ਉਤਸੁਕਤਾਪੂਰਵਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ
1 ‘ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ। ਮੈਂ ਤੁਹਾਨੂੰ ਵੀ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ [“ਉਤਸੁਕ ਹਾਂ,” ਨਿ ਵ]।’ ਪੌਲੁਸ ਰਸੂਲ ਨੇ ਰੋਮ ਦੇ ਭਰਾਵਾਂ ਨੂੰ ਲਿਖੀ ਆਪਣੀ ਪੱਤਰੀ ਦੇ ਸ਼ੁਰੂ ਵਿਚ ਇਨ੍ਹਾਂ ਸ਼ਬਦਾਂ ਨਾਲ ਆਪਣੇ ਦਿਲ ਦੀ ਗੱਲ ਕਹੀ। ਪੌਲੁਸ ਉਨ੍ਹਾਂ ਨੂੰ ਮਿਲਣ ਲਈ ਇੰਨਾ ਉਤਸੁਕ ਕਿਉਂ ਸੀ? ਉਸ ਨੇ ਕਿਹਾ: “ਤੁਹਾਡੇ ਵਿੱਚ ਭੀ ਮੈਨੂੰ ਕੁਝ ਫਲ ਮਿਲੇ . . . ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।”—ਰੋਮੀ. 1:11-16.
2 ਪੌਲੁਸ ਨੇ ਇਸੇ ਤਰ੍ਹਾਂ ਦੀ ਉਤਸੁਕਤਾ ਅਫ਼ਸੁਸ ਦੇ ਬਜ਼ੁਰਗਾਂ ਨਾਲ ਗੱਲ ਕਰਦੇ ਹੋਏ ਪ੍ਰਦਰਸ਼ਿਤ ਕੀਤੀ। ਉਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ: “ਮੈਂ ਪਹਿਲੇ ਦਿਨ ਤੋਂ ਜਾਂ ਅਸਿਯਾ ਵਿੱਚ ਆਇਆ . . . ਮੈਂ ਕੁਝ ਫਰਕ ਨਹੀਂ ਕੀਤਾ . . . ਸਗੋਂ ਮੈਂ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ। ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ।” (ਰਸੂ. 20:18-21) ਆਪਣੇ ਪੂਰੇ ਨਿਯੁਕਤ ਖੇਤਰ ਵਿਚ, ਪੌਲੁਸ ਮੁਕਤੀ ਦੀ ਖ਼ੁਸ਼ ਖ਼ਬਰੀ ਫੈਲਾਉਣ ਅਤੇ ਰਾਜ ਦੇ ਫਲ ਨੂੰ ਪ੍ਰਾਪਤ ਕਰਨ ਲਈ ਉਤਸੁਕ ਸੀ। ਰੀਸ ਕਰਨ ਲਈ ਕਿੰਨੀ ਵਧੀਆ ਮਨੋਬਿਰਤੀ!
3 ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਆਪਣੇ ਖੇਤਰ ਵਿਚ ਖੁਸ਼ ਖ਼ਬਰੀ ਦੀ ਘੋਸ਼ਣਾ ਕਰਦੇ ਸਮੇਂ, ਕੀ ਮੈਂ ਇਸੇ ਤਰ੍ਹਾਂ ਦੀ ਉਤਸੁਕਤਾ ਦਿਖਾਉਂਦਾ ਹਾਂ? ਪ੍ਰਚਾਰ ਦੇ ਕੰਮ ਨੂੰ ਸਿਰਫ਼ ਇਕ ਫ਼ਰਜ਼ ਸਮਝਣ ਦੀ ਬਜਾਇ, ਕੀ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਉਤਸੁਕ ਹਾਂ? ਕੀ ਮੈਂ ਪ੍ਰਾਰਥਨਾਪੂਰਵਕ ਆਪਣੇ ਨਿੱਜੀ ਹਾਲਾਤਾਂ ਤੇ ਵਿਚਾਰ ਕੀਤਾ ਹੈ? ਕੀ ਮੈਂ ਆਪਣੇ ਖੇਤਰ ਵਿਚ ਪ੍ਰਚਾਰ ਕਰਨ ਦੀਆਂ ਮੌਜੂਦ ਸਾਰੀਆਂ ਸੰਭਾਵਨਾਵਾਂ ਨੂੰ ਜਾਂਚਿਆ ਹੈ, ਜਿਵੇਂ ਕਿ ਘਰ-ਘਰ ਪ੍ਰਚਾਰ ਕਰਨਾ, ਸੜਕਾਂ ਤੇ, ਵਪਾਰਕ ਇਲਾਕਿਆਂ ਵਿਚ, ਟੈਲੀਫ਼ੋਨ ਦੁਆਰਾ, ਅਤੇ ਗ਼ੈਰ-ਰਸਮੀ ਤੌਰ ਤੇ ਪ੍ਰਚਾਰ ਕਰਨਾ?’
4 ਅਪ੍ਰੈਲ ਵਿਚ ਉਤਸੁਕਤਾਪੂਰਵਕ ਹਿੱਸਾ ਲਓ: ਅਪ੍ਰੈਲ ਦਾ ਮਹੀਨਾ ਪ੍ਰਚਾਰ ਕੰਮ ਵਿਚ ਆਪਣੇ ਨਿੱਜੀ ਯੋਗਦਾਨ ਨੂੰ ਵਧਾਉਣ ਦਾ ਇਕ ਚੰਗਾ ਸਮਾਂ ਹੈ। ਘੰਟਿਆਂ ਦੀ ਮੰਗ ਵਿਚ ਤਬਦੀਲੀ ਕਾਰਨ ਹੋਰ ਜ਼ਿਆਦਾ ਵਿਅਕਤੀ ਸਹਿਯੋਗੀ ਪਾਇਨੀਅਰੀ ਕਰ ਸਕਣਗੇ। ਸ਼ਾਇਦ ਤੁਹਾਡੇ ਹਾਲਾਤ ਤੁਹਾਨੂੰ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰ ਵਜੋਂ ਸੇਵਾ ਕਰਨ ਦੀ ਇਜਾਜ਼ਤ ਦੇਣ। ਜਾਂ ਤੁਸੀਂ ਘੰਟਿਆਂ ਦੀ ਮੰਗ ਵਿਚ ਤਬਦੀਲੀ ਹੋਣ ਕਰਕੇ ਇਕ ਨਿਯਮਿਤ ਪਾਇਨੀਅਰ ਵਜੋਂ ਆਪਣਾ ਨਾਂ ਲਿਖਵਾ ਸਕਦੇ ਹੋ। ਜੇਕਰ ਤੁਸੀਂ ਇਕ ਕਲੀਸਿਯਾ ਪ੍ਰਕਾਸ਼ਕ ਹੋ, ਤਾਂ ਕੀ ਤੁਸੀਂ ਇਸ ਮਹੀਨੇ ਅਤੇ ਅਗਲੇ ਮਹੀਨੇ ਸੇਵਾ ਵਿਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾ ਕੇ ਉਨ੍ਹਾਂ ਭੈਣ-ਭਰਾਵਾਂ ਦੀ ਸਹਾਇਤਾ ਕਰ ਸਕਦੇ ਹੋ ਜਿਹੜੇ ਪਾਇਨੀਅਰੀ ਕਰ ਸਕਦੇ ਹਨ? ਇਹ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੇਗਾ!
5 ਪ੍ਰਚਾਰ ਦੇ ਕੰਮ ਵਿਚ ਜਾਣ ਦੁਆਰਾ ਸਾਰੇ ਰਾਜ ਪ੍ਰਕਾਸ਼ਕਾਂ ਨੂੰ ਪੌਲੁਸ ਵਾਂਗ ਲਗਾਤਾਰ ਉਤਸੁਕਤਾ ਦਿਖਾਉਣੀ ਚਾਹੀਦੀ ਹੈ। ਸੇਵਕਾਈ ਵਿਚ ਆਪਣੀ ਪੂਰੀ ਕੋਸ਼ਿਸ਼ ਕਰਨ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਪੌਲੁਸ ਨੂੰ ਵੀ ਆਪਣੀ ਪਵਿੱਤਰ ਸੇਵਾ ਵਿਚ ਇਹ ਖ਼ੁਸ਼ੀ ਪ੍ਰਾਪਤ ਹੋਈ ਸੀ। ਆਓ ਅਸੀਂ ਉਸ ਦੀ ਉੱਤਮ ਉਦਾਹਰਣ ਦੀ ਰੀਸ ਕਰੀਏ।—ਰੋਮੀ. 11:13; 1 ਕੁਰਿੰ. 4:16.