“ਮਨ ਅਤੇ ਦਿਲ ਵਿਚ ਹੋਰ ਜਾਣਨ ਦੀ ਖ਼ਾਹਸ਼”
“ਮੇਰੇ ਪਾਸ ਉਸ ਖ਼ੁਸ਼ੀ ਅਤੇ ਜੋਸ਼ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨਹੀਂ ਹਨ ਜੋ ਮੇਰੇ ਵਿਚ ਵਧਦੇ ਜਾ ਰਹੇ ਹਨ ਜਿਉਂ-ਜਿਉਂ ਮੈਂ ਚਾਹਤ ਨਾਲ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਪੁਸਤਕ ਪੜ੍ਹਦੀ ਹਾਂ। ਇਹ ਹੋਰ ਜਾਣਨ ਦੀ ਚਾਹਤ—ਨਹੀਂ, ਜ਼ਰੂਰਤ—ਪੈਦਾ ਕਰਦੀ ਹੈ। ਮੇਰੇ ਮਨ ਅਤੇ ਦਿਲ ਵਿਚ ਹੋਰ ਜਾਣਨ ਦੀ ਖ਼ਾਹਸ਼ ਪੈਦਾ ਕਰਨ ਲਈ ਤੁਹਾਡਾ ਸ਼ੁਕਰੀਆ।”
ਯੂ.ਐੱਸ. ਏ. ਵਿਚ ਉੱਤਰੀ ਕੈਰੋਲਾਇਨਾ ਤੋਂ ਯਹੋਵਾਹ ਦੀ ਇਕ ਗਵਾਹ ਨੇ ਉਸ ਪੁਸਤਕ ਬਾਰੇ ਇਸ ਤਰ੍ਹਾਂ ਮਹਿਸੂਸ ਕੀਤਾ, ਜੋ ਵਾਚ ਟਾਵਰ ਸੋਸਾਇਟੀ ਦੁਆਰਾ 1998/99 “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਰਿਲੀਸ ਕੀਤੀ ਗਈ ਸੀ। ਭਾਵੇਂ ਕਿ ਤੁਹਾਡੇ ਕੋਲ ਇਹ ਪੁਸਤਕ ਨਾ ਹੋਵੇ, ਧਿਆਨ ਦਿਓ ਕਿ ਹੋਰਨਾਂ ਨੇ ਇਸ ਬਾਰੇ ਕੀ ਕਿਹਾ ਹੈ।
ਸੈਨ ਡਿਏਗੋ ਸ਼ਹਿਰ, ਕੈਲੇਫ਼ੋਰਨੀਆ, ਯੂ. ਐੱਸ. ਏ. ਦੇ ਇਕ ਮਹਾਂ-ਸੰਮੇਲਨ ਤੇ ਪੁਸਤਕ ਮਿਲਣ ਤੋਂ ਕੁਝ ਦਿਨ ਬਾਅਦ, ਇਕ ਆਦਮੀ ਨੇ ਲਿਖਿਆ: “ਇਹ ਪੁਸਤਕ ਮੇਰੀ ਨਿਹਚਾ ਨੂੰ ਮਜ਼ਬੂਤ ਕਰ ਰਹੀ ਹੈ। ਇਹ ਮੇਰੇ ਦਿਲ ਵਿਚ ਯਹੋਵਾਹ ਦੇ ਰਚਨਾਤਮਕ ਕੰਮਾਂ ਲਈ ਡੂੰਘੀ ਕਦਰ ਪੈਦਾ ਕਰਦੀ ਹੈ। ਮੈਂ 98 ਸਫ਼ੇ ਤਕ ਪਹੁੰਚਿਆ ਹਾਂ, ਅਤੇ ਮੈਂ ਨਹੀਂ ਚਾਹੁੰਦਾ ਕਿ ਉਹ ਦਿਨ ਆਵੇ ਜਦੋਂ ਮੈਂ ਇਸ ਨੂੰ ਪੂਰੀ ਪੜ੍ਹ ਲਵਾਂ! ਇਹ ਬਹੁਤੇ ਸੰਤੋਖ ਅਤੇ ਆਨੰਦ ਦਾ ਕਾਰਨ ਹੈ।”
ਪੂਰਬ ਤੋਂ ਇਕ ਔਰਤ ਨੇ ਲਿਖਿਆ: “ਮਹਾਂ-ਸੰਮੇਲਨ ਤੇ ਭਾਸ਼ਣ ਦੇਣ ਵਾਲੇ ਨੇ ਕਿਹਾ ਸੀ ਕਿ ਇਹ ‘ਇਕ ਲਾਜਵਾਬ ਪੁਸਤਕ ਹੈ,’ ਅਤੇ ਇਹ ਗੱਲ ਬਿਲਕੁਲ ਸੱਚ ਹੈ। ਇਸ ਪੁਸਤਕ ਦਾ ਪ੍ਰਮੁੱਖ ਪਹਿਲੂ ਪੜ੍ਹਨ ਵਾਲੇ ਨੂੰ ਪਰਮੇਸ਼ੁਰ ਦੀ ਹੋਂਦ ਸਵੀਕਾਰ ਕਰਨ ਲਈ ਮਜਬੂਰ ਨਹੀਂ ਕਰਦੀ, ਪਰ ਹਕੀਕਤਾਂ ਪੇਸ਼ ਕਰਦੀ ਹੈ।”
ਇਨ੍ਹਾਂ ਹਕੀਕਤਾਂ ਵਿਚ ਵਿਸ਼ਵ, ਜੀਵਨ ਅਤੇ ਸਾਡੇ ਬਾਰੇ ਦਿਲਚਸਪ ਵਿਗਿਆਨਕ ਲੱਭਤਾਂ ਸ਼ਾਮਲ ਹਨ। ਇਸ ਨੇ ਕਈਆਂ ਉੱਤੇ ਚੰਗਾ ਪ੍ਰਭਾਵ ਪਾਇਆ। “ਮੈਂ ਦੱਸ ਨਹੀਂ ਸਕਦੀ ਕਿ ਇਸ ਛੋਟੀ ਜਿਹੀ ਪੁਸਤਕ ਨੇ ਮੇਰੇ ਉੱਤੇ ਕਿੱਡਾ ਵੱਡਾ ਪ੍ਰਭਾਵ ਪਾਇਆ ਹੈ,” ਕੈਲੇਫ਼ੋਰਨੀਆ ਤੋਂ ਇਕ ਔਰਤ ਨੇ ਲਿਖਿਆ। “ਜਿਉਂ-ਜਿਉਂ ਹਰ ਸਫ਼ੇ ਨੇ ਬ੍ਰਹਿਮੰਡ ਅਤੇ ਖ਼ੁਦ ਜੀਵਨ ਬਾਰੇ ਹੋਰ ਪ੍ਰਗਟ ਹੋ ਰਹੀਆਂ ਲੱਭਤਾਂ ਬਾਰੇ ਗੱਲ ਕੀਤੀ, ਮੈਂ ਪੜ੍ਹਦੀ-ਪੜ੍ਹਦੀ ਆਪਣੇ ਆਪ ਨੂੰ ਰੋਕ ਨਾ ਸਕੀ। ਮੈਂ ਸੱਚ-ਮੁੱਚ ਬਹੁਤ ਕੁਝ ਸਿੱਖਿਆ! ਮੈਂ ਇਸ ਛੋਟੀ ਪੁਸਤਕ ਦੀ ਬਹੁਤ ਹੀ ਕਦਰ ਕਰਦੀ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਇਸ ਨੂੰ ਸਾਂਝੀ ਕਰਾਂਗੀ।”
ਇਕ ਪਹਿਲੂ ਜਿਸ ਨੇ ਬਹੁਤਿਆਂ ਨੂੰ ਖ਼ੁਸ਼ ਕੀਤਾ ਇਹ ਹੈ ਕਿ ਸਿਰਜਣਹਾਰ ਦੀ ਸ਼ਖ਼ਸੀਅਤ ਦੇ ਖ਼ਾਸ ਗੁਣ ਦਿਖਾਉਂਦੀ ਹੋਈ, ਇਹ ਪੁਸਤਕ ਬਾਈਬਲ ਦਾ ਸਾਰ ਦਿੰਦੀ ਹੈ। “ਪੁਸਤਕ ਦੇ ਅੰਤ ਵਿਚ ਦਿੱਤਾ ਗਿਆ ਬਾਈਬਲ ਦਾ ਸਾਰ, ਮੈਨੂੰ ਸਭ ਤੋਂ ਵਧੀਆ ਲੱਗਿਆ।” ਇਹ ਆਮ ਟਿੱਪਣੀ ਹੈ। ਨਿਊਯਾਰਕ, ਯੂ. ਐੱਸ. ਏ. ਵਿਚ ਪਹਿਲਿਆਂ ਮਹਾਂ-ਸੰਮੇਲਨਾਂ ਤੋਂ ਥੋੜ੍ਹੀ ਦੇਰ ਬਾਅਦ, ਕਿਸੇ ਹੋਰ ਨੇ ਲਿਖਿਆ: “ਇਹ ਨਵੀਂ ਰਿਲੀਸ ਤੁਹਾਡਿਆਂ ਪ੍ਰਕਾਸ਼ਨਾਂ ਵਿੱਚੋਂ ਸਭ ਤੋਂ ਦਿਲਚਸਪ ਹੈ। ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨ ਦੇ ਵਿਗਿਆਨਕ ਸਬੂਤਾਂ ਨਾਲ ਮੈਂ ਬਹੁਤ ਖ਼ੁਸ਼ ਹੋਈ। ਬਾਈਬਲ ਦਾ ਸਾਰ ਖ਼ੁਦ ਨੁਕਤਿਆਂ ਨੂੰ ਸਮਝਾਉਣ ਲਈ ਕਾਫ਼ੀ ਹੈ ਅਤੇ ਪੜ੍ਹਨ ਵਾਲੇ ਨੂੰ ਹੋਰ ਪੜ੍ਹਨ ਲਈ ਉਤੇਜਿਤ ਕਰਦਾ ਹੈ।”
ਸਮਝਣਯੋਗ ਵਿਗਿਆਨ
ਮੁਢਲਿਆਂ ਅਧਿਆਵਾਂ ਵਿਚ ਵਿਗਿਆਨਕ ਗਿਆਨ ਸ਼ਾਇਦ ਸਮਝਣਾ ਔਖਾ ਲੱਗੇ, ਪਰ ਹੇਠਾਂ ਕੁਝ ਆਮ ਟਿੱਪਣੀਆਂ ਹਨ।
ਕੈਨੇਡਾ ਤੋਂ ਇਕ ਮਨੁੱਖ ਨੇ ਲਿਖਿਆ: “ਇਹ ਉਨ੍ਹਾਂ ਤਕਨੀਕੀ ਕਿਤਾਬਾਂ ਤੋਂ ਕਿੰਨੀ ਵੱਖਰੀ ਹੈ ਜਿਨ੍ਹਾਂ ਦੇ ਲੇਖਕ ਸਾਨੂੰ ਆਪਣੇ ਵੱਡੇ-ਵੱਡੇ ਸ਼ਬਦਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੁਹਾਡਾ ਗਿਆਨ ਵਿਸ਼ੇਸ਼ ਹੈ ਜੋ ਭੌਤਿਕ-ਵਿਗਿਆਨ, ਰਸਾਇਣ-ਵਿਗਿਆਨ, ਡੀ. ਐੱਨ. ਏ., ਕ੍ਰੋਮੋਸੋਮ, ਵਗੈਰਾ, ਦੇ ਵਿਸ਼ੇ ਸਾਡੇ ਲਈ ਸਮਝਣਯੋਗ ਬਣਾਉਂਦਾ ਹੈ। ਕਾਸ਼ ਤੁਸੀਂ ਯੂਨੀਵਰਸਿਟੀ ਦੀਆਂ ਉਹ ਕਿਤਾਬਾਂ ਲਿਖੀਆਂ ਹੁੰਦੀਆਂ ਜਿਨ੍ਹਾਂ ਦੀ ਮੈਂ ਕਈ ਸਾਲ ਪਹਿਲਾਂ ਪੜ੍ਹਾਈ ਕੀਤੀ ਸੀ!”
ਯੂਨੀਵਰਸਿਟੀ ਦੇ ਭੌਤਿਕ-ਵਿਗਿਆਨ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ: “ਤਕਨੀਕੀ ਵੇਰਵਿਆਂ ਵਿਚ ਨਾ ਫਸਦੀ ਹੋਈ [ਇਹ] ਸਪੱਸ਼ਟ ਢੰਗ ਨਾਲ ਗੱਲਾਂ ਪੇਸ਼ ਕਰਦੀ ਹੈ। ਇਹ ਪੁਸਤਕ ਪਾਠਕ ਨਾਲ ਤਰਕ ਕਰਦੀ ਹੈ ਅਤੇ ਕਈਆਂ ਉੱਘੇ ਵਿਗਿਆਨੀਆਂ ਦੇ ਹਵਾਲੇ ਦਿੰਦੀ ਹੈ। ਜਿਹੜਾ ਵਿਅਕਤੀ ਵਿਸ਼ਵ ਅਤੇ ਜੀਵਨ ਦੀ ਸ਼ੁਰੂਆਤ ਵਿਚ ਦਿਲਚਸਪੀ ਰੱਖਦਾ ਹੈ, ਭਾਵੇਂ ਉਹ ਵਿਗਿਆਨੀ ਹੋਵੇ ਜਾਂ ਆਮ ਆਦਮੀ, ਉਸ ਲਈ ਇਹ ਪੁਸਤਕ ‘ਪੜ੍ਹਨੀ ਜ਼ਰੂਰੀ’ ਹੈ।”
ਨਰਸ ਦਾ ਕੋਰਸ ਕਰਨ ਵਾਲੀ ਇਕ ਮੁਟਿਆਰ ਨੇ ਟਿੱਪਣੀ ਕੀਤੀ: “ਮੈਂ ਬੜੀ ਹੈਰਾਨ ਹੋਈ ਜਦੋਂ ਮੈਂ ਚੌਥੇ ਅਧਿਆਇ ਵਿਚ ਉਸ ਕਿਤਾਬ ਵਿੱਚੋਂ ਹਵਾਲਾ ਪੜ੍ਹਿਆ ਜੋ ਅਸੀਂ ਕਲਾਸ ਵਿਚ ਇਸਤੇਮਾਲ ਕਰ ਰਹੇ ਹਾਂ! ਮੈਂ ਇਹ ਪੁਸਤਕ ਆਪਣੇ ਪ੍ਰੋਫ਼ੈਸਰ ਨੂੰ ਦਿੱਤੀ ਅਤੇ ਉਸ ਨੂੰ ਦੱਸਿਆ ਕਿ ਉਹ ਜ਼ਰੂਰ ਇਸ ਜਾਣਕਾਰੀ ਤੋਂ ਉਤੇਜਨਾ ਪਾਏਗਾ। ਮੈਂ ਉਸ ਨੂੰ ਦਿਮਾਗ਼ ਬਾਰੇ ਸਫ਼ਾ 54 ਦਿਖਾਇਆ। ਉਸ ਨੇ ਪੜ੍ਹ ਕੇ ਕਿਹਾ, ‘ਇਹ ਦਿਲਚਸਪ ਹੈ! ਮੈਂ ਪੜ੍ਹ ਕੇ ਦੇਖਾਂਗਾ।’”
ਬੈਲਜੀਅਮ ਦੇ ਪਾਰਲੀਮੈਂਟ ਦੇ ਇਕ ਮੈਂਬਰ ਨੇ ਲਿਖਿਆ: ‘ਮੈਂ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਕਿ ਆਧੁਨਿਕ ਵਿਗਿਆਨ ਦੇ ਵਿਗਿਆਨਕ ਖ਼ਿਆਲ ਇਕ ਰੱਬ ਬਾਰੇ ਬਾਈਬਲ ਦੇ ਨਜ਼ਰੀਏ ਦੇ ਵਿਰੁੱਧ ਨਹੀਂ ਹਨ, ਬਲਕਿ ਉਸ ਨਾਲ ਸਹਿਮਤ ਹਨ। ਇਹ ਬੜਾ ਮਾਅਰਕੇ ਦਾ ਨਜ਼ਰੀਆ ਹੈ।’
ਸਿਰਜਣਹਾਰ ਨੂੰ ਬਿਹਤਰ ਜਾਣਨਾ
ਇਸ ਪੁਸਤਕ ਨੇ ਪਰਮੇਸ਼ੁਰ ਨੂੰ ਬਿਹਤਰ ਜਾਣਨ ਅਤੇ ਉਸ ਦੇ ਨਜ਼ਦੀਕ ਮਹਿਸੂਸ ਕਰਨ ਵਿਚ ਕਈਆਂ ਦੇਸ਼ਾਂ ਵਿਚ ਲੋਕਾਂ ਦੀ ਮਦਦ ਕੀਤੀ। ਫੂਕੂਔਕਾ ਸਿਟੀ, ਜਪਾਨ ਵਿਚ, ਇਕ ਪਾਠਕ ਨੇ ਕਿਹਾ: “ਇਸ ਤਰ੍ਹਾਂ ਲੱਗਿਆ ਕਿ ਪਹਿਲੀ ਵਾਰ ਸਾਰਾ ਧਿਆਨ ਯਹੋਵਾਹ ਵੱਲ ਖਿੱਚਿਆ ਗਿਆ ਸੀ। ਇਹ ਪੁਸਤਕ ਸੋਹਣੇ ਢੰਗ ਵਿਚ ਕਾਇਲ ਕਰਦੀ ਹੈ। ਮੈਂ ਯਹੋਵਾਹ ਨੂੰ ਅਜਿਹੇ ਤਰੀਕੇ ਵਿਚ ਜਾਣ ਸਕੀ ਜਿਸ ਬਾਰੇ ਮੈਂ ਅੱਗੇ ਕਦੀ ਸੋਚਿਆ ਵੀ ਨਹੀਂ ਸੀ।” ਐਲ ਸੈਲਵੇਡਾਰ ਤੋਂ ਇਕ ਆਦਮੀ ਨੇ ਲਿਖਿਆ: “ਤੁਸੀਂ ਸਾਫ਼-ਸਾਫ਼ ਸਮਝਾਇਆ ਕਿ ਪਰਮੇਸ਼ੁਰ ਕਿੰਨਾ ਦਿਆਲੂ, ਕਿਰਪਾਲੂ, ਕ੍ਰੋਧ ਵਿਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ। ਅਸਲ ਵਿਚ, ਉਸ ਅਤੇ ਉਸ ਦੇ ਪੁੱਤਰ ਦੇ ਨਜ਼ਦੀਕ ਹੋਣ ਲਈ ਬਿਲਕੁਲ ਇਸੇ ਚੀਜ਼ ਦੀ ਜ਼ਰੂਰਤ ਹੈ। ਇਹ ਪਹਿਲੀ ਪੁਸਤਕ ਹੈ ਜੋ ਯਹੋਵਾਹ ਦੇ ਮਨੋਭਾਵ ਅਤੇ ਉਸ ਦੇ ਪੁੱਤਰ, ਯਿਸੂ, ਦੇ ਇਨਸਾਨੀ ਜਜ਼ਬਾਤ ਸਮਝਾਉਂਦੀ ਹੈ।” ਅਤੇ ਜ਼ੈਂਬੀਆ ਤੋਂ ਇਕ ਪਾਠਕ ਨੇ ਕਿਹਾ: “ਮੈਂ ਯਹੋਵਾਹ ਨੂੰ ਨਵੇਂ-ਸਿਰਿਓਂ ਜਾਣ ਸਕਿਆ।”
ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਪੁਸਤਕ ਨੂੰ ਸਾਂਝੀ ਕਰਨ ਬਾਰੇ ਬਹੁਤ ਖ਼ੁਸ਼ ਕਿਉਂ ਹਨ। ਇਕ ਗਵਾਹ ਨੇ ਨੋਟ ਕੀਤਾ: “ਜਦੋਂ ਮੈਂ ਦਸਵਾਂ ਅਧਿਆਇ [“ਜੇ ਸ੍ਰਿਸ਼ਟੀਕਰਤਾ ਪਰਵਾਹ ਕਰਦਾ ਹੈ, ਤਾਂ ਇੰਨਾ ਦੁੱਖ ਕਿਉਂ ਹੈ?”] ਪੜ੍ਹ ਚੁੱਕੀ, ਤਾਂ ਮੈਂ ਸੋਚਿਆ ‘ਜਪਾਨ ਵਿਚ ਸਾਨੂੰ ਇਸੇ ਪੁਸਤਕ ਦੀ ਲੋੜ ਹੈ!’ ਮੈਂ ਚਾਹੁੰਦੀ ਹਾਂ ਕਿ ਮੈਂ ਇਸ ਅਧਿਆਇ ਦੀਆਂ ਗੱਲਾਂ ਚੰਗੀ ਤਰ੍ਹਾਂ ਚੇਤੇ ਕਰ ਲਵਾਂ, ਅਤੇ ਪ੍ਰਚਾਰ ਕੰਮ ਵਿਚ ਵੱਧ ਤੋਂ ਵੱਧ ਇਸਤੇਮਾਲ ਕਰਾਂ।” ਇਕ ਹੋਰ ਔਰਤ ਅਜਿਹੀ ਲੜਕੀ ਨਾਲ ਬਾਈਬਲ ਦਾ ਅਧਿਐਨ ਕਰ ਰਹੀ ਹੈ ਜੋ ਮੰਦਰ ਵਿਚ ਪਲ਼ੀ ਸੀ ਜਿੱਥੇ ਉਸ ਦਾ ਪਿਤਾ ਪੰਡਿਤ ਹੈ। “ਇਸ ਲੜਕੀ ਲਈ ਸ੍ਰਿਸ਼ਟੀਕਰਤਾ ਦਾ ਵਿਚਾਰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੈ। ਇਸ ਪੁਸਤਕ ਦੀਆਂ ਗੱਲਾਂ ਹਠਧਰਮੀ ਨਹੀਂ ਹਨ, ਪਰ ਇਸ ਵਿਚ ਹਕੀਕਤਾਂ ਸਮਝਾਈਆਂ ਗਈਆਂ ਹਨ, ਸੋ ਮੇਰੇ ਖ਼ਿਆਲ ਵਿਚ ਇਸ ਨੂੰ ਬਿਨਾਂ ਹਿਚਕਚਾਹਟ ਬੋਧੀ ਲੋਕ ਵੀ ਪੜ੍ਹ ਸਕਦੇ ਹਨ। ਇਹ ਸਾਨੂੰ ਯਹੋਵਾਹ ਦਾ ਪ੍ਰੇਮ ਵੀ ਜ਼ਿਆਦਾ ਮਹਿਸੂਸ ਕਰਾਉਂਦੀ ਹੈ।”
ਇੰਗਲੈਂਡ ਤੋਂ ਇਹ ਖ਼ਬਰ ਆਈ: “ਮੈਂ ਸ੍ਰਿਸ਼ਟੀਕਰਤਾ ਪੁਸਤਕ ਇਕ ਵਾਰ ਪੜ੍ਹ ਚੁੱਕੀ ਹਾਂ ਅਤੇ ਦੁਬਾਰਾ ਪੜ੍ਹਨੀ ਸ਼ੁਰੂ ਕਰਨ ਵਾਲੀ ਹਾਂ। ਇਹ ਕਿੰਨੀ ਵਧੀਆ ਪੁਸਤਕ ਹੈ! ਪੜ੍ਹ ਕੇ ਤੁਸੀਂ ਯਹੋਵਾਹ ਨੂੰ ਬਹੁਤ ਪ੍ਰੇਮ ਕਰਦੇ ਹੋ। ਮੈਂ ਇਕ ਪੁਸਤਕ ਆਪਣੀ ਗੁਆਂਢਣ ਨੂੰ ਦਿੱਤੀ ਹੈ, ਅਤੇ ਸਿਰਫ਼ ਦੋ ਅਧਿਆਵਾਂ ਨੂੰ ਪੜ੍ਹਨ ਤੋਂ ਬਾਅਦ ਉਸ ਨੇ ਕਿਹਾ, ‘ਇਹ ਇੰਨੀ ਦਿਲਚਸਪ ਹੈ, ਮੈਂ ਚਾਹੁੰਦੀ ਹਾਂ ਕਿ ਮੈਂ ਇਸ ਨੂੰ ਪੜ੍ਹੀ ਜਾਵਾਂ।’ ਮੈਨੂੰ ਪੂਰਾ ਯਕੀਨ ਹੈ ਕਿ ਇਹ ਆਪਣੇ ਮਹਾਨ ਸਿਰਜਣਹਾਰ ਨੂੰ ਜਾਣਨ ਅਤੇ ਪ੍ਰੇਮ ਕਰਨ ਵਿਚ ਲੋਕਾਂ ਦੀ ਮਦਦ ਕਰੇਗੀ।”
ਮੈਰੀਲੈਂਡ, ਯੂ. ਐੱਸ. ਏ. ਤੋਂ ਇਕ ਮਨੁੱਖ ਨੇ ਕਿਹਾ: ‘ਇਸ ਨੇ ਸੱਚ-ਮੁੱਚ ਮੇਰੀ ਰੂਹਾਨੀਅਤ ਉੱਤੇ ਵਧੀਆ ਪ੍ਰਭਾਵ ਪਾਇਆ ਹੈ! ਮੇਰਾ ਇਰਾਦਾ ਹੈ ਕਿ ਜਿੱਥੇ-ਜਿੱਥੇ ਮੈਂ ਨੌਕਰੀ ਕਰਦਾ ਹਾਂ, ਉੱਥੇ ਮੈਂ ਸਾਰਿਆਂ ਲੋਕਾਂ ਨੂੰ ਇਹ ਪੁਸਤਕ ਦੇਵਾਂਗਾ। ਅਜਿਹੇ ਰੁੱਝੇ, ਪੜ੍ਹੇ-ਲਿਖੇ ਲੋਕਾਂ ਨੂੰ ਗਵਾਹੀ ਦੇਣੀ ਕਦੀ-ਕਦੀ ਮੈਨੂੰ ਮੁਸ਼ਕਲ ਲੱਗਦੀ ਹੈ। ਪਰ ਹੁਣ ਇਸ ਪੁਸਤਕ ਨਾਲ ਮੈਂ ਇਕ ਸੋਹਣਾ, ਪ੍ਰਭਾਵਸ਼ਾਲੀ ਢੰਗ ਇਸਤੇਮਾਲ ਕਰਾਂਗਾ।’
ਸਪੱਸ਼ਟ ਹੈ ਕਿ ਪੁਸਤਕ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਸਾਰੀ ਧਰਤੀ ਵਿਚ ਲੋਕਾਂ ਉੱਤੇ ਚੰਗਾ ਪ੍ਰਭਾਵ ਪਾਵੇਗੀ।
[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Cover photo above, Eagle Nebula: J. Hester and P. Scowen (AZ State Univ.), NASA