“ਨਵੀਂ ਇਨਸਾਨੀਅਤ ਨੂੰ ਪਹਿਨ ਲਓ”
1 ਸੱਚਾਈ ਨੂੰ ਜਾਣ ਕੇ ਮਸੀਹੀ ਬਹੁਤ ਖ਼ੁਸ਼ ਹਨ! ਅਸੀਂ ਸਿੱਖਿਆ ਹੈ ਕਿ ਅਸੀਂ ਕਿਵੇਂ ਜੀਉਣਾ ਹੈ ਤਾਂਕਿ ਅਸੀਂ ਦੁਨੀਆਂ ਦੇ ਲੋਕਾਂ ਦੇ ਤੌਰ-ਤਰੀਕੇ ਤੋਂ ਬਚ ਸਕੀਏ। ਕਿਉਂਕਿ ਉਹ “ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ” ਹਨ, ਇਸ ਲਈ ਉਨ੍ਹਾਂ ਦੀ “ਬੁੱਧ ਅਨ੍ਹੇਰੀ ਹੋਈ ਹੋਈ” ਹੈ। (ਅਫ਼. 4:18) ਸਾਨੂੰ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਣ ਅਤੇ ਨਵੀਂ ਇਨਸਾਨੀਅਤ ਨੂੰ ਪਹਿਨਣ ਦੁਆਰਾ ਦੁਨਿਆਵੀ ਸੋਚਣੀ ਤੋਂ ਮਨ ਫਿਰਾਉਣ ਲਈ ਸਿਖਾਇਆ ਗਿਆ ਹੈ।—ਅਫ਼. 4:22-24.
2 ਪੁਰਾਣੀ ਇਨਸਾਨੀਅਤ ਲਗਾਤਾਰ ਨੈਤਿਕ ਪਤਨ ਵੱਲ ਲੈ ਜਾਂਦੀ ਹੈ, ਜਿਸ ਦਾ ਨਤੀਜਾ ਭ੍ਰਿਸ਼ਟਤਾ ਅਤੇ ਮੌਤ ਹੈ। ਇਸ ਲਈ, ਅਸੀਂ ਰਾਜ ਸੰਦੇਸ਼ ਸੁਣਨ ਵਾਲਿਆਂ ਨੂੰ ਦਿਲੋਂ ਦਰਖ਼ਾਸਤ ਕਰਦੇ ਹਾਂ ਕਿ ਉਹ ਸਾਰੇ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਗੰਦੀਆਂ ਗਾਲਾਂ ਨੂੰ ਛੱਡ ਦੇਣ। ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਨੂੰ ਪੁਰਾਣੀ ਇਨਸਾਨੀਅਤ ਨੂੰ ਨਿਸ਼ਚਿਤ ਰੂਪ ਵਿਚ ਅਤੇ ਮੁਕੰਮਲ ਤੌਰ ਤੇ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ—ਜਿਸ ਤਰ੍ਹਾਂ ਉਹ ਗੰਦੇ ਕੱਪੜਿਆਂ ਨੂੰ ਲਾਹ ਕੇ ਸੁੱਟਦੇ ਹਨ।—ਕੁਲੁ. 3:8, 9.
3 ਮਨ ਦਾ ਨਵਾਂ ਸੁਭਾਅ: ਨਵੀਂ ਇਨਸਾਨੀਅਤ ਨੂੰ ਪਹਿਨਣ ਵਿਚ ਸ਼ਾਮਲ ਹੈ ਕਿ ਅਸੀਂ ਆਪਣੇ ਮਨਾਂ ਦੇ ਸੁਭਾਅ ਵਿਚ ਨਵੇਂ ਬਣੀਏ। (ਅਫ਼. 4:23) ਇਕ ਵਿਅਕਤੀ ਉਸ ਸੁਭਾਅ ਨੂੰ, ਜਾਂ ਮਨੋਬਿਰਤੀ ਨੂੰ ਕਿਵੇਂ ਨਵਾਂ ਬਣਾਉਂਦਾ ਹੈ ਤਾਂਕਿ ਉਹ ਸਹੀ ਦਿਸ਼ਾ ਵੱਲ ਜਾਵੇ? ਉਹ ਨਿਯਮਿਤ ਤੌਰ ਤੇ ਅਤੇ ਤਨਦੇਹੀ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੁਆਰਾ ਅਤੇ ਇਸ ਦੇ ਅਰਥ ਉੱਤੇ ਮਨਨ ਕਰਨ ਦੁਆਰਾ ਇਸ ਨੂੰ ਨਵਾਂ ਬਣਾਉਂਦਾ ਹੈ। ਫਿਰ, ਸੋਚਣ ਦਾ ਇਕ ਨਵਾਂ ਤਰੀਕਾ ਵਿਕਸਿਤ ਹੁੰਦਾ ਹੈ, ਅਤੇ ਉਹ ਵਿਅਕਤੀ ਸਭ ਚੀਜ਼ਾਂ ਨੂੰ ਪਰਮੇਸ਼ੁਰ ਅਤੇ ਮਸੀਹ ਦੀ ਨਜ਼ਰ ਨਾਲ ਵੇਖਦਾ ਹੈ। ਇਕ ਵਿਅਕਤੀ ਦੀ ਜ਼ਿੰਦਗੀ ਬਦਲ ਜਾਂਦੀ ਹੈ, ਜਿਉਂ-ਜਿਉਂ ਉਹ ਮਸੀਹ-ਸਮਾਨ ਗੁਣਾਂ ਨੂੰ ਪਹਿਨਦਾ ਹੈ, ਜਿਸ ਵਿਚ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ, ਧੀਰਜ, ਅਤੇ ਪ੍ਰੇਮ ਸ਼ਾਮਲ ਹਨ।—ਕੁਲੁ. 3:10, 12-14.
4 ਨਵੀਂ ਇਨਸਾਨੀਅਤ ਨੂੰ ਪਹਿਨਣ ਦੁਆਰਾ, ਅਸੀਂ ਆਪਣੇ ਆਪ ਨੂੰ ਸੰਸਾਰ ਤੋਂ ਅਲੱਗ ਰੱਖਦੇ ਹਾਂ। ਸਾਡਾ ਜੀਵਨ-ਢੰਗ ਸਾਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ। ਅਸੀਂ ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਸੱਚ ਬੋਲਦੇ ਹਾਂ ਅਤੇ ਚੰਗੀ ਬੋਲੀ ਵਰਤਦੇ ਹਾਂ। ਅਸੀਂ ਆਪਣੇ ਕ੍ਰੋਧ, ਕੁੜੱਤਣ, ਰੌਲਾ, ਦੁਰਬਚਨ, ਅਤੇ ਸਾਰੀ ਬੁਰਾਈ ਉੱਤੇ ਕਾਬੂ ਰੱਖਦੇ ਹਾਂ, ਅਤੇ ਇਨ੍ਹਾਂ ਦੀ ਜਗ੍ਹਾ ਧਰਮੀ ਅਤੇ ਈਸ਼ਵਰੀ ਗੁਣਾਂ ਨੂੰ ਅਪਣਾਉਂਦੇ ਹਾਂ। ਸਾਡੇ ਕੋਲੋਂ ਮਾਫ਼ ਕਰਨ ਦੀ ਜੋ ਮੰਗ ਕੀਤੀ ਜਾਂਦੀ ਹੈ, ਅਸੀਂ ਉਸ ਤੋਂ ਵੀ ਵੱਧ ਕਰਦੇ ਹਾਂ। ਇਹ ਸਭ ਕੁਝ ਅਸੀਂ ਦਿਲੋਂ ਕਰਦੇ ਹਾਂ।—ਅਫ਼. 4:25-32.
5 ਨਵੀਂ ਇਨਸਾਨੀਅਤ ਨੂੰ ਕਦੀ ਵੀ ਨਾ ਲਾਹੋ। ਇਸ ਤੋਂ ਬਿਨਾਂ ਅਸੀਂ ਯਹੋਵਾਹ ਦੀ ਸੇਵਾ ਪ੍ਰਵਾਨਣਯੋਗ ਢੰਗ ਨਾਲ ਨਹੀਂ ਕਰ ਸਕਦੇ ਹਾਂ। ਆਓ ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨਣ ਦੁਆਰਾ ਲੋਕਾਂ ਨੂੰ ਸੱਚਾਈ ਵੱਲ ਆਕਰਸ਼ਿਤ ਕਰੀਏ, ਅਤੇ ਯਹੋਵਾਹ ਨੂੰ ਮਹਿਮਾ ਦੇਈਏ, ਜੋ ਕਿ ਸਾਡੀ ਅਦਭੁਤ ਨਵੀਂ ਇਨਸਾਨੀਅਤ ਦਾ ਸ੍ਰਿਸ਼ਟੀਕਰਤਾ ਹੈ।—ਅਫ਼. 4:24.