ਅਗਵਾਈ ਕਰਨ ਵਾਲੇ ਨਿਗਾਹਬਾਨ—ਸੈਕਟਰੀ
1 ਕਲੀਸਿਯਾ ਦਾ ਸੈਕਟਰੀ ਇਹ ਨਿਸ਼ਚਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਕਲੀਸਿਯਾ ਦੀ ਸੇਵਾ ਸਮਿਤੀ ਦਾ ਮੈਂਬਰ ਹੋਣ ਦੇ ਨਾਤੇ, ਉਹ ਕਲੀਸਿਯਾ ਦੇ ਪੱਤਰ-ਵਿਹਾਰ ਅਤੇ ਅਹਿਮ ਰਿਕਾਰਡਾਂ ਦੀ ਦੇਖ-ਭਾਲ ਕਰਦਾ ਹੈ। ਹਾਲਾਂਕਿ ਦੂਜੇ ਬਜ਼ੁਰਗਾਂ ਦੀ ਤੁਲਨਾ ਵਿਚ ਸੈਕਟਰੀ ਦੇ ਕੰਮ ਇੰਨੀ ਆਸਾਨੀ ਨਾਲ ਸਾਰਿਆਂ ਨੂੰ ਨਜ਼ਰ ਨਾ ਆਉਣ, ਪਰ ਉਸ ਦੀਆਂ ਸੇਵਾਵਾਂ ਬਹੁਤ ਜ਼ਰੂਰੀ ਹਨ ਅਤੇ ਅਸੀਂ ਇਨ੍ਹਾਂ ਦੀ ਵੱਡੀ ਕਦਰ ਕਰਦੇ ਹਾਂ।
2 ਜਦੋਂ ਸੋਸਾਇਟੀ ਵੱਲੋਂ ਜਾਂ ਹੋਰ ਕਿਸੇ ਵੱਲੋਂ ਚਿੱਠੀ ਆਉਂਦੀ ਹੈ, ਤਾਂ ਸੈਕਟਰੀ ਇਸ ਨੂੰ ਸੰਭਾਲਦਾ ਹੈ ਅਤੇ ਧਿਆਨ ਰੱਖਦਾ ਹੈ ਕਿ ਲੋੜ ਅਨੁਸਾਰ ਇਸ ਦਾ ਜਵਾਬ ਦਿੱਤਾ ਜਾਵੇ। ਉਹ ਨਿਸ਼ਚਿਤ ਕਰਦਾ ਹੈ ਕਿ ਮਿਲੀਆਂ ਚਿੱਠੀਆਂ ਸਾਰੇ ਬਜ਼ੁਰਗਾਂ ਨੂੰ ਪੜ੍ਹਨ ਲਈ ਦਿੱਤੀਆਂ ਜਾਣ ਅਤੇ ਫਿਰ ਉਹ ਇਨ੍ਹਾਂ ਨੂੰ ਭਵਿੱਖ ਵਿਚ ਮਸ਼ਵਰੇ ਲਈ ਫ਼ਾਈਲ ਕਰਦਾ ਹੈ। ਉਹ ਰਸਾਲਿਆਂ ਅਤੇ ਸਾਹਿੱਤ ਦੇ ਦਰਖ਼ਾਸਤ ਫਾਰਮਾਂ ਦੀ ਜਾਂਚ ਕਰ ਕੇ ਇਨ੍ਹਾਂ ਨੂੰ ਸੋਸਾਇਟੀ ਨੂੰ ਭੇਜਦਾ ਹੈ। ਉਹ ਹਿਸਾਬ-ਕਿਤਾਬ ਅਤੇ ਸਬਸਕ੍ਰਿਪਸ਼ਨ ਦਾ ਕੰਮ ਸੰਭਾਲਣ ਵਾਲੇ ਭਰਾਵਾਂ ਉੱਤੇ, ਨਾਲੇ ਸਾਰੇ ਮਹਾਂ-ਸੰਮੇਲਨ ਸੰਬੰਧੀ ਮਾਮਲਿਆਂ ਉੱਤੇ ਸਿੱਧੇ ਤੌਰ ਤੇ ਨਿਗਰਾਨੀ ਰੱਖਦਾ ਹੈ।
3 ਕਿਉਂਕਿ ਸੈਕਟਰੀ ਨੇ ਸੋਸਾਇਟੀ ਨੂੰ ਕਲੀਸਿਯਾ ਦੀ ਮਾਸਿਕ ਖੇਤਰ ਸੇਵਾ ਰਿਪੋਰਟ ਮਹੀਨੇ ਦੀ ਛੇ ਤਾਰੀਖ਼ ਤਕ ਭੇਜਣੀ ਹੁੰਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਖੇਤਰ ਸੇਵਾ ਰਿਪੋਰਟ ਹਰ ਮਹੀਨੇ ਦੇ ਅਖ਼ੀਰ ਵਿਚ ਸਮੇਂ ਸਿਰ ਦੇਈਏ। ਉਹ ਫਿਰ ਇਨ੍ਹਾਂ ਰਿਪੋਰਟਾਂ ਨੂੰ ਕਲੀਸਿਯਾ ਦੇ ਪ੍ਰਕਾਸ਼ਕ ਰਿਕਾਰਡ ਕਾਰਡ ਉੱਤੇ ਦਰਜ ਕਰਦਾ ਹੈ। ਕੋਈ ਵੀ ਪ੍ਰਕਾਸ਼ਕ ਆਪਣੀ ਸੇਵਕਾਈ ਦਾ ਨਿੱਜੀ ਰਿਕਾਰਡ ਦੇਖਣ ਦੀ ਫਰਮਾਇਸ਼ ਕਰ ਸਕਦਾ ਹੈ।
4 ਜਦੋਂ ਕੋਈ ਪ੍ਰਕਾਸ਼ਕ ਨਵੀਂ ਕਲੀਸਿਯਾ ਵਿਚ ਜਾਂਦਾ ਹੈ, ਤਾਂ ਸੈਕਟਰੀ ਉਸ ਕਲੀਸਿਯਾ ਦੇ ਬਜ਼ੁਰਗਾਂ ਨੂੰ ਉਸ ਪ੍ਰਕਾਸ਼ਕ ਦੇ ਰਿਕਾਰਡ ਕਾਰਡ ਸਮੇਤ ਇਕ ਜਾਣ-ਪਛਾਣ ਪੱਤਰ ਭੇਜਦਾ ਹੈ। ਅਤੇ ਜਦੋਂ ਕੋਈ ਪ੍ਰਕਾਸ਼ਕ ਦੂਸਰੀ ਕਲੀਸਿਯਾ ਤੋਂ ਆਉਂਦਾ ਹੈ, ਤਾਂ ਸੈਕਟਰੀ ਉਸ ਕਲੀਸਿਯਾ ਤੋਂ ਉਸ ਪ੍ਰਕਾਸ਼ਕ ਦਾ ਰਿਕਾਰਡ ਕਾਰਡ ਅਤੇ ਜਾਣ-ਪਛਾਣ ਪੱਤਰ ਮੰਗਵਾਉਂਦਾ ਹੈ।—ਆਪਣੀ ਸੇਵਕਾਈ (ਅੰਗ੍ਰੇਜ਼ੀ), ਸਫ਼ੇ 104-5.
5 ਸੈਕਟਰੀ ਪਾਇਨੀਅਰਾਂ ਦੀ ਖੇਤਰ ਸੇਵਕਾਈ ਉੱਤੇ ਧਿਆਨ ਰੱਖਦਾ ਹੈ, ਅਤੇ ਜੇਕਰ ਪਾਇਨੀਅਰ ਕਿਸੇ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹਨ ਤਾਂ ਉਹ ਬਜ਼ੁਰਗਾਂ ਨੂੰ, ਅਤੇ ਖ਼ਾਸ ਕਰਕੇ ਸੇਵਾ ਨਿਗਾਹਬਾਨ ਨੂੰ ਇਸ ਬਾਰੇ ਸੂਚਿਤ ਕਰਦਾ ਹੈ। ਉਹ ਕਲੀਸਿਯਾ ਪੁਸਤਕ ਅਧਿਐਨ ਦੇ ਸੰਚਾਲਕਾਂ ਨੂੰ ਅਨਿਯਮਿਤ ਪ੍ਰਕਾਸ਼ਕਾਂ ਬਾਰੇ ਦੱਸਦਾ ਹੈ। ਸੈਕਟਰੀ ਅਤੇ ਸੇਵਾ ਨਿਗਾਹਬਾਨ ਦੋਨੋਂ ਮਿਲ ਕੇ ਨਿਸ਼ਕ੍ਰਿਆ ਪ੍ਰਕਾਸ਼ਕਾਂ ਨੂੰ ਮਦਦ ਦੇਣ ਦੇ ਪ੍ਰਬੰਧ ਕਰਨ ਵਿਚ ਅਗਵਾਈ ਲੈਂਦੇ ਹਨ।—ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਦਸੰਬਰ 1987, ਸਫ਼ਾ 1.
6 ਸੈਕਟਰੀ ਦੀਆਂ ਜ਼ਿੰਮੇਵਾਰੀਆਂ ਬਾਰੇ ਬਿਹਤਰ ਸਮਝ ਪ੍ਰਾਪਤ ਕਰਨ ਮਗਰੋਂ, ਆਓ ਅਸੀਂ ਸੈਕਟਰੀ ਲਈ ਉਸ ਦੀ ਮੁਖ਼ਤਿਆਰੀ ਦੇ ਕੰਮ ਨੂੰ ਹੋਰ ਆਸਾਨ ਬਣਾਉਣ ਲਈ ਆਪਣੀ ਤਰਫ਼ੋਂ ਪੂਰੀ ਕੋਸ਼ਿਸ਼ ਕਰੀਏ।—1 ਕੁਰਿੰ. 4:2.