ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 10/1 ਸਫ਼ੇ 21-23
  • ਸ਼ੁਕਰਗੁਜ਼ਾਰ ਕਿਉਂ ਹੋਈਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁਕਰਗੁਜ਼ਾਰ ਕਿਉਂ ਹੋਈਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਿਵਾਰ ਵਿਚ
  • ਦੋਸਤਾਂ ਅਤੇ ਗੁਆਂਢੀਆਂ ਬਾਰੇ ਕੀ?
  • ਅਸੀਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਿਉਂ ਕਰੀਏ ਜੋ ਸਾਡਾ ਧੰਨਵਾਦ ਨਹੀਂ ਕਰਦੇ?
  • ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਸ਼ੁਕਰਗੁਜ਼ਾਰੀ ਦਿਖਾਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰ ਬਣਨਾ ਸਿਖਾਓ
    ਪਰਿਵਾਰ ਦੀ ਮਦਦ ਲਈ
  • ਕੀ ਤੁਸੀਂ ਮੌਕੇ ਦਾ ਫ਼ਾਇਦਾ ਉਠਾਓਗੇ?
    ਸਾਡੀ ਰਾਜ ਸੇਵਕਾਈ—2014
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 10/1 ਸਫ਼ੇ 21-23

ਸ਼ੁਕਰਗੁਜ਼ਾਰ ਕਿਉਂ ਹੋਈਏ?

“ਪਿਆਰੀ ਰਾਕੇਲ,

ਹੌਸਲਾ ਦੇਣ ਲਈ ਤੇਰਾ ਬਹੁਤ-ਬਹੁਤ ਧੰਨਵਾਦ। ਤੂੰ ਸ਼ਾਇਦ ਜਾਣਦੀ ਨਹੀਂ ਕਿ ਮੈਨੂੰ ਤੇਰੇ ਚੰਗੇ ਸੁਭਾਅ ਅਤੇ ਗੱਲਾਂ ਤੋਂ ਕਿੰਨੀ ਤਸੱਲੀ ਮਿਲੀ।”—ਜੈਨੀਫਰ।

ਕੀਤੁਹਾਨੂੰ ਕਿਸੇ ਨੇ ਤੁਹਾਡਾ ਧੰਨਵਾਦ ਕਰਨ ਲਈ ਕਦੇ ਕਾਰਡ ਭੇਜਿਆ ਜਿਸ ਦੀ ਤੁਹਾਨੂੰ ਆਸ ਵੀ ਨਹੀਂ ਸੀ? ਜੇ ਹਾਂ, ਤਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਦੂਸਰੇ ਉਨ੍ਹਾਂ ਨੂੰ ਚਾਹੁਣ ਤੇ ਪਸੰਦ ਕਰਨ।— ਮੱਤੀ 25:19-23.

ਧੰਨਵਾਦ ਕਰਨ ਨਾਲ ਤੋਹਫ਼ਾ ਦੇਣ ਵਾਲੇ ਅਤੇ ਲੈਣ ਵਾਲੇ ਦਾ ਆਪਸੀ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਸ਼ੁਕਰਗੁਜ਼ਾਰੀ ਦਿਖਾਉਣ ਵਾਲਾ ਇਨਸਾਨ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਚੱਲਦਾ ਹੈ ਜੋ ਹਮੇਸ਼ਾ ਦੂਜਿਆਂ ਦੇ ਚੰਗੇ ਕੰਮਾਂ ਦੀ ਕਦਰ ਕਰਦਾ ਸੀ।—ਮਰਕੁਸ 14:3-9; ਲੂਕਾ 21:1-4.

ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਲੋਕ ਨਾ ਤਾਂ ਬੋਲ ਕੇ ਤੇ ਨਾ ਹੀ ਲਿਖ ਕੇ ਕਿਸੇ ਦਾ ਧੰਨਵਾਦ ਕਰਦੇ ਹਨ। ਬਾਈਬਲ ਵਿਚ ਵੀ ਦੱਸਿਆ ਹੈ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ “ਨਾਸ਼ੁਕਰੇ” ਹੋਣਗੇ। (2 ਤਿਮੋਥਿਉਸ 3:1, 2) ਜੇ ਅਸੀਂ ਧਿਆਨ ਨਾ ਦੇਈਏ, ਤਾਂ ਇੱਦਾਂ ਦੇ ਲੋਕਾਂ ਦਾ ਅਸਰ ਸਾਡੇ ʼਤੇ ਵੀ ਪੈ ਸਕਦਾ ਹੈ ਜਿਸ ਕਰਕੇ ਅਸੀਂ ਵੀ ਨਾਸ਼ੁਕਰੇ ਬਣ ਸਕਦੇ ਹਾਂ।

ਮਾਪੇ ਆਪਣੇ ਬੱਚਿਆਂ ਨੂੰ ਧੰਨਵਾਦ ਕਰਨਾ ਸਿਖਾਉਣ ਲਈ ਕੀ ਕੁਝ ਕਰ ਸਕਦੇ ਹਨ? ਸਾਨੂੰ ਕਿਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ? ਭਾਵੇਂ ਕਿ ਸਾਡੇ ਆਲੇ-ਦੁਆਲੇ ਦੇ ਲੋਕ ਨਾਸ਼ੁਕਰੇ ਹਨ, ਪਰ ਫਿਰ ਵੀ ਸਾਨੂੰ ਕਿਉਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ?

ਪਰਿਵਾਰ ਵਿਚ

ਮਾਪੇ ਆਪਣੇ ਬੱਚਿਆਂ ਵਾਸਤੇ ਬਹੁਤ ਮਿਹਨਤ ਕਰਦੇ ਹਨ। ਕਦੇ-ਕਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਪੇ ਬੱਚਿਆਂ ਲਈ ਜੋ ਵੀ ਕਰਦੇ ਹਨ, ਬੱਚੇ ਉਸ ਦੀ ਕਦਰ ਨਹੀਂ ਕਰਦੇ। ਇਸ ਦੇ ਲਈ ਮਾਪੇ ਕੀ ਕਰ ਸਕਦੇ ਹਨ? ਤਿੰਨ ਗੱਲਾਂ ਕਰਨੀਆਂ ਜ਼ਰੂਰੀ ਹਨ।

(1) ਚੰਗੀ ਮਿਸਾਲ ਬਣੋ। ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਹੋਰਨਾਂ ਗੱਲਾਂ ਦੇ ਨਾਲ-ਨਾਲ ਚੰਗੀ ਮਿਸਾਲ ਕਾਇਮ ਕਰਨੀ ਵੀ ਜ਼ਰੂਰੀ ਹੈ। ਪ੍ਰਾਚੀਨ ਇਸਰਾਏਲ ਵਿਚ ਮਿਹਨਤੀ ਮਾਂ ਬਾਰੇ ਬਾਈਬਲ ਕਹਿੰਦੀ ਹੈ: ‘ਉਸ ਦੇ ਬੱਚੇ ਉਸ ਨੂੰ ਧੰਨ ਆਖਦੇ ਹਨ।’ ਇਨ੍ਹਾਂ ਬੱਚਿਆਂ ਨੇ ਮਾਂ ਦੀ ਤਾਰੀਫ਼ ਕਰਨੀ ਕਿੱਥੋਂ ਸਿੱਖੀ? ਆਇਤ ਅੱਗੇ ਕਹਿੰਦੀ ਹੈ: “ਉਸ ਦਾ ਪਤੀ ਉਸ ਦੀ ਪ੍ਰਸੰਸਾ ਕਰਦਾ ਹੈ।” (ਕਹਾਉਤਾਂ 31:28, ERV) ਮਾਪੇ ਜਦ ਇਕ-ਦੂਸਰੇ ਦੀ ਕਦਰ ਕਰਦੇ ਹਨ, ਤਾਂ ਉਹ ਬੱਚਿਆਂ ਨੂੰ ਦਿਖਾਉਂਦੇ ਹਨ ਕਿ ਦੂਜਿਆਂ ਦਾ ਧੰਨਵਾਦ ਕਰਨ ਨਾਲ ਦੂਜਿਆਂ ਨੂੰ ਖ਼ੁਸ਼ੀ ਹੁੰਦੀ ਹੈ, ਪਰਿਵਾਰ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਉਨ੍ਹਾਂ ਦੀ ਅਕਲਮੰਦੀ ਦਾ ਸਬੂਤ ਮਿਲਦਾ ਹੈ।

ਸਟੀਵਨ ਨਾਂ ਦਾ ਪਿਤਾ ਕਹਿੰਦਾ ਹੈ, “ਮੈਂ ਖਾਣੇ ਲਈ ਆਪਣੀ ਪਤਨੀ ਦਾ ਧੰਨਵਾਦ ਕਰ ਕੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣਨ ਦੀ ਕੋਸ਼ਿਸ਼ ਕਰਦਾ ਹਾਂ।” ਇਸ ਦਾ ਨਤੀਜਾ ਕੀ ਨਿਕਲਿਆ ਹੈ? ਸਟੀਵਨ ਕਹਿੰਦਾ ਹੈ: “ਮੇਰੀਆਂ ਦੋ ਧੀਆਂ ਨੇ ਮੈਨੂੰ ਧੰਨਵਾਦ ਕਰਦਿਆਂ ਦੇਖ ਕੇ ਜਾਣਿਆ ਹੈ ਕਿ ਹੋਰਨਾਂ ਦਾ ਧੰਨਵਾਦ ਕਰਨਾ ਕਿੰਨਾ ਜ਼ਰੂਰੀ ਹੈ।” ਜੇ ਤੁਸੀਂ ਸ਼ਾਦੀ-ਸ਼ੁਦਾ ਹੋ, ਤਾਂ ਕੀ ਤੁਸੀਂ ਛੋਟੇ-ਮੋਟੇ ਕੰਮਾਂ ਲਈ ਇਕ-ਦੂਜੇ ਦਾ ਧੰਨਵਾਦ ਕਰਦੇ ਹੋ? ਕੀ ਤੁਸੀਂ ਬੱਚਿਆਂ ਦਾ ਧੰਨਵਾਦ ਕਰਦੇ ਹੋ, ਖ਼ਾਸਕਰ ਉਦੋਂ ਜਦ ਉਹ ਉਸ ਕੰਮ ਨੂੰ ਪੂਰਾ ਕਰਦੇ ਹਨ ਜਿਸ ਦੀ ਉਨ੍ਹਾਂ ਤੋਂ ਆਸ ਰੱਖੀ ਜਾਂਦੀ ਹੈ?

(2) ਸਿਖਲਾਈ। ਬੱਚਿਆਂ ਨੂੰ ਸਿਖਾਉਣ ਦੀ ਲੋੜ ਹੈ ਕਿ ਧੰਨਵਾਦ ਕਰਨਾ ਕਿੰਨਾ ਜ਼ਰੂਰੀ ਹੈ। ਮਾਪੇ ਕਿਵੇਂ ਬੱਚਿਆਂ ਨੂੰ ਧੰਨਵਾਦ ਕਰਨਾ ਸਿਖਾ ਸਕਦੇ ਹਨ? ਬੁੱਧੀਮਾਨ ਰਾਜਾ ਸੁਲੇਮਾਨ ਨੇ ਇਕ ਗੱਲ ʼਤੇ ਜ਼ੋਰ ਦਿੱਤਾ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।”—ਕਹਾਉਤਾਂ 15:28.

ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ ਕਿ ਜਦ ਕੋਈ ਉਨ੍ਹਾਂ ਨੂੰ ਕੋਈ ਤੋਹਫ਼ਾ ਦਿੰਦਾ ਹੈ, ਤਾਂ ਉਹ ਉਸ ਬਾਰੇ ਸੋਚਣ? ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਤੋਹਫ਼ਾ ਦੇਣ ਵਾਲੇ ਨੇ ਉਨ੍ਹਾਂ ਬਾਰੇ ਪਹਿਲਾਂ ਸੋਚਿਆ ਹੋਵੇਗਾ ਤੇ ਫਿਰ ਜਾ ਕੇ ਤੋਹਫ਼ਾ ਖ਼ਰੀਦਿਆ। ਇਸ ਤਰ੍ਹਾਂ ਉਨ੍ਹਾਂ ਦੀ ਤੋਹਫ਼ਾ ਦੇਣ ਵਾਲੇ ਲਈ ਕਦਰ ਵਧਦੀ ਹੈ। ਤਿੰਨ ਬੱਚਿਆਂ ਦੀ ਮਾਂ ਮਰੀਆ ਕਹਿੰਦੀ ਹੈ: “ਬੱਚਿਆਂ ਨੂੰ ਧੰਨਵਾਦ ਕਰਨਾ ਸਿਖਾਉਣ ਅਤੇ ਬੈਠ ਕੇ ਸਮਝਾਉਣ ਲਈ ਸਮਾਂ ਕੱਢਣ ਦੀ ਲੋੜ ਹੈ। ਉਨ੍ਹਾਂ ਨੂੰ ਦੱਸਣ ਦੀ ਲੋੜ ਹੈ ਕਿ ਜਦ ਕੋਈ ਤੋਹਫ਼ਾ ਦਿੰਦਾ ਹੈ, ਤਾਂ ਉਸ ਨੇ ਉਨ੍ਹਾਂ ਬਾਰੇ ਸੋਚਿਆ ਅਤੇ ਨਾਲੇ ਦਿਖਾਉਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਭਾਵੇਂ ਇਸ ਤਰ੍ਹਾਂ ਸਿਖਾਉਣ ਲਈ ਮਿਹਨਤ ਕਰਨੀ ਪੈਂਦੀ ਹੈ, ਪਰ ਇਹ ਫ਼ਾਇਦੇਮੰਦ ਹੈ।” ਇਸ ਤਰ੍ਹਾਂ ਗੱਲਬਾਤ ਕਰਨ ਨਾਲ ਬੱਚੇ ਸਿੱਖਦੇ ਹਨ ਕਿ ਉਨ੍ਹਾਂ ਨੂੰ ਧੰਨਵਾਦ ਕਰਦਿਆਂ ਕੀ ਕਹਿਣਾ ਚਾਹੀਦਾ ਹੈ ਤੇ ਕਿਉਂ?

ਚੰਗੇ ਮਾਪੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਉਹ ਇਹ ਨਾ ਸੋਚਣ ਕਿ ਜਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਮਿਲਦੀਆਂ ਹਨ, ਉਹ ਉਨ੍ਹਾਂ ਦੇ ਹੱਕਦਾਰ ਹਨ।a ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਕਹਾਉਤਾਂ 29:21 ਵਿਚ ਨੌਕਰ ਨਾਲ ਪੇਸ਼ ਆਉਣ ਬਾਰੇ ਜੋ ਚੇਤਾਵਨੀ ਦਿੱਤੀ ਗਈ ਹੈ, ਉਹ ਬੱਚਿਆਂ ਉੱਤੇ ਵੀ ਢੁਕਦੀ ਹੈ: “ਜੇਕਰ ਤੁਸੀਂ ਬਚਪਨ ਤੋਂ ਹੀ ਆਪਣੇ ਨੌਕਰ ਨੂੰ ਬਹੁਤ ਲਾਡ-ਪਿਆਰ ਕਰਦੇ ਹੋ, ਤਾਂ ਬਾਅਦ ਵਿਚ ਉਹ ਨਾਸ਼ੁਕਰਾ ਹੋ ਜਾਵੇਗਾ।”

ਛੋਟੇ-ਛੋਟੇ ਬੱਚਿਆਂ ਨੂੰ ਵੀ ਕਿਵੇਂ ਧੰਨਵਾਦ ਕਰਨਾ ਸਿਖਾਇਆ ਜਾ ਸਕਦਾ ਹੈ? ਤਿੰਨ ਨਿਆਣਿਆਂ ਦੀ ਮਾਂ ਲਿੰਡਾ ਕਹਿੰਦੀ ਹੈ: “ਮੈਂ ਅਤੇ ਮੇਰਾ ਪਤੀ ਜਦ ਕਿਸੇ ਨੂੰ ਥੈਂਕਯੂ ਕਾਰਡ ਲਿਖਦੇ ਸਾਂ, ਤਾਂ ਅਸੀਂ ਆਪਣੇ ਬੱਚਿਆਂ ਨੂੰ ਕਾਰਡ ਉੱਤੇ ਕੁਝ ਲਿਖਣ ਜਾਂ ਕੋਈ ਤਸਵੀਰ ਬਣਾਉਣ ਜਾਂ ਸਿਰਫ਼ ਆਪਣਾ ਨਾਂ ਲਿਖਣ ਲਈ ਕਹਿੰਦੇ ਸੀ।” ਭਾਵੇਂ ਕਿ ਉਹ ਸਾਦੀ ਜਿਹੀ ਤਸਵੀਰ ਬਣਾਉਂਦੇ ਸਨ ਅਤੇ ਉਨ੍ਹਾਂ ਦੀ ਲਿਖਾਈ ਟੁੱਟੀ-ਫੁੱਟੀ ਹੁੰਦੀ ਸੀ, ਪਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਸ਼ੁਕਰੀਆ ਅਦਾ ਕਰਨਾ ਸਿੱਖਿਆ।

(3) ਸਿਖਾਉਣ ਵਿਚ ਲੱਗੇ ਰਹੋ। ਜਨਮ ਤੋਂ ਹੀ ਸਾਡੇ ਵਿਚ ਖ਼ੁਦਗਰਜ਼ੀ ਦੀ ਭਾਵਨਾ ਹੁੰਦੀ ਹੈ ਜਿਸ ਕਰਕੇ ਅਸੀਂ ਹੋਰਨਾਂ ਦਾ ਸ਼ੁਕਰੀਆ ਅਦਾ ਕਰਨਾ ਭੁੱਲ ਜਾਂਦੇ ਹਾਂ। (ਉਤਪਤ 8:21; ਮੱਤੀ 15:19) ਪਰ ਬਾਈਬਲ ਪਰਮੇਸ਼ੁਰ ਦੇ ਭਗਤਾਂ ਨੂੰ ਕਹਿੰਦੀ ਹੈ ਕਿ ‘ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਉਤਪਤ ਹੋਈ।’—ਅਫ਼ਸੀਆਂ 4:23, 24.

ਕਈ ਮਾਪੇ ਜਾਣਦੇ ਹਨ ਕਿ ‘ਨਵੀਂ ਇਨਸਾਨੀਅਤ ਪਹਿਨਣ’ ਵਿਚ ਬੱਚਿਆਂ ਦੀ ਮਦਦ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਪਹਿਲਾਂ ਜ਼ਿਕਰ ਕੀਤਾ ਸਟੀਵਨ ਕਹਿੰਦਾ ਹੈ: “ਕੁੜੀਆਂ ਨੂੰ ਇਹ ਸਿਖਾਉਣ ਵਿਚ ਕਾਫ਼ੀ ਸਮਾਂ ਲੱਗਾ ਕਿ ਉਹ ਖ਼ੁਦ ਧੰਨਵਾਦ ਕਰਿਆ ਕਰਨ, ਨਾ ਕਿ ਸਾਡੇ ਕਹਿਣ ਤੇ।” ਪਰ ਸਟੀਵਨ ਤੇ ਉਸ ਦੀ ਪਤਨੀ ਨੇ ਹਾਰ ਨਹੀਂ ਮੰਨੀ। ਸਟੀਵਨ ਅੱਗੇ ਕਹਿੰਦਾ ਹੈ: “ਇਹ ਗੱਲ ਸਿਖਾਉਂਦੇ ਰਹਿਣ ਨਾਲ ਸਾਡੀਆਂ ਕੁੜੀਆਂ ਨੇ ਧੰਨਵਾਦ ਕਰਨਾ ਸਿੱਖ ਲਿਆ। ਹੁਣ ਸਾਨੂੰ ਉਨ੍ਹਾਂ ਤੇ ਮਾਣ ਹੈ ਕਿ ਉਹ ਦੂਜਿਆਂ ਦਾ ਧੰਨਵਾਦ ਕਰਦੀਆਂ ਹਨ।”

ਦੋਸਤਾਂ ਅਤੇ ਗੁਆਂਢੀਆਂ ਬਾਰੇ ਕੀ?

ਜਦ ਅਸੀਂ ਧੰਨਵਾਦ ਨਹੀਂ ਕਹਿੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨਾਸ਼ੁਕਰੇ ਹਾਂ, ਬਸ ਅਸੀਂ ਕਹਿਣਾ ਭੁੱਲ ਜਾਂਦੇ ਹਾਂ। ਪਰ ਕੀ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਜ਼ਰੂਰੀ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਇਕ ਘਟਨਾ ʼਤੇ ਗੌਰ ਕਰੀਏ ਜਿਸ ਦਾ ਸੰਬੰਧ ਯਿਸੂ ਤੇ ਕੁਝ ਕੋੜ੍ਹੀਆਂ ਨਾਲ ਹੈ।

ਯਰੂਸ਼ਲਮ ਜਾਂਦੇ ਸਮੇਂ ਰਾਹ ਵਿਚ ਯਿਸੂ ਨੂੰ ਦਸ ਕੋੜ੍ਹੀ ਮਿਲੇ। ਬਾਈਬਲ ਦੱਸਦੀ ਹੈ: “ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ! ਉਸ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ, ਅਤੇ ਐਉਂ ਹੋਇਆ ਕਿ ਓਹ ਜਾਂਦੇ ਜਾਂਦੇ ਸ਼ੁੱਧ ਹੋ ਗਏ। ਤਾਂ ਉਨ੍ਹਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ। ਅਤੇ ਮੂੰਹ ਦੇ ਭਾਰ ਉਹ ਦੇ ਪੈਰੀਂ ਪੈ ਕੇ ਉਹ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ।”—ਲੂਕਾ 17:11-16.

ਜਿਨ੍ਹਾਂ ਕੋੜ੍ਹੀਆਂ ਨੇ ਸ਼ੁਕਰੀਆ ਅਦਾ ਨਹੀਂ ਕੀਤਾ ਸੀ, ਕੀ ਯਿਸੂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ? ਹਵਾਲਾ ਅੱਗੇ ਕਹਿੰਦਾ ਹੈ: “ਯਿਸੂ ਨੇ ਅੱਗੋਂ ਆਖਿਆ, ਭਲਾ, ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌ ਕਿੱਥੇ ਹਨ? ਇਸ ਓਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ?”—ਲੂਕਾ 17:17, 18.

ਨੌਂ ਕੋੜ੍ਹੀ ਬੁਰੇ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਯਿਸੂ ਵਿਚ ਆਪਣੀ ਨਿਹਚਾ ਜ਼ਾਹਰ ਕਰ ਦਿੱਤੀ ਸੀ ਤੇ ਉਸ ਨੇ ਉਨ੍ਹਾਂ ਨੂੰ ਜੋ ਹਿਦਾਇਤਾਂ ਦਿੱਤੀਆਂ ਸਨ, ਉਨ੍ਹਾਂ ਨੇ ਮੰਨੀਆਂ। ਉਸ ਨੇ ਕਿਹਾ ਸੀ ਕਿ ਯਰੂਸ਼ਲਮ ਜਾ ਕੇ ਉਹ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਉਣ। ਭਾਵੇਂ ਕਿ ਉਨ੍ਹਾਂ ਨੇ ਯਿਸੂ ਵੱਲੋਂ ਕੀਤੇ ਚੰਗੇ ਕੰਮ ਲਈ ਅੰਦਰੋਂ-ਅੰਦਰੀਂ ਕਦਰ ਮਹਿਸੂਸ ਕੀਤੀ ਸੀ, ਪਰ ਉਨ੍ਹਾਂ ਨੇ ਬੋਲ ਕੇ ਇਹ ਕਦਰ ਜ਼ਾਹਰ ਨਹੀਂ ਕੀਤੀ। ਯਿਸੂ ਨੂੰ ਉਨ੍ਹਾਂ ਦਾ ਇਹ ਰਵੱਈਆ ਚੰਗਾ ਨਹੀਂ ਲੱਗਾ। ਅੱਜ ਸਾਡੇ ਬਾਰੇ ਕੀ? ਜਦ ਕੋਈ ਸਾਡੇ ਲਈ ਚੰਗਾ ਕੰਮ ਕਰਦਾ ਹੈ, ਤਾਂ ਕੀ ਅਸੀਂ ਉਸੇ ਵੇਲੇ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਾਂ ਜੇ ਹੋ ਸਕੇ, ਤਾਂ ਕੀ ਅਸੀਂ ਥੈਂਕਯੂ ਕਾਰਡ ਭੇਜਦੇ ਹਾਂ?

ਬਾਈਬਲ ਵਿਚ ਲਿਖਿਆ ਹੈ ਕਿ ‘ਪ੍ਰੇਮ ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ।’ (1 ਕੁਰਿੰਥੀਆਂ 13:5) ਧੰਨਵਾਦ ਕਰਨਾ ਨਾ ਸਿਰਫ਼ ਚੰਗੇ ਆਚਰਣ ਦੀ ਨਿਸ਼ਾਨੀ ਹੈ, ਸਗੋਂ ਪਿਆਰ ਦਾ ਵੀ ਸਬੂਤ ਹੈ। ਕੋੜ੍ਹੀਆਂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜਿਹੜੇ ਯਿਸੂ ਮਸੀਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਕੌਮ, ਜਾਤ ਅਤੇ ਧਰਮ ਦੇ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ।

ਆਪਣੇ ਆਪ ਤੋਂ ਪੁੱਛੋ, ‘ਪਿਛਲੀ ਵਾਰ ਮੈਂ ਕਦੋਂ ਆਪਣੇ ਗੁਆਂਢੀ, ਨਾਲ ਦੇ ਕੰਮ ਕਰਨ ਵਾਲੇ, ਸਹਿਪਾਠੀ, ਹਸਪਤਾਲ ਵਿਚ ਆਪਣੇ ਨਾਲ ਦੇ ਸਟਾਫ਼ ਮੈਂਬਰ, ਦੁਕਾਨਦਾਰ ਜਾਂ ਕਿਸੇ ਹੋਰ ਵਿਅਕਤੀ ਦਾ ਧੰਨਵਾਦ ਕੀਤਾ ਹੈ ਜਿਸ ਨੇ ਮੇਰੀ ਮਦਦ ਕੀਤੀ?’ ਕਿਉਂ ਨਾ ਇਕ-ਦੋ ਦਿਨਾਂ ਵਾਸਤੇ ਰਿਕਾਰਡ ਬਣਾਈਏ ਕਿ ਅਸੀਂ ਕਿੰਨੀ ਵਾਰ ਹੋਰਨਾਂ ਦਾ ਬੋਲ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ੁਕਰੀਆ ਅਦਾ ਕੀਤਾ ਹੈ? ਇਸ ਤਰ੍ਹਾਂ ਕਰਨ ਨਾਲ ਅਸੀਂ ਦੇਖ ਸਕਾਂਗੇ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।

ਸੋ ਸਾਡੇ ਧੰਨਵਾਦ ਦਾ ਸਭ ਤੋਂ ਜ਼ਿਆਦਾ ਹੱਕਦਾਰ ਯਹੋਵਾਹ ਹੈ ਕਿਉਂਕਿ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਉਸ ਵੱਲੋਂ ਹੈ। (ਯਾਕੂਬ 1:17) ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਕਦੋਂ ਯਹੋਵਾਹ ਦਾ ਉਨ੍ਹਾਂ ਖ਼ਾਸ ਚੀਜ਼ਾਂ ਲਈ ਦਿਲੋਂ ਧੰਨਵਾਦ ਕੀਤਾ ਸੀ ਜੋ ਉਸ ਨੇ ਤੁਹਾਨੂੰ ਦਿੱਤੀਆਂ ਹਨ?—1 ਥੱਸਲੁਨੀਕੀਆਂ 5:17, 18.

ਅਸੀਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਿਉਂ ਕਰੀਏ ਜੋ ਸਾਡਾ ਧੰਨਵਾਦ ਨਹੀਂ ਕਰਦੇ?

ਦੂਸਰੇ ਸ਼ਾਇਦ ਸਾਡੀ ਕਦਰ ਨਾ ਕਰਨ ਜਦ ਅਸੀਂ ਉਨ੍ਹਾਂ ਲਈ ਕੁਝ ਕਰਦੇ ਹਾਂ। ਜੇ ਉਹ ਸਾਡਾ ਧੰਨਵਾਦ ਨਹੀਂ ਕਰਦੇ, ਤਾਂ ਫਿਰ ਸਾਨੂੰ ਕਿਉਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ? ਆਓ ਆਪਾਂ ਇਕ ਕਾਰਨ ਦੇਖੀਏ।

ਬੇਕਦਰੇ ਲੋਕਾਂ ਲਈ ਕੁਝ ਚੰਗਾ ਕੰਮ ਕਰ ਕੇ ਅਸੀਂ ਆਪਣੇ ਸਿਰਜਣਹਾਰ ਯਹੋਵਾਹ ਦੀ ਰੀਸ ਕਰਦੇ ਹਾਂ। ਭਾਵੇਂ ਕਿ ਬਹੁਤ ਸਾਰੇ ਲੋਕ ਯਹੋਵਾਹ ਦੇ ਪਿਆਰ ਦੀ ਕੋਈ ਕਦਰ ਨਹੀਂ ਕਰਦੇ, ਫਿਰ ਵੀ ਯਹੋਵਾਹ ਉਨ੍ਹਾਂ ਲਈ ਚੰਗੇ ਕੰਮ ਕਰਦਾ ਰਹਿੰਦਾ ਹੈ। (ਰੋਮੀਆਂ 5:8; 1 ਯੂਹੰਨਾ 4:9, 10) ਉਹ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” ਇਸ ਨਾਸ਼ੁਕਰੀ ਦੁਨੀਆਂ ਵਿਚ ਰਹਿੰਦਿਆਂ ਜੇ ਅਸੀਂ ਦੂਜਿਆਂ ਦੇ ਸ਼ੁਕਰਗੁਜ਼ਾਰ ਹੋਈਏ, ਤਾਂ ਅਸੀਂ ‘ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵਾਂਗੇ।’—ਮੱਤੀ 5:45. (w08 8/1)

[ਫੁਟਨੋਟ]

a ਕਈ ਮਾਪਿਆਂ ਨੇ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਵਿਚ ਦਿੱਤੀ ਜਾਣਕਾਰੀ ਬੱਚਿਆਂ ਨਾਲ ਪੜ੍ਹ ਕੇ ਉਸ ਉੱਤੇ ਗੱਲਬਾਤ ਕੀਤੀ ਹੈ। ਇਸ ਕਿਤਾਬ ਦੇ 18ਵੇਂ ਅਧਿਆਇ ਦਾ ਵਿਸ਼ਾ ਹੈ “ਕੀ ਤੁਸੀਂ ਧੰਨਵਾਦ ਕਰਨਾ ਚੇਤੇ ਰੱਖਦੇ ਹੋ?” ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 23 ਉੱਤੇ ਸੁਰਖੀ]

ਅਸੀਂ ਇਕ-ਦੋ ਦਿਨਾਂ ਵਾਸਤੇ ਰਿਕਾਰਡ ਬਣਾ ਸਕਦੇ ਹਾਂ ਕਿ ਅਸੀਂ ਕਿੰਨੀ ਵਾਰ ਹੋਰਨਾਂ ਦਾ ਸ਼ੁਕਰੀਆ ਅਦਾ ਕੀਤਾ ਹੈ

[ਸਫ਼ਾ 23 ਉੱਤੇ ਤਸਵੀਰ]

ਦੂਜਿਆਂ ਦਾ ਧੰਨਵਾਦ ਕਰ ਕੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋ

[ਸਫ਼ਾ 23 ਉੱਤੇ ਤਸਵੀਰ]

ਛੋਟੇ-ਛੋਟੇ ਨਿਆਣਿਆਂ ਨੂੰ ਵੀ ਦੂਜਿਆਂ ਦਾ ਧੰਨਵਾਦ ਕਰਨਾ ਸਿਖਾਇਆ ਜਾ ਸਕਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ