ਕੀ ਤੁਸੀਂ ਬਾਕਾਇਦਾ ਤੌਰ ਤੇ ਰਾਜ ਦਾ ਪ੍ਰਚਾਰ ਕਰਦੇ ਹੋ?
1 ਸਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਕਿ ਅਗਸਤ 1999 ਵਿਚ ਭਾਰਤ ਦੇ ਪ੍ਰਕਾਸ਼ਕਾਂ ਦੀ ਗਿਣਤੀ 21,212 ਤਕ ਪਹੁੰਚ ਗਈ। ਸੱਚ-ਮੁੱਚ, ਇਹ ਸਾਰੇ ਭੈਣ-ਭਰਾਵਾਂ ਦੇ ਦ੍ਰਿੜ੍ਹ ਜਤਨਾਂ ਨਾਲ ਹੀ ਹੋਇਆ! ਪਰ ਪਿਛਲੇ ਮਹੀਨਿਆਂ ਵਿਚ ਇਨ੍ਹਾਂ ਪ੍ਰਕਾਸ਼ਕਾਂ ਨੂੰ ਬਾਕਾਇਦਾ ਤੌਰ ਤੇ ਰਾਜ ਦਾ ਪ੍ਰਚਾਰ ਕਰਨ ਵਿਚ ਮੁਸ਼ਕਲ ਆਈ ਹੋਵੇਗੀ, ਕਿਉਂਕਿ ਅਗਸਤ ਮਹੀਨੇ ਤੋਂ ਬਾਅਦ ਹਰ ਮਹੀਨੇ ਪ੍ਰਕਾਸ਼ਕਾਂ ਦੀ ਗਿਣਤੀ ਔਸਤ 20,095 ਰਹੀ ਹੈ। ਇਸ ਦਾ ਮਤਲਬ ਹੈ ਕਿ ਹਰ 19 ਪ੍ਰਕਾਸ਼ਕਾਂ ਵਿੱਚੋਂ 1 ਪ੍ਰਕਾਸ਼ਕ ਨੇ ਹਰ ਮਹੀਨੇ ਪ੍ਰਚਾਰ ਵਿਚ ਹਿੱਸਾ ਨਹੀਂ ਲਿਆ। ਸਾਨੂੰ ਵਿਸ਼ਵਾਸ ਹੈ ਕਿ ਹੇਠਾਂ ਦਿੱਤੀਆਂ ਹੌਸਲਾ-ਅਫ਼ਜ਼ਾਈ ਦੀਆਂ ਗੱਲਾਂ ਇਸ ਮੁਸ਼ਕਲ ਨੂੰ ਸੁਲਝਾਉਣ ਵਿਚ ਮਦਦ ਕਰ ਸਕਦੀਆਂ ਹਨ।
2 ਇਸ ਵਿਸ਼ੇਸ਼-ਸਨਮਾਨ ਦੀ ਕਦਰ ਕਰੋ: ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਮਿਲੇ ਇਸ ਵਿਸ਼ੇਸ਼-ਸਨਮਾਨ ਦੀ ਸਾਨੂੰ ਬਹੁਤ ਜ਼ਿਆਦਾ ਕਦਰ ਕਰਨੀ ਚਾਹੀਦੀ ਹੈ। ਇਹ ਕੰਮ ਹੁੰਦਾ ਦੇਖ ਕੇ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ ਅਤੇ ਨੇਕਦਿਲ ਲੋਕਾਂ ਨੂੰ ਜੀਵਨ ਦੇ ਰਾਹ ਬਾਰੇ ਜਾਣਨ ਵਿਚ ਮਦਦ ਮਿਲਦੀ ਹੈ। (ਕਹਾ. 27:11; 1 ਤਿਮੋ. 4:16) ਬਾਕਾਇਦਾ ਗਵਾਹੀ ਦੇਣ ਨਾਲ ਪ੍ਰਚਾਰ ਕੰਮ ਵਿਚ ਸਾਡਾ ਤਜਰਬਾ ਵਧਦਾ ਜਾਂਦਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਸਾਨੂੰ ਖ਼ੁਸ਼ੀ ਅਤੇ ਸਫ਼ਲਤਾ ਮਿਲਦੀ ਹੈ।
3 ਪ੍ਰੀਚਿੰਗ ਰਿਪੋਰਟ ਪਾਓ: ਕੁਝ ਭੈਣ-ਭਰਾ ਪ੍ਰਚਾਰ ਕਰਨ ਤੋਂ ਬਾਅਦ ਵੀ ਸਮੇਂ ਸਿਰ ਪ੍ਰੀਚਿੰਗ ਰਿਪੋਰਟ ਪਾਉਣ ਵਿਚ ਅਣਗਹਿਲੀ ਕਰ ਜਾਂਦੇ ਹਨ। ਇਹ ਕਦੇ ਨਾ ਸੋਚੋ ਕਿ ਸਾਡੇ ਵੱਲੋਂ ਕੀਤੇ ਗਏ ਜਤਨ ਬੇਕਾਰ ਹਨ। (ਮਰ. 12:41-44 ਦੀ ਤੁਲਨਾ ਕਰੋ।) ਅਸੀਂ ਜੋ ਕੁਝ ਵੀ ਕੀਤਾ ਹੈ, ਉਸ ਦੀ ਸਾਨੂੰ ਰਿਪੋਰਟ ਪਾਉਣੀ ਚਾਹੀਦੀ ਹੈ! ਪ੍ਰਚਾਰ ਵਿਚ ਬਿਤਾਏ ਗਏ ਸਮੇਂ ਨੂੰ ਕਲੰਡਰ ਤੇ ਜਾਂ ਕਾਪੀ ਤੇ ਨੋਟ ਕਰਨ ਨਾਲ ਤੁਹਾਨੂੰ ਇਹ ਗੱਲ ਸਦਾ ਚੇਤੇ ਰਹੇਗੀ ਕਿ ਹਰ ਮਹੀਨੇ ਦੇ ਅਖ਼ੀਰ ਵਿਚ ਛੇਤੀ ਨਾਲ ਸਹੀ ਰਿਪੋਰਟ ਪਾਉਣੀ ਹੈ।
4 ਲੋੜੀਂਦੀ ਮਦਦ ਦਿਓ: ਜੋ ਭੈਣ-ਭਰਾ ਕਲੀਸਿਯਾ ਦੁਆਰਾ ਰੱਖੇ ਪ੍ਰਚਾਰ ਕੰਮ ਵਿਚ ਬਾਕਾਇਦਾ ਤੌਰ ਤੇ ਹਿੱਸਾ ਨਹੀਂ ਲੈ ਸਕਦੇ, ਉਨ੍ਹਾਂ ਲਈ ਪ੍ਰਚਾਰ ਦੇ ਸਮੇਂ ਵਿਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਕਲੀਸਿਯਾ ਸੈਕਟਰੀ ਅਤੇ ਪੁਸਤਕ ਅਧਿਐਨ ਸੰਚਾਲਕਾਂ ਨੂੰ ਭੈਣ-ਭਰਾਵਾਂ ਦੀ ਮਦਦ ਕਰਨ ਲਈ ਤਜਰਬੇਕਾਰ ਪ੍ਰਕਾਸ਼ਕਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਜਾਂ ਦੂਜੇ ਬਾਈਬਲ ਵਿਦਿਆਰਥੀ ਬਪਤਿਸਮਾ-ਰਹਿਤ ਪ੍ਰਕਾਸ਼ਕ ਹਨ, ਤਾਂ ਉਨ੍ਹਾਂ ਨੂੰ ਹਰ ਮਹੀਨੇ ਰਿਪੋਰਟ ਪਾਉਣ ਦੀ ਸਿਖਲਾਈ ਦੇਣੀ ਚਾਹੀਦੀ ਹੈ।
5 ਪਹਿਰਾਬੁਰਜ (ਹਿੰਦੀ) ਦੇ 1 ਅਕਤੂਬਰ 1997 ਦੇ ਅੰਕ ਵਿਚ ਦਿੱਤੀ ਜੀਵਨੀ “ਯਹੋਵਾਹ ਦੀ ਸੇਵਾ ਵਿਚ ਲੰਮੀ ਉਮਰ ਲਈ ਸ਼ੁਕਰਗੁਜ਼ਾਰ” ਨੂੰ ਚੇਤੇ ਕਰੋ। ਨਾਰਵੇ ਦੀ ਭੈਣ ਓਤੀਲਯ ਮਿਡਲਨ 1921 ਵਿਚ ਆਪਣੇ ਬਪਤਿਸਮੇ ਤੋਂ ਪਹਿਲਾਂ ਹੀ ਖ਼ੁਸ਼ ਖ਼ਬਰੀ ਦਾ ਬਾਕਾਇਦਾ ਤੌਰ ਤੇ ਰਾਜ ਪ੍ਰਚਾਰ ਕਰਦੀ ਸੀ। ਛਿਹੱਤਰ ਸਾਲਾਂ ਬਾਅਦ, 99 ਸਾਲ ਦੀ ਉਮਰ ਵਿਚ ਉਸ ਨੇ ਕਿਹਾ: “ਮੈਂ ਖ਼ੁਸ਼ ਹਾਂ ਕਿ ਮੈਂ ਹੁਣ ਵੀ ਬਾਕਾਇਦਾ ਪ੍ਰਕਾਸ਼ਕ ਹਾਂ।” ਵਾਕਈ, ਭੈਣ ਦੇ ਇਸ ਵਧੀਆ ਰਵੱਈਏ ਦੀ ਯਹੋਵਾਹ ਦੇ ਸੇਵਕ ਰੀਸ ਕਰ ਸਕਦੇ ਹਨ!