ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਜਦੋਂ ਪਰਮੇਸ਼ੁਰ ਦੇ ਸੰਗਠਨ ਤੋਂ ਹਿਦਾਇਤਾਂ ਮਿਲਦੀਆਂ ਹਨ, ਤਾਂ ਜ਼ਿੰਮੇਵਾਰ ਭਰਾਵਾਂ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ, ਜਿਵੇਂ ਕਿ ਸਫ਼ਰੀ ਨਿਗਾਹਬਾਨ ਅਤੇ ਮੰਡਲੀ ਦੇ ਬਜ਼ੁਰਗ?
ਉਨ੍ਹਾਂ ਨੂੰ ਉਸੇ ਵੇਲੇ ਸਾਰੀਆਂ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ। ਉਹ ਆਪਣੇ ਆਪ ਤੋਂ ਪੁੱਛ ਸਕਦੇ ਹਨ: ‘ਕੀ ਮੈਂ ਆਪਣੇ ਭੈਣਾਂ-ਭਰਾਵਾਂ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਦਿੰਦਾ ਹਾਂ? ਕੀ ਮੈਂ ਉਸੇ ਵੇਲੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਦਾ ਹਾਂ?’—w16.11, ਸਫ਼ਾ 11.
ਸੱਚੇ ਮਸੀਹੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਕਦੋਂ ਆਏ?
ਰਸੂਲਾਂ ਦੀ ਮੌਤ ਤੋਂ ਬਾਅਦ ਸੱਚੇ ਮਸੀਹੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਆ ਗਏ ਸਨ। ਉਸ ਵੇਲੇ ਮੰਡਲੀਆਂ ਵਿਚ ਪਾਦਰੀ-ਵਰਗ ਦੀ ਸ਼ੁਰੂਆਤ ਹੋਈ। ਰੋਮੀ ਸਾਮਰਾਜ ਵਿਚ ਝੂਠੇ ਮਸੀਹੀ ਧਰਮ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਅਤੇ ਚਰਚ ਨੇ ਸਿਆਸਤ ਨਾਲ ਹੱਥ ਮਿਲਾ ਲਿਆ। ਸੱਚੇ ਮਸੀਹੀ ਕਣਕ ਵਰਗੇ ਸਨ ਅਤੇ ਉਹ ਸੱਚਾਈ ਦੱਸਣੀ ਚਾਹੁੰਦੇ ਸਨ, ਪਰ ਸੁਣਨ ਵਾਲਾ ਕੋਈ ਨਹੀਂ ਸੀ। ਪਰ ਚੁਣੇ ਹੋਏ ਮਸੀਹੀ 1914 ਤੋਂ ਪਹਿਲਾਂ ਹੀ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਰਹੇ ਸਨ।—w16.11, ਸਫ਼ੇ 23-25.
“ਸਰੀਰ ਦੀਆਂ ਇੱਛਾਵਾਂ” ਅਤੇ “ਪਵਿੱਤਰ ਸ਼ਕਤੀ ਅਨੁਸਾਰ” ਚੱਲਣ ਵਿਚ ਕੀ ਫ਼ਰਕ ਹੈ? (ਰੋਮੀ. 8:6)
“ਸਰੀਰ ਦੀਆਂ ਇੱਛਾਵਾਂ” ਪੂਰੀਆਂ ਕਰਨ ਵਾਲੇ ਬੱਸ ਆਪਣੀਆਂ ਪਾਪੀ ਇੱਛਾਵਾਂ ਬਾਰੇ ਸੋਚਦੇ ਰਹਿੰਦੇ ਹਨ, ਚੌਵੀ ਘੰਟੇ ਬੱਸ ਇਨ੍ਹਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਵਿਚ ਖੁੱਭੇ ਰਹਿੰਦੇ ਹਨ। ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ। “ਪਵਿੱਤਰ ਸ਼ਕਤੀ ਅਨੁਸਾਰ” ਚੱਲਣ ਵਾਲੇ ਆਪਣਾ ਧਿਆਨ “ਪਰਮੇਸ਼ੁਰ ਦੀਆਂ ਗੱਲਾਂ” ʼਤੇ ਲਾਉਂਦੇ ਹਨ ਅਤੇ ਉਹ ਪਵਿੱਤਰ ਸ਼ਕਤੀ ਨੂੰ ਆਪਣੇ ਮਨ ʼਤੇ ਅਸਰ ਪਾਉਣ ਦਿੰਦੇ ਹਨ ਅਤੇ ਯਹੋਵਾਹ ਦੀ ਸੋਚ ਅਪਣਾਉਂਦੇ ਹਨ। ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ। —w16.12, ਸਫ਼ੇ 15-17.
ਚਿੰਤਾ ਘਟਾਉਣ ਦੇ ਕਿਹੜੇ ਫ਼ਾਇਦੇਮੰਦ ਸੁਝਾਅ ਹਨ?
ਜ਼ਰੂਰੀ ਗੱਲਾਂ ਨੂੰ ਪਹਿਲ ਦਿਓ, ਆਪਣੀਆਂ ਹੱਦਾਂ ਪਛਾਣੋ, ਰੋਜ਼ ਆਰਾਮ ਕਰਨ ਲਈ ਸਮਾਂ ਕੱਢੋ, ਪਰਮੇਸ਼ੁਰ ਦੀ ਸ੍ਰਿਸ਼ਟੀ ਦਾ ਆਨੰਦ ਮਾਣੋ, ਹਾਸਾ-ਮਜ਼ਾਕ ਕਰੋ, ਬਾਕਾਇਦਾ ਕਸਰਤ ਕਰੋ ਅਤੇ ਚੰਗੀ ਨੀਂਦ ਲਓ।—w16.12, ਸਫ਼ੇ 22-23.
“ਹਨੋਕ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ।” (ਇਬ. 11:5) ਕਿਵੇਂ?
ਲੱਗਦਾ ਹੈ ਕਿ ਪਰਮੇਸ਼ੁਰ ਨੇ ਇੰਨੇ ਆਰਾਮ ਨਾਲ ਹਨੋਕ ਦੀ ਜ਼ਿੰਦਗੀ ਨੂੰ ਮੌਤ ਵਿਚ ਬਦਲ ਦਿੱਤਾ ਕਿ ਉਸ ਨੂੰ ਆਪਣੀ ਮੌਤ ਦਾ ਅਹਿਸਾਸ ਵੀ ਨਹੀਂ ਹੋਇਆ।—wp17.1, ਸਫ਼ੇ 12-13.
ਨਿਮਰ ਬਣਨਾ ਜ਼ਰੂਰੀ ਕਿਉਂ ਹੈ?
ਨਿਮਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰ ਸਕਦਾ ਤੇ ਕੀ ਨਹੀਂ। ਨਾਲੇ ਉਹ ਇਹ ਵੀ ਜਾਣਦਾ ਹੈ ਕਿ ਉਸ ਨੂੰ ਕਿਹੜੇ ਕੰਮ ਕਰਨ ਦਾ ਅਧਿਕਾਰ ਨਹੀਂ ਹੈ। ਇਸ ਕਰਕੇ ਉਹ ਦੂਜਿਆਂ ਦਾ ਆਦਰ ਕਰਦਾ ਹੈ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ।—w17.01, ਸਫ਼ਾ 18.
ਪੁਰਾਣੇ ਜ਼ਮਾਨੇ ਵਿਚ ਅੱਗ ਨੂੰ ਇਕ ਥਾਂ ਤੋਂ ਦੂਜੀ ਥਾਂ ਕਿਵੇਂ ਲਿਜਾਇਆ ਜਾਂਦਾ ਸੀ?
ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਪੁਰਾਣੇ ਜ਼ਮਾਨੇ ਵਿਚ ਅੱਗ ਬਾਲ਼ਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਸੀ। ਕਈ ਵਿਦਵਾਨ ਮੰਨਦੇ ਹਨ ਕਿ ਅਬਰਾਹਾਮ ਸ਼ਾਇਦ ਆਪਣੇ ਨਾਲ ਕੋਈ ਭਾਂਡਾ ਲੈ ਕੇ ਗਿਆ ਹੋਣਾ ਜਿਸ ਨੂੰ ਫੜਨ ਲਈ ਇਕ ਜ਼ੰਜੀਰ ਲੱਗੀ ਹੋਈ ਸੀ। ਇਸ ਭਾਂਡੇ ਵਿਚ ਅਬਰਾਹਾਮ ਨੇ ਪਿਛਲੀ ਰਾਤ ਨੂੰ ਬਾਲ਼ੀ ਅੱਗ ਦੇ ਅੰਗਿਆਰੇ ਜਾਂ ਲੱਕੜੀ ਦੇ ਭਖਦੇ ਕੋਲੇ ਪਾਏ ਹੋਣੇ। ਭਖਦੇ ਕੋਲਿਆਂ ਨੂੰ ਇਸ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ ਤਾਂਕਿ ਸਫ਼ਰ ਦੌਰਾਨ ਕਿਤੇ ਵੀ ਲੱਕੜਾਂ ਤੋਂ ਅੱਗ ਬਾਲ਼ੀ ਜਾ ਸਕੇ।—w17.01, ਸਫ਼ਾ 32.
ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੀ ਅਗਵਾਈ ਵੀ ਉਸੇ ਤਰ੍ਹਾਂ ਕੀਤੀ ਸੀ ਜਿਵੇਂ ਉਹ ਅੱਜ ਪ੍ਰਬੰਧਕ ਸਭਾ ਦੀ ਅਗਵਾਈ ਕਰ ਰਿਹਾ ਹੈ?
ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਮਿਲੀ। ਦੂਤਾਂ ਦੀ ਮਦਦ ਨਾਲ ਪ੍ਰਬੰਧਕ ਸਭਾ ਨੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕੀਤੀ। ਉਨ੍ਹਾਂ ਨੇ ਪ੍ਰਚਾਰ ਕੰਮ ਲਈ ਹਿਦਾਇਤਾਂ ਪਰਮੇਸ਼ੁਰ ਦੇ ਬਚਨ ਵਿੱਚੋਂ ਦਿੱਤੀਆਂ। ਅੱਜ ਵੀ ਉਹ ਇਸੇ ਤਰ੍ਹਾਂ ਕਰਦੇ ਹਨ।—w17.02, ਸਫ਼ੇ 26-28.
ਕੀ ਇਕ ਮਸੀਹੀ ਆਪਣਾ ਫ਼ੈਸਲਾ ਬਦਲ ਸਕਦਾ ਹੈ?
ਸਾਨੂੰ ਆਪਣੀ ਗੱਲ ʼਤੇ ਖਰੇ ਉਤਰਨਾ ਚਾਹੀਦਾ ਹੈ। ਪਰ ਕਦੀ-ਕਦੀ ਸਾਨੂੰ ਆਪਣਾ ਫ਼ੈਸਲਾ ਬਦਲਣਾ ਪਵੇ। ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਨੀਨਵਾਹ ਦੇ ਲੋਕਾਂ ਨੇ ਗ਼ਲਤ ਕੰਮਾਂ ਤੋਂ ਤੋਬਾ ਕਰ ਲਈ ਸੀ, ਤਾਂ ਉਸ ਨੇ ਆਪਣਾ ਫ਼ੈਸਲਾ ਬਦਲ ਲਿਆ। ਕਦੀ-ਕਦੀ ਹਾਲਾਤ ਬਦਲਣ ʼਤੇ ਜਾਂ ਨਵੀਂ ਜਾਣਕਾਰੀ ਮਿਲਣ ʼਤੇ ਸਾਨੂੰ ਵੀ ਆਪਣਾ ਫ਼ੈਸਲਾ ਬਦਲਣਾ ਪਵੇ।—w17.03, ਸਫ਼ੇ 16-17.
ਕਿਸੇ ਬਾਰੇ ਬੁਰਾ-ਭਲਾ ਕਹਿਣ ਨਾਲ ਕੀ ਹੋ ਸਕਦਾ ਹੈ?
ਬੁਰਾ-ਭਲਾ ਕਹਿਣ ਨਾਲ ਮਾਮਲਾ ਹੋਰ ਵੀ ਵਿਗੜ ਸਕਦਾ ਹੈ। ਭਾਵੇਂ ਅਸੀਂ ਸਹੀ ਹਾਂ ਜਾਂ ਗ਼ਲਤ, ਪਰ ਕਿਸੇ ਬਾਰੇ ਬੁਰਾ-ਭਲਾ ਕਹਿ ਕੇ ਹਾਲਾਤ ਕਦੇ ਨਹੀਂ ਸੁਧਰਦੇ।—w17.04, ਸਫ਼ਾ 21.