ਪਾਠ 10
ਪਰਮੇਸ਼ੁਰ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ?
1. ਕੀ ਪਰਮੇਸ਼ੁਰ ਨੂੰ ਸਾਰੇ ਧਰਮ ਮਨਜ਼ੂਰ ਹਨ?
“ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ।”—ਮੱਤੀ 7:15.
ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਉਸ ਰਾਹ ʼਤੇ ਚੱਲਣਾ ਸਿਖਾਇਆ ਜੋ ਰੱਬ ਨੂੰ ਮਨਜ਼ੂਰ ਸੀ। ਇਹ ਉਹ ਰਾਹ ਹੈ ਜੋ ਹਮੇਸ਼ਾ ਦੀ ਜ਼ਿੰਦਗੀ ਨੂੰ ਜਾਂਦਾ ਹੈ। ਇਸ ਰਾਹ ਬਾਰੇ ਯਿਸੂ ਨੇ ਕਿਹਾ: “ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।” (ਮੱਤੀ 7:14) ਰੱਬ ਨੂੰ ਸਿਰਫ਼ ਉਹੀ ਭਗਤੀ ਮਨਜ਼ੂਰ ਹੈ ਜੋ ਉਸ ਦੇ ਬਚਨ ਬਾਈਬਲ ਮੁਤਾਬਕ ਹੈ। ਪਰਮੇਸ਼ੁਰ ਦੇ ਸੱਚੇ ਭਗਤ ਇੱਕੋ ਰਾਹ ʼਤੇ ਚੱਲਦੇ ਹਨ।—ਯੂਹੰਨਾ 4:23, 24; 14:6; ਅਫ਼ਸੀਆਂ 4:4, 5 ਪੜ੍ਹੋ।
ਵੀਡੀਓ ਦੇਖੋ ਕੀ ਰੱਬ ਨੂੰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਹੈ?
2. ਝੂਠੇ ਮਸੀਹੀਆਂ ਬਾਰੇ ਯਿਸੂ ਨੇ ਕੀ ਕਿਹਾ ਸੀ?
“ਉਹ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਨੂੰ ਜਾਣਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ।”—ਤੀਤੁਸ 1:16.
ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ ਸੀ ਕਿ ਝੂਠੇ ਨਬੀ ਮਸੀਹੀ ਧਰਮ ਨੂੰ ਭ੍ਰਿਸ਼ਟ ਕਰ ਦੇਣਗੇ। ਉਹ ਦੇਖਣ ਨੂੰ ਤਾਂ ਸੱਚੇ ਭਗਤ ਲੱਗਦੇ ਹਨ ਤੇ ਉਨ੍ਹਾਂ ਦੇ ਚਰਚ ਦੇ ਮੈਂਬਰ ਵੀ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਪਰ ਤੁਸੀਂ ਪਛਾਣ ਸਕਦੇ ਹੋ ਕਿ ਉਹ ਲੋਕ ਕਿਹੋ ਜਿਹੇ ਹਨ। ਕਿਵੇਂ? ਸਿਰਫ਼ ਸੱਚੇ ਭਗਤ ਹੀ ਮਸੀਹ ਦੀ ਰੀਸ ਅਤੇ ਉਸ ਵਰਗੇ ਗੁਣ ਪੈਦਾ ਕਰਦੇ ਹਨ।—ਮੱਤੀ 7:13-23 ਪੜ੍ਹੋ।
3. ਤੁਸੀਂ ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਕਿਵੇਂ ਪਛਾਣ ਕਰ ਸਕਦੇ ਹੋ?
ਇਹ ਪੰਜ ਗੱਲਾਂ ਉਨ੍ਹਾਂ ਦੀ ਪਛਾਣ ਕਰਾਉਂਦੀਆਂ ਹਨ:
ਸੱਚੇ ਭਗਤ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਮੰਨ ਕੇ ਉਸ ਦਾ ਆਦਰ ਕਰਦੇ ਹਨ। ਉਹ ਇਸ ਦੇ ਅਸੂਲਾਂ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਜਿਹੜਾ ਧਰਮ ਰੱਬ ਨੂੰ ਮਨਜ਼ੂਰ ਹੈ, ਉਹ ਇਨਸਾਨਾਂ ਦੇ ਖ਼ਿਆਲਾਂ ʼਤੇ ਆਧਾਰਿਤ ਨਹੀਂ ਹੈ। (ਮੱਤੀ 15:7-9) ਸੱਚੇ ਭਗਤ ਇੱਦਾਂ ਦੇ ਨਹੀਂ ਕਿ ਉਹ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ।—ਯੂਹੰਨਾ 17:17; 2 ਤਿਮੋਥਿਉਸ 3:16, 17 ਪੜ੍ਹੋ।
ਯਿਸੂ ਦੇ ਸੱਚੇ ਚੇਲੇ ਪਰਮੇਸ਼ੁਰ ਦੇ ਨਾਂ ਯਹੋਵਾਹ ਦੀ ਵਡਿਆਈ ਕਰਦੇ ਹਨ। ਯਿਸੂ ਨੇ ਲੋਕਾਂ ਨੂੰ ਰੱਬ ਦੇ ਨਾਂ ਬਾਰੇ ਦੱਸ ਕੇ ਉਸ ਦੀ ਵਡਿਆਈ ਕੀਤੀ ਸੀ। ਉਸ ਨੇ ਲੋਕਾਂ ਦੀ ਪਰਮੇਸ਼ੁਰ ਬਾਰੇ ਜਾਣਨ ਵਿਚ ਮਦਦ ਕੀਤੀ ਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਕਿ ਰੱਬ ਦਾ ਨਾਂ ਪਵਿੱਤਰ ਕੀਤਾ ਜਾਵੇ। (ਮੱਤੀ 6:9) ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕਿਹੜਾ ਧਰਮ ਪਰਮੇਸ਼ੁਰ ਦੇ ਨਾਂ ਬਾਰੇ ਲੋਕਾਂ ਨੂੰ ਦੱਸਦਾ ਹੈ?—ਯੂਹੰਨਾ 17:26; ਰੋਮੀਆਂ 10:13, 14 ਪੜ੍ਹੋ।
ਸੱਚੇ ਮਸੀਹੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਨ। ਪਰਮੇਸ਼ੁਰ ਨੇ ਯਿਸੂ ਨੂੰ ਇਸ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਭੇਜਿਆ ਸੀ। ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਇੱਕੋ-ਇਕ ਉਮੀਦ ਹੈ। ਯਿਸੂ ਇਸ ਬਾਰੇ ਮਰਦੇ ਦਮ ਤਕ ਗੱਲਾਂ ਕਰਦਾ ਰਿਹਾ। (ਲੂਕਾ 4:43; 8:1; 23:42, 43) ਉਸ ਨੇ ਕਿਹਾ ਸੀ ਕਿ ਉਸ ਦੇ ਚੇਲੇ ਵੀ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਗੇ। ਜੇ ਕੋਈ ਤੁਹਾਡੇ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰੇ, ਤਾਂ ਤੁਹਾਡੇ ਖ਼ਿਆਲ ਵਿਚ ਉਸ ਦਾ ਕਿਹੜਾ ਧਰਮ ਹੈ?—ਮੱਤੀ 24:14 ਪੜ੍ਹੋ।
ਯਿਸੂ ਦੇ ਚੇਲੇ ਇਸ ਦੁਸ਼ਟ ਦੁਨੀਆਂ ਵਰਗੇ ਨਹੀਂ ਹਨ। ਉਹ ਸਿਆਸੀ ਮਾਮਲਿਆਂ ਵਿਚ ਜਾਂ ਸਮਾਜ ਦੇ ਲੜਾਈ-ਝਗੜਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ। (ਯੂਹੰਨਾ 17:16; 18:36) ਇਸ ਤੋਂ ਇਲਾਵਾ, ਉਹ ਦੁਨੀਆਂ ਦੀ ਬੁਰੀ ਸੋਚਣੀ ਤੇ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਨ।—ਯਾਕੂਬ 4:4 ਪੜ੍ਹੋ।
ਸੱਚੇ ਮਸੀਹੀ ਇਕ-ਦੂਜੇ ਨਾਲ ਦਿਲੋਂ ਪਿਆਰ ਕਰਦੇ ਹਨ। ਬਾਈਬਲ ਦੀ ਸਿੱਖਿਆ ਲੈਣ ਕਰਕੇ ਉਹ ਹਰ ਕੌਮ ਦੇ ਲੋਕਾਂ ਨਾਲ ਆਦਰ ਨਾਲ ਪੇਸ਼ ਆਉਂਦੇ ਹਨ। ਭਾਵੇਂ ਕਈ ਧਰਮਾਂ ਦੇ ਲੋਕਾਂ ਨੇ ਯੁੱਧਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਹੈ, ਪਰ ਸੱਚੇ ਭਗਤਾਂ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕੀਤਾ ਹੈ। (ਮੀਕਾਹ 4:1-4) ਇਸ ਦੀ ਬਜਾਇ ਸੱਚੇ ਮਸੀਹੀ ਦੂਜਿਆਂ ਦਾ ਭਲਾ ਕਰਨ ਲਈ ਆਪਣਾ ਸਮਾਂ ਤੇ ਪੈਸਾ ਵਰਤਦੇ ਹਨ।—ਯੂਹੰਨਾ 13:34, 35; 1 ਯੂਹੰਨਾ 4:20 ਪੜ੍ਹੋ।
4. ਕੀ ਤੁਸੀਂ ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਪਛਾਣ ਕਰ ਸਕਦੇ ਹੋ?
ਕਿਹੜੇ ਧਰਮ ਦੀਆਂ ਸਾਰੀਆਂ ਸਿੱਖਿਆਵਾਂ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਹਨ? ਕਿਹੜਾ ਧਰਮ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰਦਾ ਹੈ? ਕਿਹੜਾ ਧਰਮ ਪ੍ਰਚਾਰ ਕਰਦਾ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਲਈ ਇੱਕੋ-ਇਕ ਉਮੀਦ ਹੈ? ਕਿਹੜੇ ਧਰਮ ਦੇ ਲੋਕ ਸਾਰਿਆਂ ਨੂੰ ਪਿਆਰ ਕਰਦੇ ਹਨ ਤੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ? ਤੁਸੀਂ ਇਨ੍ਹਾਂ ਸਵਾਲਾਂ ਦਾ ਕੀ ਜਵਾਬ ਦਿਓਗੇ?—1 ਯੂਹੰਨਾ 3:10-12 ਪੜ੍ਹੋ।