ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w19 ਅਗਸਤ ਸਫ਼ੇ 20-25
  • ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾਈਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾਈਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਦਲਦੇ ਹਾਲਾਤਾਂ ਮੁਤਾਬਕ ਕਿਵੇਂ ਢਲ਼ੀਏ?
  • ਦੂਸਰੇ ਜਣੇ ਕਿਵੇਂ ਮਦਦ ਕਰ ਸਕਦੇ ਹਨ?
  • ਅੱਗੇ ਵਧਦੇ ਰਹੋ!
  • ਯੂਹੰਨਾ ਬਪਤਿਸਮਾ ਦੇਣ ਵਾਲਾ—ਖ਼ੁਸ਼ੀ ਬਣਾਈ ਰੱਖਣ ਦਾ ਸਬਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਯਾਦ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਜੀਓ, ਤਾਂ ਪਰਮੇਸ਼ੁਰ ਦੇ ਮਕਸਦ ਲਈ ਜੀਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਯਹੋਵਾਹ ਸਾਨੂੰ ਪ੍ਰਚਾਰ ਲਈ ਸਿਖਲਾਈ ਦੇ ਰਿਹਾ ਹੈ
    2011 ਸਾਡੀ ਰਾਜ ਸੇਵਕਾਈ—2011
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
w19 ਅਗਸਤ ਸਫ਼ੇ 20-25

ਅਧਿਐਨ ਲੇਖ 34

ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾਈਏ?

“ਕਿਉਂਕਿ ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।”—ਇਬ. 6:10.

ਗੀਤ 60 ਉਹ ਤੁਹਾਨੂੰ ਤਕੜਾ ਕਰੇਗਾ

ਖ਼ਾਸ ਗੱਲਾਂa

1-3. ਕਿਹੜੇ ਕੁਝ ਕਾਰਨਾਂ ਕਰਕੇ ਸ਼ਾਇਦ ਪੂਰੇ ਸਮੇਂ ਦੇ ਸੇਵਕਾਂ ਦੀਆਂ ਜ਼ਿੰਮੇਵਾਰੀਆਂ ਵਿਚ ਤਬਦੀਲੀਆਂ ਹੋ ਜਾਣ?

ਰੌਬਰਟ ਤੇ ਮੈਰੀ ਜੋਅ ਯਾਦ ਕਰਦੇ ਹਨ: “ਸਾਡੀ 21 ਸਾਲ ਦੀ ਮਿਸ਼ਨਰੀ ਸੇਵਾ ਤੋਂ ਬਾਅਦ ਸਾਡੇ ਦੋਨਾਂ ਦੇ ਮਾਂ-ਬਾਪ ਬੀਮਾਰ ਹੋ ਗਏ। ਅਸੀਂ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਤਿਆਰ ਸੀ। ਪਰ ਫਿਰ ਵੀ ਸਾਨੂੰ ਉਸ ਥਾਂ ਨੂੰ ਛੱਡ ਕੇ ਜਾਣ ਦਾ ਦੁੱਖ ਲੱਗਾ ਜਿਸ ਨੂੰ ਅਸੀਂ ਬਹੁਤ ਪਸੰਦ ਕਰਦੇ ਸੀ।”

2 ਵਿਲਿਅਮ ਤੇ ਟੈਰੀ ਦੱਸਦੇ ਹਨ: “ਅਸੀਂ ਰੋਏ ਜਦੋਂ ਸਾਨੂੰ ਪਤਾ ਲੱਗਾ ਕਿ ਸਿਹਤ ਸਮੱਸਿਆਵਾਂ ਕਰਕੇ ਅਸੀਂ ਆਪਣੀ ਸੇਵਾ ʼਤੇ ਵਾਪਸ ਨਹੀਂ ਜਾ ਸਕਦੇ। ਹੁਣ ਅਸੀਂ ਦੂਸਰੇ ਦੇਸ਼ ਜਾ ਕੇ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ ਸੀ।”

3 ਅਲੈਕਸੇ ਦੱਸਦਾ ਹੈ: “ਮੈਂ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦਾ ਸੀ। ਅਸੀਂ ਜਾਣਦੇ ਸੀ ਕਿ ਸਾਡੇ ਵਿਰੋਧੀ ਇਸ ਨੂੰ ਬੰਦ ਕਰਨਾ ਚਾਹੁੰਦੇ ਸਨ। ਪਰ ਫਿਰ ਵੀ ਇੱਦਾਂ ਹੋਣ ਤੇ ਅਤੇ ਬੈਥਲ ਛੱਡ ਕੇ ਜਾਣ ਤੇ ਸਾਨੂੰ ਬਹੁਤ ਦੁੱਖ ਲੱਗਾ।”

4. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

4 ਨਾਲੇ ਬਹੁਤ ਸਾਰੇ ਪੂਰੇ ਸਮੇਂ ਦੇ ਸੇਵਕਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ ਜਿਨ੍ਹਾਂ ਵਿਚ ਬੈਥਲ ਵਿਚ ਸੇਵਾ ਕਰਨ ਵਾਲੇ ਹਜ਼ਾਰਾਂ ਭੈਣ-ਭਰਾ ਵੀ ਸ਼ਾਮਲ ਹਨ।b ਸ਼ਾਇਦ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਆਪਣੀ ਮਨਪਸੰਦ ਜ਼ਿੰਮੇਵਾਰੀ ਛੱਡ ਕੇ ਜਾਣਾ ਔਖਾ ਲੱਗਾ ਹੋਵੇ। ਇਸ ਤਬਦੀਲੀ ਅਨੁਸਾਰ ਢਲ਼ਣ ਵਿਚ ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ? ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਜ਼ਿੰਦਗੀ ਵਿਚ ਆਈਆਂ ਤਬਦੀਲੀਆਂ ਅਨੁਸਾਰ ਢਲ਼ਣ ਵਿਚ ਸਾਡੀ ਸਾਰਿਆਂ ਦੀ ਮਦਦ ਕਰ ਸਕਦੇ ਹਨ।

ਬਦਲਦੇ ਹਾਲਾਤਾਂ ਮੁਤਾਬਕ ਕਿਵੇਂ ਢਲ਼ੀਏ?

ਇਕ ਜੋੜੇ ਨੂੰ ਆਪਣੀ ਮਿਸ਼ਨਰੀ ਸੇਵਾ ਛੱਡਣੀ ਪਈ ਤੇ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਅਲਵਿਦਾ ਕਹਿੰਦਿਆਂ ਰੋਂਦਾ ਹੋਇਆ

ਪੂਰੇ ਸਮੇਂ ਦੇ ਸੇਵਕਾਂ ਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਔਖੀ ਕਿਉਂ ਲੱਗ ਸਕਦੀ ਹੈ? (ਪੈਰਾ 5 ਦੇਖੋ)e

5. ਜ਼ਿੰਮੇਵਾਰੀ ਬਦਲਣ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?

5 ਚਾਹੇ ਅਸੀਂ ਪ੍ਰਚਾਰ ਕਰਦੇ ਹਾਂ ਜਾਂ ਬੈਥਲ ਵਿਚ ਸੇਵਾ ਕਰਦੇ ਹਾਂ, ਅਸੀਂ ਲੋਕਾਂ ਨਾਲ ਅਤੇ ਇੱਥੋਂ ਤਕ ਕਿ ਜਗ੍ਹਾ ਨਾਲ ਵੀ ਪਿਆਰ ਕਰਨ ਲੱਗ ਪੈਂਦੇ ਹਾਂ। ਜੇ ਕਿਸੇ ਕਾਰਨ ਕਰਕੇ ਸਾਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਪੈਂਦੀ ਹੈ, ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਿੱਛੇ ਛੱਡ ਆਏ ਹਾਂ ਅਤੇ ਸਾਨੂੰ ਉਨ੍ਹਾਂ ਦਾ ਫ਼ਿਕਰ ਹੁੰਦਾ ਹੈ ਖ਼ਾਸ ਕਰਕੇ ਜੇ ਸਤਾਹਟਾਂ ਕਰਕੇ ਸਾਨੂੰ ਉੱਥੋਂ ਜਾਣਾ ਪਿਆ ਸੀ। (ਮੱਤੀ 10:23; 2 ਕੁਰਿੰ. 11:28, 29) ਇਸ ਤੋਂ ਇਲਾਵਾ, ਸ਼ਾਇਦ ਨਵੀਂ ਜਗ੍ਹਾ ʼਤੇ ਜਾਣਾ ਬਹੁਤ ਔਖਾ ਹੋਵੇ ਕਿਉਂਕਿ ਸ਼ਾਇਦ ਸਾਨੂੰ ਨਵੇਂ ਸਭਿਆਚਾਰ ਮੁਤਾਬਕ ਢਲ਼ਣਾ ਪਵੇ। ਅਸੀਂ ਸ਼ਾਇਦ ਆਪਣੇ ਦੇਸ਼ ਵਾਪਸ ਆ ਕੇ ਵੀ ਇੱਦਾਂ ਹੀ ਮਹਿਸੂਸ ਕਰੀਏ। ਰੌਬਰਟ ਤੇ ਮੈਰੀ ਜੋਅ ਦੱਸਦੇ ਹਨ: “ਸਾਡੇ ਲਈ ਆਪਣਾ ਸਭਿਆਚਾਰ ਹੀ ਓਪਰਾ ਸੀ ਅਤੇ ਸਾਨੂੰ ਤਾਂ ਆਪਣੀ ਭਾਸ਼ਾ ਵਿਚ ਪ੍ਰਚਾਰ ਕਰਨਾ ਔਖਾ ਲੱਗਦਾ ਸੀ। ਅਸੀਂ ਆਪਣੇ ਦੇਸ਼ ਵਿਚ ਹੀ ਓਪਰਾ ਮਹਿਸੂਸ ਕਰਦੇ ਸੀ।” ਜ਼ਿੰਮੇਵਾਰੀ ਬਦਲ ਜਾਣ ʼਤੇ ਸ਼ਾਇਦ ਕੁਝ ਜਣਿਆਂ ਨੂੰ ਉਹ ਖ਼ਰਚੇ ਕਰਨੇ ਪੈਣ ਜੋ ਉਹ ਪਹਿਲਾਂ ਨਹੀਂ ਕਰਦੇ ਸਨ। ਉਹ ਸ਼ਾਇਦ ਉਲਝਣ ਵਿਚ ਪੈ ਜਾਣ, ਪਰੇਸ਼ਾਨ ਹੋ ਜਾਣ ਜਾਂ ਹੌਸਲਾ ਹਾਰ ਦੇਣ। ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?

ਆਪਣੇ ਦੇਸ਼ ਵਿਚ ਆ ਕੇ ਇਹ ਜੋੜਾ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਲਗਾਤਾਰ ਯਹੋਵਾਹ ਤੋਂ ਪ੍ਰਾਰਥਨਾ ਵਿਚ ਮਦਦ ਮੰਗਦਾ ਹੋਇਆ

ਯਹੋਵਾਹ ਦੇ ਨੇੜੇ ਜਾਣਾ ਅਤੇ ਉਸ ʼਤੇ ਭਰੋਸਾ ਰੱਖਣਾ ਜ਼ਰੂਰੀ ਹੈ (ਪੈਰੇ 6-7 ਦੇਖੋ)f

6. ਅਸੀਂ ਯਹੋਵਾਹ ਦੇ ਨੇੜੇ ਕਿਵੇਂ ਰਹਿ ਸਕਦੇ ਹਾਂ?

6 ਯਹੋਵਾਹ ਦੇ ਨੇੜੇ ਰਹੋ। (ਯਾਕੂ. 4:8) ਅਸੀਂ ਨੇੜੇ ਕਿਵੇਂ ਰਹਿ ਸਕਦੇ ਹਾਂ? ਇਹ ਭਰੋਸਾ ਰੱਖ ਕੇ ਕਿ ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂ. 65:2) ਜ਼ਬੂਰ 62:8 ਕਹਿੰਦਾ ਹੈ: “ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।” ਯਹੋਵਾਹ “ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।” (ਅਫ਼. 3:20) ਉਹ ਸਾਨੂੰ ਸਿਰਫ਼ ਉਹੀ ਨਹੀਂ ਦਿੰਦਾ ਜੋ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਉਸ ਤੋਂ ਮੰਗਦੇ ਹਾਂ। ਪਰਮੇਸ਼ੁਰ ਸਾਡੇ ਲਈ ਉਹ ਕਰ ਸਕਦਾ ਹੈ ਜਿਸ ਦੀ ਸ਼ਾਇਦ ਅਸੀਂ ਉਮੀਦ ਹੀ ਨਾ ਕੀਤੀ ਹੋਵੇ। ਉਹ ਸ਼ਾਇਦ ਸਾਡੀਆਂ ਮੁਸ਼ਕਲਾਂ ਨੂੰ ਇਸ ਤਰੀਕੇ ਨਾਲ ਹੱਲ ਕਰ ਦੇਵੇ ਜਿਸ ਬਾਰੇ ਅਸੀਂ ਕਦੇ ਸੋਚਿਆ ਹੀ ਨਾ ਹੋਵੇ।

7. (ੳ) ਯਹੋਵਾਹ ਦੇ ਨੇੜੇ ਰਹਿਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ? (ਅ) ਇਬਰਾਨੀਆਂ 6:10-12 ਅਨੁਸਾਰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਦਾ ਕੀ ਨਤੀਜਾ ਨਿਕਲੇਗਾ?

7 ਯਹੋਵਾਹ ਦੇ ਨੇੜੇ ਰਹਿਣ ਲਈ ਰੋਜ਼ ਬਾਈਬਲ ਪੜ੍ਹੋ ਅਤੇ ਉਸ ʼਤੇ ਸੋਚ-ਵਿਚਾਰ ਕਰੋ। ਮਿਸ਼ਨਰੀ ਵਜੋਂ ਸੇਵਾ ਕਰ ਚੁੱਕਾ ਇਕ ਭਰਾ ਦੱਸਦਾ ਹੈ: “ਜਿੱਦਾਂ ਤੁਸੀਂ ਪਹਿਲਾਂ ਪਰਿਵਾਰਕ ਸਟੱਡੀ ਅਤੇ ਸਭਾਵਾਂ ਦੀ ਤਿਆਰੀ ਕਰਦੇ ਸੀ, ਉੱਦਾਂ ਹੀ ਜ਼ਿੰਮੇਵਾਰੀ ਬਦਲਣ ʼਤੇ ਕਰਦੇ ਰਹੋ।” ਨਾਲੇ ਆਪਣੀ ਨਵੀਂ ਮੰਡਲੀ ਨਾਲ ਮਿਲ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੂਰੀ ਵਾਹ ਲਾਓ। ਯਹੋਵਾਹ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ ਵਾਲਿਆਂ ਨੂੰ ਯਾਦ ਰੱਖਦਾ ਹੈ ਚਾਹੇ ਉਹ ਪਹਿਲਾਂ ਵਾਂਗ ਉਸ ਦੀ ਸੇਵਾ ਨਹੀਂ ਕਰ ਸਕਦੇ।—ਇਬਰਾਨੀਆਂ 6:10-12 ਪੜ੍ਹੋ।

8. ਪਹਿਲਾ ਯੂਹੰਨਾ 2:15-17 ਦੇ ਸ਼ਬਦ ਜ਼ਿੰਦਗੀ ਸਾਦੀ ਕਰਨ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?

8 ਆਪਣੀ ਜ਼ਿੰਦਗੀ ਸਾਦੀ ਰੱਖੋ। ਸ਼ੈਤਾਨ ਦੀ ਦੁਨੀਆਂ ਦੀਆਂ ਚਿੰਤਾਵਾਂ ਦੇ ਦਬਾਅ ਹੇਠ ਆ ਕੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੋ। (ਮੱਤੀ 13:22) ਦੁਨੀਆਂ ਦੇ ਦਬਾਅ ਅਤੇ ਪਰਵਾਹ ਕਰਨ ਵਾਲੇ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਦਬਾਅ ਹੇਠ ਨਾ ਆਓ ਜੋ ਤੁਹਾਨੂੰ ਸ਼ੈਤਾਨ ਦੀ ਦੁਨੀਆਂ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਪਾਉਣ ਲਈ ਧਨ-ਦੌਲਤ ਕਮਾਉਣ ਦੀ ਸਲਾਹ ਦਿੰਦੇ ਹਨ। (1 ਯੂਹੰਨਾ 2:15-17 ਪੜ੍ਹੋ।) ਯਹੋਵਾਹ ʼਤੇ ਭਰੋਸਾ ਰੱਖੋ ਜੋ ਵਾਅਦਾ ਕਰਦਾ ਹੈ ਕਿ ਉਹ ਸਹੀ ਸਮੇਂ ਤੇ ਸਾਡੀ ਨਿਹਚਾ ਮਜ਼ਬੂਤ ਕਰੇਗਾ, ਸਾਨੂੰ ਮਨ ਦੀ ਸ਼ਾਂਤੀ ਦੇਵੇਗਾ ਅਤੇ ਸਾਡੀਆਂ ਲੋੜਾਂ ਪੂਰੀਆਂ ਕਰੇਗਾ।—ਇਬ. 4:16; 13:5, 6.

9. ਕਹਾਉਤਾਂ 22:3, 7 ਅਨੁਸਾਰ ਬੇਲੋੜੇ ਕਰਜ਼ੇ ਹੇਠ ਆਉਣ ਤੋਂ ਬਚਣਾ ਕਿਉਂ ਜ਼ਰੂਰੀ ਹੈ ਅਤੇ ਸਹੀ ਫ਼ੈਸਲੇ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

9 ਬੇਲੋੜੇ ਕਰਜ਼ੇ ਹੇਠ ਨਾ ਆਓ। (ਕਹਾਉਤਾਂ 22:3, 7 ਪੜ੍ਹੋ।) ਇਕ ਜਗ੍ਹਾ ਤੋਂ ਦੂਜੀ ਜਗ੍ਹਾ ʼਤੇ ਜਾਣ ਕਰਕੇ ਖ਼ਰਚਾ ਹੋ ਸਕਦਾ ਹੈ ਜਿਸ ਕਰਕੇ ਇਕ ਵਿਅਕਤੀ ਸੌਖਿਆਂ ਹੀ ਕਰਜ਼ੇ ਹੇਠ ਆ ਸਕਦਾ ਹੈ। ਉਧਾਰ ਲੈ ਕੇ ਬੇਲੋੜੀਆਂ ਚੀਜ਼ਾਂ ਨਾ ਖ਼ਰੀਦੋ ਤਾਂਕਿ ਤੁਸੀਂ ਜ਼ਿਆਦਾ ਕਰਜ਼ੇ ਹੇਠ ਨਾ ਆ ਜਾਓ। ਜਾਂ ਹੋ ਸਕਦਾ ਹੈ ਕਿ ਤੁਸੀਂ ਮੁਸ਼ਕਲ ਘੜੀ ਵਿਚ ਹੋ, ਜਿਵੇਂ ਤੁਹਾਨੂੰ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਦੇਖ-ਭਾਲ ਕਰਨੀ ਪਵੇ। ਇਸ ਤਰ੍ਹਾਂ ਦੇ ਹਾਲਾਤ ਵਿਚ ਇਹ ਫ਼ੈਸਲਾ ਕਰਨਾ ਔਖਾ ਹੁੰਦਾ ਹੈ ਕਿ ਕਿੰਨੇ ਪੈਸੇ ਉਧਾਰ ਲਏ ਜਾਣ। ਇਨ੍ਹਾਂ ਹਾਲਾਤਾਂ ਵਿਚ ਯਾਦ ਰੱਖੋ ਕਿ ‘ਪ੍ਰਾਰਥਨਾ ਤੇ ਫ਼ਰਿਆਦ’ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਯਹੋਵਾਹ ਤੁਹਾਨੂੰ ਉਹ ਸ਼ਾਂਤੀ ਦੇਵੇਗਾ ਜੋ “ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ” ਤਾਂਕਿ ਤੁਸੀਂ ਆਪਣੇ ਹਾਲਾਤਾਂ ਅਨੁਸਾਰ ਠੰਢੇ ਦਿਮਾਗ਼ ਨਾਲ ਸਹੀ ਫ਼ੈਸਲਾ ਕਰ ਸਕੋ।—ਫ਼ਿਲਿ. 4:6, 7; 1 ਪਤ. 5:7.

10. ਅਸੀਂ ਨਵੇਂ ਦੋਸਤ ਕਿਵੇਂ ਬਣਾ ਸਕਦੇ ਹਾਂ?

10 ਵਧੀਆ ਰਿਸ਼ਤੇ ਬਣਾਈ ਰੱਖੋ। ਆਪਣੇ ਚੰਗੇ ਦੋਸਤਾਂ ਨੂੰ ਆਪਣੀਆਂ ਭਾਵਨਾਵਾਂ ਤੇ ਪਰੇਸ਼ਾਨੀਆਂ ਦੱਸੋ, ਖ਼ਾਸ ਕਰਕੇ ਜਿਨ੍ਹਾਂ ਨੇ ਤੁਹਾਡੇ ਵਰਗੇ ਚੰਗੇ-ਮਾੜੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ। ਇੱਦਾਂ ਕਰ ਕੇ ਤੁਹਾਨੂੰ ਵਧੀਆ ਲੱਗੇਗਾ। (ਉਪ. 4:9, 10) ਤੁਸੀਂ ਜਿਹੜੇ ਦੋਸਤ ਪਹਿਲਾਂ ਬਣਾਏ ਸਨ, ਉਹ ਤੁਹਾਡੇ ਦੋਸਤ ਬਣੇ ਰਹਿਣਗੇ। ਹੁਣ ਨਵੀਂ ਜਗ੍ਹਾ ʼਤੇ ਤੁਹਾਨੂੰ ਨਵੇਂ ਦੋਸਤ ਬਣਾਉਣ ਦੀ ਲੋੜ ਹੈ। ਯਾਦ ਰੱਖੋ, ਦੋਸਤ ਬਣਾਉਣ ਲਈ ਤੁਹਾਨੂੰ ਖ਼ੁਦ ਚੰਗੇ ਦੋਸਤ ਬਣਨ ਦੀ ਲੋੜ ਹੈ। ਤੁਸੀਂ ਨਵੇਂ ਦੋਸਤ ਕਿਵੇਂ ਬਣਾ ਸਕਦੇ ਹੋ? ਯਹੋਵਾਹ ਦੀ ਸੇਵਾ ਵਿਚ ਹੋਏ ਆਪਣੇ ਵਧੀਆ ਤਜਰਬੇ ਦੱਸੋ ਤਾਂਕਿ ਉਹ ਦੇਖ ਸਕਣ ਕਿ ਤੁਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਹੋ। ਸ਼ਾਇਦ ਮੰਡਲੀ ਦੇ ਕੁਝ ਭੈਣ-ਭਰਾ ਨਾ ਸਮਝਣ ਕਿ ਪੂਰੇ ਸਮੇਂ ਦੀ ਸੇਵਾ ਲਈ ਤੁਹਾਡੇ ਵਿਚ ਇੰਨਾ ਜੋਸ਼ ਕਿਉਂ ਹੈ, ਪਰ ਦੂਸਰੇ ਭੈਣ-ਭਰਾ ਸ਼ਾਇਦ ਇਸ ਬਾਰੇ ਹੋਰ ਜਾਣਨਾ ਚਾਹੁਣ ਅਤੇ ਉਹ ਤੁਹਾਡੇ ਚੰਗੇ ਦੋਸਤ ਬਣ ਜਾਣ। ਪਰ ਇਸ ਗੱਲ ਵੱਲ ਜ਼ਿਆਦਾ ਧਿਆਨ ਨਾ ਖਿੱਚੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕੀ ਕੁਝ ਕੀਤਾ ਹੈ। ਨਾਲੇ ਆਪਣੇ ਨਾਲ ਹੋਏ ਬੁਰੇ ਤਜਰਬਿਆਂ ਬਾਰੇ ਜ਼ਿਆਦਾ ਗੱਲਾਂ ਨਾ ਕਰੋ।

11. ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹੋ?

11 ਜੇ ਜੀਵਨ ਸਾਥੀ ਦੀ ਸਿਹਤ ਖ਼ਰਾਬ ਹੋਣ ਕਰਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਪਈ, ਤਾਂ ਉਸ ਨੂੰ ਦੋਸ਼ ਨਾ ਦਿਓ। ਦੂਜੇ ਪਾਸੇ, ਜੇ ਖ਼ੁਦ ਦੀ ਸਿਹਤ ਖ਼ਰਾਬ ਹੋਣ ਕਰਕੇ ਤੁਹਾਨੂੰ ਜ਼ਿੰਮੇਵਾਰੀ ਛੱਡਣੀ ਪਈ, ਤਾਂ ਦੋਸ਼ੀ ਮਹਿਸੂਸ ਨਾ ਕਰੋ ਅਤੇ ਇਹ ਨਾ ਸੋਚੋ ਕਿ ਤੁਸੀਂ ਆਪਣੇ ਸਾਥੀ ਨੂੰ ਨਿਰਾਸ਼ ਕੀਤਾ ਹੈ। ਯਾਦ ਰੱਖੋ ਕਿ ਤੁਸੀਂ “ਇਕ ਸਰੀਰ” ਹੋ ਅਤੇ ਤੁਸੀਂ ਯਹੋਵਾਹ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਹਰ ਹਾਲਾਤ ਵਿਚ ਇਕ-ਦੂਜੇ ਲਈ ਪਰਵਾਹ ਦਿਖਾਓਗੇ। (ਮੱਤੀ 19:5, 6) ਜੇ ਅਚਾਨਕ ਗਰਭਵਤੀ ਹੋਣ ਕਰਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਪਈ, ਤਾਂ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਪਤਾ ਹੋਵੇ ਕਿ ਜ਼ਿੰਮੇਵਾਰੀ ਤੋਂ ਜ਼ਿਆਦਾ ਉਹ ਤੁਹਾਡੇ ਲਈ ਮਾਅਨੇ ਰੱਖਦਾ ਹੈ। ਅਕਸਰ ਆਪਣੇ ਬੱਚੇ ਨੂੰ ਦੱਸੋ ਕਿ ਤੁਸੀਂ ਉਸ ਨੂੰ ਪਰਮੇਸ਼ੁਰ ਵੱਲੋਂ “ਇਨਾਮ” ਸਮਝਦੇ ਹੋ। (ਜ਼ਬੂ. 127:3-5) ਨਾਲੇ ਆਪਣੇ ਬੱਚੇ ਨੂੰ ਆਪਣੇ ਵਧੀਆ ਤਜਰਬੇ ਦੱਸੋ ਜੋ ਤੁਹਾਨੂੰ ਪੂਰੇ ਸਮੇਂ ਦੀ ਸੇਵਾ ਕਰਦਿਆਂ ਹੋਏ ਸਨ। ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਬੱਚਾ ਤੁਹਾਡੇ ਵਾਂਗ ਖ਼ੁਸ਼ੀ ਨਾਲ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣ ਲਈ ਪ੍ਰੇਰਿਤ ਹੋ ਸਕਦਾ ਹੈ।

ਦੂਸਰੇ ਜਣੇ ਕਿਵੇਂ ਮਦਦ ਕਰ ਸਕਦੇ ਹਨ?

12. (ੳ) ਅਸੀਂ ਪੂਰੇ ਸਮੇਂ ਦੇ ਸੇਵਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤਾਂਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਰਹਿ ਸਕਣ? (ਅ) ਨਵੀਂ ਜ਼ਿੰਮੇਵਾਰੀ ਅਨੁਸਾਰ ਢਲ਼ਣ ਵਿਚ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

12 ਬਹੁਤ ਸਾਰੀਆਂ ਮੰਡਲੀਆਂ ਅਤੇ ਭੈਣ-ਭਰਾ ਆਪਣੀ ਪੂਰੀ ਵਾਹ ਲਾ ਕੇ ਪੂਰੇ ਸਮੇਂ ਦੇ ਸੇਵਕਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਰਹਿ ਸਕਣ। ਉਹ ਪੂਰੇ ਸਮੇਂ ਦੇ ਸੇਵਕਾਂ ਨੂੰ ਸੇਵਾ ਜਾਰੀ ਰੱਖਣ ਦੀ ਹੱਲਾਸ਼ੇਰੀ ਦੇ ਕੇ, ਪੈਸੇ ਜਾਂ ਹੋਰ ਚੀਜ਼ਾਂ ਦੇ ਕੇ ਜਾਂ ਉਨ੍ਹਾਂ ਤੋਂ ਦੂਰ ਰਹਿੰਦੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰ ਕੇ ਇਸ ਤਰ੍ਹਾਂ ਕਰਦੇ ਹਨ। (ਗਲਾ. 6:2) ਜੇ ਪੂਰੇ ਸਮੇਂ ਦੇ ਸੇਵਕਾਂ ਨੂੰ ਤੁਹਾਡੀ ਮੰਡਲੀ ਵਿਚ ਕੋਈ ਨਵੀਂ ਜ਼ਿੰਮੇਵਾਰੀ ਦੇ ਕੇ ਭੇਜਿਆ ਜਾਂਦਾ ਹੈ, ਤਾਂ ਇਹ ਨਾ ਸੋਚੋ ਕਿ ਉਨ੍ਹਾਂ ਨੇ ਕੋਈ ਗ਼ਲਤੀ ਕੀਤੀ ਹੈ ਜਾਂ ਉਨ੍ਹਾਂ ਨੂੰ ਤਾੜਨਾ ਮਿਲੀ ਹੈ।c ਇਸ ਦੀ ਬਜਾਇ, ਤਬਦੀਲੀ ਅਨੁਸਾਰ ਢਲ਼ਣ ਵਿਚ ਉਨ੍ਹਾਂ ਦੀ ਮਦਦ ਕਰੋ। ਉਨ੍ਹਾਂ ਦਾ ਨਿੱਘਾ ਸੁਆਗਤ ਕਰੋ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਕਰੋ, ਚਾਹੇ ਉਹ ਆਪਣੀ ਖ਼ਰਾਬ ਸਿਹਤ ਕਰਕੇ ਪਹਿਲਾਂ ਵਾਂਗ ਸੇਵਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਜਾਣੋ। ਉਨ੍ਹਾਂ ਦੇ ਗਿਆਨ, ਸਿਖਲਾਈ ਅਤੇ ਤਜਰਬੇ ਤੋਂ ਸਿੱਖੋ।

ਜਿਨ੍ਹਾਂ ਤਰੀਕਿਆਂ ਨਾਲ ਮੰਡਲੀ ਮਦਦ ਕਰ ਸਕਦੀ ਹੈ

ਇਕ ਭਰਾ ਕੁਝ ਪੇਪਰਾਂ ਵਿਚ ਇਕ ਜੋੜੇ ਦੀ ਮਦਦ ਕਰਦਾ ਹੋਇਆ

ਰੋਜ਼ ਦੇ ਮਾਮਲਿਆਂ ਵਿਚ ਮਦਦ ਕਰੋ (ਪੈਰਾ 13 ਦੇਖੋ)

ਪਹਿਲਾਂ ਮਿਸ਼ਨਰੀ ਸੇਵਾ ਕਰਨ ਵਾਲੀ ਭੈਣ ਇਕ ਹੋਰ ਭੈਣ ਨਾਲ ਬਾਈਬਲ ਸਟੱਡੀ ’ਤੇ

ਆਪਣੇ ਨਾਲ ਪ੍ਰਚਾਰ ʼਤੇ ਲੈ ਕੇ ਜਾਓ (ਪੈਰਾ 14 ਦੇਖੋ)

13. ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ?

13 ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਦੀ ਹੈ, ਉਨ੍ਹਾਂ ਨੂੰ ਸ਼ੁਰੂ-ਸ਼ੁਰੂ ਵਿਚ ਸ਼ਾਇਦ ਘਰ ਤੇ ਕੰਮ ਲੱਭਣ, ਆਉਣ-ਜਾਣ ਜਾਂ ਹੋਰ ਚੀਜ਼ਾਂ ਵਿਚ ਤੁਹਾਡੀ ਮਦਦ ਚਾਹੀਦੀ ਹੋਵੇ। ਸ਼ਾਇਦ ਉਨ੍ਹਾਂ ਨੂੰ ਹਰ ਰੋਜ਼ ਦੇ ਮਾਮਲਿਆਂ ਬਾਰੇ ਜਾਣਕਾਰੀ ਲੈਣ ਦੀ ਵੀ ਲੋੜ ਹੋਵੇ, ਜਿਵੇਂ ਟੈਕਸ ਭਰਨੇ ਅਤੇ ਬਿਲ ਭਰਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ʼਤੇ ਤਰਸ ਖਾਓ, ਸਗੋਂ ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੇ ਹਾਲਾਤ ਸਮਝੋ। ਸ਼ਾਇਦ ਉਨ੍ਹਾਂ ਦੀ ਖ਼ੁਦ ਦੀ ਜਾਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਸਿਹਤ ਖ਼ਰਾਬ ਹੋਵੇ। ਸ਼ਾਇਦ ਉਹ ਆਪਣੇ ਕਿਸੇ ਪਿਆਰੇ ਦੀ ਮੌਤ ਦਾ ਗਮ ਸਹਿ ਰਹੇ ਹੋਣ।d ਨਾਲੇ ਸ਼ਾਇਦ ਉਨ੍ਹਾਂ ਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਆਉਂਦੀ ਹੋਵੇ ਚਾਹੇ ਉਹ ਇਸ ਬਾਰੇ ਗੱਲ ਨਹੀਂ ਕਰਦੇ। ਉਨ੍ਹਾਂ ਨੂੰ ਆਪਣੀਆਂ ਅਲੱਗ-ਅਲੱਗ ਤੇ ਡੂੰਘੀਆਂ ਭਾਵਨਾਵਾਂ ਨਾਲ ਸਿੱਝਣ ਲਈ ਸਮੇਂ ਦੀ ਲੋੜ ਹੈ।

14. ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਸ ਭੈਣ ਦੀ ਮਦਦ ਕਿਵੇਂ ਕੀਤੀ ਜੋ ਨਵੀਂ ਜ਼ਿੰਮੇਵਾਰੀ ਮਿਲਣ ਕਰਕੇ ਉਨ੍ਹਾਂ ਦੀ ਮੰਡਲੀ ਵਿਚ ਆਈ ਸੀ?

14 ਇਸ ਸਮੇਂ ਦੌਰਾਨ, ਤੁਸੀਂ ਉਨ੍ਹਾਂ ਨਾਲ ਪ੍ਰਚਾਰ ਕਰ ਕੇ ਅਤੇ ਆਪਣੀ ਵਧੀਆ ਮਿਸਾਲ ਰੱਖ ਕੇ ਨਵੇਂ ਹਾਲਾਤਾਂ ਅਨੁਸਾਰ ਢਲ਼ਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਬਹੁਤ ਸਾਲਾਂ ਤੋਂ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਵਾਲੀ ਇਕ ਭੈਣ ਦੱਸਦੀ ਹੈ: “ਜਿੱਥੇ ਮੈਂ ਪਹਿਲਾਂ ਸੇਵਾ ਕਰਦੀ ਸੀ, ਉੱਥੇ ਮੈਂ ਹਰ ਰੋਜ਼ ਬਾਈਬਲ ਸਟੱਡੀਆਂ ਕਰਾਉਂਦੀ ਸੀ। ਹੁਣ ਨਵੀਂ ਜਗ੍ਹਾ ʼਤੇ ਆ ਕੇ ਬਾਈਬਲ ਤੋਂ ਆਇਤ ਪੜ੍ਹਾਉਣ ਜਾਂ ਵੀਡੀਓ ਦਿਖਾਉਣ ਦਾ ਕਦੀ-ਕਦਾਈਂ ਹੀ ਮੌਕਾ ਮਿਲਦਾ ਸੀ। ਪਰ ਇੱਥੇ ਦੇ ਪ੍ਰਚਾਰਕ ਮੈਨੂੰ ਆਪਣੀਆਂ ਰਿਟਰਨ ਵਿਜ਼ਿਟਾਂ ਅਤੇ ਸਟੱਡੀਆਂ ʼਤੇ ਲੈ ਕੇ ਜਾਂਦੇ ਸਨ। ਇਨ੍ਹਾਂ ਵਫ਼ਾਦਾਰ ਤੇ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਤਰੱਕੀ ਕਰਨ ਵਾਲੀਆਂ ਬਾਈਬਲ ਸਟੱਡੀਆਂ ਕਰਾਉਂਦਿਆਂ ਦੇਖ ਕੇ ਮੈਂ ਨਵੇਂ ਇਲਾਕੇ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖਿਆ। ਮੈਂ ਨਵੇਂ ਇਲਾਕੇ ਵਿਚ ਗੱਲਬਾਤ ਸ਼ੁਰੂ ਕਰਨੀ ਸਿੱਖੀ। ਇਨ੍ਹਾਂ ਗੱਲਾਂ ਕਰਕੇ ਮੈਂ ਦੁਬਾਰਾ ਤੋਂ ਪ੍ਰਚਾਰ ਕੰਮ ਵਿਚ ਖ਼ੁਸ਼ੀ ਪਾ ਸਕੀ।”

ਅੱਗੇ ਵਧਦੇ ਰਹੋ!

ਇਕ ਜੋੜਾ ਨਵੀਂ ਮੰਡਲੀ ਦੇ ਇਲਾਕੇ ਵਿਚ ਹੋਰ ਦੇਸ਼ਾਂ ਤੋਂ ਆਏ ਲੋਕਾਂ ਨੂੰ ਉਸ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾਉਂਦੇ ਹੋਏ ਜੋ ਉਨ੍ਹਾਂ ਨੇ ਆਪਣੀ ਮਿਸ਼ਨਰੀ ਸੇਵਾ ਦੌਰਾਨ ਸਿੱਖੀ ਸੀ

ਆਪਣੇ ਹੀ ਦੇਸ਼ ਵਿਚ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਤਰੀਕੇ ਲੱਭੋ (ਪੈਰੇ 15-16 ਦੇਖੋ)g

15. ਤੁਸੀਂ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਫ਼ਲ ਕਿਵੇਂ ਹੋ ਸਕਦੇ ਹੋ?

15 ਤੁਸੀਂ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਫ਼ਲ ਹੋ ਸਕਦੇ ਹੋ। ਇਹ ਨਾ ਸੋਚੋ ਕਿ ਤੁਸੀਂ ਕੋਈ ਗ਼ਲਤੀ ਕੀਤੀ ਹੈ ਜਾਂ ਤੁਹਾਡੀ ਅਹਿਮੀਅਤ ਘੱਟ ਗਈ ਹੈ। ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖੋ ਅਤੇ ਪ੍ਰਚਾਰ ਕਰਦੇ ਰਹੋ। ਪਹਿਲੀ ਸਦੀ ਦੇ ਵਫ਼ਾਦਾਰ ਮਸੀਹੀਆਂ ਦੀ ਰੀਸ ਕਰੋ। ਉਹ ਜਿੱਥੇ ਵੀ ਗਏ, “ਪੂਰੇ ਇਲਾਕੇ ਵਿਚ ਪਰਮੇਸ਼ੁਰ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।” (ਰਸੂ. 8:1, 4) ਤੁਹਾਡੇ ਲਗਾਤਾਰ ਪ੍ਰਚਾਰ ਕਰਦੇ ਰਹਿਣ ਨਾਲ ਚੰਗੇ ਨਤੀਜੇ ਨਿਕਲ ਸਕਦੇ ਹਨ। ਮਿਸਾਲ ਲਈ, ਜਿਨ੍ਹਾਂ ਪਾਇਨੀਅਰਾਂ ਨੂੰ ਇਕ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ, ਉਹ ਗੁਆਂਢੀ ਦੇਸ਼ ਵਿਚ ਚਲੇ ਗਏ ਜਿੱਥੇ ਉਨ੍ਹਾਂ ਦੀ ਭਾਸ਼ਾ ਦੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ। ਕੁਝ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦੀ ਭਾਸ਼ਾ ਦੇ ਨਵੇਂ ਗਰੁੱਪਾਂ ਵਿਚ ਬਹੁਤ ਲੋਕ ਆਉਣ ਲੱਗੇ।

16. ਤੁਸੀਂ ਆਪਣੀ ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

16 “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” (ਨਹ. 8:10) ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਯਹੋਵਾਹ ਨਾਲ ਆਪਣੇ ਰਿਸ਼ਤੇ ਕਰਕੇ ਹੋਣੀ ਚਾਹੀਦੀ ਹੈ, ਨਾ ਕਿ ਆਪਣੀ ਜ਼ਿੰਮੇਵਾਰੀ ਕਰਕੇ ਭਾਵੇਂ ਕਿ ਉਹ ਸਾਨੂੰ ਜਿੰਨੀ ਮਰਜ਼ੀ ਪਸੰਦ ਹੋਵੇ। ਇਸ ਲਈ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹੋ ਅਤੇ ਉਸ ਦੀ ਬੁੱਧ, ਸੇਧ ਅਤੇ ਮਦਦ ਭਾਲੋ। ਯਾਦ ਰੱਖੋ ਕਿ ਤੁਹਾਨੂੰ ਆਪਣੀ ਪਹਿਲੀ ਜ਼ਿੰਮੇਵਾਰੀ ਇਸ ਲਈ ਪਸੰਦ ਸੀ ਕਿਉਂਕਿ ਤੁਸੀਂ ਪੂਰੀ ਵਾਹ ਲਾ ਕੇ ਲੋਕਾਂ ਦੀ ਮਦਦ ਕੀਤੀ ਸੀ। ਆਪਣੀ ਨਵੀਂ ਜ਼ਿੰਮੇਵਾਰੀ ਨਿਭਾਉਣ ਵਿਚ ਵੀ ਪੂਰੀ ਵਾਹ ਲਾਓ ਅਤੇ ਦੇਖੋ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ ਤਾਂਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਵੀ ਪਸੰਦ ਕਰਨ ਲੱਗ ਪਓ।—ਉਪ. 7:10.

17. ਅੱਜ ਸਾਨੂੰ ਜੋ ਜ਼ਿੰਮੇਵਾਰੀ ਮਿਲਦੀ ਹੈ, ਉਸ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

17 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ, ਪਰ ਅੱਜ ਜੋ ਸਾਨੂੰ ਜ਼ਿੰਮੇਵਾਰੀ ਮਿਲਦੀ ਹੈ, ਉਹ ਥੋੜ੍ਹੇ ਸਮੇਂ ਲਈ ਹੈ। ਨਵੀਂ ਦੁਨੀਆਂ ਵਿਚ ਸ਼ਾਇਦ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਦਲ ਜਾਵੇ। ਅਲੈਕਸੇ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਮੰਨਦਾ ਹੈ ਕਿ ਅੱਜ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਉਸ ਨੂੰ ਭਵਿੱਖ ਲਈ ਤਿਆਰ ਕਰਨ ਵਿਚ ਮਦਦ ਕਰ ਰਹੀਆਂ ਹਨ। ਅਲੈਕਸੇ ਦੱਸਦਾ ਹੈ: “ਮੈਨੂੰ ਹਮੇਸ਼ਾ ਭਰੋਸਾ ਸੀ ਕਿ ਯਹੋਵਾਹ ਤੇ ਨਵੀਂ ਦੁਨੀਆਂ ਅਸਲੀ ਹਨ, ਪਰ ਪਤਾ ਨਹੀਂ ਕਿਉਂ ਇਹ ਮੈਨੂੰ ਦੂਰ ਲੱਗਦੇ ਸਨ। ਪਰ ਹੁਣ ਯਹੋਵਾਹ ਮੇਰੀਆਂ ਅੱਖਾਂ ਦੇ ਬਿਲਕੁਲ ਸਾਮ੍ਹਣੇ ਹੈ ਅਤੇ ਮੈਨੂੰ ਲੱਗਦਾ ਹੈ ਕਿ ਨਵੀਂ ਦੁਨੀਆਂ ਬਸ ਬੂਹੇ ʼਤੇ ਹੀ ਹੈ।” (ਰਸੂ. 2:25) ਇਸ ਲਈ ਚਾਹੇ ਸਾਨੂੰ ਕੋਈ ਵੀ ਜ਼ਿੰਮੇਵਾਰੀ ਮਿਲੇ, ਆਓ ਆਪਾਂ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹੀਏ। ਉਹ ਸਾਨੂੰ ਕਦੇ ਨਹੀਂ ਛੱਡੇਗਾ, ਪਰ ਉਹ ਖ਼ੁਸ਼ੀ ਪਾਉਣ ਵਿਚ ਸਾਡੀ ਮਦਦ ਕਰੇਗਾ ਚਾਹੇ ਅਸੀਂ ਉਸ ਦੀ ਸੇਵਾ ਵਿਚ ਜੋ ਮਰਜ਼ੀ ਜਾਂ ਜਿੱਥੇ ਮਰਜ਼ੀ ਕਰਦੇ ਹੋਈਏ।—ਯਸਾ. 41:13.

ਤੁਸੀਂ ਕੀ ਜਵਾਬ ਦਿਓਗੇ?

  • ਨਵੀਂ ਜ਼ਿੰਮੇਵਾਰੀ ਮੁਤਾਬਕ ਢਲ਼ਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

  • ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ?

  • ਅਸੀਂ ਯਹੋਵਾਹ ਦੀ ਸੇਵਾ ਵਿਚ ਅੱਗੇ ਕਿਵੇਂ ਵਧਦੇ ਰਹਿ ਸਕਦੇ ਹਾਂ?

ਗੀਤ 53 ਏਕਤਾ ਬਣਾਈ ਰੱਖੋ

a ਕਈ ਵਾਰ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਸ਼ਾਇਦ ਆਪਣੀ ਜ਼ਿੰਮੇਵਾਰੀ ਛੱਡਣੀ ਪਵੇ ਜਾਂ ਸ਼ਾਇਦ ਉਨ੍ਹਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲ ਜਾਵੇ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਉਹ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ ਅਤੇ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਵਿਚ ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ। ਇਹ ਵੀ ਦੱਸਿਆ ਜਾਵੇਗਾ ਕਿ ਦੂਸਰੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਨ ਅਤੇ ਜ਼ਿੰਦਗੀ ਵਿਚ ਤਬਦੀਲੀਆਂ ਆਉਣ ʼਤੇ ਬਾਈਬਲ ਦੇ ਅਸੂਲ ਸਾਡੀ ਸਾਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ।

b ਇਸੇ ਤਰ੍ਹਾਂ, ਬਹੁਤ ਸਾਰੇ ਜ਼ਿੰਮੇਵਾਰ ਭਰਾਵਾਂ ਨੇ ਇਕ ਖ਼ਾਸ ਉਮਰ ʼਤੇ ਪਹੁੰਚ ਕੇ ਆਪਣੀਆਂ ਜ਼ਿੰਮੇਵਾਰੀਆਂ ਨੌਜਵਾਨ ਭਰਾਵਾਂ ਨੂੰ ਦਿੱਤੀਆਂ ਹਨ। ਸਤੰਬਰ 2018 ਦੇ ਪਹਿਰਾਬੁਰਜ ਵਿਚ “ਸਿਆਣੀ ਉਮਰ ਦੇ ਭਰਾਵੋ—ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ” ਅਤੇ ਅਕਤੂਬਰ 2018 ਦੇ ਪਹਿਰਾਬੁਰਜ ਵਿਚ “ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ” ਨਾਂ ਦੇ ਲੇਖ ਦੇਖੋ।

c ਜਿਹੜੀ ਮੰਡਲੀ ਵਿਚ ਉਹ ਸੇਵਾ ਕਰਦੇ ਸਨ, ਉੱਥੇ ਦੇ ਬਜ਼ੁਰਗਾਂ ਨੂੰ ਜਲਦੀ ਤੋਂ ਜਲਦੀ ਚਿੱਠੀ ਲਿਖ ਕੇ ਦੇਣੀ ਚਾਹੀਦੀ ਹੈ ਤਾਂਕਿ ਉਹ ਬਿਨਾਂ ਦੇਰ ਕੀਤਿਆਂ ਆਪਣੀ ਨਵੀਂ ਮੰਡਲੀ ਵਿਚ ਪਾਇਨੀਅਰ, ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਜਾਰੀ ਰੱਖ ਸਕਣ।

d ਜਾਗਰੂਕ ਬਣੋ! 2018 ਨੰ. 3 ਵਿਚ “ਵਿਛੋੜੇ ਦਾ ਗਮ ਕਿਵੇਂ ਸਹੀਏ?” ਨਾਂ ਦੇ ਲੜੀਵਾਰ ਲੇਖ ਦੇਖੋ।

e ਤਸਵੀਰਾਂ ਬਾਰੇ ਜਾਣਕਾਰੀ: ਇਕ ਜੋੜੇ ਨੂੰ ਆਪਣੀ ਮਿਸ਼ਨਰੀ ਸੇਵਾ ਛੱਡਣੀ ਪਈ ਤੇ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਅਲਵਿਦਾ ਕਹਿੰਦਿਆਂ ਰੋਂਦਾ ਹੋਇਆ।

f ਤਸਵੀਰਾਂ ਬਾਰੇ ਜਾਣਕਾਰੀ: ਆਪਣੇ ਦੇਸ਼ ਵਿਚ ਆ ਕੇ ਇਹ ਜੋੜਾ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਲਗਾਤਾਰ ਯਹੋਵਾਹ ਤੋਂ ਪ੍ਰਾਰਥਨਾ ਵਿਚ ਮਦਦ ਮੰਗਦਾ ਹੋਇਆ।

g ਤਸਵੀਰਾਂ ਬਾਰੇ ਜਾਣਕਾਰੀ: ਯਹੋਵਾਹ ਦੀ ਮਦਦ ਨਾਲ ਇਹ ਜੋੜਾ ਦੁਬਾਰਾ ਤੋਂ ਪੂਰੇ ਸਮੇਂ ਦੀ ਸੇਵਾ ਕਰਦਾ ਹੋਇਆ। ਉਹ ਨਵੀਂ ਮੰਡਲੀ ਦੇ ਇਲਾਕੇ ਵਿਚ ਹੋਰ ਦੇਸ਼ਾਂ ਤੋਂ ਆਏ ਲੋਕਾਂ ਨੂੰ ਉਸ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾਉਂਦੇ ਹੋਏ ਜੋ ਉਨ੍ਹਾਂ ਨੇ ਆਪਣੀ ਮਿਸ਼ਨਰੀ ਸੇਵਾ ਦੌਰਾਨ ਸਿੱਖੀ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ