ਸਾਡਾ ਮਹਾਨ ਸ੍ਰਿਸ਼ਟੀਕਰਤਾ ਸਾਡੀ ਪਰਵਾਹ ਕਰਦਾ ਹੈ!
1 ਅਣਆਗਿਆਕਾਰੀ ਇਸਰਾਏਲ ਨਾਲ ਤਰਕ ਕਰਨ ਦਾ ਜਤਨ ਕਰਦੇ ਹੋਏ, ਯਹੋਵਾਹ ਨੇ ਪੁੱਛਿਆ: ‘ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ?’ (ਯਸਾ. 40:28) ਅਸੀਂ ਆਪਣੇ ਮਹਾਨ ਸ੍ਰਿਸ਼ਟੀਕਰਤਾ ਨੂੰ ਜਾਣਦੇ ਹਾਂ, ਅਤੇ ਸਾਡੇ ਲਈ ਉਸ ਦੀ ਪ੍ਰੇਮਮਈ ਪਰਵਾਹ ਦੇਖਦੇ ਹਾਂ। ਪਰੰਤੂ, ਲੱਖਾਂ ਹੀ ਲੋਕ ਉਸ ਦੀ ਹੋਂਦ ਤੇ ਸ਼ੱਕ ਕਰਦੇ ਹਨ ਜਾਂ ਉਸ ਬਾਰੇ ਉਨ੍ਹਾਂ ਦੀ ਅਜਿਹੀ ਧਾਰਣਾ ਹੈ ਜੋ ਕਿ ਬਾਈਬਲ ਦੀਆਂ ਗੱਲਾਂ ਦੇ ਨਾਲ ਮੇਲ ਨਹੀਂ ਖਾਂਦੀ ਹੈ। ਅਸੀਂ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ?
2 ਨਵੀਂ ਪੁਸਤਕ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਇਹੋ ਜਿਹੇ ਲੋਕਾਂ ਦੀ ਹੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਸੋਚਵਾਨ ਲੋਕਾਂ ਨੂੰ ਤੱਥਾਂ ਉੱਤੇ ਤਰਕ ਕਰਨ ਲਈ ਸੱਦਾ ਦਿੰਦੀ ਹੈ। ਇਸ ਪੁਸਤਕ ਵਿਚ ਪਾਈ ਜਾਂਦੀ ਦਿਲਚਸਪ ਸਾਮੱਗਰੀ ਅਤੇ ਕਾਇਲ ਕਰਨ ਵਾਲੀਆਂ ਦਲੀਲਾਂ ਯਕੀਨਨ ਉਨ੍ਹਾਂ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਗੀਆਂ ਜੋ ਇਨ੍ਹਾਂ ਨੂੰ ਪੜ੍ਹਦੇ ਹਨ।
3 ਸ੍ਰਿਸ਼ਟੀਕਰਤਾ ਪੁਸਤਕ ਤੋਂ ਜਾਣੂ ਹੋਵੋ: ਇਸ ਦੀ ਵਿਸ਼ਾ-ਸੂਚੀ ਦੇ ਅਧਿਆਵਾਂ ਨੂੰ ਮਨ ਵਿਚ ਰੱਖੋ। ਅਧਿਆਇ 2 ਤੋਂ 5 ਦੱਸਦੇ ਹਨ ਕਿ ਬ੍ਰਹਿਮੰਡ, ਜੀਵਨ, ਅਤੇ ਇਨਸਾਨ ਕਿਵੇਂ ਹੋਂਦ ਵਿਚ ਆਏ ਅਤੇ ਇਨ੍ਹਾਂ ਸਾਰਿਆਂ ਦੇ ਪਿੱਛੇ ਕਿਸ ਦਾ ਹੱਥ ਹੈ। ਅਧਿਆਇ 6 ਤੋਂ 9 ਬਾਈਬਲ ਬਾਰੇ ਅਤੇ ਇਸ ਦੇ ਲੇਖਕ ਬਾਰੇ, ਅਤੇ ਖ਼ਾਸ ਤੌਰ ਤੇ ਇਸ ਗੱਲ ਉੱਤੇ ਚਰਚਾ ਕਰਦੇ ਹਨ ਕਿ ਉਤਪਤ ਦੀ ਪੋਥੀ ਵਿਚ ਦਿੱਤਾ ਗਿਆ ਸ੍ਰਿਸ਼ਟੀ ਦਾ ਰਿਕਾਰਡ ਭਰੋਸੇਯੋਗ ਹੈ ਜਾਂ ਨਹੀਂ। ਅਧਿਆਇ 10 ਇਕ ਸਭ ਤੋਂ ਜ਼ਿਆਦਾ ਉਲਝਾਉਣ ਵਾਲੇ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿੰਦਾ ਹੈ ਜੋ ਇਨਸਾਨ ਪੁੱਛਦੇ ਹਨ: “ਜੇਕਰ ਸ੍ਰਿਸ਼ਟੀਕਰਤਾ ਪਰਵਾਹ ਕਰਦਾ ਹੈ, ਤਾਂ ਫਿਰ ਇੰਨੇ ਜ਼ਿਆਦਾ ਦੁੱਖ ਕਿਉਂ ਹਨ?”
4 ਸ਼ੱਕ ਕਰਨ ਵਾਲਿਆਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕਰੋ: ਸ੍ਰਿਸ਼ਟੀਕਰਤਾ ਪੁਸਤਕ ਦੇ ਸਫ਼ੇ 78-9 ਤੇ ਅਜਿਹੀ ਦਲੀਲ ਪੇਸ਼ ਕੀਤੀ ਗਈ ਹੈ, ਜਿਸ ਨੂੰ ਤੁਸੀਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਾਰੇ ਸਹੀ ਨਤੀਜੇ ਤੇ ਪਹੁੰਚਣ ਵਿਚ ਮਦਦ ਦੇਣ ਲਈ ਇਸਤੇਮਾਲ ਕਰ ਸਕਦੇ ਹੋ। ਉਨ੍ਹਾਂ ਨੂੰ ਪੁੱਛੋ: “ਕੀ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ?” ਜ਼ਿਆਦਾਤਰ ਲੋਕ ਸਹਿਮਤ ਹੋਣਗੇ ਕਿ ਹਾਂ ਹੋਈ ਸੀ। ਜੇਕਰ ਹਾਂ, ਤਾਂ ਪੁੱਛੋ: “ਕੀ ਇਸ ਦੀ ਸ਼ੁਰੂਆਤ ਬਿਨਾਂ ਕਿਸੇ ਕਾਰਨ ਹੋਈ ਸੀ ਜਾਂ ਇਸ ਦਾ ਕੋਈ ਕਾਰਨ ਸੀ?” ਜ਼ਿਆਦਾਤਰ ਲੋਕ ਮੰਨਦੇ ਹਨ ਕਿ ਇਸ ਦਾ ਕੋਈ ਕਾਰਨ ਸੀ। ਇਹ ਫਿਰ ਅਖ਼ੀਰਲੇ ਸਵਾਲ ਵੱਲ ਲੈ ਜਾਂਦੀ ਹੈ: “ਕੀ ਬ੍ਰਹਿਮੰਡ ਦੀ ਸ਼ੁਰੂਆਤ ਕਿਸੇ ਸਦੀਵੀ ਚੀਜ਼ ਦੁਆਰਾ ਹੋਈ ਹੈ ਜਾਂ ਕਿਸੇ ਸਦੀਵੀ ਵਿਅਕਤੀ ਦੁਆਰਾ ਹੋਈ ਹੈ?” ਇਸ ਤਰ੍ਹਾਂ ਤਰਕ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਦੇਖਣ ਵਿਚ ਮਦਦ ਮਿਲ ਸਕਦੀ ਹੈ ਕਿ ਯਕੀਨਨ ਇਕ ਸ੍ਰਿਸ਼ਟੀਕਰਤਾ ਹੈ।
5 ਸ੍ਰਿਸ਼ਟੀਕਰਤਾ ਪੁਸਤਕ ਲੋਕਾਂ ਦੀ ਲੋੜ ਦੇ ਮੁਤਾਬਕ ਬਿਲਕੁਲ ਢੁੱਕਵੀਂ ਹੈ। ਇਸ ਨੂੰ ਆਪਣੇ ਰਿਸ਼ਤੇਦਾਰਾਂ, ਸਹਿਕਰਮੀਆਂ, ਸਹਿਪਾਠੀਆਂ, ਅਤੇ ਦੂਸਰੇ ਜਾਣ-ਪਛਾਣ ਵਾਲਿਆਂ ਨਾਲ ਸਾਂਝੀ ਕਰੋ। ਇਸ ਨੂੰ ਸੇਵਕਾਈ ਵਿਚ ਆਪਣੇ ਕੋਲ ਰੱਖੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਦੇ ਸਕੋ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਹੋਂਦ ਤੇ ਸ਼ੱਕ ਹੈ। ਅਸੀਂ ਜਿੰਨਾ ਜ਼ਿਆਦਾ ਇਸ ਪੁਸਤਕ ਤੋਂ ਜਾਣੂ ਹੁੰਦੇ ਹਾਂ, ਸਾਡੇ ਸ੍ਰਿਸ਼ਟੀਕਰਤਾ ਲਈ ਸਾਡਾ ਪਿਆਰ ਉੱਨਾ ਹੀ ਜ਼ਿਆਦਾ ਮਜ਼ਬੂਤ ਹੋਵੇਗਾ, ਅਤੇ ਇਹ ਸਾਨੂੰ ਉਸ ਦੇ ਉੱਚੇ ਮਿਆਰਾਂ ਦੇ ਅਨੁਸਾਰ ਚੱਲਦੇ ਰਹਿਣ ਲਈ ਪ੍ਰੇਰਿਤ ਕਰੇਗਾ।—ਅਫ਼. 5:1; ਪਰ. 4:11.