ਸਾਡਾ ਪੱਕਾ ਇਰਾਦਾ—ਯਹੋਵਾਹ ਵੱਲੋਂ ਦਿਖਾਏ ਗਏ ਜੀਵਨ ਦੇ ਰਾਹ ਉੱਤੇ ਚੱਲਣਾ
1 “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨਾਂ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਆਖ਼ਰੀ ਭਾਸ਼ਣ ਵਿਚ ਇਕ ਮਤਾ ਅਪਣਾਇਆ ਗਿਆ ਸੀ। ਇਹ ਇਸ ਘੋਸ਼ਣਾ ਨਾਲ ਸ਼ੁਰੂ ਹੋਇਆ: “ਅਸੀਂ . . . ਪੂਰੇ ਦਿਲ ਨਾਲ ਸਹਿਮਤ ਹਾਂ ਕਿ ਜੀਵਨ ਲਈ ਪਰਮੇਸ਼ੁਰ ਦਾ ਰਾਹ ਉੱਤਮ ਹੈ।” ਉਸ ਮਤੇ ਦੇ ਉਨ੍ਹਾਂ ਮਹੱਤਵਪੂਰਣ ਨੁਕਤਿਆਂ ਨੂੰ ਚੇਤੇ ਕਰੋ ਜਿਨ੍ਹਾਂ ਦਾ ਜਵਾਬ ਅਸੀਂ “ਹਾਂ” ਵਿਚ ਦਿੱਤਾ ਸੀ।
2 ਇਹ ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਯਹੋਵਾਹ ਦੇ ਅੱਗੇ ਸ਼ੁੱਧ ਰਹਾਂਗੇ ਅਤੇ ਜਗਤ ਤੋਂ ਨਿਹਕਲੰਕ ਰਹਾਂਗੇ। ਅਸੀਂ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲੀ ਥਾਂ ਦੇਵਾਂਗੇ। ਉਸ ਦੇ ਬਚਨ, ਬਾਈਬਲ ਨੂੰ ਇਕ ਮਾਰਗ-ਦਰਸ਼ਕ ਵਜੋਂ ਇਸਤੇਮਾਲ ਕਰਦੇ ਹੋਏ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਅਤੇ ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਪਰਮੇਸ਼ੁਰ ਦਾ ਰਾਹ ਸੰਸਾਰ ਦੇ ਰਾਹਾਂ ਨਾਲੋਂ ਕਿਤੇ ਉੱਤਮ ਹੈ।
3 ਆਮ ਤੌਰ ਤੇ, ਦੁਨੀਆਂ ਦੇ ਲੋਕ ਈਸ਼ਵਰੀ ਜੀਵਨ ਦੇ ਰਾਹ ਉੱਤੇ ਨਹੀਂ ਚੱਲਦੇ ਹਨ, ਅਤੇ ਇਸ ਦੇ ਨਤੀਜਿਆਂ ਨੂੰ ਭੁਗਤਦੇ ਹਨ। (ਯਿਰ. 10:23) ਇਸ ਕਰਕੇ ਸਾਨੂੰ ਆਪਣੇ ਮਹਾਨ ਸਿੱਖਿਅਕ, ਯਹੋਵਾਹ ਤੋਂ ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ, ਜੋ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਸ਼ਾਸਤਰ ਵਿਚ ਯਹੋਵਾਹ ਵੱਲੋਂ ਦਿਖਾਇਆ ਗਿਆ ਜੀਵਨ ਦਾ ਰਾਹ, ਹਰ ਪੱਖੋਂ ਉੱਤਮ ਹੈ। ਉਸ ਰਾਹ ਦੇ ਉੱਤੇ ਚੱਲਣ ਲਈ ਇਹ ਜ਼ਰੂਰੀ ਹੈ ਕਿ ਯਹੋਵਾਹ ਜੋ ਕੁਝ ਵੀ ਸਾਨੂੰ ਸਿਖਾਉਂਦਾ ਹੈ, ਅਸੀਂ ਉਸ ਦਾ ਪੂਰਾ ਲਾਭ ਉਠਾਈਏ।
4 ਯਹੋਵਾਹ ਦਾ ਉੱਤਮ ਸਿੱਖਿਆ ਕਾਰਜਕ੍ਰਮ: ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦਾ ਅਸਲੀ ਉਦੇਸ਼ ਕੀ ਹੈ, ਅਤੇ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਲਾਭਦਾਇਕ ਤਰੀਕੇ ਨਾਲ ਬਤੀਤ ਕਰ ਸਕਦੇ ਹਾਂ। ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਜੀਵਨ ਵਿਚ ਮਾਨਸਿਕ, ਨੈਤਿਕ, ਅਤੇ ਅਧਿਆਤਮਿਕ ਦਰਜੇ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ। ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਭਰਾਵਾਂ ਨਾਲ, ਆਪਣੇ ਪਰਿਵਾਰ ਨਾਲ, ਅਤੇ ਆਪਣੇ ਸੰਗੀ ਮਨੁੱਖਾਂ ਨਾਲ ਕਿਵੇਂ ਸ਼ਾਂਤੀ ਨਾਲ ਰਹਿਣਾ ਹੈ। ਉਹ ਇਹ ਆਪਣੀ ਪਾਠ-ਪੁਸਤਕ ਬਾਈਬਲ ਅਤੇ ਆਪਣੇ ਸੰਗਠਨ ਰਾਹੀਂ ਕਰਦਾ ਹੈ।
5 ਇਸ ਸੰਬੰਧ ਵਿਚ ਸਾਡੀਆਂ ਕਲੀਸਿਯਾ ਸਭਾਵਾਂ ਬਹੁਤ ਮਹੱਤਵ ਰੱਖਦੀਆਂ ਹਨ। ਜਿਉਂ-ਜਿਉਂ ਅਸੀਂ ਪੰਜ ਸਭਾਵਾਂ ਵਿਚ ਲਗਾਤਾਰ ਹਾਜ਼ਰ ਹੁੰਦੇ ਅਤੇ ਹਿੱਸਾ ਲੈਂਦੇ ਹਾਂ, ਤਿਉਂ-ਤਿਉਂ ਅਸੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਸਰਬਪੱਖੀ ਸਿਖਲਾਈ ਲੈਂਦੇ ਹਾਂ, ਅਤੇ ਮਸੀਹੀ ਰਹਿਣੀ-ਬਹਿਣੀ ਬਾਰੇ ਸੰਤੁਲਿਤ ਸਿੱਖਿਆ ਲੈਂਦੇ ਹਾਂ। (2 ਤਿਮੋ. 3:16, 17) ਸਾਡਾ ਮਹਾਨ ਸਿੱਖਿਅਕ, ਸਾਨੂੰ ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਦੁਆਰਾ ਹੋਰ ਜ਼ਿਆਦਾ ਪਰਮੇਸ਼ੁਰੀ ਸਿੱਖਿਆ ਦਿੰਦਾ ਹੈ। ਜੇਕਰ ਸਾਡੀ ਸਿਹਤ ਅਤੇ ਹਾਲਾਤ ਸਾਨੂੰ ਹਾਜ਼ਰ ਹੋਣ ਦੀ ਇਜਾਜ਼ਤ ਦਿੰਦੇ ਹਨ, ਤਾਂ ਸਾਡਾ ਉਦੇਸ਼ ਇਹੋ ਹੋਣਾ ਚਾਹੀਦਾ ਹੈ ਕਿ ਅਸੀਂ ਕਦੀ ਵੀ ਸਭਾ ਜਾਂ ਸੰਮੇਲਨ ਦੇ ਸੈਸ਼ਨ ਵਿੱਚੋਂ ਗ਼ੈਰ-ਹਾਜ਼ਰ ਨਾ ਹੋਈਏ।
6 ਆਓ ਅਸੀਂ ਸਾਰੇ ਆਉਣ ਵਾਲੇ ਦਿਨਾਂ ਵਿਚ ਯਹੋਵਾਹ ਦੀ ਮਹਿਮਾ ਲਈ ਅਤੇ ਆਪਣੇ ਸਦੀਪਕ ਲਾਭ ਲਈ ਤਨਦੇਹੀ ਨਾਲ ਈਸ਼ਵਰੀ ਜੀਵਨ ਦੇ ਰਾਹ ਉੱਤੇ ਚੱਲਦੇ ਰਹੀਏ!—ਯਸਾ. 48:17.