ਬੁੱਕ ਸਟੱਡੀ ਦਾ ਪ੍ਰਬੰਧ ਕਿਵੇਂ ਸਾਡੀ ਮਦਦ ਕਰਦਾ ਹੈ?
1. ਪੰਜ ਹਫ਼ਤਾਵਾਰ ਸਭਾਵਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?
1 ਹਰ ਹਫ਼ਤੇ ਹੁੰਦੀਆਂ ਪੰਜ ਸਭਾਵਾਂ ਵੱਖੋ-ਵੱਖਰੇ ਤਰੀਕੇ ਨਾਲ ਕੀਤੀਆਂ ਜਾਂਦੀਆਂ ਹਨ ਤੇ ਹਰੇਕ ਸਭਾ ਦਾ ਆਪੋ-ਆਪਣਾ ਉਦੇਸ਼ ਹੁੰਦਾ ਹੈ। ਪਰ ਇਹ ਸਾਰੀਆਂ ਸਭਾਵਾਂ ਸਾਨੂੰ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਲਈ ਜ਼ਰੂਰੀ ਹਨ। (ਇਬ. 10:24, 25) ਆਓ ਆਪਾਂ ਬੁੱਕ ਸਟੱਡੀ ਦੇ ਪ੍ਰਬੰਧ ਦੀਆਂ ਕੁਝ ਵਿਸ਼ੇਸ਼ਤਾਵਾਂ ਤੇ ਫ਼ਾਇਦੇ ਦੇਖੀਏ।
2. ਛੋਟੇ ਗਰੁੱਪਾਂ ਵਿਚ ਬੁੱਕ ਸਟੱਡੀ ਕਰਨ ਦੇ ਕੀ ਫ਼ਾਇਦੇ ਹਨ?
2 ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਦੀ ਹੈ: ਬੁੱਕ ਸਟੱਡੀ ਵਿਚ ਉੱਨੇ ਲੋਕ ਨਹੀਂ ਹੁੰਦੇ ਜਿੰਨੇ ਕਿ ਕਲੀਸਿਯਾ ਦੀਆਂ ਹੋਰ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ। ਸੋ ਇਸ ਛੋਟੇ ਜਿਹੇ ਗਰੁੱਪ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨੀ ਤੇ ਇਕ-ਦੂਜੇ ਦਾ ਹੌਸਲਾ ਵਧਾਉਣਾ ਸੌਖਾ ਹੁੰਦਾ ਹੈ। (ਕਹਾ. 18:24) ਕੀ ਤੁਸੀਂ ਆਪਣੇ ਸਟੱਡੀ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਜਾਣਦੇ ਹੋ? ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਸ਼ਾਇਦ ਤੁਸੀਂ ਹਰ ਇਕ ਨਾਲ ਪ੍ਰਚਾਰ ਕਰਨ ਦੀ ਯੋਜਨਾ ਬਣਾ ਸਕਦੇ ਹੋ। ਬੁੱਕ ਸਟੱਡੀ ਦੇ ਪ੍ਰਬੰਧ ਤੋਂ ਬੁੱਕ ਸਟੱਡੀ ਓਵਰਸੀਅਰ ਨੂੰ ਵੀ ਲਾਭ ਹੁੰਦਾ ਹੈ ਕਿਉਂਕਿ ਉਹ ਆਪਣੇ ਗਰੁੱਪ ਦੇ ਹਰ ਮੈਂਬਰ ਦੇ ਹਾਲਾਤਾਂ ਤੋਂ ਵਾਕਫ਼ ਹੋ ਕੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ।—ਕਹਾ. 27:23.
3. ਬੁੱਕ ਸਟੱਡੀ ਦਾ ਪ੍ਰਬੰਧ ਬਾਈਬਲ ਵਿਦਿਆਰਥੀਆਂ ਨੂੰ ਸਭਾਵਾਂ ਵਿਚ ਆਉਣ ਅਤੇ ਟਿੱਪਣੀਆਂ ਕਰਨ ਦੀ ਹੱਲਾਸ਼ੇਰੀ ਕਿਵੇਂ ਦਿੰਦਾ ਹੈ?
3 ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਬੁੱਕ ਸਟੱਡੀ ਵਿਚ ਆਉਣ ਦਾ ਸੱਦਾ ਦਿੱਤਾ ਹੈ? ਹੋ ਸਕਦਾ ਹੈ ਕਿ ਨਵੇਂ ਲੋਕ ਵੱਡੀਆਂ ਸਭਾਵਾਂ ਵਿਚ ਆਉਣ ਤੋਂ ਘਬਰਾਉਣ। ਸੋ ਉਹ ਕਿਸੇ ਦੇ ਘਰ ਵਿਚ ਹੁੰਦੀ ਮੀਟਿੰਗ ਵਿਚ ਆਉਣਾ ਪਸੰਦ ਕਰਨਗੇ। ਘਰ ਦੇ ਮਾਹੌਲ ਵਿਚ ਕੀਤੀ ਮੀਟਿੰਗ ਵਿਚ ਬੱਚੇ ਅਤੇ ਨਵੇਂ ਲੋਕ ਜਵਾਬ ਦੇਣ ਤੋਂ ਨਹੀਂ ਸ਼ਰਮਾਉਣਗੇ। ਨਾਲੇ ਗਰੁੱਪ ਛੋਟਾ ਹੋਣ ਕਰਕੇ ਸਾਰਿਆਂ ਨੂੰ ਟਿੱਪਣੀਆਂ ਕਰ ਕੇ ਯਹੋਵਾਹ ਦੀ ਮਹਿਮਾ ਕਰਨ ਦੇ ਜ਼ਿਆਦਾ ਮੌਕੇ ਮਿਲਦੇ ਹਨ।—ਜ਼ਬੂ. 111:1.
4. ਬੁੱਕ ਸਟੱਡੀ ਦੇ ਪ੍ਰਬੰਧ ਦੇ ਹੋਰ ਕੀ ਫ਼ਾਇਦੇ ਹਨ?
4 ਬੁੱਕ ਸਟੱਡੀਆਂ ਆਮ ਕਰਕੇ ਭੈਣਾਂ-ਭਰਾਵਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਥਾਵਾਂ ਤੇ ਰੱਖੀਆਂ ਜਾਂਦੀਆਂ ਹਨ। ਹਾਲਾਂਕਿ ਇਹ ਸੰਭਵ ਨਹੀਂ ਹੈ ਕਿ ਬੁੱਕ ਸਟੱਡੀ ਸਾਰਿਆਂ ਦੇ ਘਰ ਦੇ ਬਿਲਕੁਲ ਲਾਗੇ ਹੀ ਹੋਵੇ, ਪਰ ਫਿਰ ਵੀ ਬੁੱਕ ਸਟੱਡੀ ਜਾਣ ਲਈ ਉਨ੍ਹਾਂ ਨੂੰ ਇੰਨੀ ਦੂਰ ਨਹੀਂ ਜਾਣਾ ਪੈਂਦਾ ਜਿੰਨਾ ਕਿ ਹੋਰ ਸਭਾਵਾਂ ਲਈ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ, ਜਿਸ ਘਰ ਵਿਚ ਬੁੱਕ ਸਟੱਡੀ ਹੁੰਦੀ ਹੈ, ਉੱਥੇ ਸੇਵਕਾਈ ਵਿਚ ਜਾਣ ਤੋਂ ਪਹਿਲਾਂ ਭੈਣ-ਭਰਾ ਇਕੱਠੇ ਮਿਲ ਸਕਦੇ ਹਨ।
5. ਪ੍ਰਚਾਰ ਦੇ ਮਾਮਲੇ ਵਿਚ ਬੁੱਕ ਸਟੱਡੀ ਓਵਰਸੀਅਰ ਕਿੱਦਾਂ ਸਾਡੀ ਮਦਦ ਕਰ ਸਕਦਾ ਹੈ?
5 ਸੇਵਕਾਈ ਵਿਚ ਮਦਦ: ਬੁੱਕ ਸਟੱਡੀ ਓਵਰਸੀਅਰ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸਾਰਿਆਂ ਦੀ ਬਾਕਾਇਦਾ ਪ੍ਰਚਾਰ ਕਰ ਕੇ ਖ਼ੁਸ਼ੀ ਹਾਸਲ ਕਰਨ ਵਿਚ ਮਦਦ ਕਰੇ। ਸੋ ਉਹ ਆਪਣੇ ਗਰੁੱਪ ਦੇ ਹਰ ਇਕ ਮੈਂਬਰ ਨਾਲ ਪ੍ਰਚਾਰ ਕਰਨ ਦਾ ਜਤਨ ਕਰਦਾ ਹੈ ਅਤੇ ਲੋੜ ਮੁਤਾਬਕ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਜੇ ਤੁਹਾਨੂੰ ਪੁਨਰ-ਮੁਲਾਕਾਤਾਂ ਕਰਨੀਆਂ ਔਖੀਆਂ ਲੱਗਦੀਆਂ ਹਨ, ਤਾਂ ਆਪਣੇ ਬੁੱਕ ਸਟੱਡੀ ਓਵਰਸੀਅਰ ਨੂੰ ਇਸ ਬਾਰੇ ਦੱਸੋ। ਉਹ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਨੂੰ ਤੁਹਾਡੇ ਨਾਲ ਜਾਣ ਲਈ ਕਹਿ ਸਕਦਾ ਹੈ ਤਾਂਕਿ ਉਹ ਇਸ ਮਾਮਲੇ ਵਿਚ ਤੁਹਾਡੀ ਮਦਦ ਕਰ ਸਕੇ। ਬੁੱਕ ਸਟੱਡੀ ਓਵਰਸੀਅਰ ਜਦੋਂ ਬੁੱਕ ਸਟੱਡੀ ਕਰਾ ਰਿਹਾ ਹੁੰਦਾ ਹੈ, ਤਾਂ ਉਸ ਦੇ ਸਿਖਾਉਣ ਦੇ ਤਰੀਕੇ ਵੱਲ ਧਿਆਨ ਦਿਓ। ਫਿਰ ਉਸ ਦੀ ਰੀਸ ਕਰ ਕੇ ਤੁਸੀਂ ਹੋਰ ਚੰਗੀ ਤਰ੍ਹਾਂ ਬਾਈਬਲ ਸਟੱਡੀਆਂ ਕਰਾ ਸਕੋਗੇ।—1 ਕੁਰਿੰ. 4:17.
6. ਸਾਨੂੰ ਬੁੱਕ ਸਟੱਡੀ ਤੋਂ ਪੂਰਾ ਫ਼ਾਇਦਾ ਕਿਉਂ ਲੈਣਾ ਚਾਹੀਦਾ ਹੈ?
6 ਬੁੱਕ ਸਟੱਡੀ ਵਾਕਈ ਇਕ ਵਧੀਆ ਪ੍ਰਬੰਧ ਹੈ! ਯਹੋਵਾਹ ਨੇ ਇਹ ਇੰਤਜ਼ਾਮ ਸਾਡੇ ਫ਼ਾਇਦੇ ਲਈ ਕੀਤਾ ਹੈ ਤਾਂਕਿ ਇਸ ਮੁਸ਼ਕਲਾਂ ਭਰੇ ਸੰਸਾਰ ਵਿਚ ਰਹਿੰਦਿਆਂ ਸਾਡੇ ਕਦਮ ਕਦੇ ਨਾ ਡਗਮਗਾਉਣ।—ਜ਼ਬੂ. 26:12.