ਸੇਵਕਾਈ ਸਿਖਲਾਈ ਸਕੂਲ ਜ਼ਿਆਦਾ ਸੇਵਾ ਕਰਨ ਦੇ ਦਰਵਾਜ਼ੇ ਖੋਲ੍ਹਦਾ ਹੈ
1 ਯਿਰਮਿਯਾਹ ਨਬੀ ਰਾਹੀਂ ਯਹੋਵਾਹ ਨੇ ਕਿਹਾ ਸੀ: “ਮੈਂ [ਆਪਣੇ ਲੋਕਾਂ] ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਓਹਨਾਂ ਨੂੰ ਚਾਰਨਗੇ। ਓਹ ਫੇਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਓਹਨਾਂ ਵਿੱਚੋਂ ਕੋਈ ਗਵਾਚੇਗੀ।” (ਯਿਰ. 23:4) ਚਰਵਾਹੀ ਦਾ ਇਹ ਕੰਮ ਅੱਜ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਮਸੀਹੀ ਬਜ਼ੁਰਗ ਕਰ ਰਹੇ ਹਨ। ਇਸ ਤੋਂ ਇਲਾਵਾ, ਤ੍ਰੇਲ ਦੀਆਂ ਬੂੰਦਾਂ ਜਿੰਨੇ ਅਣਗਿਣਤ ਨੌਜਵਾਨਾਂ ਨੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਪੇਸ਼ ਕੀਤਾ ਹੈ। (ਜ਼ਬੂ. 110:3) ਇਹ ਨਿਮਰ ਭਰਾ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਲਈ ਸੱਚ-ਮੁੱਚ ਇਕ ਬਰਕਤ ਹਨ! ਪਰ ਲੋਕਾਂ ਨੂੰ ਇਕੱਠੇ ਕਰਨ ਦਾ ਰੂਹਾਨੀ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੋਣ ਕਰਕੇ ਹੋਰ ਜ਼ਿਆਦਾ ਕਾਬਲ ਭਰਾਵਾਂ ਦੀ ਲੋੜ ਹੈ ਜੋ ਆਪਣੇ ਭੈਣ-ਭਰਾਵਾਂ ਦੀ ਸੇਵਾ ਕਰਨ ਲਈ ਅੱਗੇ ਆ ਸਕਣ।
2 ਕੁਆਰੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦੇਣ ਲਈ ਸੇਵਕਾਈ ਸਿਖਲਾਈ ਸਕੂਲ ਬਹੁਤ ਵਧੀਆ ਇੰਤਜ਼ਾਮ ਹੈ। ਇਹ ਸਕੂਲ 1987 ਵਿਚ ਸ਼ੁਰੂ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤਕ 999 ਕਲਾਸਾਂ ਵਿਚ ਤਕਰੀਬਨ 140 ਦੇਸ਼ਾਂ ਦੇ 22,000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਇਸ ਸਕੂਲ ਨੇ ਇਨ੍ਹਾਂ ਭਰਾਵਾਂ ਲਈ ਜ਼ਿਆਦਾ ਸੇਵਾ ਕਰਨ ਦੇ ‘ਦਰਵਾਜ਼ੇ ਖੋਲ੍ਹ’ ਦਿੱਤੇ ਹਨ।—1 ਕੁਰਿੰ. 16:9.
3 ਸਕੂਲ ਦਾ ਮਕਸਦ: ਸੇਵਕਾਈ ਸਿਖਲਾਈ ਸਕੂਲ ਵਿਚ ਯੋਗ ਭਰਾਵਾਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਸੰਗਠਨ ਵਿਚ ਜਿੱਥੇ ਕਿਤੇ ਵੀ ਲੋੜ ਹੈ, ਉੱਥੇ ਜਾ ਕੇ ਇਹ ਭਰਾ ਸੇਵਾ ਕਰ ਸਕਣ। ਇਹ ਸਕੂਲ ਭਰਾਵਾਂ ਨੂੰ ਇਸ ਕਾਬਲ ਬਣਾਉਂਦਾ ਹੈ ਕਿ ਉਹ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈ ਸਕਣ, ਝੁੰਡ ਦੀ ਰਖਵਾਲੀ ਕਰਨ ਵਿਚ ਮਦਦ ਕਰ ਸਕਣ ਅਤੇ ਕਲੀਸਿਯਾ ਵਿਚ ਦੂਸਰਿਆਂ ਨੂੰ ਸਿਖਾ ਸਕਣ। ਗ੍ਰੈਜੂਏਟ ਹੋਣ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਆਪਣੇ ਦੇਸ਼ਾਂ ਵਿਚ ਜਾਂ ਕਿਸੇ ਹੋਰ ਦੇਸ਼ ਵਿਚ ਵਿਸ਼ੇਸ਼ ਪਾਇਨੀਅਰਾਂ ਜਾਂ ਸਰਕਟ ਨਿਗਾਹਬਾਨਾਂ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਦੂਸਰੇ ਭਰਾਵਾਂ ਨੂੰ ਆਪਣੀਆਂ ਕਲੀਸਿਯਾਵਾਂ ਵਿਚ ਜਾਂ ਬ੍ਰਾਂਚ ਅਧੀਨ ਆਉਂਦੇ ਜ਼ਿਆਦਾ ਲੋੜ ਵਾਲੇ ਖੇਤਰਾਂ ਵਿਚ ਸੇਵਾ ਕਰਨ ਲਈ ਭੇਜ ਦਿੱਤਾ ਜਾਂਦਾ ਹੈ।
4 ਅੱਠ ਹਫ਼ਤਿਆਂ ਦੇ ਕੋਰਸ ਦੌਰਾਨ ਵਿਦਿਆਰਥੀ ਬਹੁਤ ਹੀ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰਦੇ ਹਨ। ਉਹ ਬਾਈਬਲ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਅਤੇ ਚਰਵਾਹਿਆਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਉੱਤੇ ਵਿਚਾਰ ਕਰਦੇ ਹਨ ਅਤੇ ਭੈਣ-ਭਰਾਵਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਸਿੱਖਦੇ ਹਨ। ਉਹ ਇਹ ਵੀ ਸਿੱਖਦੇ ਹਨ ਕਿ ਬਾਈਬਲ ਪ੍ਰਬੰਧਕੀ, ਨਿਆਇਕ ਅਤੇ ਸੰਸਥਾ ਸੰਬੰਧੀ ਮਾਮਲਿਆਂ ਬਾਰੇ ਕੀ ਕਹਿੰਦੀ ਹੈ। ਉਨ੍ਹਾਂ ਨੂੰ ਭਾਸ਼ਣ ਦੇਣ ਦੀ ਖ਼ਾਸ ਸਿਖਲਾਈ ਅਤੇ ਅਧਿਆਤਮਿਕ ਤਰੱਕੀ ਕਰਨ ਲਈ ਨਿੱਜੀ ਮਦਦ ਦਿੱਤੀ ਜਾਂਦੀ ਹੈ।
5 ਮੰਗਾਂ: ਸਕੂਲ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਨੂੰ ਕਈ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਭਰਾ ਘੱਟੋ-ਘੱਟ ਦੋ ਸਾਲਾਂ ਤੋਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਦੇ ਤੌਰ ਤੇ ਸੇਵਾ ਕਰ ਰਹੇ ਹੋਣ। ਸਾਰੇ ਕੁਆਰੇ ਹੋਣ ਅਤੇ ਉਮਰ 23 ਅਤੇ 50 ਦੇ ਵਿਚਕਾਰ ਹੋਵੇ। ਭਰਾਵਾਂ ਨੂੰ ਚੰਗੀ ਤਰ੍ਹਾਂ ਅੰਗ੍ਰੇਜ਼ੀ ਪੜ੍ਹਨੀ-ਲਿਖਣੀ ਅਤੇ ਬੋਲਣੀ ਆਉਂਦੀ ਹੋਵੇ। ਸਿਹਤ ਠੀਕ ਹੋਵੇ ਅਤੇ ਉਨ੍ਹਾਂ ਨੂੰ ਖ਼ਾਸ ਦੇਖ-ਭਾਲ ਜਾਂ ਖ਼ਾਸ ਖਾਣੇ-ਪੀਣੇ ਦੀ ਲੋੜ ਨਾ ਹੋਵੇ। ਨਿਯਮਿਤ ਪਾਇਨੀਅਰੀ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
6 ਸੇਵਕਾਈ ਸਿਖਲਾਈ ਸਕੂਲ ਲਈ ਬਿਨੈ-ਪੱਤਰ ਭਰਨ ਵਾਲਿਆਂ ਨੂੰ ਆਪਣੀ ਵਾਹ-ਵਾਹ ਕਰਾਉਣ ਦੀ ਬਜਾਇ ਭਰਾਵਾਂ ਲਈ ਪਿਆਰ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਇੱਛਾ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਸਕੂਲ ਵਿਚ ਵਧੀਆ ਸਿਖਲਾਈ ਲੈਣ ਤੋਂ ਬਾਅਦ, ਗ੍ਰੈਜੂਏਟਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਸਿੱਖੀਆਂ ਗੱਲਾਂ ਨਾਲ ਦੂਜਿਆਂ ਦੀ ਮਦਦ ਕਰਨ।—ਲੂਕਾ 12:48.
7 ਲਾਭ: ਅੱਠ ਹਫ਼ਤਿਆਂ ਦੀ ਜ਼ਬਰਦਸਤ ਸਿਖਲਾਈ ਦੌਰਾਨ ਵਿਦਿਆਰਥੀ ‘ਨਿਹਚਾ ਅਤੇ ਚੰਗੀ ਸਿੱਖਿਆ ਦੀਆਂ ਗੱਲਾਂ ਨਾਲ ਪਲਦੇ’ ਹਨ। (1 ਤਿਮੋ. 4:6) ਇਸ ਤਰ੍ਹਾਂ ਉਹ ਆਪਣੀਆਂ ਕਲੀਸਿਯਾਵਾਂ ਅਤੇ ਸਰਕਟਾਂ ਵਿਚ ਦੂਜਿਆਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਹੌਸਲਾ ਦੇਣ ਲਈ ਤਿਆਰ ਹੁੰਦੇ ਹਨ। ਜਿਨ੍ਹਾਂ ਥਾਵਾਂ ਤੇ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟਾਂ ਨੂੰ ਨਿਯੁਕਤ ਕੀਤਾ ਗਿਆ ਹੈ, ਉੱਥੇ ਪ੍ਰਚਾਰ ਦੇ ਕੰਮ ਵਿਚ ਵਾਧਾ ਹੋਇਆ ਹੈ ਤੇ ਭੈਣ-ਭਰਾਵਾਂ ਨੂੰ ਪਾਇਨੀਅਰੀ ਕਰਨ ਦੀ ਪ੍ਰੇਰਣਾ ਮਿਲੀ ਹੈ, ਖ਼ਾਸਕਰ ਨੌਜਵਾਨਾਂ ਨੂੰ। ਨਾਲੇ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਕਰ ਰਹੇ ਬਹੁਤ ਸਾਰੇ ਨਵੇਂ ਲੋਕਾਂ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ ਹੈ।
8 ਕੀ ਤੁਹਾਡੀ ਉਮਰ 23 ਤੋਂ 50 ਦੇ ਵਿਚਕਾਰ ਹੈ ਤੇ ਤੁਸੀਂ ਕੁਆਰੇ ਬਜ਼ੁਰਗ ਜਾਂ ਸਹਾਇਕ ਸੇਵਕ ਹੋ? ਕਿਉਂ ਨਾ ਤੁਸੀਂ ਸੇਵਕਾਈ ਸਿਖਲਾਈ ਸਕੂਲ ਲਈ ਬਿਨੈ-ਪੱਤਰ ਭਰੋ? ਕੀ ਤੁਸੀਂ ਨੌਜਵਾਨ ਭਰਾ ਹੋ ਤੇ ਭਵਿੱਖ ਵਿਚ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਬਾਰੇ ਸੋਚ ਰਹੇ ਹੋ? ਕਿਉਂ ਨਾ ਸਾਦੀ ਜ਼ਿੰਦਗੀ ਜੀਓ ਤੇ ਮਨ ਭਟਕਾਉਣ ਵਾਲੀਆਂ ਗੱਲਾਂ ਤੋਂ ਦੂਰ ਰਹੋ ਤਾਂਕਿ ਤੁਸੀਂ ‘ਸੇਵਾ ਲਈ ਇਸ ਖੁਲ੍ਹੇ ਦਰਵਾਜ਼ੇ’ ਅੰਦਰ ਦਾਖ਼ਲ ਹੋ ਸਕੋ? ਇਸ ਨਾਲ ਤੁਹਾਨੂੰ ਬਹੁਤ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ। ਸੱਚ-ਮੁੱਚ, ਸੇਵਕਾਈ ਸਿਖਲਾਈ ਸਕੂਲ ਨਾ ਸਿਰਫ਼ ਸਕੂਲ ਦੇ ਗ੍ਰੈਜੂਏਟਾਂ ਲਈ ਬਰਕਤ ਸਾਬਤ ਹੋਇਆ ਹੈ, ਸਗੋਂ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਲਈ ਵੀ ਇਕ ਬਰਕਤ ਹੈ।
[ਸਫ਼ੇ 6 ਉੱਤੇ ਡੱਬੀ]
ਉਨ੍ਹਾਂ ਨੂੰ ਸਿਖਲਾਈ ਤੋਂ ਕੀ ਫ਼ਾਇਦੇ ਹੋਏ
“ਇਸ ਸਕੂਲ ਨੇ ਮੈਨੂੰ ਬਾਈਬਲ ਵਰਤ ਕੇ ਬੁੱਧੀਮਾਨੀ ਨਾਲ ਪ੍ਰਚਾਰ ਕਰਨਾ ਅਤੇ ਚਰਵਾਹੀ ਕਰਨੀ ਸਿਖਾਈ।”
“ਸਕੂਲ ਨੇ ਕਲੀਸਿਯਾ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲਣ ਵਿਚ ਮੇਰੀ ਮਦਦ ਕੀਤੀ ਜਿਸ ਨਾਲ ਮੇਰਾ ਆਤਮ-ਵਿਸ਼ਵਾਸ ਵਧਿਆ ਹੈ।”
“ਇਸ ਨੇ ਜ਼ਿੰਦਗੀ, ਪਰਮੇਸ਼ੁਰ ਦੇ ਪ੍ਰਬੰਧਾਂ ਤੇ ਸੰਗਠਨ ਪ੍ਰਤੀ ਮੇਰੇ ਨਜ਼ਰੀਏ ਨੂੰ ਬਦਲ ਦਿੱਤਾ ਹੈ।”
“ਇਸ ਸਿਖਲਾਈ ਨੇ ਮੈਨੂੰ ਉਸ ਥਾਂ ਤੇ ਸੇਵਾ ਕਰਨ ਦੀ ਲੋੜ ਮਹਿਸੂਸ ਕਰਾਈ ਹੈ ਜਿੱਥੇ ਜ਼ਿਆਦਾ ਲੋੜ ਹੈ।”