ਦੋਸਤਾਨਾ ਵਾਰਤਾਲਾਪ ਦਿਲ ਤਕ ਪਹੁੰਚ ਸਕਦੇ ਹਨ
1 ਵਾਰਤਾਲਾਪ ਨੂੰ “ਵਿਚਾਰਾਂ ਦਾ ਮੌਖਿਕ ਵਟਾਂਦਰਾ” ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਕ ਅਜਿਹੇ ਵਿਸ਼ੇ ਉੱਤੇ ਦੋਸਤਾਨਾ ਵਾਰਤਾਲਾਪ ਆਰੰਭ ਕਰਨੇ ਜੋ ਦੂਜਿਆਂ ਨਾਲ ਸੰਬੰਧ ਰੱਖਦੇ ਹਨ ਸ਼ਾਇਦ ਉਨ੍ਹਾਂ ਦੀ ਰੁਚੀ ਜਗਾਏ ਅਤੇ ਸਾਨੂੰ ਰਾਜ ਸੰਦੇਸ਼ ਦੇ ਨਾਲ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਕਰ ਸਕਦਾ ਹੈ। ਤਜਰਬੇ ਨੇ ਦਿਖਾਇਆ ਹੈ ਕਿ ਲੋਕਾਂ ਨੂੰ ਭਾਸ਼ਣ ਦੇਣ ਦੀ ਬਜਾਇ, ਉਨ੍ਹਾਂ ਨੂੰ ਇਕ ਦੋਸਤਾਨਾ ਅਤੇ ਨਿਰਉਚੇਚ ਵਾਰਤਾਲਾਪ ਵਿਚ ਲਗਾਉਣਾ ਕਿਤੇ ਹੀ ਜ਼ਿਆਦਾ ਪ੍ਰਭਾਵੀ ਹੁੰਦਾ ਹੈ।
2 ਇਕ ਦੋਸਤਾਨਾ ਵਾਰਤਾਲਾਪ ਕਿਵੇਂ ਆਰੰਭ ਕਰਨਾ: ਸਾਡਾ ਦੂਜਿਆਂ ਦੇ ਨਾਲ ਵਾਰਤਾਲਾਪ ਕਰ ਸਕਣ ਦਾ ਇਹ ਅਰਥ ਨਹੀਂ ਹੈ ਕਿ ਸਾਨੂੰ ਵਿਚਾਰਾਂ ਅਤੇ ਸ਼ਾਸਤਰਵਚਨਾਂ ਦੀ ਕੋਈ ਪ੍ਰਭਾਵਸ਼ਾਲੀ ਲੜੀ ਪੇਸ਼ ਕਰਨੀ ਪਵੇਗੀ। ਇਸ ਵਿਚ ਕੇਵਲ ਅਗਲੇ ਨੂੰ ਸਾਡੇ ਨਾਲ ਗੱਲਾਂ ਕਰਨ ਲਈ ਰਾਜ਼ੀ ਕਰਨਾ ਸ਼ਾਮਲ ਹੈ। ਮਿਸਾਲ ਵਜੋਂ, ਜਦੋਂ ਅਸੀਂ ਆਪਣੇ ਨਾਲ ਦੇ ਘਰ ਦੇ ਗੁਆਂਢੀ ਨਾਲ ਦੋਸਤਾਨਾ ਵਾਰਤਾਲਾਪ ਕਰਦੇ ਹਾਂ, ਤਾਂ ਉਹ ਕੱਟੜ ਨਹੀਂ ਬਲਕਿ ਨਿਰਉਚੇਚ ਹੁੰਦਾ ਹੈ। ਅਸੀਂ ਆਪਣੇ ਅਗਲੇ ਸ਼ਬਦਾਂ ਬਾਰੇ ਨਹੀਂ ਸੋਚ ਰਹੇ ਹੁੰਦੇ ਹਾਂ, ਪਰੰਤੂ ਉਸ ਦੇ ਪ੍ਰਗਟ ਕੀਤੇ ਗਏ ਵਿਚਾਰਾਂ ਦੇ ਪ੍ਰਤੀ ਸੁਭਾਵਕ ਤੌਰ ਤੇ ਪ੍ਰਤਿਕ੍ਰਿਆ ਦਿਖਾਉਂਦੇ ਹਾਂ। ਉਸ ਦੀਆਂ ਗੱਲਾਂ ਵਿਚ ਅਸਲੀ ਰੁਚੀ ਦਿਖਾਉਣਾ ਸ਼ਾਇਦ ਉਸ ਨੂੰ ਸਾਡੇ ਨਾਲ ਵਾਰਤਾਲਾਪ ਜਾਰੀ ਰੱਖਣ ਲਈ ਹੌਸਲਾ ਦੇਵੇ। ਇਹੋ ਹੀ ਗੱਲ ਦੂਜਿਆਂ ਨੂੰ ਗਵਾਹੀ ਦਿੰਦੇ ਸਮੇਂ ਸੱਚ ਹੋਣੀ ਚਾਹੀਦੀ ਹੈ।
3 ਅਪਰਾਧ, ਨੌਜਵਾਨਾਂ ਦੀਆਂ ਸਮੱਸਿਆਵਾਂ, ਸਥਾਨਕ ਵਾਦ-ਵਿਸ਼ੇ, ਸੰਸਾਰਕ ਹਾਲਾਤਾਂ, ਜਾਂ ਇੱਥੋਂ ਤਕ ਕਿ ਮੌਸਮ ਵਰਗੇ ਵਿਸ਼ਿਆਂ ਨੂੰ ਵੀ ਦੋਸਤਾਨਾ ਵਾਰਤਾਲਾਪ ਆਰੰਭ ਕਰਨ ਲਈ ਵਰਤਿਆ ਜਾ ਸਕਦਾ ਹੈ। ਲੋਕਾਂ ਦੇ ਜੀਵਨਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਵਾਲੇ ਵਿਸ਼ੇ ਉਨ੍ਹਾਂ ਦੀ ਰੁਚੀ ਜਗਾਉਣ ਵਿਚ ਬਹੁਤ ਪ੍ਰਭਾਵੀ ਹੁੰਦੇ ਹਨ। ਜਦ ਇਕ ਵਾਰੀ ਵਾਰਤਾਲਾਪ ਸ਼ੁਰੂ ਹੋ ਜਾਂਦਾ ਹੈ, ਅਸੀਂ ਇਸ ਨੂੰ ਸਹਿਜੇ ਹੀ ਰਾਜ ਸੰਦੇਸ਼ ਵੱਲ ਮੋੜ ਸਕਦੇ ਹਾਂ।
4 ਇਕ ਨਿਰਉਚੇਚ ਵਾਰਤਾਲਾਪ ਕਰਨ ਦਾ ਇਹ ਅਰਥ ਨਹੀਂ ਕਿ ਅਗਾਊਂ ਤਿਆਰੀ ਦੀ ਲੋੜ ਨਹੀਂ ਹੈ। ਇਸ ਦੀ ਲੋੜ ਹੈ। ਫਿਰ ਵੀ, ਇਕ ਕੱਟੜ ਰੂਪ-ਰੇਖਾ ਬਣਾਉਣ ਜਾਂ ਇਕ ਭਾਸ਼ਣ ਰਟਣ ਦੀ ਲੋੜ ਨਹੀਂ ਹੈ, ਜਿਸ ਦਾ ਸਿੱਟਾ ਇਕ ਅਜਿਹਾ ਵਾਰਤਾਲਾਪ ਹੋਵੇਗਾ ਜੋ ਮੌਜੂਦਾ ਹਾਲਾਤ ਅਨੁਸਾਰ ਨਾ ਪਰਿਵਰਤਣਸ਼ੀਲ ਹੁੰਦਾ ਹੈ ਅਤੇ ਨਾ ਹੀ ਅਨੁਕੂਲਣਯੋਗ। (ਤੁਲਨਾ ਕਰੋ 1 ਕੁਰਿੰਥੀਆਂ 9:20-23.) ਤਿਆਰੀ ਕਰਨ ਦਾ ਇਕ ਵਧੀਆ ਤਰੀਕਾ ਹੈ ਕਿ ਇਕ ਜਾਂ ਦੋ ਸ਼ਾਸਤਰ ਸੰਬੰਧੀ ਵਿਸ਼ਿਆਂ ਨੂੰ ਚੁਣਨਾ, ਇਸ ਲਕਸ਼ ਨਾਲ ਕਿ ਉਨ੍ਹਾਂ ਦੇ ਉੱਤੇ ਵਾਰਤਾਲਾਪ ਨੂੰ ਅਧਾਰਿਤ ਕਰਨਾ। ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਵਿਚ ਦਿੱਤੇ ਗਏ ਵਿਸ਼ਿਆਂ ਦਾ ਪੁਨਰ-ਵਿਚਾਰ ਕਰਨਾ ਇਸ ਪੱਖੋਂ ਸਹਾਇਕ ਸਾਬਤ ਹੋਵੇਗਾ।
5 ਦੋਸਤਾਨਾ ਵਾਰਤਾਲਾਪ ਦੇ ਲਈ ਜ਼ਰੂਰੀ ਗੁਣ: ਦੂਜਿਆਂ ਨਾਲ ਗੱਲਾਂ ਕਰਦੇ ਸਮੇਂ, ਸਾਨੂੰ ਨਿੱਘੇ
ਅਤੇ ਸੁਹਿਰਦ ਹੋਣਾ ਚਾਹੀਦਾ ਹੈ। ਇਕ ਮੁਸਕਾਨ ਅਤੇ ਇਕ ਹਸਮੁਖ ਚਿਹਰਾ ਇਨ੍ਹਾਂ ਗੁਣਾਂ ਨੂੰ ਪ੍ਰਤਿਬਿੰਬਤ ਕਰਨ ਵਿਚ ਮਦਦ ਕਰਦੇ ਹਨ। ਸਾਡੇ ਕੋਲ ਸੰਸਾਰ ਵਿਚ ਸਭ ਤੋਂ ਉੱਤਮ ਸੰਦੇਸ਼ ਹੈ; ਇਹ ਨੇਕਦਿਲ ਵਿਅਕਤੀਆਂ ਲਈ ਬਹੁਤ ਹੀ ਆਕਰਸ਼ਕ ਹੈ। ਜੇਕਰ ਉਹ ਮਹਿਸੂਸ ਕਰਨ ਕਿ ਉਨ੍ਹਾਂ ਵਿਚ ਸਾਡੀ ਰੁਚੀ ਉਨ੍ਹਾਂ ਦੇ ਨਾਲ ਕੁਝ ਖ਼ੁਸ਼ ਖ਼ਬਰੀ ਸਾਂਝਿਆਂ ਕਰਨ ਦੀ ਸੁਹਿਰਦ ਇੱਛਾ ਤੋਂ ਪ੍ਰੇਰਿਤ ਹੁੰਦੀ ਹੈ, ਤਾਂ ਉਹ ਸ਼ਾਇਦ ਸੁਣਨ ਲਈ ਉਤੇਜਿਤ ਹੋਣ।—2 ਕੁਰਿੰ. 2:17.
6 ਵਾਰਤਾਲਾਪ ਕਰਨਾ ਇਕ ਸੁਹਾਵਣਾ ਅਨੁਭਵ ਹੋਣਾ ਚਾਹੀਦਾ ਹੈ। ਇਸ ਲਈ, ਸਾਨੂੰ ਰਾਜ ਸੰਦੇਸ਼ ਪੇਸ਼ ਕਰਨ ਵਿਚ ਦਿਆਲੂ ਅਤੇ ਸੁਚੱਜੇ ਹੋਣਾ ਚਾਹੀਦਾ ਹੈ। (ਗਲਾ. 5:22; ਕੁਲੁ. 4:6) ਅਗਲੇ ਵਿਅਕਤੀ ਉੱਤੇ ਇਕ ਅਨੁਕੂਲ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ, ਭਾਵੇਂ ਅਸੀਂ ਸ਼ੁਰੂ ਵਿਚ ਉਸ ਦੇ ਦਿਲ ਤਕ ਪਹੁੰਚਣ ਵਿਚ ਸਫ਼ਲ ਨਾ ਵੀ ਹੋਈਏ, ਉਹ ਸ਼ਾਇਦ ਅਗਲੀ ਵਾਰੀ ਇਕ ਗਵਾਹ ਦੇ ਨਾਲ ਗੱਲਬਾਤ ਕਰਦੇ ਸਮੇਂ ਜ਼ਿਆਦਾ ਗ੍ਰਹਿਣਸ਼ੀਲ ਹੋਵੇ।
7 ਇਕ ਦੋਸਤਾਨਾ ਵਾਰਤਾਲਾਪ ਸ਼ੁਰੂ ਕਰਨਾ ਇਕ ਗੁੰਝਲਦਾਰ ਭਾਸ਼ਣ ਦੇਣ ਵਿਚ ਮਾਹਰ ਹੋਣ ਤੋਂ ਪਰਿਣਿਤ ਨਹੀਂ ਹੁੰਦਾ ਹੈ। ਇਹ ਕੇਵਲ ਇਕ ਅਜਿਹੇ ਵਿਸ਼ੇ ਵਿਚ ਰੁਚੀ ਜਗਾਉਣ ਦਾ ਮਾਮਲਾ ਹੈ ਜੋ ਇਕ ਵਿਅਕਤੀ ਨਾਲ ਸੰਬੰਧ ਰੱਖਦਾ ਹੈ। ਅਗਾਊਂ ਤਿਆਰੀ ਕਰ ਲੈਣ ਤੇ, ਅਸੀਂ ਲੋਕਾਂ ਨੂੰ ਦੋਸਤਾਨਾ ਵਾਰਤਾਲਾਪ ਵਿਚ ਰੁਝਾਉਣ ਲਈ ਤਿਆਰ ਹੋਵਾਂਗੇ। ਆਓ ਅਸੀਂ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਸਭ ਤੋਂ ਵਧੀਆ ਖ਼ਬਰ, ਅਥਵਾ ਸਦੀਪਕ ਰਾਜ ਬਰਕਤਾਂ ਦੀ ਖ਼ਬਰ ਸਾਂਝਿਆ ਕਰਨ ਦੇ ਦੁਆਰਾ ਉਨ੍ਹਾਂ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੀਏ।—2 ਪਤ. 3:13.