ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ
ਟ੍ਰੇਨਿੰਗ ਦਾ ਮਕਸਦ: ਪਬਲੀਸ਼ਰਾਂ ਨੂੰ ਖ਼ੁਸ਼ ਖ਼ਬਰੀ ਦੇ ਚੰਗੇ ਪ੍ਰਚਾਰਕ ਅਤੇ ਸਿੱਖਿਅਕ ਬਣਨ ਦੀ ਟ੍ਰੇਨਿੰਗ ਦੇਣੀ।
ਕਿੰਨੇ ਸਮੇਂ ਲਈ ਹੁੰਦੀ ਹੈ: ਲਗਾਤਾਰ।
ਕਿੱਥੇ ਹੁੰਦੀ ਹੈ: ਕਿੰਗਡਮ ਹਾਲ।
ਕੌਣ ਲੈ ਸਕਦੇ ਹਨ: ਉਹ ਸਾਰੇ ਜੋ ਮੰਡਲੀ ਨਾਲ ਸੰਗਤ ਕਰਦੇ ਹਨ, ਬਾਈਬਲ ਦੀਆਂ ਸਿੱਖਿਆਵਾਂ ਨਾਲ ਸਹਿਮਤ ਹਨ ਅਤੇ ਇਸ ਦੇ ਅਸੂਲਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਓਵਰਸੀਅਰ ਨਾਲ ਗੱਲ ਕਰੋ।
ਇਕ ਬੀਮਾਰੀ ਕਾਰਨ ਸ਼ੈਰਨ ਦੇ ਸਾਰੇ ਸਰੀਰ ਨੂੰ ਅਧਰੰਗ ਹੈ। ਉਹ ਕਹਿੰਦੀ ਹੈ: “ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਨੇ ਮੈਨੂੰ ਰਿਸਰਚ ਕਰਨੀ ਤੇ ਜਾਣਕਾਰੀ ਨੂੰ ਸਹੀ ਢੰਗ ਨਾਲ ਪੇਸ਼ ਕਰਨਾ ਸਿਖਾਇਆ। ਮੈਂ ਇਹ ਵੀ ਸਿੱਖਿਆ ਕਿ ਮੈਂ ਆਪਣੀ ਹੀ ਨਿਹਚਾ ਵੱਲ ਨਹੀਂ, ਸਗੋਂ ਦੂਜਿਆਂ ਦੀ ਨਿਹਚਾ ਮਜ਼ਬੂਤ ਕਰਨ ਵੱਲ ਵੀ ਧਿਆਨ ਦੇਵਾਂ।”
ਲੰਬੇ ਸਮੇਂ ਤੋਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਭਰਾ ਆਰਨੀ ਕਹਿੰਦਾ ਹੈ: “ਮੈਂ ਬਚਪਨ ਤੋਂ ਹੀ ਥਥਲਾਉਂਦਾ ਸੀ ਤੇ ਮੈਂ ਦੂਜਿਆਂ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ ਸੀ। ਇਸ ਸਕੂਲ ਵਿਚ ਮੈਂ ਦਲੇਰੀ ਨਾਲ ਗੱਲ ਕਰਨੀ ਸਿੱਖੀ ਤੇ ਮੇਰਾ ਆਪਣੇ ʼਤੇ ਭਰੋਸਾ ਵੀ ਵਧਿਆ। ਇਸ ਸਕੂਲ ਵਿਚ ਮੈਨੂੰ ਟ੍ਰੇਨਿੰਗ ਮਿਲੀ ਕਿ ਬੋਲਣ ਜਾਂ ਪੜ੍ਹਨ ਲੱਗੇ ਸ਼ਬਦਾਂ ਵੱਲ ਧਿਆਨ ਕਿਵੇਂ ਦੇਣਾ ਹੈ ਅਤੇ ਸਾਹ ਕਿੱਦਾਂ ਲੈਣਾ ਹੈ। ਮੈਂ ਯਹੋਵਾਹ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਇਸ ਕਾਬਲ ਬਣਾਇਆ ਹੈ ਕਿ ਮੈਂ ਮੰਡਲੀ ਵਿਚ ਤੇ ਪ੍ਰਚਾਰ ਵਿਚ ਉਸ ਦੀ ਮਹਿਮਾ ਕਰ ਸਕਾਂ।”
ਬੈਥਲ ਦੇ ਨਵੇਂ ਮੈਂਬਰਾਂ ਲਈ ਸਕੂਲ
ਟ੍ਰੇਨਿੰਗ ਦਾ ਮਕਸਦ: ਇਸ ਸਕੂਲ ਵਿਚ ਬੈਥਲ ਵਿਚ ਆਏ ਨਵੇਂ ਭੈਣਾਂ-ਭਰਾਵਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਕਿਵੇਂ ਬੈਥਲ ਵਿਚ ਰਹਿ ਕੇ ਖ਼ੁਸ਼ੀ ਨਾਲ ਕੰਮ ਕਰ ਸਕਦੇ ਹਨ।
ਕਿੰਨੇ ਸਮੇਂ ਲਈ ਹੁੰਦੀ ਹੈ: 16 ਹਫ਼ਤੇ, ਹਰ ਹਫ਼ਤੇ 45 ਮਿੰਟ।
ਕਿੱਥੇ ਹੁੰਦੀ ਹੈ: ਬੈਥਲ।
ਕੌਣ ਲੈ ਸਕਦੇ ਹਨ: ਬੈਥਲ ਪਰਿਵਾਰ ਦੇ ਪੱਕੇ ਮੈਂਬਰ ਜਾਂ ਇਕ ਸਾਲ ਜਾਂ ਜ਼ਿਆਦਾ ਸਮੇਂ ਲਈ ਆਉਣ ਵਾਲੇ ਕੱਚੇ ਮੈਂਬਰ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਨਵੇਂ ਮੈਂਬਰਾਂ ਦੇ ਨਾਂ ਆਪੇ ਹੀ ਦਰਜ ਕੀਤੇ ਜਾਂਦੇ ਹਨ।
ਭਰਾ ਡਮੀਟ੍ਰੀਅਸ 20 ਤੋਂ ਜ਼ਿਆਦਾ ਸਾਲ ਪਹਿਲਾਂ ਇਸ ਸਕੂਲ ਵਿਚ ਹਾਜ਼ਰ ਹੋਇਆ ਸੀ। ਉਹ ਦੱਸਦਾ ਹੈ: “ਇਸ ਸਕੂਲ ਕਰਕੇ ਮੇਰੀ ਸਟੱਡੀ ਕਰਨ ਦੀ ਆਦਤ ਵਿਚ ਸੁਧਾਰ ਹੋਇਆ। ਇਸ ਸਕੂਲ ਨੇ ਬੈਥਲ ਵਿਚ ਰਹਿ ਕੇ ਸਾਲਾਂ-ਬੱਧੀ ਸੇਵਾ ਕਰਨ ਲਈ ਮੈਨੂੰ ਤਿਆਰ ਕੀਤਾ। ਸਕੂਲ ਵਿਚ ਦਿੱਤੀ ਜਾਣਕਾਰੀ ਤੇ ਸਲਾਹ ਅਤੇ ਸਕੂਲ ਦੇ ਸਿੱਖਿਅਕਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਮੇਰੇ ਨਾਲ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਮੈਂ ਬੈਥਲ ਵਿਚ ਰਹਿ ਕੇ ਉਸ ਦੀ ਸੇਵਾ ਕਰਾਂ।”
ਭੈਣ ਕੇਟਲਿਨ ਕਹਿੰਦੀ ਹੈ: “ਇਸ ਸਕੂਲ ਵਿਚ ਮੈਂ ਇਹ ਸਭ ਤੋਂ ਜ਼ਰੂਰੀ ਗੱਲ ਸਿੱਖੀ ਕਿ ਮੈਂ ਜੋ ਵੀ ਕਰਾਂ ਯਹੋਵਾਹ ਦੇ ਤਰੀਕੇ ਨਾਲ ਕਰਾਂ। ਇਸ ਸਕੂਲ ਨੇ ਮੇਰੇ ਦਿਲ ਵਿਚ ਯਹੋਵਾਹ, ਉਸ ਦੇ ਘਰ ਤੇ ਉਸ ਦੇ ਸੰਗਠਨ ਲਈ ਹੋਰ ਕਦਰ ਵਧਾਈ ਹੈ।”
ਕਿੰਗਡਮ ਮਿਨਿਸਟ੍ਰੀ ਸਕੂਲ
ਟ੍ਰੇਨਿੰਗ ਦਾ ਮਕਸਦ: ਸਫ਼ਰੀ ਨਿਗਾਹਬਾਨਾਂ, ਬਜ਼ੁਰਗਾਂ ਅਤੇ ਕਈ ਵਾਰ ਸਹਾਇਕ ਸੇਵਕਾਂ ਨੂੰ ਯਹੋਵਾਹ ਦੇ ਸੰਗਠਨ ਅਤੇ ਮੰਡਲੀ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਿਚ ਮਦਦ ਦੇਣੀ। (ਰਸੂ. 20:28) ਸਕੂਲ ਵਿਚ ਚਰਚਾ ਕੀਤੀ ਜਾਂਦੀ ਹੈ ਕਿ ਭੈਣਾਂ-ਭਰਾਵਾਂ ʼਤੇ ਕਿਹੜੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਹੈ ਤੇ ਮੰਡਲੀ ਦੀਆਂ ਲੋੜਾਂ ਕੀ ਹਨ। ਪ੍ਰਬੰਧਕ ਸਭਾ ਦੇ ਫ਼ੈਸਲੇ ਮੁਤਾਬਕ ਇਸ ਸਕੂਲ ਦਾ ਇੰਤਜ਼ਾਮ ਕੁਝ ਕੁ ਸਾਲਾਂ ਬਾਅਦ ਕੀਤਾ ਜਾਂਦਾ ਹੈ।
ਕਿੰਨੇ ਸਮੇਂ ਲਈ ਹੁੰਦੀ ਹੈ: ਹਾਲ ਹੀ ਦੇ ਸਾਲਾਂ ਵਿਚ ਇਹ ਸਕੂਲ ਸਫ਼ਰੀ ਨਿਗਾਹਬਾਨਾਂ ਲਈ ਦੋ ਤੋਂ ਢਾਈ ਦਿਨ, ਬਜ਼ੁਰਗਾਂ ਲਈ ਡੇਢ ਦਿਨ ਅਤੇ ਸਹਾਇਕ ਸੇਵਕਾਂ ਲਈ ਇਕ ਦਿਨ।
ਕਿੱਥੇ ਹੁੰਦੀ ਹੈ: ਆਮ ਤੌਰ ਤੇ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
ਕੌਣ ਲੈ ਸਕਦੇ ਹਨ: ਸਫ਼ਰੀ ਨਿਗਾਹਬਾਨ, ਬਜ਼ੁਰਗ ਜਾਂ ਸਹਾਇਕ ਸੇਵਕ ਹੋਣਾ ਜ਼ਰੂਰੀ ਹੈ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਸਰਕਟ ਓਵਰਸੀਅਰ ਸੱਦਾ ਘੱਲਦਾ ਹੈ। ਬ੍ਰਾਂਚ ਆਫ਼ਿਸ ਸਫ਼ਰੀ ਨਿਗਾਹਬਾਨਾਂ ਨੂੰ ਸੱਦਾ ਘੱਲਦਾ ਹੈ।
“ਭਾਵੇਂ ਕਿ ਇਸ ਸਕੂਲ ਵਿਚ ਥੋੜ੍ਹੇ ਸਮੇਂ ਵਿਚ ਬਹੁਤ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਇਹ ਸਕੂਲ ਬਜ਼ੁਰਗਾਂ ਨੂੰ ਯਹੋਵਾਹ ਦੀ ਸੇਵਾ ਖ਼ੁਸ਼ੀ ਤੇ ਦਲੇਰੀ ਨਾਲ ਕਰਨ ਵਿਚ ਮਦਦ ਕਰਦਾ ਹੈ। ਸਾਰੇ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਨੀ ਤੇ ਇੱਕੋ ਜਿਹੀ ਸੋਚ ਰੱਖਣੀ ਸਿੱਖਦੇ ਹਨ।”—ਕੁਇਨ (ਥੱਲੇ)।
“ਇਸ ਟ੍ਰੇਨਿੰਗ ਨੇ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਡੂੰਘੀ ਸਮਝ ਦਿੱਤੀ ਹੈ, ਖ਼ਤਰਿਆਂ ਸੰਬੰਧੀ ਚੇਤਾਵਨੀਆਂ ਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਸੁਝਾਅ ਦਿੱਤੇ ਹਨ। ਯਹੋਵਾਹ ਕਿੰਨਾ ਚੰਗਾ ਹੈ ਜੋ ਸਾਡੀ ਮਦਦ ਕਰਦਾ ਹੈ।”—ਮਾਈਕਲ। ਪਾਇਨੀਅਰ ਸੇਵਾ ਸਕੂਲ
ਟ੍ਰੇਨਿੰਗ ਦਾ ਮਕਸਦ: ਪਾਇਨੀਅਰਾਂ ਨੂੰ ‘ਆਪਣੀ ਸੇਵਕਾਈ ਪੂਰੀ ਕਰਨ’ ਲਈ ਮਦਦ ਦੇਣੀ।—2 ਤਿਮੋ. 4:5.
ਕਿੰਨੇ ਸਮੇਂ ਲਈ ਹੁੰਦੀ ਹੈ: ਦੋ ਹਫ਼ਤੇ।
ਕਿੱਥੇ ਹੁੰਦੀ ਹੈ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦਾ ਹੈ; ਆਮ ਤੌਰ ਤੇ ਕਿੰਗਡਮ ਹਾਲ।
ਕੌਣ ਲੈ ਸਕਦੇ ਹਨ: ਉਹ ਭੈਣ-ਭਰਾ ਜੋ ਘੱਟੋ-ਘੱਟ ਇਕ ਸਾਲ ਤੋਂ ਰੈਗੂਲਰ ਪਾਇਨੀਅਰਿੰਗ ਕਰ ਰਹੇ ਹਨ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਪਾਇਨੀਅਰਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ, ਸਗੋਂ ਸਰਕਟ ਓਵਰਸੀਅਰ ਉਨ੍ਹਾਂ ਦੇ ਨਾਂ ਆਪੇ ਹੀ ਦਰਜ ਕਰ ਕੇ ਉਨ੍ਹਾਂ ਨੂੰ ਦੱਸ ਦਿੰਦਾ ਹੈ।
ਭੈਣ ਲਿੱਲੀ (ਸੱਜੇ) ਕਹਿੰਦੀ ਹੈ: “ਇਸ ਸਕੂਲ ਨੇ ਸੇਵਕਾਈ ਤੇ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮੇਰੀ ਮਦਦ ਕੀਤੀ ਹੈ। ਮੈਂ ਸਟੱਡੀ ਕਰਨ, ਸਿਖਾਉਣ ਤੇ ਬਾਈਬਲ ਵਰਤਣ ਵਿਚ ਕਾਫ਼ੀ ਸੁਧਾਰ ਕੀਤਾ ਹੈ। ਮੈਂ ਦੂਜਿਆਂ ਦੀ ਹੋਰ ਚੰਗੀ ਤਰ੍ਹਾਂ ਮਦਦ ਕਰਨੀ ਤੇ ਬਜ਼ੁਰਗਾਂ ਨੂੰ ਜ਼ਿਆਦਾ ਸਹਿਯੋਗ ਦੇਣਾ ਸਿੱਖਿਆ।”
ਭੈਣ ਬ੍ਰੈਂਡਾ, ਜੋ ਇਸ ਸਕੂਲ ਵਿਚ ਦੋ ਵਾਰੀ ਗਈ, ਦੱਸਦੀ ਹੈ: “ਇਸ ਸਕੂਲ ਨੇ ਮੇਰੀ ਮਦਦ ਕੀਤੀ ਕਿ ਮੈਂ ਆਪਣਾ ਸਾਰਾ ਧਿਆਨ ਯਹੋਵਾਹ ਦੀ ਸੇਵਾ ਵਿਚ ਲਗਾਵਾਂ, ਉਸ ਵਾਂਗ ਜ਼ਿਆਦਾ ਸੋਚਾਂ ਤੇ ਦੂਜਿਆਂ ਦੀ ਮਦਦ ਕਰਾਂ। ਇਹ ਸਕੂਲ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਕਿੰਨੇ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ!”
ਮੰਡਲੀ ਦੇ ਬਜ਼ੁਰਗਾਂ ਲਈ ਸਕੂਲ
ਟ੍ਰੇਨਿੰਗ ਦਾ ਮਕਸਦ: ਮੰਡਲੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਬਜ਼ੁਰਗਾਂ ਦੀ ਮਦਦ ਕਰਨੀ।
ਕਿੰਨੇ ਸਮੇਂ ਲਈ ਹੁੰਦੀ ਹੈ: ਪੰਜ ਦਿਨ।
ਕਿੱਥੇ ਹੁੰਦੀ ਹੈ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦਾ ਹੈ; ਆਮ ਤੌਰ ਤੇ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
ਕੌਣ ਲੈ ਸਕਦੇ ਹਨ: ਬਜ਼ੁਰਗ ਹੋਣਾ ਜ਼ਰੂਰੀ ਹੈ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਬ੍ਰਾਂਚ ਆਫ਼ਿਸ ਬਜ਼ੁਰਗਾਂ ਨੂੰ ਸੱਦਾ ਦਿੰਦਾ ਹੈ।
ਅਮਰੀਕਾ ਵਿਚ 92ਵੀਂ ਕਲਾਸ ਦੇ ਕੁਝ ਭਰਾਵਾਂ ਦੀਆਂ ਟਿੱਪਣੀਆਂ ʼਤੇ ਗੌਰ ਕਰੋ:
“ਇਸ ਸਕੂਲ ਨੇ ਮੈਨੂੰ ਆਪਣੀ ਜਾਂਚ ਕਰਨ ਵਿਚ ਬਹੁਤ ਮਦਦ ਦਿੱਤੀ। ਮੈਂ ਸਿੱਖਿਆ ਕਿ ਮੈਂ ਯਹੋਵਾਹ ਦੇ ਲੋਕਾਂ ਦੀ ਦੇਖ-ਭਾਲ ਹੋਰ ਚੰਗੇ ਤਰੀਕੇ ਨਾਲ ਕਿਵੇਂ ਕਰ ਸਕਦਾ ਹਾਂ।”
“ਮੈਂ ਬਾਈਬਲ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਕੇ ਦੂਜਿਆਂ ਨੂੰ ਹੌਸਲਾ ਦੇਣਾ ਸਿੱਖਿਆ ਹੈ।”
“ਮੈਂ ਉਮਰ ਭਰ ਇਸ ਟ੍ਰੇਨਿੰਗ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗਾ।”
ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ
ਟ੍ਰੇਨਿੰਗ ਦਾ ਮਕਸਦ: ਸਰਕਟ ਅਤੇ ਡਿਸਟ੍ਰਿਕਟ ਓਵਰਸੀਅਰਾਂ ਨੂੰ ਟ੍ਰੇਨਿੰਗ ਦੇਣੀ ਕਿ ਉਹ ਹੋਰ ਚੰਗੇ ਤਰੀਕੇ ਨਾਲ ਮੰਡਲੀਆਂ ਦੀ ਸੇਵਾ ਕਰਨ ਅਤੇ “ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ” ਕਰਨ।—1 ਤਿਮੋ. 5:17; 1 ਪਤ. 5:2, 3.
ਕਿੰਨੇ ਸਮੇਂ ਲਈ ਹੁੰਦੀ ਹੈ: ਦੋ ਮਹੀਨੇ।
ਕਿੱਥੇ ਹੁੰਦੀ ਹੈ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦਾ ਹੈ।
ਕੌਣ ਲੈ ਸਕਦੇ ਹਨ: ਸਰਕਟ ਜਾਂ ਡਿਸਟ੍ਰਿਕਟ ਓਵਰਸੀਅਰ ਹੋਣਾ ਜ਼ਰੂਰੀ ਹੈ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਬ੍ਰਾਂਚ ਆਫ਼ਿਸ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸੱਦਾ ਘੱਲਦਾ ਹੈ।
“ਸਾਡੇ ਦਿਲ ਵਿਚ ਯਿਸੂ ਮਸੀਹ ਲਈ ਕਦਰ ਵਧੀ ਹੈ ਕਿ ਉਹ ਕਿੰਨੇ ਵਧੀਆ ਤਰੀਕੇ ਨਾਲ ਸੰਗਠਨ ਦੀ ਅਗਵਾਈ ਕਰਦਾ ਹੈ। ਟ੍ਰੇਨਿੰਗ ਦੌਰਾਨ ਅਸੀਂ ਸਿੱਖਿਆ ਕਿ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਤੇ ਹਰ ਮੰਡਲੀ ਦੀ ਏਕਤਾ ਵਧਾਉਣ ਦੀ ਕਿੰਨੀ ਲੋੜ ਹੈ। ਇਸ ਸਕੂਲ ਨੇ ਸਾਡੇ ਮਨ ਵਿਚ ਇਹ ਗੱਲ ਬਿਠਾਈ ਕਿ ਭਾਵੇਂ ਸਫ਼ਰੀ ਨਿਗਾਹਬਾਨ ਨੂੰ ਕਈ ਵਾਰ ਭੈਣਾਂ-ਭਰਾਵਾਂ ਨੂੰ ਸਲਾਹ ਜਾਂ ਤਾੜਨਾ ਦੇਣੀ ਪੈਂਦੀ ਹੈ, ਪਰ ਉਸ ਦਾ ਮੁੱਖ ਕੰਮ ਹੈ ਕਿ ਉਹ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਏ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ।”—ਜੋਇਲ, 1999 ਵਿਚ ਪਹਿਲੀ ਕਲਾਸ।
ਭਰਾਵਾਂ ਲਈ ਬਾਈਬਲ ਸਕੂਲ
ਟ੍ਰੇਨਿੰਗ ਦਾ ਮਕਸਦ: ਅਣਵਿਆਹੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਹੋਰ ਜ਼ਿੰਮੇਵਾਰੀਆਂ ਲਈ ਤਿਆਰ ਕਰਨਾ। ਕਈ ਭਰਾਵਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਹੀ ਉੱਥੇ ਘੱਲਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਜੇ ਕੁਝ ਭਰਾ ਜਾਣਾ ਚਾਹੁਣ, ਤਾਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿਚ ਵੀ ਘੱਲਿਆ ਜਾ ਸਕਦਾ ਹੈ। ਕੁਝ ਭਰਾਵਾਂ ਨੂੰ ਸ਼ਾਇਦ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰਾਂ ਵਜੋਂ ਦੂਰ-ਦੁਰੇਡੇ ਇਲਾਕਿਆਂ ਵਿਚ ਘੱਲਿਆ ਜਾਵੇ।
ਕਿੰਨੇ ਸਮੇਂ ਲਈ ਹੁੰਦੀ ਹੈ: ਦੋ ਮਹੀਨੇ।
ਕਿੱਥੇ ਹੁੰਦੀ ਹੈ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦਾ ਹੈ। ਆਮ ਤੌਰ ਤੇ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
ਕੌਣ ਲੈ ਸਕਦੇ ਹਨ: ਚੰਗੀ ਸਿਹਤ ਵਾਲੇ 23 ਤੋਂ 62 ਸਾਲਾਂ ਦੀ ਉਮਰ ਦੇ ਅਣਵਿਆਹੇ ਭਰਾ ਜੋ ਉਸ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁਣ ਜਿੱਥੇ ਲੋੜ ਹੈ। (ਮਰ. 10:29, 30) ਉਹ ਘੱਟੋ-ਘੱਟ ਦੋ ਸਾਲਾਂ ਤੋਂ ਰੈਗੂਲਰ ਪਾਇਨੀਅਰਿੰਗ ਕਰ ਰਹੇ ਹੋਣ ਤੇ ਘੱਟੋ-ਘੱਟ ਦੋ ਸਾਲਾਂ ਤੋਂ ਲਗਾਤਾਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਸੇਵਾ ਕਰ ਰਹੇ ਹੋਣ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਇਸ ਸੰਬੰਧੀ ਸਰਕਟ ਸੰਮੇਲਨ ਵਿਚ ਇਕ ਮੀਟਿੰਗ ਹੁੰਦੀ ਹੈ।
ਅਮਰੀਕਾ ਵਿਚ ਰਹਿਣ ਵਾਲਾ ਭਰਾ ਰਿਕ, ਜਿਸ ਨੇ 23ਵੀਂ ਕਲਾਸ ਵਿਚ ਟ੍ਰੇਨਿੰਗ ਲਈ ਸੀ, ਕਹਿੰਦਾ ਹੈ: “ਅਸੀਂ ਟ੍ਰੇਨਿੰਗ ਦੌਰਾਨ ਡੂੰਘਾਈ ਨਾਲ ਬਾਈਬਲ ਦੀ ਸਟੱਡੀ ਕੀਤੀ ਜਿਸ ਕਰਕੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੈਂ ਆਪਣੀ ਸੋਚ ਤੇ ਨਜ਼ਰੀਏ ਵਿਚ ਤਬਦੀਲੀਆਂ ਕਰ ਸਕਿਆ। ਜਦੋਂ ਯਹੋਵਾਹ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੰਦਾ ਹੈ, ਤਾਂ ਉਹ ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਮੈਂ ਇਹ ਵੀ ਸਿੱਖਿਆ ਕਿ ਜੇ ਮੈਂ ਆਪਣੀ ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਇੱਛਾ ਪੂਰੀ ਕਰਾਂ, ਤਾਂ ਉਹ ਮੈਨੂੰ ਤਾਕਤ ਦੇਵੇਗਾ।”
ਜਰਮਨੀ ਵਿਚ ਸੇਵਾ ਕਰ ਰਿਹਾ ਭਰਾ ਆਂਡ੍ਰੈਅਸ ਕਹਿੰਦਾ ਹੈ: “ਮੈਂ ਇਹ ਜਾਣਿਆ ਕਿ ਜਿੱਦਾਂ ਯਹੋਵਾਹ ਦਾ ਸੰਗਠਨ ਕੰਮ ਕਰਦਾ ਹੈ, ਇਹ ਇਕ ਚਮਤਕਾਰ ਹੈ। ਇਸ ਟ੍ਰੇਨਿੰਗ ਨੇ ਯਹੋਵਾਹ ਦੀ ਸੇਵਾ ਵਿਚ ਕੋਈ ਵੀ ਕੰਮ ਕਰਨ ਲਈ ਮੈਨੂੰ ਤਿਆਰ ਕੀਤਾ। ਇਸ ਦੇ ਨਾਲ-ਨਾਲ ਬਾਈਬਲ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਦੀਆਂ ਮਿਸਾਲਾਂ ਨੇ ਇਹ ਸੱਚਾਈ ਸਮਝਣ ਵਿਚ ਮੇਰੀ ਮਦਦ ਕੀਤੀ: ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ।”
ਪਤੀ-ਪਤਨੀਆਂ ਲਈ ਬਾਈਬਲ ਸਕੂਲ
ਟ੍ਰੇਨਿੰਗ ਦਾ ਮਕਸਦ: ਵਿਆਹੇ ਜੋੜਿਆਂ ਨੂੰ ਖ਼ਾਸ ਸਿਖਲਾਈ ਦੇਣੀ ਤਾਂਕਿ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਜ਼ਿਆਦਾ ਕੰਮ ਆ ਸਕਣ। ਜ਼ਿਆਦਾਤਰ ਜੋੜਿਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਉੱਥੇ ਘੱਲਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਜੇ ਕੁਝ ਪਤੀ-ਪਤਨੀ ਜਾਣਾ ਚਾਹੁਣ, ਤਾਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿਚ ਵੀ ਘੱਲਿਆ ਜਾ ਸਕਦਾ ਹੈ। ਕੁਝ ਨੂੰ ਸ਼ਾਇਦ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰਾਂ ਵਜੋਂ ਦੂਰ-ਦੁਰੇਡੇ ਇਲਾਕਿਆਂ ਵਿਚ ਘੱਲਿਆ ਜਾਵੇ।
ਕਿੰਨੇ ਸਮੇਂ ਲਈ ਹੁੰਦੀ ਹੈ: ਦੋ ਮਹੀਨੇ।
ਕਿੱਥੇ ਹੁੰਦੀ ਹੈ: ਇਹ ਸਕੂਲ ਅਮਰੀਕਾ ਵਿਚ ਹੋ ਰਿਹਾ ਹੈ ਅਤੇ ਸਤੰਬਰ 2012 ਤੋਂ ਕੁਝ ਹੋਰ ਦੇਸ਼ਾਂ ਵਿਚ ਹੋਵੇਗਾ ਅਤੇ ਆਮ ਤੌਰ ਤੇ ਇਹ ਅਸੈਂਬਲੀ ਹਾਲ ਜਾਂ ਕਿੰਗਡਮ ਹਾਲ ਵਿਚ ਹੋਵੇਗਾ।
ਕੌਣ ਲੈ ਸਕਦੇ ਹਨ: ਚੰਗੀ ਸਿਹਤ ਵਾਲੇ 25 ਤੋਂ 50 ਸਾਲਾਂ ਦੀ ਉਮਰ ਦੇ ਵਿਆਹੇ ਜੋੜੇ ਜੋ ਕਿਤੇ ਹੋਰ ਸੇਵਾ ਕਰ ਸਕਦੇ ਹਨ ਅਤੇ ਜਿਨ੍ਹਾਂ ਦਾ ਰਵੱਈਆ ਇਹ ਹੈ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਇਸ ਤੋਂ ਇਲਾਵਾ, ਉਨ੍ਹਾਂ ਦੇ ਵਿਆਹ ਨੂੰ ਘੱਟੋ-ਘੱਟ ਦੋ ਸਾਲ ਹੋ ਗਏ ਹੋਣ ਅਤੇ ਉਹ ਦੋ ਸਾਲਾਂ ਤੋਂ ਲਗਾਤਾਰ ਫੁੱਲ-ਟਾਈਮ ਸੇਵਾ ਕਰ ਰਹੇ ਹੋਣ। ਪਤੀ ਘੱਟੋ-ਘੱਟ ਦੋ ਸਾਲਾਂ ਤੋਂ ਲਗਾਤਾਰ ਬਜ਼ੁਰਗ ਜਾਂ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰ ਰਿਹਾ ਹੋਵੇ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਇਸ ਸੰਬੰਧੀ ਜ਼ਿਲ੍ਹਾ ਸੰਮੇਲਨ ਵਿਚ ਇਕ ਮੀਟਿੰਗ ਵਿਚ ਦਿਲਚਸਪੀ ਰੱਖਣ ਵਾਲੇ ਪਤੀ-ਪਤਨੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਜੇ ਤੁਹਾਡੇ ਦੇਸ਼ ਵਿਚ ਜ਼ਿਲ੍ਹਾ ਸੰਮੇਲਨ ਵਿਚ ਇਹ ਮੀਟਿੰਗ ਨਹੀਂ ਹੁੰਦੀ ਤੇ ਤੁਸੀਂ ਇਸ ਸਕੂਲ ਵਿਚ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਹੋਰ ਜਾਣਕਾਰੀ ਲਈ ਆਪਣੇ ਬ੍ਰਾਂਚ ਆਫ਼ਿਸ ਨੂੰ ਲਿਖ ਸਕਦੇ ਹੋ।
“ਅੱਠ ਹਫ਼ਤਿਆਂ ਦੀ ਟ੍ਰੇਨਿੰਗ ਜ਼ਿੰਦਗੀ ਨੂੰ ਨਵਾਂ ਮੋੜ ਦਿੰਦੀ ਹੈ ਤੇ ਉਨ੍ਹਾਂ ਜੋੜਿਆਂ ਲਈ ਵਧੀਆ ਮੌਕਾ ਹੈ ਜੋ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨਾ ਚਾਹੁੰਦੇ ਹਨ। ਅਸੀਂ ਆਪਣੀ ਜ਼ਿੰਦਗੀ ਨੂੰ ਸਾਦਾ ਰੱਖਣ ਦਾ ਇਰਾਦਾ ਕੀਤਾ ਹੈ ਤਾਂਕਿ ਅਸੀਂ ਆਪਣੇ ਸਮੇਂ ਨੂੰ ਬੁੱਧੀਮਾਨੀ ਨਾਲ ਵਰਤ ਸਕੀਏ।”—ਐਰਿਕ ਤੇ ਕੋਰੀਨਾ (ਥੱਲੇ), 2011 ਵਿਚ ਪਹਿਲੀ ਕਲਾਸ।
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ
ਟ੍ਰੇਨਿੰਗ ਦਾ ਮਕਸਦ: ਪਤੀ-ਪਤਨੀਆਂ ਨੂੰ ਸ਼ਹਿਰਾਂ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ, ਸਫ਼ਰੀ ਕੰਮ ਕਰਨ ਜਾਂ ਬੈਥਲ ਵਿਚ ਕੰਮ ਕਰਨ ਲਈ ਤਿਆਰ ਕਰਨਾ। ਮੰਡਲੀਆਂ ਤੇ ਬ੍ਰਾਂਚ ਆਫ਼ਿਸਾਂ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣਾ ਤੇ ਮਦਦ ਕਰਨੀ।
ਕਿੰਨੇ ਸਮੇਂ ਲਈ ਹੁੰਦੀ ਹੈ: ਪੰਜ ਮਹੀਨੇ।
ਕਿੱਥੇ ਹੁੰਦੀ ਹੈ: ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ, ਯੂ. ਐੱਸ. ਏ.
ਕੌਣ ਲੈ ਸਕਦੇ ਹਨ: ਉਨ੍ਹਾਂ ਪਤੀ-ਪਤਨੀਆਂ ਨੂੰ ਗਿਲਿਅਡ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਪਹਿਲਾਂ ਤੋਂ ਹੀ ਕੋਈ ਖ਼ਾਸ ਸੇਵਾ ਕਰ ਰਹੇ ਹੋਣਗੇ—ਮਿਸ਼ਨਰੀ ਜੋ ਅਜੇ ਗਿਲਿਅਡ ਨਹੀਂ ਗਏ, ਸਪੈਸ਼ਲ ਪਾਇਨੀਅਰ, ਸਫ਼ਰੀ ਨਿਗਾਹਬਾਨ ਜਾਂ ਬੈਥਲ ਵਿਚ ਸੇਵਾ ਕਰਨ ਵਾਲੇ। ਉਹ ਘੱਟੋ-ਘੱਟ ਤਿੰਨ ਸਾਲਾਂ ਤੋਂ ਇਹ ਸੇਵਾ ਕਰ ਰਹੇ ਹੋਣ। ਉਨ੍ਹਾਂ ਨੂੰ ਅੰਗ੍ਰੇਜ਼ੀ ਚੰਗੀ ਤਰ੍ਹਾਂ ਬੋਲਣੀ, ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਬ੍ਰਾਂਚ ਕਮੇਟੀ ਸ਼ਾਇਦ ਪਤੀ-ਪਤਨੀਆਂ ਨੂੰ ਇਸ ਟ੍ਰੇਨਿੰਗ ਲਈ ਅਪਲਾਈ ਕਰਨ ਵਾਸਤੇ ਕਹੇ।
ਲਾਡੇ ਤੇ ਮੌਨੀਕ ਅਮਰੀਕਾ ਤੋਂ ਜਾ ਕੇ ਅਫ਼ਰੀਕਾ ਵਿਚ ਸੇਵਾ ਕਰ ਰਹੇ ਹਨ। ਭਰਾ ਲਾਡੇ ਕਹਿੰਦਾ ਹੈ: “ਗਿਲਿਅਡ ਸਕੂਲ ਨੇ ਸਾਨੂੰ ਦੁਨੀਆਂ ਵਿਚ ਕਿਤੇ ਵੀ ਜਾ ਕੇ ਆਪਣੇ ਪਿਆਰੇ ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਨ ਲਈ ਤਿਆਰ ਕੀਤਾ।”
ਭੈਣ ਮੌਨੀਕ ਦੱਸਦੀ ਹੈ: “ਜਦੋਂ ਮੈਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੀ ਹਾਂ, ਤਾਂ ਇਸ ਨਾਲ ਮੈਨੂੰ ਮਿਸ਼ਨਰੀ ਵਜੋਂ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਇਹ ਖ਼ੁਸ਼ੀ ਯਹੋਵਾਹ ਦੇ ਪਿਆਰ ਦਾ ਇਕ ਹੋਰ ਸਬੂਤ ਹੈ।”
ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ
ਟ੍ਰੇਨਿੰਗ ਦਾ ਮਕਸਦ: ਬ੍ਰਾਂਚ ਕਮੇਟੀ ਦੇ ਮੈਂਬਰਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਮਦਦ ਦੇਣੀ: ਬੈਥਲ ਘਰਾਂ ਦੀ ਦੇਖ-ਭਾਲ ਕਰਨੀ, ਮੰਡਲੀਆਂ ਦੇ ਵੱਖੋ-ਵੱਖਰੇ ਮਾਮਲਿਆਂ ਨੂੰ ਨਜਿੱਠਣਾ, ਸਰਕਟਾਂ ਅਤੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨੀ। ਉਨ੍ਹਾਂ ਨੂੰ ਅਨੁਵਾਦ, ਛਪਾਈ ਅਤੇ ਵੱਖ-ਵੱਖ ਥਾਵਾਂ ʼਤੇ ਸਾਹਿੱਤ ਭੇਜਣ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਕਿੰਨੇ ਸਮੇਂ ਲਈ ਹੁੰਦੀ ਹੈ: ਦੋ ਮਹੀਨੇ।
ਕਿੱਥੇ ਹੁੰਦੀ ਹੈ: ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ, ਯੂ. ਐੱਸ. ਏ.
ਕੌਣ ਲੈ ਸਕਦੇ ਹਨ: ਭਰਾਵਾਂ ਨੂੰ ਬ੍ਰਾਂਚ ਕਮੇਟੀ ਜਾਂ ਦੇਸ਼ ਦੀ ਕਮੇਟੀ ਦੇ ਮੈਂਬਰ ਹੋਣਾ ਚਾਹੀਦਾ ਹੈ ਜਾਂ ਜਿਨ੍ਹਾਂ ਨੂੰ ਸਕੂਲ ਤੋਂ ਬਾਅਦ ਕਮੇਟੀ ਦਾ ਮੈਂਬਰ ਬਣਾਇਆ ਜਾਵੇਗਾ।
ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ: ਪ੍ਰਬੰਧਕ ਸਭਾ ਇਨ੍ਹਾਂ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸੱਦਾ ਦਿੰਦੀ ਹੈ।
ਲੋਏਲ ਤੇ ਕਾਰਾ ਨੇ 25ਵੀਂ ਕਲਾਸ ਵਿਚ ਟ੍ਰੇਨਿੰਗ ਲਈ ਤੇ ਉਹ ਨਾਈਜੀਰੀਆ ਵਿਚ ਸੇਵਾ ਕਰ ਰਹੇ ਹਨ। ਭਰਾ ਲੋਏਲ ਕਹਿੰਦਾ ਹੈ: “ਇਸ ਸਕੂਲ ਦੌਰਾਨ ਮੈਂ ਸਿੱਖਿਆ ਕਿ ਮੈਂ ਭਾਵੇਂ ਜਿੰਨਾ ਵੀ ਬਿਜ਼ੀ ਹੋਵਾਂ ਜਾਂ ਮੈਨੂੰ ਜਿਹੜਾ ਵੀ ਕੰਮ ਕਰਨ ਨੂੰ ਦਿੱਤਾ ਗਿਆ ਹੋਵੇ, ਪਰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਮੈਂ ਹਰ ਕੰਮ ਯਹੋਵਾਹ ਦੇ ਤਰੀਕੇ ਅਨੁਸਾਰ ਕਰਾਂ। ਇਸ ਸਕੂਲ ਵਿਚ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਗਿਆ ਕਿ ਸਾਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ।”
ਭੈਣ ਕਾਰਾ ਦੱਸਦੀ ਹੈ: “ਮੈਂ ਸਕੂਲ ਵਿਚ ਸਿੱਖੀ ਇਹ ਗੱਲ ਹਮੇਸ਼ਾ ਮਨ ਵਿਚ ਰੱਖਦੀ ਹਾਂ ਕਿ ਜੇ ਮੈਂ ਕਿਸੇ ਵਿਸ਼ੇ ਨੂੰ ਸੌਖਿਆਂ ਨਹੀਂ ਸਮਝਾ ਸਕਦੀ, ਤਾਂ ਦੂਜਿਆਂ ਨੂੰ ਸਿਖਾਉਣ ਤੋਂ ਪਹਿਲਾਂ ਮੈਨੂੰ ਆਪ ਨੂੰ ਉਸ ਵਿਸ਼ੇ ਬਾਰੇ ਹੋਰ ਸਟੱਡੀ ਕਰਨ ਦੀ ਲੋੜ ਹੈ।”