ਸਭਾਵਾਂ ਵਿਚ “ਹੋਰ ਵੀ ਜ਼ਿਆਦਾ” ਹਾਜ਼ਰ ਹੋਵੋ
1 ਆਪਸ ਵਿਚ ਇਕੱਠਾ ਹੋਣਾ ਹਮੇਸ਼ਾ ਹੀ ਯਹੋਵਾਹ ਦੇ ਲੋਕਾਂ ਲਈ ਅਤਿ-ਜ਼ਰੂਰੀ ਰਿਹਾ ਹੈ। ਸੱਚੀ ਉਪਾਸਨਾ, ਈਸ਼ਵਰੀ ਸਿੱਖਿਆ, ਅਤੇ ਆਨੰਦਮਈ ਸੰਗਤ ਦੇ ਕੇਂਦਰ ਵਜੋਂ ਇਸਰਾਏਲੀਆਂ ਕੋਲ ਹੈਕਲ ਅਤੇ ਆਪਣੇ ਸਭਾ-ਘਰ ਸਨ। ਇਸੇ ਤਰ੍ਹਾਂ, ਮੁਢਲੇ ਮਸੀਹੀਆਂ ਨੇ ਵੀ ਆਪਸ ਵਿਚ ਇਕੱਠੇ ਹੋਣਾ ਨਹੀਂ ਛੱਡਿਆ। ਜਿਉਂ-ਜਿਉਂ ਇਨ੍ਹਾਂ ਅੰਤ ਦੇ ਕਠਿਨ ਦਿਨਾਂ ਵਿਚ ਦਬਾਅ ਅਤੇ ਅਜ਼ਮਾਇਸ਼ਾਂ ਵਧਦੀਆਂ ਜਾਂਦੀਆਂ ਹਨ, ਸਾਨੂੰ ਵੀ ਉਸ ਅਧਿਆਤਮਿਕ ਮਜ਼ਬੂਤੀ ਦੀ ਲੋੜ ਹੈ ਜੋ ਅਸੀਂ ਆਪਣੀਆਂ ਕਲੀਸਿਯਾ ਸਭਾਵਾਂ ਤੋਂ ਹਾਸਲ ਕਰਦੇ ਹਾਂ—ਅਤੇ ਸਾਨੂੰ ਇਸ ਦੀ “ਹੋਰ ਵੀ ਜ਼ਿਆਦਾ” ਲੋੜ ਹੈ। (ਇਬ. 10:25, ਨਿ ਵ) ਤਿੰਨ ਕਾਰਨਾਂ ਉੱਤੇ ਗੌਰ ਕਰੋ ਕਿ ਅਸੀਂ ਸਭਾਵਾਂ ਵਿਚ ਕਿਉਂ ਹਾਜ਼ਰ ਹੁੰਦੇ ਹਾਂ।
2 ਸੰਗਤ ਲਈ: ਸ਼ਾਸਤਰ ਸਾਨੂੰ ‘ਇੱਕ ਦੂਏ ਨੂੰ ਤਸੱਲੀ ਦਿੰਦੇ ਅਤੇ ਇੱਕ ਦੂਏ ਦੀ ਉੱਨਤੀ ਕਰਦੇ’ ਰਹਿਣ ਦੀ ਤਾਕੀਦ ਕਰਦਾ ਹੈ। (1 ਥੱਸ. 5:11) ਈਸ਼ਵਰੀ ਸੰਗਤ ਸਾਡੇ ਮਨਾਂ ਨੂੰ ਚੰਗੇ ਵਿਚਾਰਾਂ ਨਾਲ ਭਰਦੀ ਹੈ ਅਤੇ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ। ਪਰ ਜੇਕਰ ਅਸੀਂ ਆਪਣੇ ਆਪ ਨੂੰ ਵੱਖਰਾ ਕਰਦੇ ਹਾਂ, ਤਾਂ ਸਾਡਾ ਝੁਕਾਅ ਮੂਰਖ, ਸੁਆਰਥੀ, ਜਾਂ ਇੱਥੋਂ ਤਕ ਕਿ ਅਨੈਤਿਕ ਵਿਚਾਰਾਂ ਵੱਲ ਹੋਵੇਗਾ।—ਕਹਾ. 18:1.
3 ਸਿੱਖਿਆ ਲਈ: ਮਸੀਹੀ ਸਭਾਵਾਂ ਲਗਾਤਾਰ ਬਾਈਬਲ ਸਿੱਖਿਆ ਦਾ ਪ੍ਰੋਗ੍ਰਾਮ ਪੇਸ਼ ਕਰਦੀਆਂ ਹਨ ਜੋ ਸਾਡੇ ਦਿਲਾਂ ਵਿਚ ਪਰਮੇਸ਼ੁਰ ਦੇ ਪ੍ਰੇਮ ਨੂੰ ਜੀਉਂਦਾ ਰੱਖਣ ਲਈ ਤਿਆਰ ਕੀਤਾ ਗਿਆ ਹੈ। ਉਹ “ਪਰਮੇਸ਼ੁਰ ਦੀ ਸਾਰੀ ਮੱਤ” ਨੂੰ ਅਮਲ ਵਿਚ ਲਿਆਉਣ ਲਈ ਵਿਵਹਾਰਕ ਮਾਰਗ-ਦਰਸ਼ਨ ਦਿੰਦੀਆਂ ਹਨ। (ਰਸੂ. 20:27) ਸਭਾਵਾਂ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਕਲਾ ਵਿਚ ਮਾਹਰ ਬਣਾਉਂਦੀਆਂ ਹਨ। ਅਜਿਹੀ ਮਹਾਰਤ ਦੀ ਸਾਨੂੰ ਹੁਣ ਹੋਰ ਵੀ ਜ਼ਿਆਦਾ ਲੋੜ ਹੈ ਤਾਂਕਿ ਅਸੀਂ ਬਾਈਬਲ ਸੱਚਾਈ ਨੂੰ ਸਵੀਕਾਰ ਕਰਨ ਵਾਲੇ ਲੋਕਾਂ ਦੀ ਭਾਲ ਕਰਨ ਅਤੇ ਮਦਦ ਕਰਨ ਵਿਚ ਬੇਹੱਦ ਖ਼ੁਸ਼ੀ ਅਨੁਭਵ ਕਰ ਸਕੀਏ।
4 ਸੁਰੱਖਿਆ ਲਈ: ਇਸ ਦੁਸ਼ਟ ਸੰਸਾਰ ਵਿਚ, ਕਲੀਸਿਯਾ ਸੱਚ-ਮੁੱਚ ਇਕ ਅਧਿਆਤਮਿਕ ਪਨਾਹ ਹੈ—ਸ਼ਾਂਤੀ ਅਤੇ ਪ੍ਰੇਮ ਦਾ ਸ਼ਰਨ-ਸਥਾਨ। ਜਦੋਂ ਅਸੀਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਉੱਤੇ ਜ਼ਬਰਦਸਤ ਪ੍ਰਭਾਵ ਪਾਉਂਦੀ ਹੈ, ਅਤੇ ਸਾਡੇ ਵਿਚ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਦੇ ਫਲ ਪੈਦਾ ਕਰਦੀ ਹੈ। (ਗਲਾ. 5:22, 23) ਸਭਾਵਾਂ ਸਾਨੂੰ ਨਿਹਚਾ ਵਿਚ ਦ੍ਰਿੜ੍ਹ ਅਤੇ ਤਕੜੇ ਹੋਣ ਲਈ ਬਲ ਦਿੰਦੀਆਂ ਹਨ। ਉਹ ਸਾਨੂੰ ਭਾਵੀ ਅਜ਼ਮਾਇਸ਼ਾਂ ਲਈ ਤਿਆਰ ਰਹਿਣ ਲਈ ਲੈਸ ਕਰਦੀਆਂ ਹਨ।
5 ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਨਾਲ, ਅਸੀਂ ਉਸ ਗੱਲ ਦਾ ਅਨੁਭਵ ਕਰਦੇ ਹਾਂ ਜਿਸ ਦਾ ਵਰਣਨ ਜ਼ਬੂਰਾਂ ਦੇ ਲਿਖਾਰੀ ਨੇ ਜ਼ਬੂਰ 133:1, 3 ਵਿਚ ਕੀਤਾ ਸੀ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” ਅੱਜ ਪਰਮੇਸ਼ੁਰ ਦੇ ਲੋਕ ਜਿੱਥੇ ਕਿਤੇ ਵੀ ਸੇਵਾ ਕਰਦੇ ਹਨ ਅਤੇ ਇਕੱਠੇ ਹੁੰਦੇ ਹਨ, “ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।” (ਟੇਢੇ ਟਾਈਪ ਸਾਡੇ।)