ਕੀ ਤੁਸੀਂ ਸਹੀ ਰਿਪੋਰਟ ਤਿਆਰ ਕਰਨ ਵਿਚ ਮਦਦ ਕਰਦੇ ਹੋ?
1 ਬਾਈਬਲ ਦੇ ਕਈ ਬਿਰਤਾਂਤਾਂ ਵਿਚ ਅੰਕੜੇ ਦਿੱਤੇ ਗਏ ਹਨ ਜੋ ਸਾਡੀ ਉਨ੍ਹਾਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਵਿਚ ਮਦਦ ਕਰਦੇ ਹਨ। ਮਿਸਾਲ ਲਈ, ਗਿਦਾਊਨ ਨੇ ਸਿਰਫ਼ 300 ਮਨੁੱਖਾਂ ਨਾਲ ਮਿਦਯਾਨੀਆਂ ਦੀ ਫ਼ੌਜ ਨੂੰ ਹਰਾ ਦਿੱਤਾ ਸੀ। (ਨਿਆ. 7:7) ਯਹੋਵਾਹ ਦੇ ਦੂਤ ਨੇ 1,85,000 ਅੱਸ਼ੂਰੀ ਫ਼ੌਜੀਆਂ ਨੂੰ ਮਾਰ ਮੁਕਾਇਆ ਸੀ। (2 ਰਾਜਿ. 19:35) 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਤੇ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ ਅਤੇ ਥੋੜ੍ਹੇ ਹੀ ਸਮੇਂ ਬਾਅਦ ਨਿਹਚਾਵਾਨਾਂ ਦੀ ਗਿਣਤੀ ਵੱਧ ਕੇ ਲਗਭਗ 5,000 ਹੋ ਗਈ ਸੀ। (ਰਸੂ. 2:41; 4:4) ਇਨ੍ਹਾਂ ਬਿਰਤਾਂਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕ ਬੜੀ ਮਿਹਨਤ ਨਾਲ ਸਹੀ ਅਤੇ ਮੁਕੰਮਲ ਰਿਕਾਰਡ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਸਨ।
2 ਅੱਜ ਯਹੋਵਾਹ ਦਾ ਸੰਗਠਨ ਸਾਨੂੰ ਹਿਦਾਇਤ ਦਿੰਦਾ ਹੈ ਕਿ ਅਸੀਂ ਹਰ ਮਹੀਨੇ ਆਪਣੇ ਪ੍ਰਚਾਰ ਦੇ ਕੰਮ ਦੀ ਰਿਪੋਰਟ ਦੇਈਏ। ਵਫ਼ਾਦਾਰੀ ਨਾਲ ਇਸ ਹਿਦਾਇਤ ਨੂੰ ਮੰਨਣ ਨਾਲ ਅਸੀਂ ਉਨ੍ਹਾਂ ਭਰਾਵਾਂ ਦੀ ਮਦਦ ਕਰਦੇ ਹਾਂ ਜੋ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੇ ਹਨ। ਰਿਪੋਰਟਾਂ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਪ੍ਰਚਾਰ ਦੇ ਕਿਹੜੇ ਪਹਿਲੂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਾਂ ਕਿੱਥੇ-ਕਿੱਥੇ ਹੋਰ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ। ਕਲੀਸਿਯਾ ਵਿਚ ਬਜ਼ੁਰਗ ਪ੍ਰਚਾਰ ਦੀਆਂ ਰਿਪੋਰਟਾਂ ਤੋਂ ਦੇਖ ਸਕਦੇ ਹਨ ਕਿ ਕਿਹੜੇ ਭੈਣ-ਭਰਾ ਹੋਰ ਜ਼ਿਆਦਾ ਮਿਹਨਤ ਕਰ ਸਕਦੇ ਹਨ ਜਾਂ ਕਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ। ਰਾਜ ਦੇ ਪ੍ਰਚਾਰ ਦੇ ਕੰਮ ਦੀ ਤਰੱਕੀ ਬਾਰੇ ਰਿਪੋਰਟਾਂ ਪੜ੍ਹ ਕੇ ਦੁਨੀਆਂ ਭਰ ਵਿਚ ਸਾਡੇ ਮਸੀਹੀ ਭਰਾਵਾਂ ਨੂੰ ਉਤਸ਼ਾਹ ਮਿਲਦਾ ਹੈ। ਕੀ ਤੁਸੀਂ ਸਹੀ ਰਿਪੋਰਟ ਤਿਆਰ ਕਰਨ ਵਿਚ ਮਦਦ ਕਰ ਰਹੇ ਹੋ?
3 ਤੁਹਾਡੀ ਆਪਣੀ ਜ਼ਿੰਮੇਵਾਰੀ: ਕੀ ਤੁਹਾਨੂੰ ਮਹੀਨੇ ਦੇ ਅਖ਼ੀਰ ਵਿਚ ਇਹ ਚੇਤੇ ਕਰਨਾ ਔਖਾ ਲੱਗਦਾ ਹੈ ਕਿ ਤੁਸੀਂ ਪ੍ਰਚਾਰ ਦੇ ਕੰਮ ਵਿਚ ਕਿੰਨੇ ਘੰਟੇ ਬਿਤਾਏ ਸਨ? ਜੇ ਹਾਂ, ਤਾਂ ਹਰ ਵਾਰ ਪ੍ਰਚਾਰ ਕਰਨ ਮਗਰੋਂ ਇਹ ਲਿਖ ਲਓ ਕਿ ਤੁਸੀਂ ਕਿੰਨਾ ਸਮਾਂ ਪ੍ਰਚਾਰ ਕੀਤਾ ਹੈ। ਕੁਝ ਭੈਣ-ਭਰਾ ਕਲੰਡਰ ਉੱਤੇ ਜਾਂ ਡਾਇਰੀ ਵਿਚ ਇਸ ਦਾ ਰਿਕਾਰਡ ਰੱਖਦੇ ਹਨ। ਦੂਸਰੇ ਭੈਣ-ਭਰਾ ਹਮੇਸ਼ਾ ਆਪਣੇ ਨਾਲ ਖੇਤਰ ਸੇਵਾ ਰਿਪੋਰਟ ਪਰਚੀ ਰੱਖਦੇ ਹਨ ਅਤੇ ਇਸ ਨੂੰ ਨਿਯਮਿਤ ਤੌਰ ਤੇ ਭਰਦੇ ਹਨ। ਮਹੀਨੇ ਦੇ ਅਖ਼ੀਰ ਵਿਚ ਆਪਣੀ ਰਿਪੋਰਟ ਤੁਰੰਤ ਆਪਣੇ ਪੁਸਤਕ ਅਧਿਐਨ ਨਿਗਾਹਬਾਨ ਨੂੰ ਦੇ ਦਿਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਆਪਣੀ ਰਿਪੋਰਟ ਕਿੰਗਡਮ ਹਾਲ ਵਿਚ ਰਿਪੋਰਟਾਂ ਇਕੱਠੀਆਂ ਕਰਨ ਲਈ ਰੱਖੀ ਗਈ ਡੱਬੀ ਵਿਚ ਵੀ ਪਾ ਸਕਦੇ ਹੋ। ਜੇ ਤੁਸੀਂ ਆਪਣੀ ਰਿਪੋਰਟ ਦੇਣੀ ਭੁੱਲ ਜਾਂਦੇ ਹੋ, ਤਾਂ ਫ਼ੌਰਨ ਆਪਣੇ ਪੁਸਤਕ ਅਧਿਐਨ ਨਿਗਾਹਬਾਨ ਨਾਲ ਸੰਪਰਕ ਕਰੋ, ਇਸ ਦੀ ਬਜਾਇ ਕਿ ਉਸ ਨੂੰ ਤੁਹਾਡੇ ਕੋਲ ਆ ਕੇ ਰਿਪੋਰਟ ਮੰਗਣੀ ਪਵੇ। ਤੁਸੀਂ ਸਮੇਂ ਸਿਰ ਰਿਪੋਰਟ ਦੇ ਕੇ ਯਹੋਵਾਹ ਦੇ ਪ੍ਰਬੰਧ ਲਈ ਆਦਰ ਅਤੇ ਉਨ੍ਹਾਂ ਭਰਾਵਾਂ ਲਈ ਪਿਆਰ ਤੇ ਕਦਰ ਦਿਖਾਉਂਦੇ ਹੋ ਜਿਨ੍ਹਾਂ ਨੂੰ ਰਿਪੋਰਟਾਂ ਇਕੱਠੀਆਂ ਕਰਨ ਅਤੇ ਉਨ੍ਹਾਂ ਦਾ ਕੁੱਲ ਜੋੜ ਕਰਨ ਦਾ ਕੰਮ ਸੌਂਪਿਆ ਗਿਆ ਹੈ।—ਲੂਕਾ 16:10.
4 ਪੁਸਤਕ ਅਧਿਐਨ ਨਿਗਾਹਬਾਨ ਦੀ ਭੂਮਿਕਾ: ਇਕ ਚੌਕਸ ਤੇ ਪ੍ਰੇਮਪੂਰਣ ਚਰਵਾਹਾ ਹੋਣ ਦੇ ਨਾਤੇ, ਪੁਸਤਕ ਅਧਿਐਨ ਨਿਗਾਹਬਾਨ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਮਹੀਨੇ ਦੌਰਾਨ ਉਸ ਦੇ ਗਰੁੱਪ ਦੇ ਸਾਰੇ ਮੈਂਬਰ ਪ੍ਰਚਾਰ ਦੇ ਕੰਮ ਵਿਚ ਕਿੰਨਾ ਕੁ ਹਿੱਸਾ ਲੈ ਰਹੇ ਹਨ। (ਕਹਾ. 27:23) ਉਸ ਨੂੰ ਪੂਰੀ ਖ਼ਬਰ ਰਹਿੰਦੀ ਹੈ ਕਿ ਹਰ ਪ੍ਰਕਾਸ਼ਕ ਪ੍ਰਚਾਰ ਦੇ ਕੰਮ ਵਿਚ ਨਿਯਮਿਤ ਤੌਰ ਤੇ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈ ਰਿਹਾ ਹੈ ਜਾਂ ਨਹੀਂ। ਜੇ ਕਿਸੇ ਪ੍ਰਕਾਸ਼ਕ ਨੇ ਪੂਰੇ ਮਹੀਨੇ ਦੌਰਾਨ ਬਿਲਕੁਲ ਪ੍ਰਚਾਰ ਨਹੀਂ ਕੀਤਾ, ਤਾਂ ਨਿਗਾਹਬਾਨ ਤੁਰੰਤ ਉਸ ਦੀ ਮਦਦ ਕਰੇਗਾ। ਅਕਸਰ ਇਨ੍ਹਾਂ ਭੈਣ-ਭਰਾਵਾਂ ਨੂੰ ਥੋੜ੍ਹੀ-ਬਹੁਤ ਹੌਸਲਾ-ਅਫ਼ਜ਼ਾਈ ਦੇਣੀ ਜਾਂ ਕੁਝ ਚੰਗੇ ਸੁਝਾਅ ਦੇਣੇ ਹੀ ਕਾਫ਼ੀ ਹੁੰਦਾ ਹੈ। ਜਾਂ ਨਿਗਾਹਬਾਨ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ਦੇ ਕੰਮ ਵਿਚ ਜਾਣ ਦਾ ਸੱਦਾ ਦੇ ਸਕਦਾ ਹੈ।
5 ਮਹੀਨੇ ਦੇ ਅਖ਼ੀਰ ਵਿਚ ਪੁਸਤਕ ਅਧਿਐਨ ਨਿਗਾਹਬਾਨ ਇਹ ਨਿਸ਼ਚਿਤ ਕਰਦਾ ਹੈ ਕਿ ਉਸ ਦੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਆਪਣੀਆਂ ਰਿਪੋਰਟਾਂ ਦੇ ਦਿੱਤੀਆਂ ਹਨ। ਇਸ ਤਰ੍ਹਾਂ, ਸੈਕਟਰੀ ਕਲੀਸਿਯਾ ਦੀ ਇਕ ਸਹੀ ਰਿਪੋਰਟ ਤਿਆਰ ਕਰ ਕੇ ਅਗਲੇ ਮਹੀਨੇ ਦੀ ਛੇ ਤਾਰੀਖ਼ ਤਕ ਸ਼ਾਖ਼ਾ ਦਫ਼ਤਰ ਨੂੰ ਭੇਜ ਸਕੇਗਾ। ਮਹੀਨੇ ਦੇ ਅਖ਼ੀਰ ਵਿਚ ਨਿਗਾਹਬਾਨ ਆਪਣੇ ਗਰੁੱਪ ਦੇ ਸਾਰੇ ਭੈਣ-ਭਰਾਵਾਂ ਨੂੰ ਆਪਣੀਆਂ-ਆਪਣੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾ ਸਕਦਾ ਹੈ। ਉਹ ਰਿਪੋਰਟ ਪਰਚੀਆਂ ਲਿਆ ਕੇ ਪੁਸਤਕ ਅਧਿਐਨ ਵਾਲੀ ਥਾਂ ਤੇ ਰੱਖ ਸਕਦਾ ਹੈ। ਜੇ ਕੁਝ ਭੈਣ-ਭਰਾ ਅਕਸਰ ਪ੍ਰਚਾਰ ਦੇ ਕੰਮ ਦੀ ਰਿਪੋਰਟ ਦੇਣੀ ਭੁੱਲ ਜਾਂਦੇ ਹਨ, ਤਾਂ ਨਿਗਾਹਬਾਨ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਚੇਤੇ ਕਰਾ ਸਕਦਾ ਹੈ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਰਿਪੋਰਟ ਦੇਣ ਦੀ ਪ੍ਰੇਰਣਾ ਦੇ ਸਕਦਾ ਹੈ।
6 ਜੇ ਅਸੀਂ ਆਪਣੀ ਰਿਪੋਰਟ ਸਮੇਂ ਸਿਰ ਦਿੰਦੇ ਹਾਂ, ਤਾਂ ਇਹ ਦੁਨੀਆਂ ਭਰ ਵਿਚ ਕੀਤੇ ਗਏ ਪ੍ਰਚਾਰ ਦੇ ਕੰਮ ਦੀ ਸਹੀ-ਸਹੀ ਰਿਪੋਰਟ ਤਿਆਰ ਕਰਨ ਵਿਚ ਮਦਦ ਕਰੇਗਾ। ਕੀ ਤੁਸੀਂ ਹਰ ਮਹੀਨੇ ਸਮੇਂ ਸਿਰ ਆਪਣੀ ਰਿਪੋਰਟ ਦੇ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰੋਗੇ?