“ਧੀਰਜ ਕਰੋ”
1 ਜਿਉਂ-ਜਿਉਂ ਅਸੀਂ ਸ਼ਤਾਨ ਦੀ ਪੁਰਾਣੀ ਰੀਤੀ-ਵਿਵਸਥਾ ਦਾ ਅੰਤ ਨੇੜੇ ਆਉਂਦਾ ਵੇਖਦੇ ਹਾਂ, ਇਹ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਮੁਕਤੀ ਦੇ ਦਿਨ ਦੀ ਉਡੀਕ ਕਰਦੇ ਹੋਏ ‘ਧੀਰਜ ਕਰੀਏ।’ ਖ਼ਾਸ ਤੌਰ ਤੇ ਇਸ ਅੰਤ ਦੇ ਸਮੇਂ ਵਿਚ, ਦੁਸ਼ਟ ਵੈਰੀ ਯਹੋਵਾਹ ਦੀ ਸਰਬਸੱਤਾ ਦੇ ਅਹਿਮ ਵਾਦ-ਵਿਸ਼ੇ ਤੋਂ ਸਾਡਾ ਧਿਆਨ ਹਟਾਉਣ ਲਈ ਡਟੇ ਹੋਏ ਹਨ, ਅਤੇ ਸਾਨੂੰ ਬਹੁਤ ਸਾਰੇ ਸੁਆਰਥੀ ਕੰਮਾਂ ਦੁਆਰਾ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰੀਕੇ ਨਾਲ, ਸ਼ਤਾਨ ਚਲਾਕੀ ਨਾਲ ਸਾਨੂੰ ਰਾਜ-ਪ੍ਰਚਾਰ ਦੇ ਕਾਰਜ ਨੂੰ ਕਰਨ ਤੋਂ ਰੋਕ ਸਕਦਾ ਹੈ ਜਾਂ ਢਿੱਲੇ ਪਾ ਸਕਦਾ ਹੈ। (ਯਾਕੂ. 5:7, 8; ਮੱਤੀ 24:13, 14) ਅਸੀਂ ਕਿਹੜੇ ਤਰੀਕਿਆਂ ਦੁਆਰਾ ਅਜਿਹੀ ਸਥਿਤੀ ਵਿਚ ਲੋੜੀਂਦਾ ਧੀਰਜ ਦਿਖਾ ਸਕਦੇ ਹਾਂ?
2 ਆਪਣੇ ਆਪ ਤੇ ਕਾਬੂ ਰੱਖਣ ਦੁਆਰਾ: ਜਦੋਂ ਅਸੀਂ ਆਪਣੀ ਸੇਵਕਾਈ ਵਿਚ ਉਦਾਸੀਨਤਾ ਜਾਂ ਵਿਰੋਧ ਦਾ ਸਾਮ੍ਹਣਾ ਕਰਦੇ ਹਾਂ, ਤਾਂ ਧੀਰਜ ਸਾਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਵਿਚ ਮਦਦ ਦੇਵੇਗਾ। ਜੇਕਰ ਸਾਨੂੰ ਸੇਵਕਾਈ ਵਿਚ ਰੁੱਖੇ ਜਾਂ ਕਠੋਰ ਸੁਭਾਅ ਵਾਲੇ ਲੋਕ ਮਿਲਦੇ ਹਨ ਤਾਂ ਅਸੀਂ ਆਸਾਨੀ ਨਾਲ ਨਹੀਂ ਡਰਾਂਗੇ ਜਾਂ ਗੁੱਸੇ ਨਹੀਂ ਹੋਵਾਂਗੇ। (1 ਪਤ. 2:23) ਇਹ ਅੰਦਰੂਨੀ ਤਾਕਤ ਸਾਨੂੰ ਸਾਡੇ ਖੇਤਰ ਦੇ ਉਨ੍ਹਾਂ ਲੋਕਾਂ ਬਾਰੇ ਨਿਰਾਸ਼ਾਵਾਦੀ ਢੰਗ ਨਾਲ ਬੋਲਣ ਤੋਂ ਰੋਕੇਗੀ ਜਿਹੜੇ ਸਾਡੇ ਕੰਮ ਪ੍ਰਤੀ ਉਦਾਸੀਨਤਾ ਜਾਂ ਵੈਰ ਦਿਖਾਉਂਦੇ ਹਨ, ਕਿਉਂਕਿ ਇਸ ਤਰ੍ਹਾਂ ਦੀ ਗੱਲ-ਬਾਤ ਸਾਨੂੰ ਅਤੇ ਸਾਡੇ ਨਾਲ ਸੇਵਕਾਈ ਵਿਚ ਕੰਮ ਕਰਨ ਵਾਲਿਆਂ ਨੂੰ ਨਿਰਉਤਸ਼ਾਹਿਤ ਕਰ ਸਕਦੀ ਹੈ।
3 ਧੀਰਜ ਨਾਲ ਲੱਗੇ ਰਹਿਣ ਦੁਆਰਾ: ਖੇਤਰ ਸੇਵਕਾਈ ਵਿਚ ਪਹਿਲੀ ਵਾਰ ਇਕ ਬਹੁਤ ਵਧੀਆ ਚਰਚਾ ਕਰਨ ਤੋਂ ਬਾਅਦ ਜਦੋਂ ਸਾਨੂੰ ਦਿਲਚਸਪੀ ਰੱਖਣ ਵਾਲਾ ਵਿਅਕਤੀ ਦੁਬਾਰਾ ਘਰ ਨਹੀਂ ਮਿਲਦਾ, ਤਾਂ ਉਸ ਵੇਲੇ ਸਾਨੂੰ ਬਹੁਤ ਜ਼ਿਆਦਾ ਧੀਰਜ ਕਰਨ ਦੀ ਲੋੜ ਪੈ ਸਕਦੀ ਹੈ। ਇਹ ਉਦੋਂ ਵੀ ਸੱਚ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਅਧਿਐਨ ਕਰਾਉਂਦੇ ਹਾਂ, ਅਤੇ ਉਹ ਵਿਅਕਤੀ ਸੱਚਾਈ ਦਾ ਪੱਖ ਲੈਣ ਵਿਚ ਜਾਂ ਉਸ ਵਿਚ ਤਰੱਕੀ ਕਰਨ ਵਿਚ ਢਿੱਲਾ ਹੁੰਦਾ ਹੈ। ਪਰ, ਧੀਰਜ ਨਾਲ ਲੱਗੇ ਰਹਿਣ ਕਰਕੇ ਚੰਗੇ ਨਤੀਜੇ ਨਿਕਲਦੇ ਹਨ। (ਗਲਾ. 6:9) ਬਾਕਾਇਦਾ ਬਾਈਬਲ ਅਧਿਐਨ ਸ਼ੁਰੂ ਹੋਣ ਤੋਂ ਪਹਿਲਾਂ, ਇਕ ਭੈਣ ਨੇ ਇਕ ਜਵਾਨ ਤੀਵੀਂ ਨਾਲ ਕਈ ਵਾਰ ਪੁਨਰ-ਮੁਲਾਕਾਤਾਂ ਕੀਤੀਆਂ। ਪਹਿਲੀਆਂ ਪੰਜ ਪੁਨਰ-ਮੁਲਾਕਾਤਾਂ ਦੇ ਦੌਰਾਨ, ਤੀਵੀਂ ਦੂਜੇ ਕੰਮਾਂ ਵਿਚ ਰੁੱਝੀ ਹੋਈ ਸੀ। ਛੇਵੀਂ ਵਾਰ ਮੀਂਹ ਵਿਚ ਭਿੱਜਦੀ ਹੋਈ ਭੈਣ ਉਸ ਨੂੰ ਦੁਬਾਰਾ ਮਿਲਣ ਗਈ, ਪਰ ਘਰ ਵਿਚ ਕੋਈ ਨਹੀਂ ਸੀ। ਫਿਰ ਵੀ, ਤੀਵੀਂ ਨੂੰ ਇਕ ਹੋਰ ਮੌਕਾ ਦੇਣ ਦੇ ਇਰਾਦੇ ਨਾਲ ਭੈਣ ਦੁਬਾਰਾ ਉਸ ਨੂੰ ਮਿਲਣ ਗਈ ਤੇ ਇਸ ਵਾਰ ਉਹ ਤੀਵੀਂ ਅਧਿਐਨ ਕਰਨ ਲਈ ਤਿਆਰ ਬੈਠੀ ਸੀ। ਉਸ ਤੋਂ ਬਾਅਦ, ਸਿੱਖਿਆਰਥੀ ਨੇ ਲਗਾਤਾਰ ਤਰੱਕੀ ਕੀਤੀ ਅਤੇ ਥੋੜ੍ਹੇ ਹੀ ਸਮੇਂ ਵਿਚ ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
4 ਅਸੀਂ ਜਾਣਦੇ ਹਾਂ ਕਿ ਯਹੋਵਾਹ ਦਾ ਦਿਨ ਆਉਣ ਵਿਚ ਦੇਰ ਨਹੀਂ ਲਾਵੇਗਾ। ਇਸ ਲਈ, ਇਹ ਜਾਣਦੇ ਹੋਏ ਕਿ ਈਸ਼ਵਰੀ ਧੀਰਜ ਚੰਗੇ ਫਲ ਪੈਦਾ ਕਰਦਾ ਹੈ, ਅਸੀਂ ਉਸ ਵੇਲੇ ਦੀ ਉਡੀਕ ਕਰਦੇ ਹਾਂ ਜਦੋਂ ਯਹੋਵਾਹ ਮਾਮਲਿਆਂ ਨੂੰ ਨਬੇੜੇਗਾ। (ਹਬ. 2:3; 2 ਪਤ. 3:9-15) ਅਸੀਂ ਯਹੋਵਾਹ ਦੀ ਤਰ੍ਹਾਂ ਧੀਰਜ ਰੱਖਣਾ ਹੈ ਅਤੇ ਸੇਵਕਾਈ ਵਿਚ ਹਾਰ ਨਹੀਂ ਮੰਨਣੀ। ਆਪਣੀ ਮਿਹਨਤ ਦਾ ਪ੍ਰਤਿਫਲ ਪਾਉਣ ਲਈ “ਨਿਹਚਾ ਅਤੇ ਧੀਰਜ ਦੇ ਰਾਹੀਂ” ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ।—ਇਬ. 6:10-12.