ਕੀ ਤੁਸੀਂ ਮੌਕੇ ਦਾ ਫ਼ਾਇਦਾ ਉਠਾਓਗੇ?
ਮੈਮੋਰੀਅਲ ਸ਼ੁਕਰਗੁਜ਼ਾਰ ਹੋਣ ਦਾ ਮੌਕਾ ਹੈ
1. ਮੈਮੋਰੀਅਲ ਕਰਕੇ ਸਾਨੂੰ ਕਿਹੜਾ ਖ਼ਾਸ ਮੌਕਾ ਮਿਲੇਗਾ?
1 ਮੈਮੋਰੀਅਲ 14 ਅਪ੍ਰੈਲ ਨੂੰ ਹੈ ਜੋ ਕਿ ਯਹੋਵਾਹ ਦੀ ਭਲਾਈ ਲਈ ਆਪਣੇ ਦਿਲਾਂ ਵਿਚ ਕਦਰ ਪੈਦਾ ਕਰਨ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਦਾ ਖ਼ਾਸ ਮੌਕਾ ਹੈ। ਲੂਕਾ 17:11-18 ਤੋਂ ਪਤਾ ਲੱਗਦਾ ਹੈ ਕਿ ਧੰਨਵਾਦੀ ਹੋਣ ਬਾਰੇ ਯਹੋਵਾਹ ਅਤੇ ਯਿਸੂ ਦਾ ਕੀ ਨਜ਼ਰੀਆ ਹੈ। ਅਫ਼ਸੋਸ ਦੀ ਗੱਲ ਹੈ ਕਿ ਚੰਗੇ ਕੀਤੇ ਦਸ ਕੋੜ੍ਹੀਆਂ ਵਿੱਚੋਂ ਸਿਰਫ਼ ਇਕ ਨੇ ਯਿਸੂ ਦਾ ਧੰਨਵਾਦ ਕੀਤਾ ਸੀ। ਭਵਿੱਖ ਵਿਚ ਯਿਸੂ ਦੀ ਕੁਰਬਾਨੀ ਸਦਕਾ ਸਾਰੀਆਂ ਬੀਮਾਰੀਆਂ ਪੂਰੀ ਤਰ੍ਹਾਂ ਠੀਕ ਕੀਤੀਆਂ ਜਾਣਗੀਆਂ ਤੇ ਹਮੇਸ਼ਾ ਦੀ ਜ਼ਿੰਦਗੀ ਸਾਡੇ ਲਈ ਹਕੀਕਤ ਬਣੇਗੀ। ਉਸ ਵੇਲੇ ਅਸੀਂ ਇਨ੍ਹਾਂ ਬਰਕਤਾਂ ਲਈ ਰੋਜ਼ ਯਹੋਵਾਹ ਦਾ ਧੰਨਵਾਦ ਕਰਾਂਗੇ। ਪਰ ਅਗਲੇ ਹਫ਼ਤਿਆਂ ਦੌਰਾਨ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ੁਕਰਗੁਜ਼ਾਰ ਹਾਂ?
2. ਅਸੀਂ ਯਿਸੂ ਦੀ ਕੁਰਬਾਨੀ ਲਈ ਕਦਰ ਕਿਵੇਂ ਪੈਦਾ ਕਰ ਸਕਦੇ ਹਾਂ?
2 ਕਦਰ ਪੈਦਾ ਕਰੋ: ਕਿਸੇ ਗੱਲ ʼਤੇ ਸੋਚ-ਵਿਚਾਰ ਕਰਨ ਨਾਲ ਉਸ ਲਈ ਕਦਰ ਪੈਦਾ ਹੁੰਦੀ ਹੈ। ਯਿਸੂ ਦੀ ਕੁਰਬਾਨੀ ਵਾਸਤੇ ਕਦਰ ਵਧਾਉਣ ਲਈ ਮੈਮੋਰੀਅਲ ਬਾਈਬਲ ਰੀਡਿੰਗ ਦਾ ਪ੍ਰੋਗ੍ਰਾਮ ਕਈ ਪ੍ਰਕਾਸ਼ਨਾਂ ਵਿਚ ਮਿਲ ਸਕਦਾ ਹੈ ਜਿਵੇਂ ਕਿ 2014 ਕਲੰਡਰ ਅਤੇ ਰੋਜ਼ ਬਾਈਬਲ ਦੀ ਜਾਂਚ ਕਰੋ। ਕਿਉਂ ਨਾ ਪੂਰਾ ਪਰਿਵਾਰ ਮਿਲ ਕੇ ਇਹ ਆਇਤਾਂ ਪੜ੍ਹੋ? ਇਸ ਤਰ੍ਹਾਂ ਕਰਨ ਨਾਲ ਯਿਸੂ ਦੀ ਕੁਰਬਾਨੀ ਲਈ ਸਾਡੀ ਕਦਰ ਵਧੇਗੀ। ਇਸ ਦਾ ਸਾਡੇ ਚਾਲ-ਚਲਣ ਉੱਤੇ ਚੰਗਾ ਅਸਰ ਪਵੇਗਾ।—2 ਕੁਰਿੰ. 5:14, 15; 1 ਯੂਹੰ. 4:11.
3. ਮੈਮੋਰੀਅਲ ਦੇ ਸਮੇਂ ਦੌਰਾਨ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਧੰਨਵਾਦੀ ਹਾਂ?
3 ਧੰਨਵਾਦੀ ਹੋਵੋ: ਆਪਣੇ ਕੰਮਾਂ ਰਾਹੀਂ ਦਿਖਾਇਆ ਜਾਂਦਾ ਹੈ ਕਿ ਅਸੀਂ ਧੰਨਵਾਦੀ ਹਾਂ। (ਕੁਲੁ. 3:15) ਠੀਕ ਹੋਏ ਕੋੜ੍ਹੀ ਨੇ ਜਤਨ ਕਰ ਕੇ ਯਿਸੂ ਨੂੰ ਲੱਭਿਆ ਤੇ ਉਸ ਦਾ ਧੰਨਵਾਦ ਕੀਤਾ। ਉਸ ਨੇ ਦੂਜਿਆਂ ਨੂੰ ਵੀ ਜੋਸ਼ ਨਾਲ ਦੱਸਿਆ ਹੋਣਾ ਕਿ ਉਹ ਚਮਤਕਾਰੀ ਢੰਗ ਨਾਲ ਕਿਵੇਂ ਠੀਕ ਹੋਇਆ ਸੀ। (ਲੂਕਾ 6:45) ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਣ ਵਾਸਤੇ ਕੀ ਅਸੀਂ ਦੂਜਿਆਂ ਨੂੰ ਮੈਮੋਰੀਅਲ ਬਾਰੇ ਦੱਸਣ ਲਈ ਜ਼ੋਰਾਂ-ਸ਼ੋਰਾਂ ਨਾਲ ਮੁਹਿੰਮ ਵਿਚ ਹਿੱਸਾ ਲਵਾਂਗੇ? ਮੈਮੋਰੀਅਲ ਦੇ ਸਮੇਂ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਜਾਂ ਹੋਰ ਜ਼ਿਆਦਾ ਪ੍ਰਚਾਰ ਕਰ ਕੇ ਵੀ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ। ਮੈਮੋਰੀਅਲ ਦੀ ਸ਼ਾਮ ਨੂੰ ਕਦਰਦਾਨੀ ਨਾਲ ਭਰੇ ਸਾਡੇ ਦਿਲ ਲੋਕਾਂ ਦਾ ਸੁਆਗਤ ਕਰਨ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਾਨੂੰ ਪ੍ਰੇਰਣਗੇ।
4. ਅਸੀਂ ਇਸ ਮੈਮੋਰੀਅਲ ʼਤੇ ਪਛਤਾਉਣ ਤੋਂ ਕਿਵੇਂ ਬਚ ਸਕਦੇ ਹਾਂ?
4 ਕੀ ਇਹ ਸਾਡਾ ਆਖ਼ਰੀ ਮੈਮੋਰੀਅਲ ਹੋਵੇਗਾ? (1 ਕੁਰਿੰ. 11:26) ਅਸੀਂ ਨਹੀਂ ਜਾਣਦੇ। ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਜੇ ਇਹ ਆਖ਼ਰੀ ਮੈਮੋਰੀਅਲ ਹੋਇਆ, ਤਾਂ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਹ ਖ਼ਾਸ ਮੌਕਾ ਹੱਥੋਂ ਨਿਕਲ ਜਾਵੇਗਾ। ਕੀ ਤੁਸੀਂ ਇਸ ਮੌਕੇ ਦਾ ਫ਼ਾਇਦਾ ਉਠਾਓਗੇ? ਯਹੋਵਾਹ ਨੇ ਖੁੱਲ੍ਹ-ਦਿਲੀ ਨਾਲ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ। ਆਓ ਆਪਾਂ ਆਪਣੀਆਂ ਗੱਲਾਂ ਤੇ ਸੋਚਾਂ ਰਾਹੀਂ ਦਿਖਾਈਏ ਕਿ ਅਸੀਂ ਉਸ ਦੇ ਕਿੰਨੇ ਧੰਨਵਾਦੀ ਹਾਂ!—ਜ਼ਬੂ. 19:14.