ਆਪਣੀ ਸੇਵਕਾਈ ਵਿਚ ਧੀਰਜ ਦਿਖਾਓ
1. ਯਹੋਵਾਹ ਮਨੁੱਖਜਾਤੀ ਨਾਲ ਧੀਰਜ ਨਾਲ ਕਿਸ ਤਰ੍ਹਾਂ ਪੇਸ਼ ਆਇਆ ਹੈ?
1 ਮਨੁੱਖਜਾਤੀ ਨਾਲ ਪਰਮੇਸ਼ੁਰ ਹਮੇਸ਼ਾ ਧੀਰਜ ਨਾਲ ਪੇਸ਼ ਆਇਆ ਹੈ। (ਕੂਚ 34:6; ਜ਼ਬੂ. 106:41-45; 2 ਪਤ. 3:9) ਉਸ ਦੇ ਧੀਰਜ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਸੰਸਾਰ ਭਰ ਵਿਚ ਉਸ ਦੇ ਰਾਜ ਦਾ ਪ੍ਰਚਾਰ ਹੋ ਰਿਹਾ ਹੈ। ਯਹੋਵਾਹ ਮਨੁੱਖਜਾਤੀ ਨੂੰ ਤਕਰੀਬਨ 2,000 ਸਾਲਾਂ ਤਕ ਧੀਰਜ ਦਿਖਾਉਂਦਾ ਆਇਆ ਹੈ ਅਤੇ ਉਹ ਹਾਲੇ ਵੀ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। (ਯੂਹੰ. 6:44) ਅਸੀਂ ਆਪਣੀ ਸੇਵਕਾਈ ਵਿਚ ਯਹੋਵਾਹ ਵਾਂਗ ਧੀਰਜ ਕਿਵੇਂ ਦਿਖਾ ਸਕਦੇ ਹਾਂ?
2. ਅਸੀਂ ਪ੍ਰਚਾਰ ਕਰਦਿਆਂ ਧੀਰਜ ਕਿਵੇਂ ਦਿਖਾ ਸਕਦੇ ਹਾਂ?
2 ਘਰ-ਘਰ ਪ੍ਰਚਾਰ ਕਰਦਿਆਂ: ਅਸੀਂ ਪ੍ਰਚਾਰ ਕਰਦਿਆਂ ਯਹੋਵਾਹ ਦੇ ਧੀਰਜ ਦੀ ਰੀਸ ਕਿਵੇਂ ਕਰ ਸਕਦੇ ਹਾਂ? ‘ਬਿਨਾਂ ਹਟੇ’ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਕੇ ਜਿਨ੍ਹਾਂ ਨੇ ਅਜੇ ਤਕ ਦਿਲਚਸਪੀ ਨਹੀਂ ਦਿਖਾਈ। (ਰਸੂ. 5:42) ਅਸੀਂ ਧੀਰਜ ਨਾਲ ਪ੍ਰਚਾਰ ਕਰਦਿਆਂ ਲੋਕਾਂ ਦੀ ਬੇਰੁਖੀ, ਮਜ਼ਾਕ ਅਤੇ ਵਿਰੋਧਤਾ ਸਹਿੰਦੇ ਹਾਂ। (ਮਰ. 13:12, 13) ਅਸੀਂ ਉਦੋਂ ਵੀ ਧੀਰਜ ਦਿਖਾਉਂਦੇ ਹਾਂ ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਸੱਚਾਈ ਵਿਚ ਦਿਲਚਸਪੀ ਲਈ ਸੀ।
3. ਰਿਟਰਨ ਵਿਜ਼ਟਾਂ ਅਤੇ ਬਾਈਬਲ ਸਟੱਡੀਆਂ ਕਰਨ ਲਈ ਧੀਰਜ ਦੀ ਕਿਉਂ ਲੋੜ ਹੈ?
3 ਬਾਈਬਲ ਸਟੱਡੀ ਕਰਦਿਆਂ: ਇਕ ਬੂਟੇ ਨੂੰ ਵਧਣ ਵਿਚ ਸਮਾਂ ਲੱਗਦਾ ਹੈ। ਅਸੀਂ ਉਸ ਦੀ ਦੇਖ-ਭਾਲ ਜ਼ਰੂਰ ਕਰ ਸਕਦੇ ਹਾਂ, ਪਰ ਉਸ ਨੂੰ ਕਾਹਲੀ-ਕਾਹਲੀ ਆਪ ਵਧਾ ਨਹੀਂ ਸਕਦੇ। (ਯਾਕੂ. 5:7) ਇਸੇ ਤਰ੍ਹਾਂ ਸੱਚਾਈ ਵਿਚ ਤਰੱਕੀ ਹੌਲੀ-ਹੌਲੀ ਕਈ ਕਦਮ ਲੈਣ ਤੋਂ ਬਾਅਦ ਹੀ ਹੁੰਦੀ ਹੈ। (ਮਰ. 4:28) ਸਾਡੀਆਂ ਸਟੱਡੀਆਂ ਨੂੰ ਝੂਠੇ ਧਾਰਮਿਕ ਵਿਚਾਰ ਜਾਂ ਗ਼ਲਤ ਰਸਮ-ਰਿਵਾਜ ਛੱਡਣੇ ਔਖੇ ਲੱਗ ਸਕਦੇ ਹਨ। ਸਾਨੂੰ ਉਨ੍ਹਾਂ ʼਤੇ ਦਬਾਅ ਨਹੀਂ ਪਾਉਣਾ ਚਾਹੀਦਾ ਹੈ ਕਿ ਉਹ ਕਾਹਲੀ-ਕਾਹਲੀ ਬਦਲਣ ਤੇ ਤਰੱਕੀ ਕਰਨ। ਧੀਰਜ ਨਾਲ ਕੁਝ ਸਮਾਂ ਦੇਣ ਦੀ ਲੋੜ ਹੈ ਤਾਂ ਕਿ ਪਰਮੇਸ਼ੁਰ ਦੀ ਸ਼ਕਤੀ ਸਟੱਡੀ ਦੇ ਦਿਲ ʼਤੇ ਅਸਰ ਪਾ ਸਕੇ।—1 ਕੁਰਿੰ. 3:6, 7.
4. ਰਿਸ਼ਤੇਦਾਰਾਂ ਨੂੰ ਗਵਾਹੀ ਦਿੰਦੇ ਸਮੇਂ ਧੀਰਜ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ?
4 ਯਹੋਵਾਹ ਨੂੰ ਨਾ ਮੰਨਣ ਵਾਲੇ ਰਿਸ਼ਤੇਦਾਰ: ਭਾਵੇਂ ਕਿ ਅਸੀਂ ਦਿਲੋਂ ਇਹ ਚਾਹੁੰਦੇ ਹਾਂ ਕਿ ਸਾਡੇ ਰਿਸ਼ਤੇਦਾਰ ਸੱਚਾਈ ਵਿਚ ਆ ਜਾਣ, ਪਰ ਸਾਨੂੰ ਸਮਾਂ ਦੇਖ ਕੇ ਧੀਰਜ ਨਾਲ ਉਨ੍ਹਾਂ ਨਾਲ ਸੱਚਾਈ ਬਾਰੇ ਗੱਲ ਕਰਨੀ ਚਾਹੀਦੀ ਹੈ। ਸਾਨੂੰ ਉਨ੍ਹਾਂ ਨੂੰ ਲੈਕਚਰ ਦੇ ਕੇ ਅਕਾਉਣਾ ਨਹੀਂ ਚਾਹੀਦਾ। (ਉਪ. 3:1, 7) ਫਿਲਹਾਲ, ਅਸੀਂ ਆਪਣੇ ਕੰਮਾਂ ਰਾਹੀਂ ਉਨ੍ਹਾਂ ਨੂੰ ਗਵਾਹੀ ਦਿੰਦੇ ਹਾਂ ਅਤੇ ਨਰਮਾਈ ਤੇ ਅਦਬ ਨਾਲ ਸੱਚਾਈ ਦੀਆਂ ਗੱਲਾਂ ਦੱਸਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। (1 ਪਤ. 3:1, 15) ਅਸੀਂ ਆਪਣੀ ਸੇਵਕਾਈ ਵਿਚ ਧੀਰਜ ਦਿਖਾ ਕੇ ਜ਼ਿਆਦਾ ਅਸਰਦਾਰ ਹੋਵਾਂਗੇ ਨਾਲੇ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਾਂਗੇ।