਉਹ ਮਸੀਹ ਯਿਸੂ ਦੀ ਪੈੜ ਉੱਤੇ ਹੋਰ ਚੰਗੀ ਤਰ੍ਹਾਂ ਚੱਲ ਸਕਣ। ਇਹ ਤੇਰੀ ਜ਼ਿੰਦਗੀ ਦਾ ਬਿਹਤਰੀਨ ਤਜਰਬਾ ਹੋਵੇਗਾ।”—ਯਸਾਯਾਹ 54:13.
ਪ੍ਰਚਾਰਕ, ਚਰਵਾਹੇ ਤੇ ਸਿੱਖਿਅਕ
ਇਸ ਸਕੂਲ ਦੇ ਗ੍ਰੈਜੂਏਟ ਇਸ ਵੇਲੇ 117 ਦੇਸ਼ਾਂ ਵਿਚ ਸੇਵਾ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਅੰਧਮਹਾਂਸਾਗਰ ਤੇ ਸ਼ਾਂਤ ਮਹਾਂਸਾਗਰ ਵਿਚ ਪੈਂਦੇ ਟਾਪੂ ਅਤੇ ਕੈਰੀਬੀਅਨ ਟਾਪੂ ਵੀ ਸ਼ਾਮਲ ਹਨ ਜਿੱਥੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਹਨ। ਬ੍ਰਾਂਚ ਆਫ਼ਿਸ ਦੱਸਦੇ ਹਨ ਕਿ ਇਹ ਗ੍ਰੈਜੂਏਟ ਪ੍ਰਚਾਰ ਵਿਚ, ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਤੇ ਸਿਖਾਉਣ ਦੇ ਕੰਮ ਵਿਚ ਇਸ ਸਿਖਲਾਈ ਨੂੰ ਵਧੀਆ ਤਰੀਕੇ ਨਾਲ ਵਰਤਦੇ ਹਨ। ਉਨ੍ਹਾਂ ਨੂੰ ਪ੍ਰਚਾਰ ਵਿਚ ਬਾਈਬਲ ਨੂੰ ਵਧੀਆ ਤਰੀਕੇ ਨਾਲ ਵਰਤਣ ਦੀ ਸਿਖਲਾਈ ਮਿਲੀ ਹੈ। (2 ਤਿਮੋਥਿਉਸ 2:15) ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਵੇਲੇ ਉਹ ਰਿਜ਼ਨਿੰਗ ਫਰਾਮ ਦਾ ਸਕ੍ਰਿਪਚਰਜ਼a ਕਿਤਾਬ ਨੂੰ ਵਾਰ-ਵਾਰ ਇਸਤੇਮਾਲ ਕਰਦੇ ਹਨ ਤੇ ਦੂਸਰੇ ਪ੍ਰਕਾਸ਼ਕਾਂ ਨੂੰ ਵੀ ਇਹ ਕਿਤਾਬ ਵਰਤਣੀ ਸਿਖਾਉਂਦੇ ਹਨ। ਗ੍ਰੈਜੂਏਟਾਂ ਦੇ ਜੋਸ਼ ਨੂੰ ਦੇਖ ਕੇ ਦੂਸਰੇ ਭੈਣ-ਭਰਾ ਵੀ ਜੋਸ਼ ਨਾਲ ਭਰ ਗਏ ਹਨ। ਉਨ੍ਹਾਂ ਦੀ ਮਿਹਨਤ ਸਦਕਾ ਕਲੀਸਿਯਾਵਾਂ ਮਜ਼ਬੂਤ ਹੋਈਆਂ ਹਨ।
ਕਲੀਸਿਯਾ ਵਿਚ ਬਜ਼ੁਰਗਾਂ ਨੂੰ ‘ਇੱਜੜ ਦੀ ਚਰਵਾਹੀ ਕਰਨ’ ਅਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਦਾ ਸਨਮਾਨ ਮਿਲਿਆ ਹੈ। (1 ਪਤਰਸ 5:2, 3) ਇਕ ਬਜ਼ੁਰਗ ਨੇ ਇਸ ਪ੍ਰਬੰਧ ਬਾਰੇ ਲਿਖਿਆ: “ਅਸੀਂ ਇਸ ਗੱਲ ਦੀ ਬਹੁਤ ਕਦਰ ਕਰਦੇ ਹਾਂ ਕਿ ਬ੍ਰਾਂਚ ਆਫਿਸ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ ਲਈ ਭਰਾਵਾਂ ਨੂੰ ਘੱਲਦਾ ਹੈ ਜਿਨ੍ਹਾਂ ਨੇ ਵਧੀਆ ਸਿਖਲਾਈ ਪ੍ਰਾਪਤ ਕੀਤੀ ਹੈ।” ਇਸੇ ਤਰ੍ਹਾਂ ਏਸ਼ੀਆ ਵਿਚ ਇਕ ਬ੍ਰਾਂਚ ਆਫ਼ਿਸ ਨੇ ਲਿਖਿਆ: “ਗ੍ਰੈਜੂਏਟ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਮਿਹਨਤ ਕਰਦੇ ਹਨ ਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੇ ਦਿਲ ਜਿੱਤ ਲੈਂਦੇ ਹਨ। ਸਾਰੇ ਉਨ੍ਹਾਂ ਦੀ ਨਿਮਰਤਾ, ਪਿਆਰ ਤੇ ਜੋਸ਼ ਨੂੰ ਦੇਖ ਸਕਦੇ ਹਨ ਤੇ ਉਨ੍ਹਾਂ ਦੀ ਕਦਰ ਕਰਦੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਆਪਣੀਆਂ ਇਛਾਵਾਂ ਦਾ ਤਿਆਗ ਕਰਦੇ ਹਨ ਤੇ ਉਨ੍ਹਾਂ ਕਲੀਸਿਯਾਵਾਂ ਵਿਚ ਚਲੇ ਜਾਂਦੇ ਹਨ ਜਿੱਥੇ ਬਜ਼ੁਰਗਾਂ ਦੀ ਜ਼ਿਆਦਾ ਲੋੜ ਹੈ।” (ਫ਼ਿਲਿੱਪੀਆਂ 2:4) ਅਜਿਹੇ ਭਰਾ ਆਪਣੇ ਸਾਥੀ ਮਸੀਹੀਆਂ ਨੂੰ ਮਜ਼ਬੂਤ ਕਰਦੇ ਹਨ ਜਿਸ ਕਰਕੇ ਉਹ ਤਾਰੀਫ਼ ਦੇ ਲਾਇਕ ਹਨ।—1 ਕੁਰਿੰਥੀਆਂ 16:18.
ਸੇਵਕਾਈ ਸਕੂਲ ਦੇ ਇੰਸਟ੍ਰਕਟਰ ਵਿਦਿਆਰਥੀਆਂ ਦੀ ਵਧੀਆ ਭਾਸ਼ਣਕਾਰ ਬਣਨ ਵਿਚ ਵੀ ਮਦਦ ਕਰਦੇ ਹਨ। ਕੋਰਸ ਦੌਰਾਨ ਮਿਲੇ ਸੁਝਾਵਾਂ ਤੇ ਸਲਾਹਾਂ ਨੂੰ ਮੰਨ ਕੇ ਬਹੁਤ ਸਾਰੇ ਵਿਦਿਆਰਥੀ ਇੰਨੇ ਵਧੀਆ ਭਾਸ਼ਣਕਾਰ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਰਕਟ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਭਾਸ਼ਣ ਦੇਣ ਲਈ ਵਰਤਿਆ ਜਾਂਦਾ ਹੈ। ਇਕ ਸਰਕਟ ਨਿਗਾਹਬਾਨ ਨੇ ਕਿਹਾ ਕਿ ਗ੍ਰੈਜੂਏਟ “ਬਹੁਤ ਵਧੀਆ ਭਾਸ਼ਣ ਦਿੰਦੇ ਹਨ ਅਤੇ ਵਧੀਆ ਦਲੀਲਾਂ ਵਰਤ ਕੇ ਭਾਸ਼ਣ ਦੇ ਨੁਕਤਿਆਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ।”—1 ਤਿਮੋਥਿਉਸ 4:13.
ਇਕ ਅਫ਼ਰੀਕੀ ਦੇਸ਼ ਵਿਚ ਇਹ ਸਕੂਲ ਸ਼ੁਰੂ ਕੀਤਾ ਗਿਆ। ਕੋਰਸ ਖ਼ਤਮ ਹੋਣ ਤੋਂ ਬਾਅਦ ਗ੍ਰੈਜੂਏਟਾਂ ਨੂੰ ਕਲੀਸਿਯਾਵਾਂ ਵਿਚ ਘੱਲਿਆ ਗਿਆ। ਉਨ੍ਹਾਂ ਦੇ ਆਉਣ ਨਾਲ ਸਭਾਵਾਂ ਦੀ ਕੁਆਲਿਟੀ ਵਿਚ ਬਹੁਤ ਸੁਧਾਰ ਹੋਇਆ ਹੈ। ਕੋਰਸ ਕਰ ਚੁੱਕੇ ਬਜ਼ੁਰਗ ਪ੍ਰਚਾਰ ਕੰਮ, ਭੈਣਾਂ-ਭਰਾਵਾਂ ਨੂੰ ਹੌਸਲਾ ਤੇ ਸਿੱਖਿਆ ਦੇਣ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਉਹ ਕਲੀਸਿਯਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਂਦੇ ਹਨ।—ਅਫ਼ਸੀਆਂ 4:8, 11, 12.
ਕਲੀਸਿਯਾਵਾਂ ਦੀ ਦੇਖ-ਭਾਲ ਕਰਨ ਦਾ ਵਧੀਆ ਪ੍ਰਬੰਧ
ਕਈ ਥਾਵਾਂ ਤੇ ਹੋਰ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੀ ਲੋੜ ਹੈ। ਕੁਝ ਕਲੀਸਿਯਾਵਾਂ ਵਿਚ ਕੋਈ ਬਜ਼ੁਰਗ ਹੀ ਨਾ ਹੁੰਦਾ ਜੇ ਗ੍ਰੈਜੂਏਟਾਂ ਨੂੰ ਉੱਥੇ ਨਾ ਘੱਲਿਆ ਜਾਂਦਾ। ਇਸ ਲਈ ਬਹੁਤ ਸਾਰੇ ਗ੍ਰੈਜੂਏਟਾਂ ਨੂੰ ਉੱਥੇ ਘੱਲਿਆ ਜਾਂਦਾ ਹੈ ਜਿੱਥੇ ਬਜ਼ੁਰਗਾਂ ਦੀ ਲੋੜ ਹੈ।
ਕਈ ਬ੍ਰਾਂਚ ਆਫਿਸ ਦੱਸਦੇ ਹਨ ਕਿ ਇਹ ਭਰਾ “ਕਲੀਸਿਯਾ ਨੂੰ ਸੰਸਥਾ ਦੀਆਂ ਹਿਦਾਇਤਾਂ ਮੁਤਾਬਕ ਚਲਾਉਣਾ ਜਾਣਦੇ ਹਨ,” “ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ,” “ਦੂਸਰਿਆਂ ਦੇ ਦਿਲਾਂ ਵਿਚ ਯਹੋਵਾਹ ਦੇ ਸੰਗਠਨ ਪ੍ਰਤੀ ਆਦਰ ਪੈਦਾ ਕਰਦੇ ਹਨ” ਅਤੇ “ਆਪਣੀਆਂ ਕਲੀਸਿਯਾਵਾਂ ਵਿਚ ਪਿਆਰ ਤੇ ਅਧਿਆਤਮਿਕਤਾ ਨੂੰ ਹੋਰ ਵਧਾਉਂਦੇ ਹਨ।” ਗ੍ਰੈਜੂਏਟ ਇਹ ਸਭ ਕੁਝ ਕਰਦੇ ਹਨ ਕਿਉਂਕਿ ਉਹ ਆਪਣੀ ਸਮਝ ਤੇ ਭਰੋਸਾ ਨਹੀਂ ਕਰਦੇ, ਸਗੋਂ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗੱਲਾਂ ਤੇ ਚੱਲਦੇ ਹਨ। (ਕਹਾਉਤਾਂ 3:5-7) ਅਜਿਹੇ ਭਰਾ ਆਪਣੀਆਂ ਕਲੀਸਿਯਾਵਾਂ ਲਈ ਵਰਦਾਨ ਸਾਬਤ ਹੁੰਦੇ ਹਨ।
ਦੂਰ-ਦੁਰਾਡੇ ਇਲਾਕਿਆਂ ਵਿਚ ਸੇਵਾ ਕਰਨੀ
ਕੁਝ ਗ੍ਰੈਜੂਏਟਾਂ ਨੂੰ ਸਪੈਸ਼ਲ ਪਾਇਨੀਅਰ ਬਣਾ ਕੇ ਦੂਰ-ਦੁਰਾਡੇ ਇਲਾਕਿਆਂ ਵਿਚ ਕਲੀਸਿਯਾਵਾਂ ਸਥਾਪਿਤ ਕਰਨ ਲਈ ਭੇਜਿਆ ਜਾਂਦਾ ਹੈ ਜਿੱਥੇ ਭੈਣਾਂ-ਭਰਾਵਾਂ ਦੇ ਛੋਟੇ ਸਮੂਹ ਹਨ। ਗ੍ਰੈਜੂਏਟਾਂ ਦੀ ਮਦਦ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹੋਏ ਗੁਆਤੇਮਾਲਾ ਵਿਚ ਅਜਿਹੇ ਇਕ ਇਲਾਕੇ ਦੇ ਬਜ਼ੁਰਗ ਨੇ ਕਿਹਾ: “20 ਸਾਲ ਮੈਨੂੰ ਇਸੇ ਗੱਲ ਦੀ ਚਿੰਤਾ ਰਹੀ ਕਿ ਇੰਨੇ ਵੱਡੇ ਇਲਾਕੇ ਵਿਚ ਪ੍ਰਚਾਰ ਕਿਵੇਂ ਹੋਵੇਗਾ। ਮੈਂ ਅਕਸਰ ਇਸ ਬਾਰੇ ਪ੍ਰਾਰਥਨਾ ਕਰਦਾ ਹੁੰਦਾ ਸੀ। ਸੇਵਕਾਈ ਸਕੂਲ ਨੇ ਸੱਚ-ਮੁੱਚ ਭਰਾਵਾਂ ਨੂੰ ਭਾਸ਼ਣ ਦੇਣ ਅਤੇ ਕਲੀਸਿਯਾ ਦੀ ਦੇਖ-ਭਾਲ ਕਰਨ ਦੇ ਕਾਬਲ ਬਣਾਇਆ ਹੈ। ਹੁਣ ਮੈਂ ਖ਼ੁਸ਼ ਹਾਂ ਕਿ ਇਸ ਇਲਾਕੇ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।”
ਗ੍ਰੈਜੂਏਟਾਂ ਨੂੰ ਭਾਵੇਂ ਦੂਰ-ਦੂਰ ਤਕ ਫੈਲੇ ਛੋਟੇ-ਛੋਟੇ ਪਿੰਡਾਂ ਤਕ ਪਹੁੰਚਣ ਲਈ ਲੰਬਾ ਸਫ਼ਰ ਕਰਨਾ ਪੈਂਦਾ ਹੈ, ਫਿਰ ਵੀ ਉਹ ਆਪਣੇ ਕੰਮ ਵਿਚ ਕਾਮਯਾਬ ਹੁੰਦੇ ਹਨ। ਇਨ੍ਹਾਂ ਪਿੰਡਾਂ ਵਿਚ ਉਹ ਤੁਰੰਤ ਛੋਟੇ ਗਰੁੱਪ ਬਣਾਉਂਦੇ ਹਨ ਜਿੱਥੇ ਦੂਸਰੇ ਪ੍ਰਕਾਸ਼ਕ ਨਹੀਂ ਬਣਾ ਪਾਏ। ਉਦਾਹਰਣ ਲਈ ਨਾਈਜੀਰ ਵਿਚ ਇਕ ਬਜ਼ੁਰਗ ਨੇ ਗ੍ਰੈਜੂਏਟਾਂ ਦੀ ਮਦਦ ਮੰਗੀ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਉਹ ਉਸ ਦੇ ਇਲਾਕੇ ਵਿਚ ਵਧੀਆ ਕੰਮ ਕਰਨਗੇ। ਦੂਰ-ਦੁਰਾਡੇ ਇਲਾਕਿਆਂ ਵਿਚ ਕੁਆਰੇ ਭਰਾਵਾਂ ਲਈ ਸਪੈਸ਼ਲ ਪਾਇਨੀਅਰਾਂ ਤੇ ਸਰਕਟ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਨੀ ਆਸਾਨ ਹੁੰਦੀ ਹੈ। ਪੌਲੁਸ ਰਸੂਲ ਵਾਂਗ, ਉਨ੍ਹਾਂ ਨੂੰ ‘ਦਰਿਆਵਾਂ ਦਿਆਂ ਭੌਜਲਾਂ ਤੇ ਡਾਕੂਆਂ ਦਿਆਂ ਭੌਜਲਾਂ’ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਬੜੀ ਬੇਆਰਾਮੀ ਵੀ ਸਹਿਣੀ ਪੈਂਦੀ ਹੈ ਤੇ ਕਲੀਸਿਯਾਵਾਂ ਦੀ ਚਿੰਤਾ ਵੀ ਕਰਨੀ ਪੈਂਦੀ ਹੈ।—2 ਕੁਰਿੰਥੀਆਂ 11:26-28.
ਨੌਜਵਾਨਾਂ ਲਈ ਮਿਸਾਲ
ਬਾਈਬਲ ਨੌਜਵਾਨਾਂ ਨੂੰ ਆਪਣੇ ਸਿਰਜਣਹਾਰ ਨੂੰ ਚੇਤੇ ਰੱਖਣ ਦੀ ਤਾਕੀਦ ਕਰਦੀ ਹੈ। (ਉਪਦੇਸ਼ਕ ਦੀ ਪੋਥੀ 12:1) ਜੋਸ਼ੀਲੇ ਗ੍ਰੈਜੂਏਟ ਨੌਜਵਾਨਾਂ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ। ਅਮਰੀਕਾ ਵਿਚ ਇਕ ਕਲੀਸਿਯਾ ਵਿਚ ਦੋ ਗ੍ਰੈਜੂਏਟਾਂ ਦੇ ਆਉਣ ਤੋਂ ਬਾਅਦ ਉਸ ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਦੁਗਣਾ ਸਮਾਂ ਪ੍ਰਚਾਰ ਵਿਚ ਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ, ਰੈਗੂਲਰ ਪਾਇਨੀਅਰਾਂ ਦੀ ਗਿਣਤੀ 2 ਤੋਂ 11 ਹੋ ਗਈ। ਇਸ ਤਰ੍ਹਾਂ ਹੋਰ ਵੀ ਕਈ ਕਲੀਸਿਯਾਵਾਂ ਵਿਚ ਹੋਇਆ ਹੈ।
ਗ੍ਰੈਜੂਏਟ ਨੌਜਵਾਨਾਂ ਨੂੰ ਇਹ ਸਿਖਲਾਈ ਲੈਣ ਦੀ ਹੱਲਾਸ਼ੇਰੀ ਵੀ ਦਿੰਦੇ ਹਨ। ਜੋ ਭਰਾ ਸਹਾਇਕ ਸੇਵਕ ਨਹੀਂ ਹਨ, ਉਨ੍ਹਾਂ ਨੂੰ ਵੀ ਇਹ ਸਨਮਾਨ ਹਾਸਲ ਕਰਨ ਲਈ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ ਹੈ। ਨੀਦਰਲੈਂਡਜ਼ ਬ੍ਰਾਂਚ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟਾਂ ਬਾਰੇ ਕਹਿੰਦੀ ਹੈ ਕਿ ਉਹ “ਨੌਜਵਾਨਾਂ ਲਈ ਜੀਉਂਦੀ-ਜਾਗਦੀ ਮਿਸਾਲ ਹਨ ਜਿਹੜੇ ਸੋਚ ਰਹੇ ਹਨ ਕਿ ਉਹ ਜ਼ਿੰਦਗੀ ਵਿਚ ਕੀ ਬਣਨ।”
ਹੋਰ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਨੀ
ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾਉਣ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਗ੍ਰੈਜੂਏਟ ਅਕਸਰ ਹੋਰ ਭਾਸ਼ਾਵਾਂ ਸਿੱਖ ਕੇ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰਦੇ ਹਨ ਜਿੱਥੇ ਜ਼ਿਆਦਾ ਪਰਦੇਸੀ ਰਹਿੰਦੇ ਹਨ। ਉਦਾਹਰਣ ਲਈ ਬੈਲਜੀਅਮ ਵਿਚ ਬਹੁਤ ਸਾਰੇ ਅਲਬਾਨੀ, ਫ਼ਾਰਸੀ ਤੇ ਰੂਸੀ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਪ੍ਰਚਾਰ ਕਰਨ ਲਈ ਹੋਰ ਪ੍ਰਚਾਰਕਾਂ ਦੀ ਲੋੜ ਹੈ।
ਅਮਰੀਕਾ, ਇਟਲੀ, ਜਰਮਨੀ, ਬ੍ਰਿਟੇਨ, ਮੈਕਸੀਕੋ ਤੇ ਹੋਰ ਦੇਸ਼ਾਂ ਵਿਚ ਵਿਦੇਸ਼ੀ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਤੇ ਗਰੁੱਪਾਂ ਨੂੰ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟਾਂ ਤੋਂ ਬਹੁਤ ਫ਼ਾਇਦਾ ਹੋ ਰਿਹਾ ਹੈ ਜੋ ਸਰਕਟ ਨਿਗਾਹਬਾਨਾਂ, ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੇ ਤੌਰ ਤੇ ਸੇਵਾ ਕਰਦੇ ਹਨ। ਕੋਰੀਆ ਦਾ ਬ੍ਰਾਂਚ ਆਫਿਸ ਦੱਸਦਾ ਹੈ ਕਿ “200 ਤੋਂ ਜ਼ਿਆਦਾ ਗ੍ਰੈਜੂਏਟ ਵਿਦੇਸ਼ੀ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਤੇ ਗਰੁੱਪਾਂ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਹਨ।”
ਉਹ ਨਿਮਰਤਾ ਨਾਲ ਹੋਰ ਵੀ ਕੰਮ ਕਰਦੇ ਹਨ
ਵਿਦੇਸ਼ੀ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਅਤੇ ਗਰੁੱਪਾਂ ਵਿਚ ਸੇਵਾ ਕਰਨ ਤੋਂ ਇਲਾਵਾ ਗ੍ਰੈਜੂਏਟ ਬਜ਼ੁਰਗਾਂ, ਸਹਾਇਕ ਸੇਵਕਾਂ ਅਤੇ ਸਰਕਟ ਨਿਗਾਹਬਾਨਾਂ ਦੇ ਤੌਰ ਤੇ ਵੀ ਸੇਵਾ ਕਰਦੇ ਹਨ। ਕਈ ਵਿਦੇਸ਼ਾਂ ਵਿਚ ਜਾ ਕੇ ਸੇਵਾ ਕਰਦੇ ਹਨ, ਸ਼ਾਇਦ ਉੱਥੇ ਦੇ ਬ੍ਰਾਂਚ ਆਫਿਸ ਦੇ ਸਰਵਿਸ ਡਿਪਾਰਟਮੈਂਟ ਵਿਚ ਕੰਮ ਕਰਦੇ ਹਨ। ਜਿਨ੍ਹਾਂ ਨੂੰ ਰਾਜ ਮਿਸਤਰੀ ਦੇ ਕੰਮ ਵਿਚ ਤਜਰਬਾ ਹੈ, ਉਹ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦੇ ਹਨ।
ਦੁਨੀਆਂ ਭਰ ਵਿਚ ਕਲੀਸਿਯਾਵਾਂ ਤੇ ਸਰਕਟਾਂ ਦੀ ਗਿਣਤੀ ਵਧ ਰਹੀ ਹੈ, ਇਸ ਦਾ ਮਤਲਬ ਹੈ ਕਿ ਹੋਰ ਸਰਕਟ ਨਿਗਾਹਬਾਨਾਂ ਦੀ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਕੁਝ ਗਿਣੇ-ਚੁਣੇ ਗ੍ਰੈਜੂਏਟਾਂ ਨੂੰ ਸਰਕਟ ਕੰਮ ਵਿਚ ਦਸ ਹਫ਼ਤੇ ਸਿਖਲਾਈ ਦਿੱਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਸਰਕਟ ਨਿਗਾਹਬਾਨ ਜਾਂ ਸਹਾਇਕ ਸਰਕਟ ਨਿਗਾਹਬਾਨ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। 97 ਦੇਸ਼ਾਂ ਵਿਚ ਤਕਰੀਬਨ 1,300 ਗ੍ਰੈਜੂਏਟ ਸਫ਼ਰੀ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰ ਰਹੇ ਹਨ। ਇਕ ਅਫ਼ਰੀਕੀ ਦੇਸ਼ ਵਿਚ, 55 ਪ੍ਰਤਿਸ਼ਤ ਸਰਕਟ ਨਿਗਾਹਬਾਨਾਂ ਨੇ ਸੇਵਕਾਈ ਸਿਖਲਾਈ ਸਕੂਲ ਤੋਂ ਸਿਖਲਾਈ ਲਈ ਹੈ। ਇਕ ਹੋਰ ਅਫ਼ਰੀਕੀ ਦੇਸ਼ ਵਿਚ ਇਹ ਗਿਣਤੀ 70 ਪ੍ਰਤਿਸ਼ਤ ਹੈ।
ਅਮਰੀਕਾ, ਆਸਟ੍ਰੇਲੀਆ, ਏਸ਼ੀਆ, ਕਨੇਡਾ ਤੇ ਯੂਰਪ ਤੋਂ ਸੈਂਕੜੇ ਗ੍ਰੈਜੂਏਟ ਦੂਸਰੇ ਦੇਸ਼ਾਂ ਵਿਚ ਖ਼ਾਸ ਕੰਮਾਂ ਲਈ ਘੱਲੇ ਗਏ ਹਨ। ਇਸ ਤਰ੍ਹਾਂ ਇਸ ਸਕੂਲ ਤੋਂ ਦੁਨੀਆਂ ਭਰ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ।
ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਯਹੋਵਾਹ ਨੇ ਪ੍ਰਚਾਰਕਾਂ, ਚਰਵਾਹਿਆਂ, ਸਿੱਖਿਅਕਾਂ ਤੇ ਹੋਰਾਂ ਨੂੰ ਨਿਯੁਕਤ ਕੀਤਾ ਹੈ ਜੋ ਇਨ੍ਹਾਂ ਅੰਤ ਦੇ ਦਿਨਾਂ ਵਿਚ ਉਸ ਦੇ ਰਾਜ ਦਾ ਕੰਮ ਕਰ ਰਹੇ ਹਨ। ਕੀ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਆਸ ਹੈ? ਯਕੀਨਨ! ਇਸ ਲਈ ਜ਼ਿੰਮੇਵਾਰੀਆਂ ਸੰਭਾਲਣ ਲਈ ਹੋਰ ਭਰਾਵਾਂ ਦੀ ਵੀ ਲੋੜ ਵਧ ਰਹੀ ਹੈ। (ਯਸਾਯਾਹ 60:22; 1 ਤਿਮੋਥਿਉਸ 3:1, 13) ਸੇਵਕਾਈ ਸਿਖਲਾਈ ਸਕੂਲ ਵਿਚ ਗ੍ਰੈਜੂਏਟ ਹੋਏ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਵੱਧ ਤੋਂ ਵੱਧ ਸੇਵਕਾਈ ਕਰਨ ਦਾ ਮੌਕਾ ਮਿਲਦਾ ਹੈ ਜਿਸ ਤੋਂ ਉਨ੍ਹਾਂ ਨੂੰ ਆਪ ਨੂੰ ਤੇ ਹੋਰਨਾਂ ਨੂੰ ਫ਼ਾਇਦਾ ਹੁੰਦਾ ਹੈ।
[ਫੁਟਨੋਟ]
a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।
[ਸਫ਼ਾ 10 ਉੱਤੇ ਤਸਵੀਰਾਂ]
ਸੇਵਕਾਈ ਸਿਖਲਾਈ ਸਕੂਲ ਦੇ ਜ਼ਰੀਏ ਦੁਨੀਆਂ ਭਰ ਵਿਚ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ
[ਸਫ਼ਾ 13 ਉੱਤੇ ਤਸਵੀਰਾਂ]
ਕੀ ਤੁਸੀਂ ਸੇਵਕਾਈ ਸਿਖਲਾਈ ਸਕੂਲ ਵਿਚ ਕੋਰਸ ਕਰਨਾ ਚਾਹੁੰਦੇ ਹੋ ਤੇ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹੋ?