ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਕੀ ਰੱਬ ਸਾਰੇ ਧਰਮਾਂ ਤੋਂ ਖ਼ੁਸ਼ ਹੈ?
ਜਦ ਤੁਸੀਂ ਦੁਨੀਆਂ ਭਰ ਦੀਆਂ ਖ਼ਬਰਾਂ ਸੁਣਦੇ ਹੋ, ਤਾਂ ਸ਼ਾਇਦ ਤੁਸੀਂ ਗੌਰ ਕੀਤਾ ਹੋਣਾ ਕਿ ਕਦੇ-ਕਦੇ ਧਰਮਾਂ ਦੇ ਨਾਂ ʼਤੇ ਬੁਰੇ ਕੰਮ ਕੀਤੇ ਜਾਂਦੇ ਹਨ। ਦਰਅਸਲ ਸਾਰੇ ਧਰਮ ਰੱਬ ਵੱਲੋਂ ਨਹੀਂ ਹਨ। (ਮੱਤੀ 7:15) ਇਹ ਸੱਚ ਹੈ ਕਿ ਅੱਜ ਜ਼ਿਆਦਾਤਰ ਇਨਸਾਨਾਂ ਨੂੰ ਗੁਮਰਾਹ ਕੀਤਾ ਗਿਆ ਹੈ।—1 ਯੂਹੰਨਾ 5:19 ਪੜ੍ਹੋ।
ਪਰ ਰੱਬ ਉਨ੍ਹਾਂ ਨੇਕਦਿਲ ਲੋਕਾਂ ਵੱਲ ਧਿਆਨ ਦਿੰਦਾ ਹੈ ਜੋ ਸੱਚੀਆਂ ਗੱਲਾਂ ਨੂੰ ਪਿਆਰ ਕਰਦੇ ਹਨ। (ਯੂਹੰਨਾ 4:23) ਰੱਬ ਚਾਹੁੰਦਾ ਹੈ ਕਿ ਅਜਿਹੇ ਲੋਕ ਉਸ ਦੇ ਬਚਨ ਬਾਈਬਲ ਤੋਂ ਸੱਚਾਈ ਸਿੱਖਣ।—1 ਤਿਮੋਥਿਉਸ 2:3-5 ਪੜ੍ਹੋ।
ਤੁਸੀਂ ਸੱਚੇ ਧਰਮ ਦੀ ਪਛਾਣ ਕਿਵੇਂ ਕਰ ਸਕਦੇ ਹੋ?
ਅੱਜ ਯਹੋਵਾਹ ਪਰਮੇਸ਼ੁਰ ਵੱਖੋ-ਵੱਖਰੇ ਧਰਮਾਂ ਦੇ ਲੋਕਾਂ ਨੂੰ ਸੱਚਾਈ ਤੇ ਇਕ-ਦੂਜੇ ਨੂੰ ਪਿਆਰ ਕਰਨਾ ਸਿਖਾ ਕੇ ਏਕਤਾ ਦੇ ਬੰਧਨ ਵਿਚ ਬੰਨ੍ਹ ਰਿਹਾ ਹੈ। (ਮੀਕਾਹ 4:2, 3) ਸੋ ਸੱਚੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਪਛਾਣ ਹੈ ਉਨ੍ਹਾਂ ਦਾ ਆਪਸੀ ਪਿਆਰ।—ਯੂਹੰਨਾ 13:35 ਪੜ੍ਹੋ।
ਯਹੋਵਾਹ ਪਰਮੇਸ਼ੁਰ ਹਰ ਤਰ੍ਹਾਂ ਦੇ ਲੋਕਾਂ ਨੂੰ ਸੱਚਾਈ ਸਿਖਾ ਕੇ ਏਕਤਾ ਦੇ ਬੰਧਨ ਵਿਚ ਬੰਨ੍ਹ ਰਿਹਾ ਹੈ।—ਜ਼ਬੂਰਾਂ ਦੀ ਪੋਥੀ 133:1
ਰੱਬ ਦੇ ਸੱਚੇ ਸੇਵਕਾਂ ਦੇ ਵਿਸ਼ਵਾਸ ਬਾਈਬਲ ਉੱਤੇ ਆਧਾਰਿਤ ਹਨ ਅਤੇ ਉਹ ਬਾਈਬਲ ਮੁਤਾਬਕ ਆਪਣੀ ਜ਼ਿੰਦਗੀ ਜੀਉਂਦੇ ਹਨ। (2 ਤਿਮੋਥਿਉਸ 3:16) ਨਾਲੇ ਉਹ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰਦੇ ਹਨ। (ਜ਼ਬੂਰਾਂ ਦੀ ਪੋਥੀ 83:18) ਉਹ ਐਲਾਨ ਕਰਦੇ ਹਨ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਲਈ ਇੱਕੋ-ਇਕ ਉਮੀਦ ਹੈ। (ਦਾਨੀਏਲ 2:44) ਉਹ ਆਪਣੇ ਗੁਆਂਢੀਆਂ ਦਾ ਭਲਾ ਕਰ ਕੇ “ਆਪਣਾ ਚਾਨਣ ਲੋਕਾਂ ਸਾਮ੍ਹਣੇ” ਚਮਕਾ ਕੇ ਯਿਸੂ ਦੀ ਰੀਸ ਕਰਦੇ ਹਨ। (ਮੱਤੀ 5:16) ਤਾਂ ਫਿਰ ਸੱਚੇ ਮਸੀਹੀਆਂ ਦੀ ਇਹੀ ਪਛਾਣ ਹੈ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਦੱਸਦੇ ਹਨ।—ਮੱਤੀ 24:14; ਰਸੂਲਾਂ ਦੇ ਕੰਮ 5:42; 20:20 ਪੜ੍ਹੋ। (w14-E 08/01)