ਕੀ ਤੁਸੀਂ ਆਪਣੇ ਆਪ ਨੂੰ ਫ਼ਾਇਦਾ ਪਹੁੰਚਾ ਰਹੇ ਹੋ?
1 ਅੱਜ ਲੱਖਾਂ ਹੀ ਲੋਕ ਜਾਣਨਾ ਚਾਹੁੰਦੇ ਹਨ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਜਾਵੇ ਅਤੇ ਇਕ ਖ਼ੁਸ਼ਹਾਲ ਜ਼ਿੰਦਗੀ ਕਿਵੇਂ ਗੁਜ਼ਾਰੀ ਜਾਵੇ। ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਕਿਤਾਬਾਂ ਪੜ੍ਹਦੇ ਹਨ। ਕਈ ਲੋਕ ਤਾਂ ਕੁਝ ਗਰੁੱਪਾਂ ਅਤੇ ਸੰਸਥਾਵਾਂ ਕੋਲੋਂ ਮਦਦ ਲੈਂਦੇ ਹਨ, ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਸ਼ਾਇਦ ਕੁਝ ਲੋਕ ਕਹਿਣ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਕੁਝ ਹੱਦ ਤਕ ਸੁਲਝ ਗਈਆਂ ਹਨ। ਪਰ ਅੱਜ ਜਦੋਂ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦੇਖਦੇ ਹਾਂ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਇਨਸਾਨਾਂ ਦੀਆਂ ਹਿਦਾਇਤਾਂ ਨੂੰ ਮੰਨ ਕੇ ਇਕ ਅਮਨ-ਚੈਨ ਵਾਲੀ ਤੇ ਖ਼ੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣਿਆ ਹੈ? ਬਿਲਕੁਲ ਨਹੀਂ!—1 ਕੁਰਿੰ. 3:18-20.
2 ਇਨਸਾਨਾਂ ਤੋਂ ਉਲਟ ਸਾਡਾ ਸਿਰਜਣਹਾਰ ਮੁਫ਼ਤ ਵਿਚ ਆਪਣੇ ਸੁਣਨ ਵਾਲਿਆਂ ਨੂੰ ਸਭ ਤੋਂ ਵਧੀਆ ਹਿਦਾਇਤਾਂ ਦਿੰਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਸਾਰੇ ਉਸ ਦੀ ਸਿੱਖਿਆ ਤੋਂ ਫ਼ਾਇਦਾ ਉਠਾਉਣ। ਉਸ ਨੇ ਦਿਲ ਖੋਲ੍ਹ ਕੇ ਆਪਣਾ ਬਚਨ ਮਨੁੱਖਜਾਤੀ ਦੇ ਮਾਰਗ-ਦਰਸ਼ਨ ਲਈ ਦਿੱਤਾ ਹੈ ਤਾਂਕਿ ਉਹ ਧਰਮ ਦੇ ਰਾਹ ਤੇ ਚੱਲ ਸਕਣ। ਉਸ ਨੇ ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਫੈਲਾਉਣ ਦਾ ਵੀ ਇੰਤਜ਼ਾਮ ਕੀਤਾ ਹੈ। (ਜ਼ਬੂ. 19:7, 8; ਮੱਤੀ 24:14; 2 ਤਿਮੋ. 3:16) ਯਹੋਵਾਹ ਦੇ ਹੁਕਮਾਂ ਤੇ ਧਿਆਨ ਦੇਣ ਨਾਲ ਹੀ ਇਕ ਖ਼ੁਸ਼ਹਾਲ ਜ਼ਿੰਦਗੀ ਮਿਲਦੀ ਹੈ।—ਯਸਾ. 48:17, 18.
3 ਯਹੋਵਾਹ ਦੀਆਂ ਹਿਦਾਇਤਾਂ ਦੁਨੀਆਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕਿਤਾਬਾਂ ਅਤੇ ਖ਼ੁਦ ਨੂੰ ਸੁਧਾਰਨ ਦੀਆਂ ਸਕੀਮਾਂ ਤੋਂ ਕਿਤੇ ਵਧੀਆ ਹਨ। ਜੇ ਅਸੀਂ ਯਹੋਵਾਹ ਦੁਆਰਾ ਕੀਤੇ ਇੰਤਜ਼ਾਮਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਂਦੇ ਹਾਂ, ਤਾਂ ਸਾਨੂੰ ਸਹੀ ਮਦਦ ਮਿਲ ਸਕਦੀ ਹੈ ਅਤੇ ਹਮੇਸ਼ਾ-ਹਮੇਸ਼ਾ ਦੇ ਫ਼ਾਇਦੇ ਹੋ ਸਕਦੇ ਹਨ। ਇਹ ਸਭ ਕੁਝ ਉਸ ਦੇ ਬਚਨ ਅਤੇ ਸੰਗਠਨ ਦੁਆਰਾ ਸਾਨੂੰ ਮਿਲ ਸਕਦਾ ਹੈ।—1 ਪਤ. 3:10-12.
4 ਕਲੀਸਿਯਾ ਸਭਾਵਾਂ ਤੋਂ ਫ਼ਾਇਦਾ ਉਠਾਓ: ਅੱਜ ਯਹੋਵਾਹ ਸਾਨੂੰ ਆਪਣੇ ਰਾਹ ਸਿਖਾਉਣ ਵਿਚ ਸੱਚੀ ਦਿਲਚਸਪੀ ਦਿਖਾਉਂਦਾ ਹੈ ਜਿਨ੍ਹਾਂ ਤੇ ਧਿਆਨ ਲਾਉਣ ਨਾਲ ਸਾਨੂੰ ਕਾਫ਼ੀ ਫ਼ਾਇਦੇ ਹੁੰਦੇ ਹਨ। ਹਰ ਹਫ਼ਤੇ ਸਾਡੀਆਂ ਪੰਜ ਸਭਾਵਾਂ ਸਾਨੂੰ ਯਹੋਵਾਹ ਦੇ ਨਿੱਘੇ
ਪਿਆਰ ਦਾ ਸਬੂਤ ਦਿੰਦੀਆਂ ਹਨ। ਜਦੋਂ ਅਸੀਂ ਕਲੀਸਿਯਾ ਸਭਾਵਾਂ ਵਿਚ ਆਉਂਦੇ ਹਾਂ, ਤਾਂ ਪਰਮੇਸ਼ੁਰ ਬਾਰੇ ਸਾਡਾ ਗਿਆਨ ਵੱਧਦਾ ਜਾਂਦਾ ਹੈ। ਅਸੀਂ ਯਹੋਵਾਹ ਦੇ ਨੇੜੇ ਰਹਿ ਕੇ ਬੁਰੀਆਂ ਗੱਲਾਂ ਤੋਂ ਦੂਰ ਰਹਿਣਾ ਸਿੱਖਦੇ ਹਾਂ ਅਤੇ ਸਾਡਾ ਹੌਸਲਾ ਹੋਰ ਵੀ ਵੱਧ ਜਾਂਦਾ ਹੈ।
5 ਪਰ ਇਸ ਤੋਂ ਵੀ ਜ਼ਿਆਦਾ ਅਸੀਂ ਕਲੀਸਿਯਾ ਸਭਾਵਾਂ ਵਿਚ “ਖੁਲ੍ਹੇ ਦਿਲ” ਵਾਲੇ ਬਣਦੇ ਹਾਂ। (2 ਕੁਰਿੰ. 6:13) ਇਸ ਦਾ ਮਤਲਬ ਹੈ ਕਲੀਸਿਯਾ ਵਿਚ ਦੂਜੇ ਲੋਕਾਂ ਨੂੰ ਜਾਣਨਾ। ਜਿਵੇਂ ਪੌਲੁਸ ਰਸੂਲ ਨੇ ਰੋਮੀਆਂ ਨੂੰ ਆਪਣੀ ਚਿੱਠੀ ਵਿਚ ਲਿਖਿਆ ਸੀ ਉਵੇਂ ਹੀ ਸਾਨੂੰ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰ ਕੇ ਫ਼ਾਇਦਾ ਹੁੰਦਾ ਹੈ। (ਰੋਮੀ. 1:11, 12) ਉਸ ਨੇ ਇਬਰਾਨੀ ਭੈਣ-ਭਰਾਵਾਂ ਨੂੰ ਬੜੀ ਜ਼ਬਰਦਸਤ ਨਸੀਹਤ ਦਿੱਤੀ ਜੋ ਆਪਸ ਵਿਚ ਇਕੱਠਾ ਹੋਣਾ ਛੱਡ ਰਹੇ ਸਨ।—ਇਬ. 10:24, 25.
6 ਜ਼ਿੰਦਗੀ ਵਿਚ ਦਿਲੀ ਤਸੱਲੀ ਉਦੋਂ ਮਿਲਦੀ ਹੈ ਜਦੋਂ ਅਸੀਂ ਦੂਜਿਆਂ ਦੀ ਭਲਾਈ ਲਈ ਕੰਮ ਕਰਦੇ ਹਾਂ। ਇਸ ਲਈ ਸਾਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਅਸੀਂ ਦੂਜਿਆਂ ਨੂੰ ਖ਼ੁਸ਼ੀ ਦੇਣ ਦੇ ਤਰੀਕੇ ਲੱਭੀਏ। ਯਕੀਨਨ ਸਾਡੀਆਂ ਮਸੀਹੀ ਸਭਾਵਾਂ ਸਾਨੂੰ ਖ਼ੁਦ ਨੂੰ ਹੀ ਨਹੀਂ, ਸਗੋਂ ਜਿਨ੍ਹਾਂ ਨਾਲ ਅਸੀਂ ਸੰਗਤੀ ਕਰਦੇ ਹਾਂ ਉਨ੍ਹਾਂ ਨੂੰ ਵੀ ਫ਼ਾਇਦਾ ਪਹੁੰਚਾਉਂਦੀਆਂ ਹਨ। ਇਸ ਕਰਕੇ ਸਾਡੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਸੀਂ ਇਨ੍ਹਾਂ ਵਿਚ ਦਿਲੋਂ ਹਿੱਸਾ ਲਈਏ।
7 ਪੌਲੁਸ ਰਸੂਲ ਨੇ ਇਸੇ ਤਰ੍ਹਾਂ ਦੀ ਸਲਾਹ ਤਿਮੋਥਿਉਸ ਨੂੰ ਦਿੱਤੀ: “ਭਗਤੀ ਲਈ ਆਪ ਸਾਧਨਾ ਕਰ।” (1 ਤਿਮੋ. 4:7) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਕੁਝ ਸਿੱਖਣ ਦਾ ਜਤਨ ਕਰ ਰਿਹਾ ਹਾਂ? ਕੀ ਮੈਂ ਸਭਾਵਾਂ ਵਿਚ ਦੱਸੀਆਂ ਗੱਲਾਂ ਤੋਂ ਫ਼ਾਇਦਾ ਉਠਾਉਣਾ ਸਿੱਖ ਰਿਹਾ ਹਾਂ?’ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਦੇਵਾਂਗੇ ਜੇ ਅਸੀਂ ਸਭਾਵਾਂ ਵਿਚ ਧਿਆਨ ਨਾਲ ਸੁਣਦੇ ਹਾਂ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ। ਸਾਨੂੰ ਨਿਹਚਾ ਦੀਆਂ ਅੱਖਾਂ ਦੇ ਨਾਲ ਇਹ ਦੇਖਣ ਦੀ ਲੋੜ ਹੈ ਕਿ ਕਲੀਸਿਯਾ ਦੇ ਭਰਾ ਆਪਣੇ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਸਿਖਾ ਰਹੇ ਹਨ।—ਯਸਾ. 30:20.
8 ਦੈਵ-ਸ਼ਾਸਕੀ ਸਿਖਲਾਈ ਸਕੂਲ ਅਤੇ ਸੇਵਾ ਸਭਾ: ਇਹ ਦੋਵੇਂ ਸਭਾਵਾਂ ਸਾਨੂੰ ਪ੍ਰਚਾਰ ਕੰਮ ਲਈ ਵਧੀਆ ਸਿਖਲਾਈ ਦਿੰਦੀਆਂ ਹਨ। ਦੈਵ-ਸ਼ਾਸਕੀ ਸਿਖਲਾਈ ਸਕੂਲ ਦਾ ਨਾਂ ਬਿਲਕੁਲ ਢੁਕਵਾਂ ਹੈ ਕਿਉਂਕਿ ਇਸ ਸਕੂਲ ਵਿਚ ਵਿਦਿਆਰਥੀ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸਕੂਲ ਵਿਚ ਬਾਕਾਇਦਾ ਹਿਦਾਇਤਾਂ ਅਤੇ ਸਲਾਹਾਂ ਮਿਲਦੀਆਂ ਹਨ। ਤੁਹਾਡੇ ਕੋਲ ਇਸ ਸਕੂਲ ਵਿਚ ਜਨਤਕ ਭਾਸ਼ਣਕਾਰ ਵਜੋਂ ਅਤੇ ਬਾਈਬਲ ਸਿੱਖਿਆ ਦੇਣ ਵਿਚ ਤਰੱਕੀ ਕਰਨ ਦਾ ਮੌਕਾ ਹੈ। ਪਰ ਸਕੂਲ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ ਤੁਹਾਨੂੰ ਆਪਣਾ ਨਾਂ ਲਿਖਵਾਉਣ, ਹਾਜ਼ਰ ਹੋਣ, ਬਾਕਾਇਦਾ ਹਿੱਸਾ ਲੈਣ ਅਤੇ ਆਪਣੇ ਭਾਸ਼ਣਾਂ ਨੂੰ ਤਿਆਰ ਕਰਨ ਲਈ ਦਿਲੋਂ ਮਿਹਨਤ ਕਰਨ ਦੀ ਲੋੜ ਹੈ। ਜੇ ਤੁਸੀਂ ਸਲਾਹ ਨੂੰ ਮੰਨਦੇ ਅਤੇ ਲਾਗੂ ਕਰਦੇ ਹੋ, ਤਾਂ ਤੁਸੀਂ ਹੋਰ ਵੀ ਤਰੱਕੀ ਕਰੋਗੇ।
9 ਸੇਵਾ ਸਭਾ ਸਾਨੂੰ ਮਸੀਹੀ ਸੇਵਕਾਈ ਦੀ ਅਹਿਮੀਅਤ ਬਾਰੇ ਸਿਖਾਉਂਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਕਿਵੇਂ ਹਿੱਸਾ ਲੈ ਸਕਦੇ ਹਾਂ। ਕੀ ਤੁਸੀਂ ਆਪਣੇ ਪਰਿਵਾਰ ਨਾਲ ਇਨ੍ਹਾਂ ਦੋ ਸਭਾਵਾਂ ਵਿਚ ਦੱਸੀਆਂ ਜਾਂਦੀਆਂ ਗੱਲਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾ ਰਹੇ ਹੋ? ਇਕ ਮਸੀਹੀ ਜੋੜੇ ਨੇ ਟਿੱਪਣੀ ਕੀਤੀ: “ਇਕ ਸੇਵਾ ਸਭਾ ਵਿਚ ਅਸੀਂ ਸੁਣਿਆ ਕਿ ਸਾਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਦੈਨਿਕ ਪਾਠ ਪੜ੍ਹਨਾ ਚਾਹੀਦਾ ਹੈ। ਪਹਿਲਾਂ ਅਸੀਂ ਇੰਜ ਨਹੀਂ ਸੀ ਕਰਦੇ ਪਰ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਪੜ੍ਹਦੇ ਹਾਂ।” ਇਸ ਪਰਿਵਾਰ ਨੂੰ ਕਿਵੇਂ ਫ਼ਾਇਦਾ ਹੋਇਆ? ਉਨ੍ਹਾਂ ਨੇ ਮੰਨਿਆ: “ਖਾਣਾ ਖਾਣ ਵੇਲੇ ਸਾਨੂੰ ਆਪਸ ਵਿਚ ਗੱਲਬਾਤ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਹੁਣ ਬਹਿਸਬਾਜ਼ੀ ਕਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ।” ਕੀ ਛੋਟੇ ਬੱਚਿਆਂ ਨੂੰ ਵੀ ਸਭਾਵਾਂ ਤੋਂ ਕੋਈ ਫ਼ਾਇਦਾ ਹੁੰਦਾ ਹੈ? ਜੀ ਹਾਂ। ਇਕ ਮਾਂ ਕਹਿੰਦੀ ਹੈ: “ਸਾਡੇ ਬੱਚਿਆਂ ਤੇ ਸਭਾਵਾਂ ਦਾ ਬੜਾ ਅਸਰ ਪੈਂਦਾ ਹੈ। ਇਕ ਹਫ਼ਤੇ ਅਸੀਂ ਆਪਣੇ ਛੇ ਸਾਲਾਂ ਦੇ ਮੁੰਡੇ ਨੂੰ ਝੂਠ ਬੋਲਦੇ ਹੋਏ ਫੜਿਆ। ਪਰ ਉਸੇ ਹਫ਼ਤੇ ਸਭਾ ਵਿਚ ਝੂਠ ਬਾਰੇ ਇਕ ਭਾਸ਼ਣ ਦਿੱਤਾ ਗਿਆ। ਆਪਣੀ ਗ਼ਲਤੀ ਦਾ ਪਤਾ ਲੱਗਣ ਤੇ ਉਸ ਨੇ ਆਪਣੇ ਡੈਡੀ ਵੱਲ ਦੇਖਿਆ ਅਤੇ ਸ਼ਰਮਿੰਦਾ ਹੋ ਕੇ ਸਿਰ ਥੱਲੇ ਕਰ ਲਿਆ। ਉਸ ਨੇ ਭਾਸ਼ਣ ਤੋਂ ਸਬਕ ਸਿੱਖਿਆ ਅਤੇ ਫਿਰ ਸਾਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਈ।”
10 ਇਕ ਪਾਇਨੀਅਰ ਭੈਣ ਕਹਿੰਦੀ ਹੈ ਕਿ ਸੇਵਾ ਸਭਾ ਵਿਚ ਪ੍ਰਚਾਰ ਕੰਮ ਨੂੰ ਸੁਧਾਰਨ ਲਈ ਸੁਝਾਅ ਦਿੱਤੇ ਜਾਂਦੇ ਹਨ ਜਿਸ ਦੇ ਲਈ ਉਹ ਬੜੀ ਸ਼ੁਕਰਗੁਜ਼ਾਰ ਹੈ। ਕਿਉਂ? ਉਹ ਦੱਸਦੀ ਹੈ: “ਮੈਨੂੰ ਰਟੀਆਂ-ਰਟਾਈਆਂ ਗੱਲਾਂ ਦੁਹਰਾਉਣ ਦੀ ਆਦਤ ਜਿਹੀ ਪੈ ਜਾਂਦੀ ਹੈ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਜਾਂਦੇ ਸੁਝਾਅ ਸਾਡੇ ਇਲਾਕੇ ਵਿਚ ਲਾਗੂ ਨਹੀਂ ਹੋਣਗੇ। ਪਰ ਜਦੋਂ ਮੈਂ ਸੇਵਾ ਸਭਾ ਵਿਚ ਸੁਣਿਆ ਕਿ ਸਾਨੂੰ ਇਨ੍ਹਾਂ ਨੂੰ ਅਜ਼ਮਾਉਣਾ ਚਾਹੀਦਾ ਹੈ, ਤਾਂ ਮੇਰੇ ਵਿਚ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਦਾ ਜੋਸ਼ ਪੈਦਾ ਹੋ ਜਾਂਦਾ ਹੈ। ਇੰਜ ਕਰਨ ਤੇ ਸੇਵਕਾਈ ਵਿਚ ਮੇਰੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ!” ਜਦੋਂ ਸੇਵਾ ਸਭਾ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਸਾਨੂੰ ਪਹਿਲੀ ਹੀ ਮੁਲਾਕਾਤ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਭੈਣ ਨੇ ਇਸ ਸੁਝਾਅ ਨੂੰ ਕਈ ਹਫ਼ਤੇ ਲਾਗੂ ਕੀਤਾ। ਅਖ਼ੀਰ ਉਸ ਨੇ ਇਕ ਕੁੜੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਜੋ ਮਦਦ ਲਈ ਪ੍ਰਾਰਥਨਾ ਕਰਦੀ ਹੁੰਦੀ ਸੀ।
11 ਜਦੋਂ ਇਕ ਭਾਸ਼ਣ ਵਿਚ ਕਿਸੇ ਨਿੱਜੀ ਮਾਮਲੇ ਬਾਰੇ ਬਾਈਬਲੀ ਸਲਾਹ ਦਿੱਤੀ ਜਾਂਦੀ ਹੈ ਤਾਂ ਕੀ ਤੁਸੀਂ ਅਜਿਹਾ ਨਹੀਂ ਸੋਚਦੇ ਹੋ ਕਿ ਯਹੋਵਾਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ? ਇਕ ਭਰਾ ਨੇ ਅਜਿਹਾ ਹੀ ਮਹਿਸੂਸ ਕੀਤਾ। ਉਸ ਨੇ ਕਿਹਾ: “ਹਾਲ ਹੀ ਵਿਚ ਸਭਾ ਦੌਰਾਨ ਇਕ ਭਾਸ਼ਣ ਦਿੱਤਾ ਗਿਆ ਜਿਸ ਵਿਚ ਭਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਦਿਲ-ਪਰਚਾਵਾ ਮਸੀਹੀਆਂ ਲਈ ਠੀਕ ਹੈ ਅਤੇ ਕਿਸ ਤਰ੍ਹਾਂ ਦਾ ਗ਼ਲਤ ਹੈ। ਮੈਂ ਹਮੇਸ਼ਾ ਟੈਲੀਵਿਯਨ ਤੇ ਮੁੱਕੇਬਾਜ਼ੀ ਦੇਖਦਾ ਹੁੰਦਾ ਸੀ। ਪਰ ਇਸ ਸਭਾ ਤੋਂ ਬਾਅਦ ਮੈਂ ਸਮਝ ਗਿਆ ਕਿ ਇਹ ਖੇਡ ਮਸੀਹੀਆਂ ਲਈ ਠੀਕ ਨਹੀਂ ਹੈ। ਹੁਣ ਮੈਂ ਇਹ ਖੇਡ ਨਹੀਂ ਦੇਖਦਾ।” ਜੀ ਹਾਂ, ਹਾਲਾਂਕਿ ਇਸ ਭਰਾ ਨੂੰ ਇਹ ਖ਼ਤਰਨਾਕ ਖੇਡ ਬੜੀ ਪਸੰਦ ਸੀ, ਪਰ ਉਸ ਨੇ ਨਿਮਰਤਾ ਨਾਲ ਯਹੋਵਾਹ ਦੀ ਸਲਾਹ ਨੂੰ ਮੰਨਿਆ।—ਜ਼ਬੂ. 11:5.
12 ਜਨਤਕ ਭਾਸ਼ਣ, ਪਹਿਰਾਬੁਰਜ ਅਤੇ ਕਲੀਸਿਯਾ ਪੁਸਤਕ ਅਧਿਐਨ: ਹਰ ਹਫ਼ਤੇ ਜਨਤਕ ਭਾਸ਼ਣਾਂ ਵਿਚ ਬਾਈਬਲ ਦੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਚਰਚਾ ਕੀਤੀ ਜਾਂਦੀ ਹੈ। ਤੁਹਾਨੂੰ ਇਨ੍ਹਾਂ ਭਾਸ਼ਣਾਂ ਤੋਂ ਕੀ ਫ਼ਾਇਦਾ ਹੋ ਰਿਹਾ ਹੈ? ਇਕ ਮਸੀਹੀ ਪਤੀ ਨੇ ਦੱਸਿਆ: “ਇਕ ਜਨਤਕ ਭਾਸ਼ਣ ਵਿਚ ਆਤਮਾ ਦੇ ਫਲਾਂ ਬਾਰੇ ਦੱਸਿਆ ਗਿਆ। ਭਾਸ਼ਣਕਾਰ ਨੇ ਆਪਣੇ ਬਾਰੇ ਕਿਹਾ ਕਿ ਉਹ ਇਨ੍ਹਾਂ ਵਿੱਚੋਂ ਇਕ ਖ਼ਾਸ ਫਲ ਚੁਣ ਕੇ ਇਸ ਨੂੰ ਪੂਰੇ ਹਫ਼ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਹਫ਼ਤੇ ਦੇ ਅਖ਼ੀਰ ਵਿਚ ਧਿਆਨ ਨਾਲ ਸੋਚਦਾ ਹੈ ਕਿ ਉਸ ਨੇ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਇਸ ਫਲ ਨੂੰ ਕਿਵੇਂ ਲਾਗੂ ਕੀਤਾ ਹੈ। ਇਸੇ ਤਰ੍ਹਾਂ, ਉਹ ਅਗਲੇ ਹਫ਼ਤੇ ਆਤਮਾ ਦੇ ਕਿਸੇ ਹੋਰ ਫਲ ਤੇ ਕੰਮ ਕਰਦਾ ਹੈ। ਮੈਨੂੰ ਇਹ ਗੱਲ ਪਸੰਦ ਆਈ ਅਤੇ ਮੈਂ ਵੀ ਇੰਜ ਕਰਨਾ ਸ਼ੁਰੂ ਕਰ ਦਿੱਤਾ।” ਸਿੱਖੀਆਂ ਹੋਈਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਦੀ ਕਿੰਨੀ ਹੀ ਵਧੀਆ ਮਿਸਾਲ!
13 ਪਹਿਰਾਬੁਰਜ ਅਧਿਐਨ ਸਾਡੀ ਮਦਦ ਕਰਦਾ ਹੈ ਕਿ ਅਸੀਂ ਜ਼ਿੰਦਗੀ ਦੇ ਵੱਖੋ-ਵੱਖਰੇ ਪਹਿਲੂਆਂ ਤੇ ਬਾਈਬਲ ਸਿਧਾਂਤਾਂ ਨੂੰ ਲਾਗੂ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਦੇ ਬਾਵਜੂਦ ਆਪਣੇ ਦਿਲਾਂ-ਦਿਮਾਗ਼ਾਂ ਵਿਚ ਸ਼ਾਂਤੀ ਪਾ ਸਕਦੇ ਹਾਂ। ਪਹਿਰਾਬੁਰਜ ਅਧਿਐਨ ਸਾਨੂੰ ਨਵੀਆਂ-ਨਵੀਆਂ ਬਾਈਬਲ ਸੱਚਾਈਆਂ ਬਾਰੇ ਵੀ ਦੱਸਦਾ ਹੈ। ਮਿਸਾਲ ਵਜੋਂ ਕੀ ਤੁਹਾਨੂੰ 1 ਮਈ 1999 ਦੇ ਪਹਿਰਾਬੁਰਜ ਲੇਖਾਂ “ਇਹ ਗੱਲਾਂ ਤਾਂ ਹੋਣੀਆਂ ਹੀ ਹਨ,” “ਵਾਚਣ ਵਾਲਾ ਸਮਝ ਲਵੇ” ਅਤੇ “ਸਚੇਤ ਰਹੋ ਅਤੇ ਮਿਹਨਤੀ ਬਣੋ!” ਤੋਂ ਫ਼ਾਇਦਾ ਨਹੀਂ ਹੋਇਆ? ਇਨ੍ਹਾਂ ਲੇਖਾਂ ਨੇ ਤੁਹਾਡੇ ਤੇ ਕੀ ਅਸਰ ਪਾਇਆ? ਕੀ ਤੁਸੀਂ ਆਪਣੇ ਕੰਮਾਂ ਤੋਂ ਦਿਖਾਉਂਦੇ ਹੋ ਕਿ ਤੁਸੀਂ ਯਿਸੂ ਦੀ ਚੇਤਾਵਨੀ ਵੱਲ ਪੂਰਾ ਧਿਆਨ ਦੇ ਰਹੇ ਹੋ? ਕੀ ਤੁਸੀਂ ਅਗਾਹਾਂ ਨੂੰ ਆਉਣ ਵਾਲੀਆਂ ਅਜ਼ਮਾਇਸ਼ਾਂ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ ਜਦੋਂ ਅਸੀਂ ‘ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤ੍ਰ ਥਾਂ ਵਿੱਚ ਖੜੀ ਹੋਈ’ ਦੇਖਾਂਗੇ? (ਮੱਤੀ 24:15-22) ਕੀ ਤੁਹਾਡੇ ਟੀਚੇ ਅਤੇ ਜੀਵਨ-ਢੰਗ ਦਿਖਾਉਂਦਾ ਹੈ ਕਿ ਤੁਸੀਂ ਰੁਪਇਆ-ਪੈਸਾ ਕਮਾਉਣ ਦੀ ਬਜਾਇ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਸਭ ਤੋਂ ਜ਼ਰੂਰੀ ਸਮਝਦੇ ਹੋ? ਕੀ ਪਹਿਰਾਬੁਰਜ ਅਧਿਐਨ ਤੋਂ ਸਾਨੂੰ ਹੁਣ ਫ਼ਾਇਦਾ ਨਹੀਂ ਹੋ ਰਿਹਾ ਹੈ?
14 ਜ਼ਰਾ ਸੋਚੋ ਕਿ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਹਰ ਹਫ਼ਤੇ ਕਿੰਨਾ ਕੁਝ ਸਿੱਖਦੇ ਹਾਂ। ਹੁਣ ਅਸੀਂ ਦਾਨੀਏਲ ਕਿਤਾਬ ਦੀ ਸਟੱਡੀ ਕਰ ਰਹੇ ਹਾਂ। ਸਾਨੂੰ ਇਸ ਕਿਤਾਬ ਦੀ ਸਟੱਡੀ ਕਰਦੇ ਹੋਏ ਚਾਰ ਮਹੀਨੇ ਹੋ ਗਏ ਹਨ, ਤਾਂ ਕੀ ਹਰ ਹਫ਼ਤੇ ਸਾਡੀ ਨਿਹਚਾ ਵੱਧਦੀ ਨਹੀਂ ਜਾਂਦੀ? ਯਹੋਵਾਹ ਦੇ ਪਿਆਰੇ ਨਬੀ ਦਾਨੀਏਲ ਵਾਂਗ ਅਸੀਂ ਵੀ ਆਪਣੀ ਨਿਹਚਾ ਮਜ਼ਬੂਤ ਕਰਦੇ ਹਾਂ, ਤਾਂਕਿ ਅਸੀਂ ਧੀਰਜ ਰੱਖ ਸਕੀਏ।
15 ਯਹੋਵਾਹ ਸਾਨੂੰ ਖ਼ੁਸ਼ ਰਹਿਣਾ ਸਿਖਾਉਂਦਾ ਹੈ: ਪਰਮੇਸ਼ੁਰ ਦੇ ਹੁਕਮਾਂ ਤੇ ਧਿਆਨ ਦੇਣ ਨਾਲ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚ ਜਾਂਦੇ ਹਾਂ। ਸਭ ਤੋਂ ਵੱਧ ਅਸੀਂ ਖ਼ੁਸ਼ੀਆਂ-ਭਰੀ ਜ਼ਿੰਦਗੀ ਜੀਉਂਦੇ ਹਾਂ। ਯਹੋਵਾਹ ਦੀ ਅਗਵਾਈ ਹੇਠ ਚੱਲ ਕੇ ਅਸੀਂ ਉਸ ਦੇ ਕੰਮ ਵਿਚ ਹਿੱਸੇਦਾਰ ਬਣ ਜਾਂਦੇ ਹਾਂ ਨਾ ਕਿ ਸਿਰਫ਼ ਦੇਖਣ ਵਾਲੇ। ਪਰਮੇਸ਼ੁਰੀ ਇੱਛਾ ਪੂਰੀ ਕਰਨ ਵਾਲੇ ਲੋਕ ਧੰਨ ਹਨ।—1 ਕੁਰਿੰ. 3:9; ਯਾਕੂ. 1:25.
16 ਧਿਆਨ ਨਾਲ ਸੋਚੋ ਕਿ ਕਲੀਸਿਯਾ ਸਭਾਵਾਂ ਵਿਚ ਸੁਣੀਆਂ ਹੋਈਆਂ ਗੱਲਾਂ ਨੂੰ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਵਿਚ ਲਾਗੂ ਕਰੋਗੇ। (ਯੂਹੰ. 13:17) ਜੋਸ਼ ਨਾਲ ਅਤੇ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰੋ। ਇਸ ਨਾਲ ਤੁਹਾਡੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪਵੇਗੀ। ਤੁਹਾਡੀ ਜ਼ਿੰਦਗੀ ਹੋਰ ਜ਼ਿਆਦਾ ਮਕਸਦ-ਭਰੀ ਹੋ ਜਾਵੇਗੀ। ਜੀ ਹਾਂ, ਇਵੇਂ ਤੁਸੀਂ ਆਪਣੇ ਆਪ ਨੂੰ ਫ਼ਾਇਦਾ ਪਹੁੰਚਾ ਰਹੇ ਹੋਵੋਗੇ।