ਆਪਣੇ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਕਰੋ
1 ਕਲੀਸਿਯਾ ਪੁਸਤਕ ਅਧਿਐਨ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪਿਛਲੇ ਮਹੀਨੇ ਅਸੀਂ ਚਰਚਾ ਕੀਤੀ ਸੀ ਕਿ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਕਿੱਦਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਦਾ ਹੈ। ਪਰ ਅਸੀਂ ਉਸ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਅਤੇ ਦੂਸਰਿਆਂ ਨੂੰ ਵੀ ਲਾਭ ਹੋਵੇ?
2 ਹਰ ਹਫ਼ਤੇ ਹਾਜ਼ਰ ਰਹੋ: ਪੁਸਤਕ ਅਧਿਐਨ ਗਰੁੱਪ ਕਾਫ਼ੀ ਛੋਟੇ ਹੁੰਦੇ ਹਨ, ਇਸ ਲਈ ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ। ਹਰ ਹਫ਼ਤੇ ਅਧਿਐਨ ਵਿਚ ਹਾਜ਼ਰ ਰਹਿਣ ਦਾ ਟੀਚਾ ਰੱਖੋ। ਤੁਹਾਡੇ ਸਮੇਂ ਸਿਰ ਆਉਣ ਨਾਲ ਵੀ ਨਿਗਾਹਬਾਨ ਨੂੰ ਕਾਫ਼ੀ ਮਦਦ ਮਿਲੇਗੀ ਕਿਉਂਕਿ ਇਸ ਤਰ੍ਹਾਂ ਉਹ ਸਭਾ ਨੂੰ ਵਿਵਸਥਿਤ ਢੰਗ ਨਾਲ ਸ਼ੁਰੂ ਕਰ ਸਕੇਗਾ।—1 ਕੁਰਿੰ. 14:40.
3 ਉਤਸ਼ਾਹਿਤ ਕਰਨ ਵਾਲੀਆਂ ਟਿੱਪਣੀਆਂ: ਤੁਸੀਂ ਚੰਗੀ ਤਿਆਰੀ ਕਰਨ ਅਤੇ ਉਤਸ਼ਾਹਿਤ ਕਰਨ ਵਾਲੀਆਂ ਟਿੱਪਣੀਆਂ ਦੇਣ ਦੁਆਰਾ ਵੀ ਨਿਗਾਹਬਾਨ ਦੀ ਮਦਦ ਕਰ ਸਕਦੇ ਹੋ। ਪੈਰੇ ਵਿੱਚੋਂ ਸਿਰਫ਼ ਇਕ ਨੁਕਤੇ ਬਾਰੇ ਦੱਸਣਾ ਬਿਹਤਰ ਹੁੰਦਾ ਹੈ, ਕਿਉਂਕਿ ਇਸ ਨਾਲ ਦੂਸਰਿਆਂ ਨੂੰ ਵੀ ਜਵਾਬ ਦੇਣ ਦਾ ਮੌਕਾ ਮਿਲੇਗਾ। ਪੂਰੇ ਪੈਰੇ ਉੱਤੇ ਟਿੱਪਣੀ ਨਾ ਦਿਓ। ਜੇ ਕਿਸੇ ਖ਼ਾਸ ਗੱਲ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ, ਤਾਂ ਤੁਸੀਂ ਆਪਣੀ ਟਿੱਪਣੀ ਵਿਚ ਆਪਣੇ ਵਿਚਾਰ ਦੱਸ ਕੇ ਚਰਚਾ ਨੂੰ ਹੋਰ ਜ਼ਿਆਦਾ ਉਤਸ਼ਾਹਜਨਕ ਬਣਾ ਸਕਦੇ ਹੋ।—1 ਪਤ. 4:10.
4 ਜਦੋਂ ਤੁਹਾਨੂੰ ਗਰੁੱਪ ਲਈ ਪੈਰੇ ਪੜ੍ਹਨ ਦਾ ਸਨਮਾਨ ਦਿੱਤਾ ਜਾਂਦਾ ਹੈ, ਤਾਂ ਦਿਲ ਲਾ ਕੇ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰੋ। ਚੰਗੀ ਤਰ੍ਹਾਂ ਪੜ੍ਹਨ ਨਾਲ ਭੈਣ-ਭਰਾ ਅਧਿਐਨ ਤੋਂ ਜ਼ਿਆਦਾ ਲਾਭ ਅਤੇ ਖ਼ੁਸ਼ੀ ਹਾਸਲ ਕਰਨਗੇ।—1 ਤਿਮੋ. 4:13.
5 ਆਪਣੇ ਗਰੁੱਪ ਨਾਲ ਪ੍ਰਚਾਰ ਵਿਚ ਜਾਣਾ: ਕਈ ਪੁਸਤਕ ਅਧਿਐਨ ਵਾਲੀਆਂ ਥਾਂਵਾਂ ਤੇ ਖੇਤਰ ਸੇਵਾ ਦੀਆਂ ਸਭਾਵਾਂ ਵੀ ਕੀਤੀਆਂ ਜਾਂਦੀਆਂ ਹਨ। ਜਦੋਂ ਤੁਸੀਂ ਇਨ੍ਹਾਂ ਪ੍ਰਬੰਧਾਂ ਦਾ ਸਮਰਥਨ ਕਰਦੇ ਹੋ, ਤਾਂ ਇਸ ਨਾਲ ਨਿਗਾਹਬਾਨ ਨੂੰ ਪ੍ਰਚਾਰ ਦੇ ਕੰਮ ਵਿਚ ਅਗਵਾਈ ਲੈਣ ਵਿਚ ਮਦਦ ਮਿਲੇਗੀ। ਇਨ੍ਹਾਂ ਪ੍ਰਬੰਧਾਂ ਨੂੰ ਆਪਣੇ ਭਰਾਵਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਨਾਲ ਜਾਣਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਦੇ ਮੌਕਿਆਂ ਦੇ ਤੌਰ ਤੇ ਵਿਚਾਰੋ।
6 ਖੇਤਰ ਸੇਵਾ ਰਿਪੋਰਟ: ਹਰ ਮਹੀਨੇ ਦੇ ਅਖ਼ੀਰ ਵਿਚ ਸਮੇਂ ਸਿਰ ਆਪਣੀ ਖੇਤਰ ਸੇਵਾ ਰਿਪੋਰਟ ਦੇਣ ਨਾਲ ਵੀ ਤੁਸੀਂ ਨਿਗਾਹਬਾਨ ਦੀ ਮਦਦ ਕਰੋਗੇ। ਤੁਸੀਂ ਆਪਣੀ ਰਿਪੋਰਟ ਉਸ ਨੂੰ ਫੜਾ ਸਕਦੇ ਹੋ ਜਾਂ ਇਸ ਨੂੰ ਕਿੰਗਡਮ ਹਾਲ ਵਿਚ ਸੇਵਾ ਰਿਪੋਰਟਾਂ ਇਕੱਠੀਆਂ ਕਰਨ ਲਈ ਰੱਖੇ ਗਏ ਡੱਬੇ ਵਿਚ ਪਾ ਸਕਦੇ ਹੋ। ਪੁਸਤਕ ਅਧਿਐਨ ਨਿਗਾਹਬਾਨ ਇਕੱਠੀਆਂ ਕੀਤੀਆਂ ਰਿਪੋਰਟਾਂ ਨੂੰ ਇਸ ਡੱਬੇ ਵਿਚ ਪਾ ਸਕਦੇ ਹਨ, ਜਿੱਥੋਂ ਸੈਕਟਰੀ ਇਨ੍ਹਾਂ ਨੂੰ ਲੈ ਲਵੇਗਾ।
7 ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਨੂੰ ਦਿੱਤੇ ਤੁਹਾਡੇ ਸਹਿਯੋਗ ਦੀ ਬਹੁਤ ਕਦਰ ਕੀਤੀ ਜਾਵੇਗੀ। ਤੁਸੀਂ ਇਹ ਵੀ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦੀ ‘ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇਗੀ।’—ਫ਼ਿਲਿ. 4:23.