ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਭੈਣ-ਭਰਾਵਾਂ ਵਿਚ ਦਿਲਚਸਪੀ ਕਿੱਦਾਂ ਲੈਂਦੇ ਹਨ
1 ਕਲੀਸਿਯਾ ਪੁਸਤਕ ਅਧਿਐਨ ਦਾ ਪ੍ਰਬੰਧ ਇਸ ਲਈ ਕੀਤਾ ਗਿਆ ਹੈ ਤਾਂਕਿ “ਹਰੇਕ ਭੈਣ-ਭਰਾ ਦੀ ਅਧਿਆਤਮਿਕ ਤਰੱਕੀ ਵੱਲ ਨਿੱਜੀ ਤੌਰ ਤੇ ਧਿਆਨ ਦਿੱਤਾ ਜਾ ਸਕੇ। . . . ਇਹ ਯਹੋਵਾਹ ਦੇ ਪਿਆਰ, ਦਇਆ ਅਤੇ ਚਿੰਤਾ ਦਾ ਸਬੂਤ ਹੈ।” (om ਸਫ਼ਾ 75; ਯਸਾ. 40:11) ਖ਼ਾਸਕਰ ਪੁਸਤਕ ਅਧਿਐਨ ਨਿਗਾਹਬਾਨ ਭੈਣਾਂ-ਭਰਾਵਾਂ ਲਈ ਅਜਿਹੀ ਨਿੱਜੀ ਪਰਵਾਹ ਦਿਖਾ ਸਕਦੇ ਹਨ।
2 ਪੁਸਤਕ ਅਧਿਐਨ ਦੇ ਸਮੇਂ: ਪੁਸਤਕ ਅਧਿਐਨ ਗਰੁੱਪਾਂ ਨੂੰ ਜਾਣ-ਬੁੱਝ ਕੇ ਛੋਟਾ ਰੱਖਿਆ ਜਾਂਦਾ ਹੈ, ਤਾਂਕਿ ਪੁਸਤਕ ਅਧਿਐਨ ਨਿਗਾਹਬਾਨ ਆਪਣੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਚੰਗੀ ਤਰ੍ਹਾਂ ਜਾਣ ਸਕੇ। (ਕਹਾ. 27:23) ਆਮ ਤੌਰ ਤੇ, ਹਰ ਹਫ਼ਤੇ ਅਧਿਐਨ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਉਸ ਨੂੰ ਸਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਇਕ ਮਹੀਨੇ ਵਿਚ ਉਹ ਸ਼ਾਇਦ ਆਪਣੇ ਗਰੁੱਪ ਦੇ ਤਕਰੀਬਨ ਸਾਰੇ ਭੈਣ-ਭਰਾਵਾਂ ਨਾਲ ਗੱਲਬਾਤ ਕਰ ਸਕੇ। ਇਸ ਤਰ੍ਹਾਂ ਕਰਨ ਨਾਲ ਉਸ ਦੀ ਆਪਣੇ ਗਰੁੱਪ ਦੇ ਭੈਣ-ਭਰਾਵਾਂ ਨਾਲ ਦੋਸਤੀ ਪੈਦਾ ਹੋਵੇਗੀ। ਫਿਰ ਜਦੋਂ ਭੈਣ-ਭਰਾ ਅਜ਼ਮਾਇਸ਼ਾਂ ਜਾਂ ਨਿਰਾਸ਼ਾ ਦਾ ਸਾਮ੍ਹਣਾ ਕਰਨਗੇ, ਤਾਂ ਉਹ ਬੇਝਿਜਕ ਹੋ ਕੇ ਉਸ ਦੀ ਮਦਦ ਭਾਲ ਸਕਣਗੇ।—ਯਸਾ. 32:2.
3 ਪੁਸਤਕ ਅਧਿਐਨ ਨਿਗਾਹਬਾਨ ਸਟੱਡੀ ਦੌਰਾਨ ਸਾਰਿਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕੋਮਲਤਾ ਅਤੇ ਪਿਆਰ ਨਾਲ ਸਟੱਡੀ ਕਰਾਉਣ ਨਾਲ ਇਵੇਂ ਕਰ ਸਕਦਾ ਹੈ। (1 ਥੱਸ. 2:7, 8) ਉਹ ਸਾਰਿਆਂ ਨੂੰ, ਇੱਥੋਂ ਤਕ ਕਿ ਬੱਚਿਆਂ ਨੂੰ ਵੀ ਸਟੱਡੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਕੁਝ ਭੈਣ-ਭਰਾ ਜਵਾਬ ਦੇਣ ਤੋਂ ਸੰਗਦੇ ਹਨ, ਤਾਂ ਉਹ ਉਨ੍ਹਾਂ ਦੀ ਨਿੱਜੀ ਤੌਰ ਤੇ ਮਦਦ ਕਰ ਸਕਦਾ ਹੈ। ਉਹ ਬਾਈਬਲ ਦੀ ਇਕ ਆਇਤ ਪੜ੍ਹਨ ਜਾਂ ਕਿਸੇ ਪੈਰੇ ਉੱਤੇ ਟਿੱਪਣੀ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਸਕਦਾ ਹੈ। ਜਾਂ ਉਹ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਸਿਖਾ ਸਕਦਾ ਹੈ।
4 ਜੇ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਕਰਨ ਵਾਲਾ ਭਰਾ ਇਕ ਸਹਾਇਕ ਸੇਵਕ ਹੈ, ਤਾਂ ਨਿਗਾਹਬਾਨ ਦੋ ਮਹੀਨਿਆਂ ਵਿਚ ਇਕ ਵਾਰ ਉਸ ਨੂੰ ਸਟੱਡੀ ਕਰਾਉਣ ਦਾ ਮੌਕਾ ਦੇਵੇਗਾ। ਇਸ ਤਰੀਕੇ ਨਾਲ ਨਿਗਾਹਬਾਨ ਦੇਖ ਸਕੇਗਾ ਕਿ ਉਹ ਸਹਾਇਕ ਭਰਾ ਕਿੱਦਾਂ ਸਟੱਡੀ ਕਰਾਉਂਦਾ ਹੈ ਅਤੇ ਲੋੜ ਪੈਣ ਤੇ ਉਸ ਨੂੰ ਚੰਗੇ ਸੁਝਾਅ ਵੀ ਦੇ ਸਕੇਗਾ। ਭਰਾਵਾਂ ਨੂੰ ਚੰਗੇ ਸਿੱਖਿਅਕ ਬਣਨ ਵਿਚ ਮਦਦ ਦੇਣ ਦਾ ਇਹ ਕਿੰਨਾ ਹੀ ਵਧੀਆ ਪ੍ਰਬੰਧ ਹੈ!—ਤੀਤੁ. 1:9.
5 ਪ੍ਰਚਾਰ ਦੇ ਕੰਮ ਵਿਚ: ਪੁਸਤਕ ਅਧਿਐਨ ਨਿਗਾਹਬਾਨ ਦੀ ਇਕ ਮੁੱਖ ਜ਼ਿੰਮੇਵਾਰੀ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈਣੀ ਹੈ। (ਗਿਣ. 27:16, 17) ਉਹ ਗਰੁੱਪ ਲਈ ਪ੍ਰਚਾਰ ਦੇ ਕੰਮ ਵਿਚ ਜਾਣ ਦੇ ਢੁਕਵੇਂ ਪ੍ਰਬੰਧ ਕਰਦਾ ਹੈ ਅਤੇ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਸੇਵਕਾਈ ਵਿਚ ਖ਼ੁਸ਼ੀ ਹਾਸਲ ਕਰਨ। (ਅਫ਼. 4:11, 12) ਇਸ ਤਰ੍ਹਾਂ ਕਰਨ ਲਈ ਉਹ ਆਪਣੇ ਗਰੁੱਪ ਦੇ ਹਰ ਇਕ ਮੈਂਬਰ ਨਾਲ ਸੇਵਕਾਈ ਵਿਚ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਕੋਈ ਭੈਣ ਜਾਂ ਭਰਾ ਆਪਣੀ ਸੇਵਕਾਈ ਦੇ ਕਿਸੇ ਪਹਿਲੂ ਵਿਚ ਸੁਧਾਰ ਕਰਨਾ ਚਾਹੁੰਦਾ ਹੈ, ਤਾਂ ਪੁਸਤਕ ਅਧਿਐਨ ਨਿਗਾਹਬਾਨ ਸੇਵਾ ਨਿਗਾਹਬਾਨ ਨਾਲ ਸਲਾਹ ਕਰੇਗਾ ਅਤੇ ਕਿਸੇ ਤਜਰਬੇਕਾਰ ਪ੍ਰਕਾਸ਼ਕ ਨੂੰ ਉਸ ਭੈਣ ਜਾਂ ਭਰਾ ਦੀ ਮਦਦ ਕਰਨ ਲਈ ਕਹੇਗਾ।
6 ਇਕ ਸਨੇਹੀ ਚਰਵਾਹਾ: ਪੁਸਤਕ ਅਧਿਐਨ ਨਿਗਾਹਬਾਨ ਉਨ੍ਹਾਂ ਮੈਂਬਰਾਂ ਵਿਚ ਦਿਲਚਸਪੀ ਲੈਂਦਾ ਹੈ ਜੋ ਆਪਣੇ ਹਾਲਾਤਾਂ ਕਾਰਨ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਨਹੀਂ ਬਿਤਾ ਸਕਦੇ। ਜੇ ਕੋਈ ਭੈਣ ਜਾਂ ਭਰਾ ਬੁਢਾਪੇ ਕਰਕੇ ਜਾਂ ਅਪਾਹਜ ਹੋਣ ਕਰਕੇ ਜਾਂ ਗੰਭੀਰ ਰੂਪ ਵਿਚ ਬੀਮਾਰ ਜਾਂ ਫੱਟੜ ਹੋਏ ਹੋਣ ਕਰਕੇ ਆਰਜ਼ੀ ਤੌਰ ਤੇ ਘਰੋਂ ਨਹੀਂ ਨਿਕਲ ਸਕਦਾ ਹੈ, ਤਾਂ ਨਿਗਾਹਬਾਨ ਉਨ੍ਹਾਂ ਲਈ ਕੀਤੇ ਗਏ ਨਵੇਂ ਪ੍ਰਬੰਧ ਬਾਰੇ ਉਨ੍ਹਾਂ ਨੂੰ ਯਾਦ ਦਿਲਾਵੇਗਾ। ਇਸ ਪ੍ਰਬੰਧ ਅਧੀਨ, ਜੇ ਭੈਣ-ਭਰਾ ਮਹੀਨੇ ਵਿਚ ਪ੍ਰਚਾਰ ਦੇ ਕੰਮ ਵਿਚ ਇਕ ਘੰਟਾ ਵੀ ਬਿਤਾਉਣ ਦੇ ਯੋਗ ਨਹੀਂ ਹਨ, ਤਾਂ ਉਹ ਪੰਦਰਾਂ-ਪੰਦਰਾਂ ਮਿੰਟਾਂ ਦੀ ਰਿਪੋਰਟ ਵੀ ਦੇ ਸਕਦੇ ਹਨ। (ਕਲੀਸਿਯਾ ਦੀ ਸੇਵਾ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੌਣ ਇਸ ਪ੍ਰਬੰਧ ਤੋਂ ਲਾਭ ਹਾਸਲ ਕਰ ਸਕਦੇ ਹਨ।) ਪੁਸਤਕ ਅਧਿਐਨ ਨਿਗਾਹਬਾਨ ਆਪਣੇ ਗਰੁੱਪ ਦੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਵੀ ਮਦਦ ਕਰਦਾ ਹੈ, ਤਾਂਕਿ ਉਹ ਫਿਰ ਤੋਂ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਣ।—ਲੂਕਾ 15:4-7.
7 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪੁਸਤਕ ਅਧਿਐਨ ਨਿਗਾਹਬਾਨ ਸਾਡੇ ਵਿਚ ਇੰਨੀ ਦਿਲਚਸਪੀ ਲੈਂਦੇ ਹਨ! ਉਨ੍ਹਾਂ ਦੀ ਗਹਿਰੀ ਦਿਲਚਸਪੀ ਸਦਕਾ ਅਸੀਂ ‘ਸੱਭੋ ਨਿਹਚਾ ਦੀ ਏਕਤਾ ਅਤੇ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚ’ ਸਕਾਂਗੇ।—ਅਫ਼. 4:13.