ਸਾਨੂੰ ਕਲੀਸਿਯਾ ਪੁਸਤਕ ਅਧਿਐਨ ਦੀ ਕਿਉਂ ਲੋੜ ਹੈ
1. ਕਲੀਸਿਯਾ ਪੁਸਤਕ ਅਧਿਐਨ ਦੀ ਸ਼ੁਰੂਆਤ ਕਿਵੇਂ ਹੋਈ?
1 ਸੰਨ 1895 ਵਿਚ ਬਾਈਬਲ ਸਟੂਡੈਂਟਸ (ਜੋ ਅੱਜ ਯਹੋਵਾਹ ਦੇ ਗਵਾਹ ਕਹਿਲਾਉਂਦੇ ਹਨ) ਦੇ ਸਟੱਡੀ ਗਰੁੱਪ “ਡੌਨ ਸਰਕਲਸ ਫ਼ਾਰ ਬਾਈਬਲ ਸਟੱਡੀ” ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਸ ਵੇਲੇ ਮਲੈਨਿਅਲ ਡੌਨ ਕਿਤਾਬਾਂ ਦਾ ਅਧਿਐਨ ਕੀਤਾ ਜਾਂਦਾ ਸੀ। ਬਾਅਦ ਵਿਚ ਇਹ ਸਟੱਡੀ ਗਰੁੱਪ “ਬਰਿਯਨ ਸਰਕਲਸ ਫ਼ਾਰ ਬਾਈਬਲ ਸਟੱਡੀ” ਦੇ ਨਾਂ ਨਾਲ ਜਾਣੇ ਜਾਣ ਲੱਗੇ। (ਰਸੂ. 17:11) ਇਹ ਛੋਟੇ-ਛੋਟੇ ਗਰੁੱਪ ਆਪਣੀ ਸਹੂਲਤ ਦੇ ਅਨੁਸਾਰ ਕਿਸੇ ਭੈਣ ਜਾਂ ਭਰਾ ਦੇ ਘਰ ਅਧਿਐਨ ਕਰਨ ਲਈ ਮਿਲਦੇ ਸਨ। ਇਸ ਤੋਂ ਬਾਅਦ ਕਲੀਸਿਯਾ ਪੁਸਤਕ ਅਧਿਐਨ ਦੀ ਸ਼ੁਰੂਆਤ ਹੋਈ।
2. ਪੁਸਤਕ ਅਧਿਐਨ ਵਿਚ ਅਸੀਂ ਸਾਰੇ ਇਕ-ਦੂਜੇ ਨੂੰ ਕਿਵੇਂ “ਉਤਸਾਹ” ਦੇ ਸਕਦੇ ਹਾਂ?
2 ਉਤਸ਼ਾਹ ਤੇ ਮਦਦ: ਪੁਸਤਕ ਅਧਿਐਨ ਗਰੁੱਪ ਨੂੰ ਇਸ ਲਈ ਛੋਟਾ ਰੱਖਿਆ ਜਾਂਦਾ ਹੈ ਤਾਂਕਿ ਗਰੁੱਪ ਦੇ ਸਾਰੇ ਭੈਣ-ਭਰਾਵਾਂ ਨੂੰ ਆਪਣੀ ਨਿਹਚਾ ਦਾ ਪ੍ਰਗਟਾਵਾ ਕਰਨ ਲਈ ਟਿੱਪਣੀਆਂ ਦੇਣ ਦਾ ਜ਼ਿਆਦਾ ਮੌਕਾ ਮਿਲੇ। ਇਸ ਤਰ੍ਹਾਂ ਇਕ-ਦੂਜੇ ਦੀ ਨਿਹਚਾ ਤੋਂ ‘ਦੋਵੇਂ ਧਿਰਾਂ ਉਤਸਾਹ ਪ੍ਰਾਪਤ ਕਰਦੀਆਂ ਹਨ।’—ਰੋਮੀ. 1:12, ਪਵਿੱਤਰ ਬਾਈਬਲ ਨਵਾਂ ਅਨੁਵਾਦ।
3, 4. ਪੁਸਤਕ ਅਧਿਐਨ ਦਾ ਪ੍ਰਬੰਧ ਆਪਣੀ ਸੇਵਕਾਈ ਪੂਰੀ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
3 ਪੁਸਤਕ ਅਧਿਐਨ ਨਿਗਾਹਬਾਨ ਦੇ ਸਿਖਾਉਣ ਦੇ ਤਰੀਕੇ ਵੱਲ ਧਿਆਨ ਦੇਣ ਨਾਲ ਸਾਨੂੰ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਵਿਚ ਮਦਦ ਮਿਲ ਸਕਦੀ ਹੈ। (2 ਤਿਮੋ. 2:15) ਧਿਆਨ ਦਿਓ ਕਿ ਉਹ ਅਧਿਐਨ ਵੇਲੇ ਬਾਈਬਲ ਉੱਤੇ ਕਿਵੇਂ ਜ਼ੋਰ ਦਿੰਦਾ ਹੈ। ਉਹ ਸ਼ਾਇਦ ਅਧਿਐਨ ਦੇ ਅਖ਼ੀਰ ਵਿਚ ਸਿਰਫ਼ ਬਾਈਬਲ ਨੂੰ ਵਰਤਦੇ ਹੋਏ ਖ਼ਾਸ-ਖ਼ਾਸ ਗੱਲਾਂ ਉਜਾਗਰ ਕਰੇ। ਪੁਸਤਕ ਅਧਿਐਨ ਨਿਗਾਹਬਾਨ ਦੀ ਚੰਗੀ ਮਿਸਾਲ ਤੋਂ ਸਾਨੂੰ ਮਸੀਹੀ ਸੇਵਕਾਈ ਵਿਚ ਆਪਣੇ ਸਿਖਾਉਣ ਦੇ ਤਰੀਕੇ ਨੂੰ ਸੁਧਾਰਨ ਵਿਚ ਮਦਦ ਮਿਲ ਸਕਦੀ ਹੈ।—1 ਕੁਰਿੰ. 10:33.
4 ਹਰ ਹਫ਼ਤੇ ਅਧਿਐਨ ਕਰਾਉਣ ਤੋਂ ਇਲਾਵਾ, ਪੁਸਤਕ ਅਧਿਐਨ ਨਿਗਾਹਬਾਨ ਪ੍ਰਚਾਰ ਦੇ ਕੰਮ ਵਿਚ ਵੀ ਅਗਵਾਈ ਕਰਦਾ ਹੈ। ਉਹ ਸੇਵਾ ਨਿਗਾਹਬਾਨ ਦੀ ਮਦਦ ਨਾਲ ਪ੍ਰਚਾਰ ਲਈ ਢੁਕਵੇਂ ਪ੍ਰਬੰਧ ਕਰਦਾ ਹੈ। ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਗਰੁੱਪ ਦੇ ਸਾਰੇ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ।—ਮੱਤੀ 28:19, 20; 1 ਕੁਰਿੰ. 9:16.
5. ਪੁਸਤਕ ਅਧਿਐਨ ਰਾਹੀਂ ਸਾਨੂੰ ਕਿਹੜੀ ਮਦਦ ਮਿਲ ਸਕਦੀ ਹੈ?
5 ਪੁਸਤਕ ਅਧਿਐਨ ਨਿਗਾਹਬਾਨ ਗਰੁੱਪ ਦੇ ਹਰ ਮੈਂਬਰ ਦੀ ਅਧਿਆਤਮਿਕ ਭਲਾਈ ਵਿਚ ਦਿਲਚਸਪੀ ਲੈਂਦਾ ਹੈ। ਉਹ ਕਲੀਸਿਯਾ ਸਭਾਵਾਂ ਵਿਚ ਸਿਖਾਉਣ ਅਤੇ ਖੇਤਰ ਸੇਵਕਾਈ ਵਿਚ ਦੂਜਿਆਂ ਨਾਲ ਪ੍ਰਚਾਰ ਕਰਨ ਦੁਆਰਾ ਆਪਣੀ ਦਿਲਚਸਪੀ ਦਿਖਾਉਂਦਾ ਹੈ। ਉਹ ਭੈਣਾਂ-ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਘਰ ਵੀ ਜਾਂਦਾ ਹੈ। ਸਾਰੇ ਭੈਣਾਂ-ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਲੋੜ ਪੈਣ ਤੇ ਅਧਿਆਤਮਿਕ ਮਦਦ ਲਈ ਪੁਸਤਕ ਅਧਿਐਨ ਨਿਗਾਹਬਾਨ ਨੂੰ ਮਿਲਣ।—ਯਸਾ. 32:1, 2.
6. (ੳ) ਕੁਝ ਦੇਸ਼ਾਂ ਵਿਚ ਸਾਡੇ ਭੈਣਾਂ-ਭਰਾਵਾਂ ਨੇ ਛੋਟੇ-ਛੋਟੇ ਗਰੁੱਪਾਂ ਵਿਚ ਮਿਲ ਕੇ ਕਿਵੇਂ ਅਧਿਆਤਮਿਕ ਤਾਕਤ ਹਾਸਲ ਕੀਤੀ ਹੈ? (ਅ) ਪੁਸਤਕ ਅਧਿਐਨ ਦੇ ਇੰਤਜ਼ਾਮ ਤੋਂ ਤੁਹਾਨੂੰ ਨਿੱਜੀ ਤੌਰ ਤੇ ਕਿਵੇਂ ਫ਼ਾਇਦਾ ਹੋਇਆ ਹੈ?
6 ਇਕ-ਦੂਜੇ ਨੂੰ ਹੌਸਲਾ ਦਿਓ: ਜਿਨ੍ਹਾਂ ਦੇਸ਼ਾਂ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਕੰਮ ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ, ਉੱਥੇ ਭੈਣ-ਭਰਾ ਅਕਸਰ ਛੋਟੇ-ਛੋਟੇ ਗਰੁੱਪਾਂ ਵਿਚ ਮਿਲਦੇ ਹਨ। ਇਕ ਭਰਾ ਨੇ ਕਿਹਾ: “ਭਾਵੇਂ ਕਿ ਸਾਡੇ ਮਸੀਹੀ ਕੰਮਾਂ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ, ਪਰ ਜਦੋਂ ਵੀ ਮੁਮਕਿਨ ਹੁੰਦਾ ਸੀ ਅਸੀਂ 10-15 ਜਣੇ ਇਕੱਠੇ ਹੋ ਕੇ ਆਪਣੀਆਂ ਹਫ਼ਤਾਵਾਰ ਸਭਾਵਾਂ ਕਰਦੇ ਸਾਂ। ਬਾਈਬਲ ਅਧਿਐਨ ਕਰਨ ਦੁਆਰਾ ਅਤੇ ਅਧਿਐਨ ਤੋਂ ਬਾਅਦ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰ ਕੇ ਸਾਨੂੰ ਅਧਿਆਤਮਿਕ ਤੌਰ ਤੇ ਤਾਕਤ ਮਿਲਦੀ ਸੀ। ਅਸੀਂ ਇਕ-ਦੂਜੇ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਸਾਂ ਤੇ ਇਸ ਨਾਲ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਸਾਰੇ ਇੱਕੋ ਹੀ ਸੰਘਰਸ਼ ਵਿੱਚੋਂ ਗੁਜ਼ਰ ਰਹੇ ਸਾਂ।” (1 ਪਤ. 5:9) ਆਓ ਆਪਾਂ ਵੀ ਕਲੀਸਿਯਾ ਪੁਸਤਕ ਅਧਿਐਨ ਦੇ ਇੰਤਜ਼ਾਮ ਦਾ ਪੂਰੀ ਤਰ੍ਹਾਂ ਸਮਰਥਨ ਕਰ ਕੇ ਇਕ-ਦੂਜੇ ਨੂੰ ਮਜ਼ਬੂਤ ਕਰੀਏ।—ਅਫ਼. 4:16.