ਤੁਸੀਂ ਯਹੋਵਾਹ ਤੋਂ ਜਿੰਨਾ ਵੀ ਸਿੱਖ ਸਕਦੇ ਹੋ ਸਿੱਖੋ!
1. ਸਿੱਖਿਆ ਦੇਣ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ?
1 ਯਹੋਵਾਹ ਸਾਡਾ ਮਹਾਨ “ਗੁਰੂ” ਚਾਹੁੰਦਾ ਹੈ ਕਿ ਅਸੀਂ ਉਸ ਤੋਂ ਸਿੱਖਿਆ ਲੈਂਦੇ ਰਹੀਏ। (ਯਸਾ. 30:20) ਉਸ ਨੇ ਆਪਣੇ ਜੇਠੇ ਪੁੱਤਰ ਨੂੰ ਬਣਾਉਣ ਤੋਂ ਬਾਅਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ। (ਯੂਹੰ. 8:28) ਆਦਮ ਦੇ ਪਾਪ ਤੋਂ ਬਾਅਦ ਯਹੋਵਾਹ ਨੇ ਸਿੱਖਿਆ ਦੇਣ ਦਾ ਕੰਮ ਛੱਡਿਆ ਨਹੀਂ, ਸਗੋਂ ਉਹ ਹਾਲੇ ਵੀ ਨਾਮੁਕੰਮਲ ਇਨਸਾਨਾਂ ਨੂੰ ਪਿਆਰ ਨਾਲ ਸਿੱਖਿਆ ਦੇ ਰਿਹਾ ਹੈ।—ਯਸਾ. 48:17, 18; 2 ਤਿਮੋ. 3:14, 15.
2. ਅੱਜ ਸਿੱਖਿਆ ਦੇਣ ਦੀ ਕਿਹੜੀ ਮੁਹਿੰਮ ਚੱਲ ਰਹੀ ਹੈ?
2 ਅੱਜ ਯਹੋਵਾਹ ਇਤਿਹਾਸ ਵਿਚ ਸਿੱਖਿਆ ਦੇਣ ਦੀ ਸਭ ਤੋਂ ਵੱਡੀ ਮੁਹਿੰਮ ਚਲਾ ਰਿਹਾ ਹੈ। ਜਿਵੇਂ ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਹੈ, ਦੁਨੀਆਂ ਦੇ ਲੱਖਾਂ ਹੀ ਲੋਕ ‘ਯਹੋਵਾਹ ਦੇ ਭਵਨ ਦੇ ਪਰਬਤ ਵੱਲ’ ਜਾ ਰਹੇ ਹਨ। (ਯਸਾ. 2:2) ਸਾਨੂੰ ਯਹੋਵਾਹ ਦੇ ਇਸ ਪਰਬਤ ਵੱਲ ਕਿਉਂ ਜਾਣਾ ਚਾਹੀਦਾ ਹੈ? ਤਾਂਕਿ ਸਾਨੂੰ ਯਹੋਵਾਹ ਤੋਂ ਸਿੱਖਿਆ ਮਿਲ ਸਕੇ! (ਯਸਾ. 2:3) 2010 ਦੇ ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨੂੰ ਬਾਈਬਲ ਦੀ ਸੱਚਾਈ ਬਾਰੇ ਗਵਾਹੀ ਅਤੇ ਸਿੱਖਿਆ ਦੇਣ ਵਿਚ 1.6 ਅਰਬ ਘੰਟੇ ਬਿਤਾਏ। ਇਸ ਤੋਂ ਇਲਾਵਾ, ਹਰ ਹਫ਼ਤੇ ਦੁਨੀਆਂ ਭਰ ਵਿਚ 1,05,000 ਕਲੀਸਿਯਾਵਾਂ ਵਿਚ ਪਰਮੇਸ਼ੁਰ ਦਾ ਗਿਆਨ ਦਿੱਤਾ ਜਾਂਦਾ ਹੈ ਅਤੇ ਮਾਤਬਰ ਅਤੇ ਬੁੱਧਵਾਨ ਨੌਕਰ 500 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਿੱਖਿਆ ਦੇਣ ਲਈ ਪ੍ਰਕਾਸ਼ਨ ਤਿਆਰ ਕਰਦਾ ਹੈ।
3. ਤੁਹਾਨੂੰ ਯਹੋਵਾਹ ਦੀ ਸਿੱਖਿਆ ਤੋਂ ਕਿਵੇਂ ਫ਼ਾਇਦਾ ਹੋਇਆ ਹੈ?
3 ਪੂਰਾ ਫ਼ਾਇਦਾ ਉਠਾਓ: ਸਾਨੂੰ ਪਰਮੇਸ਼ੁਰ ਤੋਂ ਮਿਲੀ ਸਿੱਖਿਆ ਦਾ ਕਿੰਨਾ ਫ਼ਾਇਦਾ ਹੋਇਆ ਹੈ! ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਦਾ ਇਕ ਨਾਂ ਹੈ ਅਤੇ ਉਹ ਸਾਡਾ ਫ਼ਿਕਰ ਕਰਦਾ ਹੈ। (ਜ਼ਬੂ. 83:18; 1 ਪਤ. 5:6, 7) ਸਾਨੂੰ ਜ਼ਿੰਦਗੀ ਵਿਚ ਸਭ ਤੋਂ ਅਹਿਮ ਸਵਾਲਾਂ ਦੇ ਜਵਾਬ ਮਿਲੇ ਹਨ ਜਿਵੇਂ ਕਿ ‘ਅਸੀਂ ਕਿਉਂ ਦੁੱਖ ਸਹਿੰਦੇ ਹਾਂ ਅਤੇ ਕਿਉਂ ਮਰਦੇ ਹਾਂ? ਮੈਨੂੰ ਸੱਚੀ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ? ਜ਼ਿੰਦਗੀ ਦਾ ਕੀ ਮਕਸਦ ਹੈ?’ ਯਹੋਵਾਹ ਨੇ ਸਾਨੂੰ ਨੈਤਿਕ ਮਿਆਰ ਵੀ ਦਿੱਤੇ ਹਨ ਜੋ ਸਾਨੂੰ ‘ਆਪਣੇ ਮਾਰਗ ਨੂੰ ਸੁਫਲ ਬਣਾਉਣ’ ਵਿਚ ਮਦਦ ਦਿੰਦੇ ਹਨ।—ਯਹੋ. 1:8.
4. ਪਰਮੇਸ਼ੁਰ ਦੇ ਸੇਵਕਾਂ ਕੋਲ ਸਿੱਖਿਆ ਹਾਸਲ ਕਰਨ ਦੇ ਕਿਹੜੇ ਕੁਝ ਮੌਕੇ ਹਨ ਅਤੇ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਹੁਣ ਯਹੋਵਾਹ ਤੋਂ ਸਿੱਖਦੇ ਰਹੀਏ?
4 ਇਸ ਤੋਂ ਇਲਾਵਾ, ਯਹੋਵਾਹ ਆਪਣੇ ਕਈ ਸੇਵਕਾਂ ਨੂੰ ਵੱਖੋ-ਵੱਖਰੇ ਸਕੂਲਾਂ ਰਾਹੀਂ ਖ਼ਾਸ ਸਿੱਖਿਆ ਦਿੰਦਾ ਹੈ ਤਾਂਕਿ ਉਹ ਉਸ ਦੀ ਸੇਵਾ ਵਿਚ ਹੋਰ ਤਰੱਕੀ ਕਰ ਸਕਣ। ਸੇਵਾ ਕਰਨ ਦੇ ਇਨ੍ਹਾਂ ਸਕੂਲਾਂ ਬਾਰੇ 4-6 ਸਫ਼ਿਆਂ ʼਤੇ ਦੱਸਿਆ ਗਿਆ ਹੈ। ਸ਼ਾਇਦ ਅਸੀਂ ਆਪਣੇ ਹਾਲਾਤਾਂ ਕਾਰਨ ਇਨ੍ਹਾਂ ਸਾਰੇ ਸਕੂਲਾਂ ਵਿਚ ਨਹੀਂ ਜਾ ਸਕਦੇ। ਪਰ ਉਨ੍ਹਾਂ ਸਕੂਲਾਂ ਬਾਰੇ ਕੀ ਜਿਨ੍ਹਾਂ ਵਿਚ ਅਸੀਂ ਜਾ ਸਕਦੇ ਹਾਂ? ਕੀ ਅਸੀਂ ਉਨ੍ਹਾਂ ਵਿਚ ਪੂਰਾ ਹਿੱਸਾ ਲੈਂਦੇ ਹਾਂ? ਅਤੇ ਸਾਡੇ ਬੱਚਿਆਂ ਬਾਰੇ ਕੀ? ਅੱਜ-ਕੱਲ੍ਹ ਸਾਡੇ ਨੌਜਵਾਨਾਂ ਨੂੰ ਸਕੂਲੇ ਉੱਚ ਸਿੱਖਿਆ ਹਾਸਲ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਪਰ ਕੀ ਅਸੀਂ ਨੌਜਵਾਨਾਂ ਨੂੰ ਸਭ ਤੋਂ ਵਧੀਆ ਸਿੱਖਿਆ ਯਾਨੀ ਪਰਮੇਸ਼ੁਰ ਦੀ ਸਿੱਖਿਆ ਅਤੇ ਉਸ ਦੀ ਸੇਵਾ ਵਿਚ ਟੀਚੇ ਰੱਖਣ ਦੀ ਹੱਲਾਸ਼ੇਰੀ ਦੇ ਰਹੇ ਹਾਂ? ਜਿੰਨਾ ਵੀ ਅਸੀਂ ਯਹੋਵਾਹ ਤੋਂ ਹੁਣ ਸਿੱਖ ਸਕਦੇ ਹਾਂ ਉੱਨਾ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਨੂੰ ਹੁਣ ਹੀ ਨਹੀਂ, ਸਗੋਂ ਹਮੇਸ਼ਾ-ਹਮੇਸ਼ਾ ਲਈ ਸਫ਼ਲ ਬਣਾਵੇਗਾ।—ਜ਼ਬੂ. 119:105; ਯੂਹੰ. 17:3.
ਯਹੋਵਾਹ ਦੇ ਸੰਗਠਨ ਦੁਆਰਾ ਉਪਲਬਧ ਸਿੱਖਿਆ ਲੈਣ ਦੇ ਕੁਝ ਮੌਕੇ
ਪੜ੍ਹਾਈ-ਲਿਖਾਈ ਦੀਆਂ ਕਲਾਸਾਂ
• ਮਕਸਦ: ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣਾ ਤਾਂਕਿ ਉਹ ਖ਼ੁਦ ਬਾਈਬਲ ਦੀ ਸਟੱਡੀ ਕਰ ਸਕਣ ਅਤੇ ਦੂਸਰਿਆਂ ਨੂੰ ਸੱਚਾਈ ਸਿਖਾ ਸਕਣ।
• ਕਿੰਨੇ ਸਮੇਂ ਲਈ: ਲੋੜ ਅਨੁਸਾਰ।
• ਜਗ੍ਹਾ: ਕਿੰਗਡਮ ਹਾਲ।
• ਕੌਣ ਹਿੱਸਾ ਲੈ ਸਕਦਾ: ਪਬਲੀਸ਼ਰ ਅਤੇ ਦਿਲਚਸਪੀ ਰੱਖਣ ਵਾਲੇ ਲੋਕ।
• ਕਿਵੇਂ ਅਪਲਾਈ ਕਰੀਏ: ਕਲੀਸਿਯਾ ਦੀਆਂ ਲੋੜਾਂ ਅਨੁਸਾਰ ਬਜ਼ੁਰਗ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਚਲਾਉਣ ਦਾ ਇੰਤਜ਼ਾਮ ਕਰਦੇ ਹਨ ਅਤੇ ਉਹ ਸਾਰਿਆਂ ਨੂੰ ਇਨ੍ਹਾਂ ਕਲਾਸਾਂ ਤੋਂ ਫ਼ਾਇਦਾ ਉਠਾਉਣ ਦੀ ਹੱਲਾਸ਼ੇਰੀ ਦਿੰਦੇ ਹਨ।
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ
• ਮਕਸਦ: ਪਬਲੀਸ਼ਰਾਂ ਨੂੰ ਚੰਗੇ ਪ੍ਰਚਾਰਕ ਅਤੇ ਸਿੱਖਿਅਕ ਬਣਨ ਦੀ ਟ੍ਰੇਨਿੰਗ ਦੇਣੀ।
• ਕਿੰਨੇ ਸਮੇਂ ਲਈ: ਲਗਾਤਾਰ।
• ਜਗ੍ਹਾ: ਕਿੰਗਡਮ ਹਾਲ।
• ਕੌਣ ਹਿੱਸਾ ਲੈ ਸਕਦਾ: ਪਬਲੀਸ਼ਰ। ਨਾਲੇ ਉਹ ਸਾਰੇ ਜੋ ਕਲੀਸਿਯਾ ਨਾਲ ਸੰਗਤ ਕਰਦੇ ਹਨ ਅਤੇ ਜੋ ਬਾਈਬਲ ਦੀਆਂ ਸਿੱਖਿਆਵਾਂ ਨਾਲ ਸਹਿਮਤ ਹਨ ਅਤੇ ਜੋ ਮਸੀਹੀ ਅਸੂਲਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ।
• ਕਿਵੇਂ ਅਪਲਾਈ ਕਰੀਏ: ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਓਵਰਸੀਅਰ ਨਾਲ ਗੱਲ ਕਰੋ।
ਵਿਦੇਸ਼ੀ ਭਾਸ਼ਾ ਦੀਆਂ ਕਲਾਸਾਂ
• ਮਕਸਦ: ਪਬਲੀਸ਼ਰਾਂ ਨੂੰ ਕਿਸੇ ਹੋਰ ਭਾਸ਼ਾ ਵਿਚ ਪ੍ਰਚਾਰ ਕਰਨ ਦੀ ਸਿੱਖਿਆ ਦੇਣਾ।
• ਕਿੰਨੇ ਸਮੇਂ ਲਈ: ਚਾਰ-ਪੰਜ ਮਹੀਨੇ। ਇਹ ਕਲਾਸਾਂ ਆਮ ਤੌਰ ਤੇ ਸ਼ਨੀਵਾਰ ਸਵੇਰ ਨੂੰ ਇਕ-ਦੋ ਘੰਟਿਆਂ ਲਈ ਰੱਖੀਆਂ ਜਾਂਦੀਆਂ ਹਨ।
• ਜਗ੍ਹਾ: ਆਮ ਤੌਰ ਤੇ ਨੇੜੇ ਦਾ ਕਿੰਗਡਮ ਹਾਲ।
• ਕੌਣ ਹਿੱਸਾ ਲੈ ਸਕਦਾ: ਨੇਕਨਾਮ ਪਬਲੀਸ਼ਰ ਜੋ ਵਿਦੇਸ਼ੀ ਭਾਸ਼ਾ ਵਿਚ ਪ੍ਰਚਾਰ ਕਰਨਾ ਚਾਹੁੰਦੇ ਹਨ।
• ਕਿਵੇਂ ਅਪਲਾਈ ਕਰੀਏ: ਲੋੜ ਅਨੁਸਾਰ ਬ੍ਰਾਂਚ ਆਫ਼ਿਸ ਇਨ੍ਹਾਂ ਕਲਾਸਾਂ ਦਾ ਇੰਤਜ਼ਾਮ ਕਰਦਾ ਹੈ।
ਕਿੰਗਡਮ ਹਾਲਾਂ ਦੀ ਉਸਾਰੀ
• ਮਕਸਦ: ਨਵੇਂ ਕਿੰਗਡਮ ਹਾਲ ਬਣਾਉਣੇ ਅਤੇ ਪੁਰਾਣਿਆਂ ਨੂੰ ਸੁਆਰਨਾ। ਇਹ ਇਕ ਸਕੂਲ ਨਹੀਂ ਹੈ, ਪਰ ਇਸ ਇੰਤਜ਼ਾਮ ਸਦਕਾ ਵਲੰਟੀਅਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੰਮ ਸਿਖਾਏ ਜਾਂਦੇ ਹਨ ਤਾਂਕਿ ਉਹ ਉਸਾਰੀ ਦੇ ਪ੍ਰਾਜੈਕਟਾਂ ਵਿਚ ਕੰਮ ਕਰ ਸਕਣ।
• ਕਿੰਨੇ ਸਮੇਂ ਲਈ: ਵਲੰਟੀਅਰ ਦੇ ਹਾਲਾਤਾਂ ਮੁਤਾਬਕ।
• ਜਗ੍ਹਾ: ਉਸਾਰੀ ਦਾ ਕੰਮ ਕਰਨ ਵਾਲੀ ਕਮੇਟੀ ਦੇ ਇਲਾਕੇ ਵਿਚ। ਕੁਝ ਵਲੰਟੀਅਰਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਵੀ ਮਦਦ ਦੇਣ ਲਈ ਘੱਲਿਆ ਜਾ ਸਕਦਾ ਹੈ ਜਿੱਥੇ ਕੋਈ ਆਫ਼ਤ ਆਈ ਹੋਵੇ।
• ਕੌਣ ਹਿੱਸਾ ਲੈ ਸਕਦਾ: ਬਪਤਿਸਮਾ-ਪ੍ਰਾਪਤ ਭੈਣ-ਭਰਾ ਜਿਨ੍ਹਾਂ ਨੂੰ ਬਜ਼ੁਰਗਾਂ ਵੱਲੋਂ ਮਨਜ਼ੂਰੀ ਮਿਲੀ ਹੋਵੇ। ਕੋਈ ਵੀ ਅਪਲਾਈ ਕਰ ਸਕਦਾ ਹੈ ਭਾਵੇਂ ਉਸ ਨੂੰ ਕੋਈ ਕਾਰੀਗਰੀ ਆਉਂਦੀ ਹੋਵੇ ਜਾਂ ਨਹੀਂ।
• ਕਿਵੇਂ ਅਪਲਾਈ ਕਰੀਏ: ਆਪਣੇ ਬਜ਼ੁਰਗਾਂ ਤੋਂ ਲੈ ਕੇ ਕਿੰਗਡਮ ਹਾਲ ਉਸਾਰੀ ਲਈ ਵਲੰਟੀਅਰਾਂ ਵਾਸਤੇ ਫਾਰਮ (Application for Kingdom Hall Construction Volunteer Program [A-25]) ਭਰੋ।
ਪਾਇਨੀਅਰ ਸੇਵਾ ਸਕੂਲ
• ਮਕਸਦ: ਪਾਇਨੀਅਰਾਂ ਨੂੰ ‘ਆਪਣੀ ਸੇਵਕਾਈ ਪੂਰਿਆਂ ਕਰਨ’ ਲਈ ਮਦਦ ਦੇਣਾ।—2 ਤਿਮੋ. 4:5.
• ਕਿੰਨੇ ਸਮੇਂ ਲਈ: ਦੋ ਹਫ਼ਤੇ।
• ਜਗ੍ਹਾ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦੀ ਹੈ; ਆਮ ਤੌਰ ਤੇ ਨੇੜੇ ਦਾ ਕਿੰਗਡਮ ਹਾਲ।
• ਕੌਣ ਹਿੱਸਾ ਲੈ ਸਕਦਾ: ਉਹ ਭੈਣ-ਭਰਾ ਜੋ ਘੱਟੋ-ਘੱਟ ਇਕ ਸਾਲ ਤਕ ਰੈਗੂਲਰ ਪਾਇਨੀਅਰ ਕਰ ਚੁੱਕੇ ਹਨ।
• ਕਿਵੇਂ ਅਪਲਾਈ ਕਰੀਏ: ਪਾਇਨੀਅਰਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ, ਸਗੋਂ ਸਰਕਟ ਓਵਰਸੀਅਰ ਉਨ੍ਹਾਂ ਦਾ ਨਾਂ ਆਪੇ ਹੀ ਦਰਜ ਕਰ ਕੇ ਉਨ੍ਹਾਂ ਨੂੰ ਦੱਸ ਦਿੰਦਾ ਹੈ।
ਬੈਥਲ ਦੇ ਨਵੇਂ ਮੈਂਬਰਾਂ ਲਈ ਸਕੂਲ
• ਮਕਸਦ: ਇਹ ਸਕੂਲ ਬੈਥਲ ਵਿਚ ਆਏ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਇਸ ਸੇਵਾ ਵਿਚ ਸਫ਼ਲ ਹੋ ਸਕਣ।
• ਕਿੰਨੇ ਸਮੇਂ ਲਈ: ਹਰ ਹਫ਼ਤੇ ਇਕ ਘੰਟਾ, ਸੋਲਾਂ ਹਫ਼ਤਿਆਂ ਲਈ।
• ਜਗ੍ਹਾ: ਬੈਥਲ।
• ਕੌਣ ਹਿੱਸਾ ਲੈ ਸਕਦਾ: ਬੈਥਲ ਪਰਿਵਾਰ ਦੇ ਪੱਕੇ ਮੈਂਬਰ, ਜਾਂ ਲੰਬੇ ਸਮੇਂ ਤਕ ਆਉਣ ਵਾਲੇ ਵਲੰਟੀਅਰ (ਇਕ ਸਾਲ ਜਾਂ ਜ਼ਿਆਦਾ)।
• ਕਿਵੇਂ ਦਾਖ਼ਲ ਹੋਈਏ: ਨਵੇਂ ਮੈਂਬਰਾਂ ਦੇ ਨਾਂ ਆਪੇ ਹੀ ਦਰਜ ਕੀਤੇ ਜਾਂਦੇ ਹਨ।
ਕਿੰਗਡਮ ਮਿਨਿਸਟ੍ਰੀ ਸਕੂਲ
• ਮਕਸਦ: ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਮਦਦ ਦੇਣੀ। (ਰਸੂ. 20:28) ਪ੍ਰਬੰਧਕ ਸਭਾ ਦੇ ਫ਼ੈਸਲੇ ਮੁਤਾਬਕ ਇਸ ਸਕੂਲ ਦਾ ਇੰਤਜ਼ਾਮ ਕੁਝ ਕੁ ਸਾਲਾਂ ਬਾਅਦ ਕੀਤਾ ਜਾਂਦਾ ਹੈ।
• ਕਿੰਨੇ ਸਮੇਂ ਲਈ: ਹਾਲ ਹੀ ਦੇ ਸਾਲਾਂ ਵਿਚ ਬਜ਼ੁਰਗਾਂ ਲਈ ਡੇਢ ਦਿਨ ਅਤੇ ਸਹਾਇਕ ਸੇਵਕਾਂ ਲਈ ਇਕ ਦਿਨ।
• ਜਗ੍ਹਾ: ਆਮ ਤੌਰ ਤੇ ਨੇੜੇ ਦਾ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
• ਕੌਣ ਹਿੱਸਾ ਲੈ ਸਕਦਾ: ਬਜ਼ੁਰਗ ਜਾਂ ਸਹਾਇਕ ਸੇਵਕ ਹੋਣਾ ਜ਼ਰੂਰੀ ਹੈ।
• ਕਿਵੇਂ ਦਾਖ਼ਲ ਹੋਈਏ: ਸਰਕਟ ਓਵਰਸੀਅਰ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਸੱਦਾ ਘੱਲਦਾ ਹੈ।
ਕਲੀਸਿਯਾ ਦੇ ਬਜ਼ੁਰਗਾਂ ਲਈ ਸਕੂਲa
• ਮਕਸਦ: ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਬਜ਼ੁਰਗਾਂ ਦੀ ਮਦਦ ਕਰਨਾ।
• ਕਿੰਨੇ ਸਮੇਂ ਲਈ: ਪੰਜ ਦਿਨ।
• ਜਗ੍ਹਾ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦੀ ਹੈ; ਆਮ ਤੌਰ ਤੇ ਨੇੜੇ ਦਾ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
• ਕੌਣ ਹਿੱਸਾ ਲੈ ਸਕਦਾ: ਬਜ਼ੁਰਗ ਹੋਣਾ ਜ਼ਰੂਰੀ ਹੈ।
• ਕਿਵੇਂ ਦਾਖ਼ਲ ਹੋਈਏ: ਬ੍ਰਾਂਚ ਆਫ਼ਿਸ ਬਜ਼ੁਰਗਾਂ ਨੂੰ ਸੱਦਾ ਦਿੰਦੀ ਹੈ।
ਸਰਕਟ ਅਤੇ ਡਿਸਟ੍ਰਿਕਟ ਓਵਰਸੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲb
• ਮਕਸਦ: ਸਰਕਟ ਅਤੇ ਡਿਸਟ੍ਰਿਕਟ ਓਵਰਸੀਅਰ ਨੂੰ ਕਲੀਸਿਯਾਵਾਂ ਦੀ ਸੇਵਾ ਕਰਨ ਅਤੇ “ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ” ਕਰਨ ਵਿਚ ਜ਼ਿਆਦਾ ਅਸਰਕਾਰੀ ਬਣਾਉਣਾ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨੀ।—1 ਤਿਮੋ. 5:17; 1 ਪਤ. 5:2, 3.
• ਕਿੰਨੇ ਸਮੇਂ ਲਈ: ਦੋ ਮਹੀਨੇ।
• ਜਗ੍ਹਾ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦੀ ਹੈ।
• ਕੌਣ ਹਿੱਸਾ ਲੈ ਸਕਦਾ: ਸਰਕਟ ਜਾਂ ਡਿਸਟ੍ਰਿਕਟ ਓਵਰਸੀਅਰ ਹੋਣਾ ਜ਼ਰੂਰੀ ਹੈ।
• ਕਿਵੇਂ ਦਾਖ਼ਲ ਹੋਈਏ: ਬ੍ਰਾਂਚ ਆਫ਼ਿਸ ਇਨ੍ਹਾਂ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸੱਦਾ ਘੱਲਦੀ ਹੈ।
ਭਰਾਵਾਂ ਲਈ ਬਾਈਬਲ ਸਕੂਲc
• ਮਕਸਦ: ਅਣਵਿਆਹੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਹੋਰ ਜ਼ਿੰਮੇਵਾਰੀਆਂ ਲਈ ਤਿਆਰ ਕਰਨਾ। ਗ੍ਰੈਜੂਏਟਾਂ ਨੂੰ ਜ਼ਿਆਦਾਤਰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਹੀ ਉੱਥੇ ਘੱਲਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਜੇ ਉਹ ਤਿਆਰ ਹੋਣ, ਤਾਂ ਕੁਝ ਭਰਾਵਾਂ ਨੂੰ ਕਿਸੇ ਹੋਰ ਦੇਸ਼ ਵਿਚ ਵੀ ਘੱਲਿਆ ਜਾ ਸਕਦਾ ਹੈ।
• ਕਿੰਨੇ ਸਮੇਂ ਲਈ: ਦੋ ਮਹੀਨੇ।
• ਜਗ੍ਹਾ: ਬ੍ਰਾਂਚ ਆਫ਼ਿਸ ਫ਼ੈਸਲਾ ਕਰਦੀ ਹੈ। ਆਮ ਤੌਰ ਤੇ ਨੇੜੇ ਦਾ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ।
• ਕੌਣ ਹਿੱਸਾ ਲੈ ਸਕਦਾ: ਚੰਗੀ ਸਿਹਤ ਵਾਲੇ 23 ਤੋਂ 62 ਸਾਲਾਂ ਦੀ ਉਮਰ ਦੇ ਕੁਆਰੇ ਭਰਾ ਜੋ ਆਪਣੇ ਮਸੀਹੀ ਭਰਾਵਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੇ ਰਾਜ ਸੰਬੰਧੀ ਕੰਮਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। (ਮਰ. 10:29, 30) ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲਾਂ ਤਕ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਲਗਾਤਾਰ ਸੇਵਾ ਕਰਦੇ ਹੋਣਾ ਚਾਹੀਦਾ ਹੈ।
• ਕਿਵੇਂ ਅਪਲਾਈ ਕਰੀਏ: ਜੇ ਇਹ ਸਕੂਲ ਤੁਹਾਡੇ ਬ੍ਰਾਂਚ ਦੇ ਇਲਾਕੇ ਵਿਚ ਚਲਾਇਆ ਜਾਂਦਾ ਹੈ, ਤਾਂ ਸਰਕਟ ਸੰਮੇਲਨ ਦੌਰਾਨ ਦਿਲਚਸਪੀ ਰੱਖਣ ਵਾਲੇ ਭਰਾਵਾਂ ਲਈ ਇਸ ਸੰਬੰਧੀ ਇਕ ਮੀਟਿੰਗ ਰੱਖੀ ਜਾਂਦੀ ਹੈ। ਇਸ ਮੀਟਿੰਗ ਵਿਚ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਹੈ।
ਪਤੀ-ਪਤਨੀਆਂ ਲਈ ਬਾਈਬਲ ਸਕੂਲd
• ਮਕਸਦ: ਵਿਆਹੇ ਜੋੜਿਆਂ ਨੂੰ ਖ਼ਾਸ ਸਿੱਖਿਆ ਦੇਣੀ ਤਾਂਕਿ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਜ਼ਿਆਦਾ ਕੰਮ ਆ ਸਕਣ। ਜ਼ਿਆਦਾਤਰ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਉੱਥੇ ਘੱਲਿਆ ਜਾਵੇਗਾ ਜਿੱਥੇ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਜੇ ਉਹ ਤਿਆਰ ਹੋਣ, ਤਾਂ ਕੁਝ ਜਣਿਆਂ ਨੂੰ ਕਿਸੇ ਹੋਰ ਦੇਸ਼ ਵਿਚ ਵੀ ਘੱਲਿਆ ਜਾ ਸਕਦਾ ਹੈ।
• ਕਿੰਨੇ ਸਮੇਂ ਲਈ: ਦੋ ਮਹੀਨੇ।
• ਜਗ੍ਹਾ: ਇਸ ਦੀਆਂ ਪਹਿਲੀਆਂ ਕਲਾਸਾਂ ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ, ਯੂ.ਐੱਸ.ਏ. ਵਿਚ ਚਲਾਈਆਂ ਜਾ ਰਹੀਆਂ ਹਨ। ਉਸ ਤੋਂ ਬਾਅਦ ਬ੍ਰਾਂਚ ਆਫ਼ਿਸ ਫ਼ੈਸਲਾ ਕਰੇਗੀ ਕਿ ਇਹ ਸਕੂਲ ਕਿੱਥੇ ਚਲਾਇਆ ਜਾਵੇਗਾ, ਪਰ ਆਮ ਤੌਰ ਤੇ ਇਹ ਸਕੂਲ ਨੇੜੇ ਦੇ ਅਸੈਂਬਲੀ ਹਾਲ ਜਾਂ ਕਿੰਗਡਮ ਹਾਲ ਵਿਚ ਚਲਾਇਆ ਜਾਵੇਗਾ।
• ਕੌਣ ਹਿੱਸਾ ਲੈ ਸਕਦਾ: ਚੰਗੀ ਸਿਹਤ ਵਾਲੇ 25 ਤੋਂ 50 ਸਾਲਾਂ ਦੀ ਉਮਰ ਦੇ ਵਿਆਹੇ ਜੋੜੇ ਜੋ ਕਿਤੇ ਹੋਰ ਸੇਵਾ ਕਰ ਸਕਦੇ ਹਨ ਅਤੇ ਜਿਨ੍ਹਾਂ ਦਾ ਯਸਾਯਾਹ ਵਰਗਾ ਰਵੱਈਆ ਹੈ ਜਿਸ ਨੇ ਕਿਹਾ “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਇਸ ਤੋਂ ਇਲਾਵਾ, ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲਾਂ ਤਕ ਵਿਆਹੇ ਹੋਣਾ ਚਾਹੀਦਾ ਹੈ ਅਤੇ ਲਗਾਤਾਰ ਦੋ ਸਾਲਾਂ ਤੋਂ ਫੁੱਲ-ਟਾਈਮ ਸੇਵਾ ਕਰਦੇ ਹੋਣਾ ਚਾਹੀਦਾ ਹੈ।
• ਕਿਵੇਂ ਅਪਲਾਈ ਕਰੀਏ: ਜੇ ਇਹ ਸਕੂਲ ਤੁਹਾਡੇ ਬ੍ਰਾਂਚ ਦੇ ਇਲਾਕੇ ਵਿਚ ਉਪਲਬਧ ਹੈ, ਤਾਂ ਖ਼ਾਸ ਸੰਮੇਲਨ ਦਿਨ ਦੌਰਾਨ ਦਿਲਚਸਪੀ ਰੱਖਣ ਵਾਲੇ ਭੈਣਾਂ-ਭਰਾਵਾਂ ਲਈ ਇਸ ਸੰਬੰਧੀ ਇਕ ਮੀਟਿੰਗ ਰੱਖੀ ਜਾਵੇਗੀ। ਇਸ ਮੀਟਿੰਗ ਵਿਚ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਜਾਵੇਗੀ।
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ
• ਮਕਸਦ: ਮਿਸ਼ਨਰੀ ਸੇਵਾ ਲਈ ਪਾਇਨੀਅਰਾਂ ਅਤੇ ਹੋਰ ਫੁੱਲ-ਟਾਈਮ ਸੇਵਕਾਂ ਨੂੰ ਸਿੱਖਿਆ ਦੇਣੀ।
• ਕਿੰਨੇ ਸਮੇਂ ਲਈ: ਪੰਜ ਮਹੀਨੇ।
• ਜਗ੍ਹਾ: ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ, ਯੂ.ਐੱਸ.ਏ.
• ਕੌਣ ਹਿੱਸਾ ਲੈ ਸਕਦਾ: ਵਿਆਹੇ ਜੋੜੇ ਜੋ ਤਿੰਨ ਸਾਲਾਂ ਤੋਂ ਬਪਤਿਸਮਾ-ਪ੍ਰਾਪਤ ਹਨ ਅਤੇ ਜਦੋਂ ਉਹ ਪਹਿਲੀ ਵਾਰ ਅਪਲਾਈ ਕਰਨ, ਤਾਂ ਉਨ੍ਹਾਂ ਦੀ ਉਮਰ 21 ਤੋਂ 38 ਸਾਲਾਂ ਦੀ ਹੋਵੇ। ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲਾਂ ਤਕ ਵਿਆਹੇ ਹੋਣਾ ਚਾਹੀਦਾ ਹੈ ਅਤੇ ਲਗਾਤਾਰ ਦੋ ਸਾਲਾਂ ਤੋਂ ਫੁੱਲ-ਟਾਈਮ ਸੇਵਾ ਕਰਦੇ ਹੋਣਾ ਚਾਹੀਦਾ ਹੈ। ਅਪਲਾਈ ਕਰਨ ਵਾਲਿਆਂ ਦੀ ਚੰਗੀ ਸਿਹਤ ਹੋਣੀ ਚਾਹੀਦੀ ਹੈ। ਵਿਦੇਸ਼ ਵਿਚ ਸੇਵਾ ਕਰ ਰਹੇ ਪਾਇਨੀਅਰ (ਉਹ ਪਾਇਨੀਅਰ ਵੀ ਜੋ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ); ਸਰਕਟ ਤੇ ਡਿਸਟ੍ਰਿਕਟ ਓਵਰਸੀਅਰ; ਬੈਥਲ ਪਰਿਵਾਰ ਦੇ ਮੈਂਬਰ; ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦੇ ਪੁਰਾਣੇ ਗ੍ਰੈਜੂਏਟ, ਪਤੀ-ਪਤਨੀਆਂ ਦੇ ਬਾਈਬਲ ਸਕੂਲ ਦੇ ਪੁਰਾਣੇ ਗ੍ਰੈਜੂਏਟ ਵੀ ਅਪਲਾਈ ਕਰ ਸਕਦੇ ਹਨ ਜੇ ਉਹ ਕਾਬਲ ਹੋਣ।
• ਕਿਵੇਂ ਅਪਲਾਈ ਕਰੀਏ: ਚੋਣਵੀਆਂ ਬ੍ਰਾਂਚਾਂ ਵਿਚ ਜ਼ਿਲ੍ਹਾ ਸੰਮੇਲਨ ਦੌਰਾਨ ਦਿਲਚਸਪੀ ਰੱਖਣ ਵਾਲੇ ਭੈਣਾਂ-ਭਰਾਵਾਂ ਲਈ ਇਸ ਸੰਬੰਧੀ ਇਕ ਮੀਟਿੰਗ ਰੱਖੀ ਜਾਂਦੀ ਹੈ। ਇਸ ਮੀਟਿੰਗ ਵਿਚ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ। ਜੇ ਤੁਹਾਡੇ ਦੇਸ਼ ਦੇ ਸੰਮੇਲਨਾਂ ਵਿਚ ਇਹ ਮੀਟਿੰਗ ਨਹੀਂ ਰੱਖੀ ਜਾਂਦੀ ਅਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੋਰ ਜਾਣਕਾਰੀ ਲਈ ਆਪਣੇ ਬ੍ਰਾਂਚ ਆਫ਼ਿਸ ਨੂੰ ਲਿਖ ਸਕਦੇ ਹੋ।
ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ
• ਮਕਸਦ: ਬ੍ਰਾਂਚ ਕਮੇਟੀ ਦੇ ਮੈਂਬਰਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਮਦਦ ਦੇਣੀ: ਬੈਥਲ ਘਰਾਂ ਦੀ ਹੋਰ ਚੰਗੀ ਤਰ੍ਹਾਂ ਦੇਖ-ਭਾਲ ਕਰਨੀ, ਕਲੀਸਿਯਾਵਾਂ ਨੂੰ ਹਿਦਾਇਤਾਂ ਦੇਣੀਆਂ, ਸਰਕਟਾਂ ਅਤੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨੀ, ਅਨੁਵਾਦ, ਛਪਾਈ ਅਤੇ ਵੱਖ-ਵੱਖ ਥਾਵਾਂ ਤੇ ਸਾਹਿੱਤ ਭੇਜਣਾ ਅਤੇ ਵੱਖ-ਵੱਖ ਵਿਭਾਗਾਂ ਦੀ ਨਿਗਰਾਨੀ ਕਰਨੀ।—ਲੂਕਾ 12:48ਅ.
• ਕਿੰਨੇ ਸਮੇਂ ਲਈ: ਦੋ ਮਹੀਨੇ।
• ਜਗ੍ਹਾ: ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ, ਯੂ.ਐੱਸ.ਏ.
• ਕੌਣ ਹਿੱਸਾ ਲੈ ਸਕਦਾ: ਬ੍ਰਾਂਚ ਕਮੇਟੀ ਜਾਂ ਦੇਸ਼ ਦੀ ਕਮੇਟੀ ਦੇ ਮੈਂਬਰ ਜਾਂ ਜਿਨ੍ਹਾਂ ਨੂੰ ਸਕੂਲ ਤੋਂ ਬਾਅਦ ਕਮੇਟੀ ਦਾ ਮੈਂਬਰ ਬਣਾਇਆ ਜਾਵੇਗਾ।
• ਕਿਵੇਂ ਦਾਖ਼ਲ ਹੋਈਏ: ਪ੍ਰਬੰਧਕ ਸਭਾ ਇਨ੍ਹਾਂ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸੱਦਾ ਦਿੰਦੀ ਹੈ।
[ਫੁਟਨੋਟ]
a ਇਸ ਸਮੇਂ ਇਹ ਸਕੂਲ ਸਾਰਿਆਂ ਦੇਸ਼ਾਂ ਵਿਚ ਨਹੀਂ ਚਲਾਇਆ ਜਾਂਦਾ।
b ਇਸ ਸਮੇਂ ਇਹ ਸਕੂਲ ਸਾਰਿਆਂ ਦੇਸ਼ਾਂ ਵਿਚ ਨਹੀਂ ਚਲਾਇਆ ਜਾਂਦਾ।
c ਇਸ ਸਮੇਂ ਇਹ ਸਕੂਲ ਸਾਰਿਆਂ ਦੇਸ਼ਾਂ ਵਿਚ ਨਹੀਂ ਚਲਾਇਆ ਜਾਂਦਾ।
d ਇਸ ਸਮੇਂ ਇਹ ਸਕੂਲ ਸਾਰਿਆਂ ਦੇਸ਼ਾਂ ਵਿਚ ਨਹੀਂ ਚਲਾਇਆ ਜਾਂਦਾ।