ਪਾਇਨੀਅਰੀ ਕਰਨੀ—ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕਰਨਾ!
1 ‘ਮੇਰੇ ਤੇ ਪਹਿਲਾਂ ਹੀ ਕੰਮ ਦਾ ਬਹੁਤ ਬੋਝ ਹੈ! ਕੀ ਮੇਰੇ ਲਈ ਇਸ ਸਮੇਂ ਪਾਇਨੀਅਰੀ ਸ਼ੁਰੂ ਕਰਨੀ ਅਕਲਮੰਦੀ ਦੀ ਗੱਲ ਹੋਵੇਗੀ?’ ਇੰਜ ਇਕ ਭੈਣ ਨੇ ਸੋਚਿਆ, ਜਦੋਂ ਉਸ ਨੇ ਇਕ ਸਰਕਟ ਸੰਮੇਲਨ ਵਿਚ ਪਾਇਨੀਅਰੀ ਕਰ ਰਹੇ ਇਕ ਬਜ਼ੁਰਗ ਵੱਲੋਂ ਪੇਸ਼ ਕੀਤਾ ਗਿਆ ਭਾਸ਼ਣ ਸੁਣਿਆ, ਜਿਸ ਦਾ ਸਿਰਲੇਖ ਸੀ, “ਪਾਇਨੀਅਰ ਸੇਵਕਾਈ ਕਰਦੇ ਹੋਏ ਅੱਗੇ ਵਧਦੇ ਜਾਓ।” ਉਨ੍ਹਾਂ ਹਾਜ਼ਰੀਨਾਂ ਵਿੱਚੋਂ ਹੀ ਇਕ ਭਰਾ ਨੇ ਸੋਚਿਆ, ‘ਉਹ ਭਰਾ ਪਾਇਨੀਅਰੀ ਕਿਵੇਂ ਕਰ ਪਾਉਂਦਾ ਹੈ? ਮੈਂ ਇਕ ਬਜ਼ੁਰਗ ਨਹੀਂ, ਪਰ ਮੇਰੀ ਜ਼ਿੰਦਗੀ ਪਹਿਲਾਂ ਹੀ ਕੰਮਾਂ-ਕਾਰਾਂ ਨਾਲ ਭਰੀ ਪਈ ਹੈ!’
2 ਇਸ ਬਜ਼ੁਰਗ ਨੇ ਪਾਇਨੀਅਰੀ ਦੀਆਂ ਅਸੀਸਾਂ ਬਾਰੇ ਚਰਚਾ ਕਰਦੇ ਹੋਏ, ਸਰਕਟ ਦੇ ਕੁਝ ਪਾਇਨੀਅਰਾਂ ਦੀ ਇੰਟਰਵਿਊ ਲਈ, ਜਿਨ੍ਹਾਂ ਨੇ ਪਾਇਨੀਅਰੀ ਕਰਨ ਲਈ ਕੀਤੀਆਂ ਤਬਦੀਲੀਆਂ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯਹੋਵਾਹ ਨੇ ਉਨ੍ਹਾਂ ਦੇ ਜਤਨਾਂ ਤੇ ਕਿਵੇਂ ਭਰਪੂਰ ਅਸੀਸ ਦਿੱਤੀ। ਇਨ੍ਹਾਂ ਵਿੱਚੋਂ ਇਕ ਪਾਇਨੀਅਰ ਅਪਾਹਜ ਸੀ, ਇਕ ਦਾ ਵਿਆਹੁਤਾ ਸਾਥੀ ਅਵਿਸ਼ਵਾਸੀ ਸੀ ਅਤੇ ਇਕ ਨੇ ਆਪਣੀ ਨੌਕਰੀ ਛੱਡੀ, ਪਰ ਉਹ ਆਪਣਾ ਗੁਜ਼ਾਰਾ ਕਰ ਲੈਂਦਾ ਸੀ। ਇਹ ਸੁਣ ਕੇ ਕਿ ਇਹ ਪਾਇਨੀਅਰ ਯਹੋਵਾਹ ਦੀ ਮਦਦ ਨਾਲ ਕਿਵੇਂ ਕਾਮਯਾਬ ਹੋ ਰਹੇ ਸਨ, ਹਾਜ਼ਰੀਨ ਵਿੱਚੋਂ ਉਸ ਭਰਾ ਅਤੇ ਭੈਣ ਨੇ ਆਪਣੀ ਸੋਚ ਅਤੇ ਆਪਣੇ ਹਾਲਾਤਾਂ ਦੀ ਮੁੜ ਜਾਂਚ ਕਰਨੀ ਸ਼ੁਰੂ ਕੀਤੀ। ਅਸੀਂ ਤੁਹਾਨੂੰ ਵੀ ਅਜਿਹਾ ਹੀ ਕਰਨ ਲਈ ਸੱਦਾ ਦਿੰਦੇ ਹਾਂ, ਖ਼ਾਸ ਤੌਰ ਤੇ ਕਿਉਂਕਿ ਪਾਇਨੀਅਰੀ ਲਈ ਘਟਾਏ ਗਏ ਘੰਟਿਆਂ ਕਰਕੇ ਹੁਣ ਖ਼ੁਸ਼ ਖ਼ਬਰੀ ਦੇ ਹੋਰ ਬਹੁਤ ਸਾਰੇ ਪ੍ਰਚਾਰਕ ਪਾਇਨੀਅਰੀ ਕਰ ਸਕਦੇ ਹਨ।
3 ਅਸੀਂ ਜਾਣਦੇ ਹਾਂ ਕਿ ਯਹੋਵਾਹ ਸ੍ਰਿਸ਼ਟੀਕਰਤਾ ਹੈ ਅਤੇ ਵਿਸ਼ਵ ਸਰਬਸੱਤਾਵਾਨ ਹੈ। ਅਸੀਂ ਆਪਣੀਆਂ ਜ਼ਿੰਦਗੀਆਂ ਲਈ ਉਸ ਦੇ ਕਰਜਾਈ ਹਾਂ। (ਦਾਨੀ. 4:17; ਰਸੂ. 17:28) ਅਸੀਂ ਇਹ ਸਪੱਸ਼ਟ ਤੌਰ ਤੇ ਜਾਣਦੇ ਹਾਂ ਕਿ ਯਹੋਵਾਹ ਸਿਰਫ਼ ਇੱਕੋ ਹੀ ਸੰਗਠਨ ਨੂੰ ਇਸਤੇਮਾਲ ਕਰ ਰਿਹਾ ਹੈ। ਸਾਡੇ ਕੋਲ ਇਸ ਦੇ ਨਾਲ ਮਿਲ ਕੇ ਵਫ਼ਾਦਾਰੀ ਨਾਲ ਸੇਵਾ ਕਰਨ ਅਤੇ ਅੰਤ ਆਉਣ ਤੋਂ ਪਹਿਲਾਂ ਰਾਜ ਦੀ ਗਵਾਹੀ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਸਮਰਥਨ ਦੇਣ ਦਾ ਵਿਸ਼ੇਸ਼-ਸਨਮਾਨ ਹੈ। (ਮੱਤੀ 24:45; 25:40; 1 ਪਤ. 2:9) “ਅੰਤ ਦਿਆਂ ਦਿਨਾਂ” ਵਿਚ ਰਹਿਣ ਕਰਕੇ, ਸਾਨੂੰ ਪਤਾ ਹੈ ਕਿ ਪ੍ਰਚਾਰ ਕਰਨ ਦਾ ਸਮਾਂ ਮੁਕਦਾ ਜਾ ਰਿਹਾ ਹੈ। (2 ਤਿਮੋ. 3:1) ਇਸ ਦੌਰਾਨ, ਸਾਨੂੰ ਆਪਣੇ ਪਰਿਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਲੋੜ ਹੈ। (1 ਤਿਮੋ. 5:8) ਇਕ ਆਦਮੀ ਦੀ ਤਨਖ਼ਾਹ ਨਾਲ ਜਿੱਦਾਂ ਪਹਿਲਾਂ ਗੁਜ਼ਾਰਾ ਚਲ ਜਾਂਦਾ ਸੀ, ਹੁਣ ਉੱਨੇ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਦਾ। ਸ਼ਾਇਦ ਸਾਡੀ ਸਿਹਤ ਵੀ ਉੱਦਾਂ ਦੀ ਨਹੀਂ ਜਿੱਦਾਂ ਦੀ ਪਹਿਲਾਂ ਹੁੰਦੀ ਸੀ। ਸੱਚ ਕਹੀਏ ਤਾਂ ਅਸੀਂ ਕੁਝ ਸਮਾਂ ਅਤੇ ਕੁਝ ਮਾਲੀ ਸਾਧਨ ਆਪਣੇ ਲਈ ਵੀ ਰੱਖਣੇ ਚਾਹੁੰਦੇ ਹਾਂ। (ਉਪ. 3:12, 13) ਇਸ ਲਈ ਸ਼ਾਇਦ ਅਸੀਂ ਸੋਚੀਏ ਕਿ ਪਾਇਨੀਅਰੀ ਦੇ ਸੱਦੇ ਨੂੰ ਸਵੀਕਾਰ ਕਰਨਾ ਅਕਲਮੰਦੀ ਹੈ ਜਾਂ ਨਹੀਂ।
4 ਆਪਣੇ ਹਾਲਾਤਾਂ ਨੂੰ ਧਿਆਨ ਨਾਲ ਜਾਂਚਣਾ ਅਤੇ ਇਹ ਫ਼ੈਸਲਾ ਕਰਨਾ ਕਿ ਅਸੀਂ ਪਾਇਨੀਅਰੀ ਕਰ ਸਕਦੇ ਹਾਂ ਜਾਂ ਨਹੀਂ, ਸਾਡੀ ਸਾਰਿਆਂ ਦੀ ਨਿੱਜੀ ਜ਼ਿੰਮੇਵਾਰੀ ਹੈ। (ਰੋਮੀ. 14:12; ਗਲਾ. 6:5) ਪਾਇਨੀਅਰੀ ਕਰਨ ਲਈ ਸੱਦਾ ਸਵੀਕਾਰ ਕਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਨੂੰ ਦੇਖ ਕੇ ਬਹੁਤ ਉਤਸ਼ਾਹ ਮਿਲਦਾ ਹੈ। ਇਨ੍ਹਾਂ ਅੰਤ ਦਿਆਂ ਦਿਨਾਂ ਦੇ ਦਬਾਵਾਂ ਅਤੇ ਮੁਸ਼ਕਲਾਂ ਦੇ ਬਾਵਜੂਦ, 1999 ਦੀ ਯੀਅਰ ਬੁੱਕ ਵਿਚ ਪ੍ਰਕਾਸ਼ਿਤ ਕੀਤੀ ਗਈ ਸੇਵਾ ਰਿਪੋਰਟ ਦਿਖਾਉਂਦੀ ਹੈ ਕਿ ਸੰਸਾਰ ਭਰ ਵਿਚ ਯਹੋਵਾਹ ਦੇ 7,00,000 ਲੋਕ ਪਾਇਨੀਅਰ ਸੇਵਾ ਵਿਚ ਬੜੀ ਮਿਹਨਤ ਨਾਲ ਕੰਮ ਕਰ ਰਹੇ ਹਨ। ਚਾਹੇ ਇਹ ਭੈਣ-ਭਰਾ ਮੁਸ਼ਕਲ ਆਰਥਿਕ ਹਾਲਤਾਂ ਵਿਚ ਸੇਵਾ ਕਰ ਰਹੇ ਹਨ ਜਾਂ ਆਵਾਜਾਈ ਦੇ ਸਾਧਨਾਂ ਦੀ ਕਮੀ ਹੈ, ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਅਨੁਭਵ ਕਰ ਰਹੇ ਹਨ ਜਾਂ ਦੂਜੀਆਂ ਕਈ ਮੁਸ਼ਕਲਾਂ ਅਤੇ ਤੰਗੀਆਂ ਦਾ ਸਾਮ੍ਹਣਾ ਕਰ ਰਹੇ ਹਨ, ਪਰ ਇਹ ਭਲਿਆਈ ਕਰਦਿਆਂ ਥੱਕਦੇ ਨਹੀਂ ਹਨ ਅਤੇ ਇਹ ਬਹੁਤ ਸ਼ਲਾਘਾਯੋਗ ਹੈ। (ਗਲਾ. 6:9) ਉਨ੍ਹਾਂ ਨੇ ਯਹੋਵਾਹ ਨੂੰ ਪਰਤਾਉਣ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ। (ਮਲਾ. 3:10) ਉਹ ਮਹਿਸੂਸ ਕਰਦੇ ਹਨ ਕਿ ਪਾਇਨੀਅਰੀ ਕਰਨੀ ਉਨ੍ਹਾਂ ਦੇ ਸੀਮਿਤ ਸਮੇਂ ਅਤੇ ਸੀਮਿਤ ਸਾਧਨਾਂ ਦਾ ਅਕਲਮੰਦੀ ਨਾਲ ਪ੍ਰਯੋਗ ਕਰਨਾ ਹੈ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਪਾਇਨੀਅਰੀ ਸ਼ੁਰੂ ਕਰਨ ਅਤੇ ਉਸ ਨੂੰ ਕਰਦੇ ਰਹਿਣ ਲਈ ਲੋੜੀਂਦੀਆਂ ਤਬਦੀਲੀਆਂ ਕਰਨ ਤੇ ਵਾਕਈ ਬਰਕਤਾਂ ਦਿੱਤੀਆਂ ਹਨ।
5 ਪਾਇਨੀਅਰਾਂ ਨੂੰ ਬਰਕਤਾਂ ਮਿਲ ਰਹੀਆਂ ਹਨ: ਕੈਮਰੂਨ ਵਿਚ ਇਕ ਭੈਣ, ਜਿਸ ਦੀ ਇਕ ਛੋਟੀ ਜਿਹੀ ਕੁੜੀ ਹੈ, ਦੱਸਦੀ ਹੈ: “ਮੈਂ ਆਪਣੀ ਬੱਚੀ ਨੂੰ ਜਨਮ ਤੋਂ ਹੀ ਸੇਵਕਾਈ ਵਿਚ ਆਪਣੇ ਨਾਲ ਲੈ ਕੇ ਗਈ। ਇੱਥੋਂ ਤਕ ਕਿ ਉਸ ਦੇ ਤੁਰਨਾ ਸਿੱਖਣ ਤੋਂ ਪਹਿਲਾਂ, ਮੈਂ ਉਸ ਨੂੰ ਆਪਣੀ ਪਿੱਠ ਉੱਤੇ ਇਕ ਕੱਪੜੇ ਨਾਲ ਚੰਗੀ ਤਰ੍ਹਾਂ ਬੰਨ੍ਹ ਕੇ ਲੈ ਜਾਂਦੀ ਸੀ। ਇਕ ਦਿਨ ਸਵੇਰ ਨੂੰ ਸੇਵਕਾਈ ਵਿਚ, ਮੈਂ ਸੜਕ ਤੇ ਲੱਗੀ ਛੋਟੀ ਜਿਹੀ ਦੁਕਾਨ ਤੇ ਗਈ। ਮੇਰੀ ਕੁੜੀ ਮੇਰੀ ਉਂਗਲ ਛੁਡਾ ਕੇ ਮੇਰੇ ਬੈਗ ਵਿੱਚੋਂ ਆਪਣੇ ਨਾਲ ਕਈ ਰਸਾਲੇ ਲੈ ਗਈ। ਉਹ ਿਨੱਕੇ-ਿਨੱਕੇ ਕਦਮ ਪੁੱਟਦੀ ਹੋਈ ਅਗਲੀ ਦੁਕਾਨ ਤੇ ਚਲੀ ਗਈ। ਚਾਹੇ ਉਹ ਜ਼ਿਆਦਾ ਕੁਝ ਨਾ ਕਹਿ ਸਕੀ, ਪਰ ਉਸ ਨੇ ਇਕ ਤੀਵੀਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਸ ਨੂੰ ਰਸਾਲਾ ਪੇਸ਼ ਕੀਤਾ। ਉਹ ਤੀਵੀਂ ਇਸ ਛੋਟੀ ਜਿਹੀ ਬੱਚੀ ਨੂੰ ਇਸ ਕੰਮ ਵਿਚ ਹਿੱਸਾ ਲੈਂਦਿਆਂ ਦੇਖ ਕੇ ਬਹੁਤ ਹੈਰਾਨ ਹੋਈ। ਉਸ ਨੇ ਤੁਰੰਤ ਰਸਾਲਾ ਅਤੇ ਗ੍ਰਹਿ ਬਾਈਬਲ ਅਧਿਐਨ ਸਵੀਕਾਰ ਕਰ ਲਿਆ!”
6 ਜਦੋਂ ਸਹਿਯੋਗੀ ਪਾਇਨੀਅਰੀ ਕਰਨ ਲਈ ਹੋਰ ਜ਼ਿਆਦਾ ਭੈਣ-ਭਰਾਵਾਂ ਨੂੰ ਸੱਦਾ ਦਿੱਤਾ ਗਿਆ, ਤਾਂ ਜ਼ੈਂਬੀਆ ਵਿਚ ਇਕ ਪੂਰਣ-ਕਾਲੀ ਨੌਕਰੀ ਕਰਨ ਵਾਲੇ ਬਜ਼ੁਰਗ ਅਤੇ ਪਰਿਵਾਰ ਦੇ ਮੁਖੀ ਨੇ ਕਾਫ਼ੀ ਰੁੱਝੇ ਹੋਣ ਦੇ ਬਾਵਜੂਦ ਵੀ ਸਹਿਯੋਗੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਉਹ ਕਲੀਸਿਯਾ ਅਤੇ ਆਪਣੇ ਪਰਿਵਾਰ ਲਈ ਇਕ ਮਿਸਾਲ ਕਾਇਮ ਕਰਨੀ ਚਾਹੁੰਦਾ ਸੀ। ਕਈ ਵਾਰ, ਉਹ ਆਪਣੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੰਦਾ ਅਤੇ ਉੱਚੀ ਆਵਾਜ਼ ਵਿਚ ਆਡੀਓ-ਕੈਸਟ ਪਰਿਵਾਰਕ ਖ਼ੁਸ਼ੀ ਦਾ ਰਾਜ਼ ਚਲਾ ਦਿੰਦਾ ਅਤੇ ਰਾਹਗੀਰਾਂ ਨੂੰ ਇਸ ਨੂੰ ਸੁਣਨ ਲਈ ਬੁਲਾਉਂਦਾ। ਇਸ ਤਰੀਕੇ ਨਾਲ ਉਸ ਨੇ 16 ਪਰਿਵਾਰਕ ਖ਼ੁਸ਼ੀ ਦਾ ਰਾਜ਼ ਅਤੇ 13 ਗਿਆਨ ਪੁਸਤਕਾਂ ਵੰਡੀਆਂ ਅਤੇ ਦੋ ਬਾਈਬਲ ਅਧਿਐਨ ਵੀ ਸ਼ੁਰੂ ਕੀਤੇ।
7 ਗੁਆਂਢੀ ਦੇਸ਼ ਜ਼ਿਮਬਾਬਵੇ ਵਿਚ ਵੀ ਪਾਇਨੀਅਰੀ ਲਈ ਬੜਾ ਜੋਸ਼ ਦੇਖਿਆ ਗਿਆ। ਅਪ੍ਰੈਲ 1998 ਵਿਚ, ਇਕ ਕਲੀਸਿਯਾ ਦੇ 117 ਪ੍ਰਕਾਸ਼ਕਾਂ ਵਿੱਚੋਂ 70 ਪ੍ਰਕਾਸ਼ਕਾਂ ਨੇ ਸਹਾਇਕ ਪਾਇਨੀਅਰਾਂ ਵਜੋਂ ਅਤੇ 9 ਪ੍ਰਕਾਸ਼ਕਾਂ ਨੇ ਨਿਯਮਿਤ ਪਾਇਨੀਅਰਾਂ ਵਜੋਂ ਰਿਪੋਰਟ ਦਿੱਤੀ। ਇਕ ਹੋਰ ਕਲੀਸਿਯਾ ਦੇ 94 ਪ੍ਰਕਾਸ਼ਕਾਂ ਵਿੱਚੋਂ 58 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰਾਂ ਵਜੋਂ ਰਿਪੋਰਟ ਦਿੱਤੀ। ਇਸ ਤੋਂ ਇਲਾਵਾ 126 ਪ੍ਰਕਾਸ਼ਕਾਂ ਵਾਲੀ ਇਕ ਹੋਰ ਕਲੀਸਿਯਾ ਨੇ ਰਿਪੋਰਟ ਦਿੱਤੀ ਕਿ ਉਸ ਦੇ 4 ਨਿਯਮਿਤ ਪਾਇਨੀਅਰਾਂ ਦੇ ਨਾਲ-ਨਾਲ 58 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਜ਼ਿਮਬਾਬਵੇ ਵਿਚ ਪਿਛਲਾ ਸੇਵਾ ਸਾਲ ਇਕ ਖ਼ਾਸ ਸਾਲ ਰਿਹਾ। ਚਾਹੇ ਉੱਥੇ ਦੇ ਭਰਾ ਪਰਿਵਾਰਕ ਕੰਮਾਂ-ਕਾਰਾਂ ਵਿਚ, ਅਤੇ ਕਲੀਸਿਯਾਈ ਕੰਮਾਂ ਵਿਚ ਅਤੇ ਸ਼ਾਖਾ ਦੀ ਉਸਾਰੀ ਵਿਚ ਬਹੁਤ ਰੁੱਝੇ ਹੋਏ ਸਨ, ਪਰ ਫਿਰ ਵੀ ਉਨ੍ਹਾਂ ਨੇ ਅਕਲਮੰਦੀ ਨਾਲ ਸੇਵਕਾਈ ਵਿਚ ਆਪਣਾ ਸਮਾਂ ਲਾਉਣ ਵੱਲ ਧਿਆਨ ਦਿੱਤਾ।
8 ਪਾਇਨੀਅਰ ਮਹਿਸੂਸ ਕਰਦੇ ਹਨ ਕਿ ਪਾਇਨੀਅਰੀ ਸ਼ੁਰੂ ਕਰਨੀ ਅਤੇ ਇਸ ਨੂੰ ਕਰਦੇ ਰਹਿਣਾ ਉਨ੍ਹਾਂ ਦੀ ਆਪਣੀ ਤਾਕਤ ਤੇ ਨਿਰਭਰ ਨਹੀਂ ਕਰਦਾ ਹੈ। ਉਹ ਬਿਨਾਂ ਝਿਜਕੇ ਇਹ ਸਵੀਕਾਰ ਕਰਦੇ ਹਨ ਕਿ ਉਹ ਜੋ ਕੁਝ ਵੀ ਕਰ ਪਾਉਂਦੇ ਹਨ “ਓਸ ਸਮਰੱਥਾ ਦੇ ਅਨੁਸਾਰ” ਕਰਦੇ ਹਨ “ਜੋ ਪਰਮੇਸ਼ੁਰ ਦਿੰਦਾ ਹੈ।” (1 ਪਤ. 4:11) ਉਹ ਆਪਣੀ ਨਿਹਚਾ ਦੇ ਕਰਕੇ ਹੀ ਦਿਨ-ਪ੍ਰਤਿ-ਦਿਨ ਆਪਣੀ ਸੇਵਕਾਈ ਕਰ ਪਾਉਂਦੇ ਹਨ। ਆਪਣੀ ਸਹੂਲਤ ਅਤੇ ਆਪਣਾ ਆਰਾਮ ਭਾਲਣ ਦੀ ਬਜਾਇ, ਕਾਮਯਾਬ ਪਾਇਨੀਅਰ ਇਹ ਸਮਝਦੇ ਹਨ ਕਿ ਅੱਗੇ ਵਧਣ ਲਈ ‘ਬਹੁਤ ਸੰਘਰਸ਼ ਕਰਨਾ’ ਜ਼ਰੂਰੀ ਹੋ ਸਕਦਾ ਹੈ, ਪਰ ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਵੀ ਮਿਲਦੀਆਂ ਹਨ।—1 ਥੱਸ. 2:2, ਨਿ ਵ.
9 ਪੌਲੁਸ ਦੀ ਉਦਾਹਰਣ ਰੀਸ ਕਰਨ ਯੋਗ ਹੈ: ਸੇਵਕਾਈ ਵਿਚ ਪੌਲੁਸ ਰਸੂਲ ਦੀਆਂ ਪ੍ਰਾਪਤੀਆਂ ਅਤੇ ਉਸ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਦਿੱਤੀ ਗਈ ਮਦਦ ਦਾ ਰਿਕਾਰਡ ਬਾਈਬਲ ਵਿਚ ਦਿੱਤਾ ਗਿਆ ਹੈ। ਹੋਰ ਕੋਈ ਵੀ ਪੌਲੁਸ ਜਿੰਨਾ ਰੁੱਝਿਆ ਹੋਇਆ ਨਹੀਂ ਸੀ। ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੀਆਂ ਸਤਾਹਟਾਂ ਅਤੇ ਸਰੀਰਕ ਔਖਿਆਈਆਂ ਨੂੰ ਸਹਿਣ ਕੀਤਾ। ਉਸ ਨੂੰ ਗੰਭੀਰ ਸਿਹਤ ਸਮੱਸਿਆ ਨੂੰ ਵੀ ਸਹਿਣ ਕਰਨਾ ਪਿਆ। (2 ਕੁਰਿੰ. 11:21-29; 12:7-10) ਪਰ ਉਸ ਨੇ ਆਪਣੇ ਸਮੇਂ ਨੂੰ ਅਕਲਮੰਦੀ ਨਾਲ ਪ੍ਰਯੋਗ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਸੀ। ਉਸ ਨੇ ਇਹ ਮੰਨਿਆ ਕਿ ਉਸ ਨੇ ਆਪਣਾ ਸਾਰਾ ਕੰਮ ਯਹੋਵਾਹ ਦੀ ਮਦਦ ਨਾਲ ਕੀਤਾ। (ਫ਼ਿਲਿ. 4:13) ਜਿਨ੍ਹਾਂ ਦੀ ਪੌਲੁਸ ਨੇ ਮਦਦ ਕੀਤੀ, ਉਨ੍ਹਾਂ ਵਿੱਚੋਂ ਕਿਸੇ ਕੋਲ ਵੀ ਇਹ ਸਿੱਟਾ ਕੱਢਣ ਦਾ ਕੋਈ ਕਾਰਨ ਨਹੀਂ ਸੀ ਕਿ ਯਹੋਵਾਹ ਦੀ ਸੇਵਾ ਵਿਚ ਉਸ ਵੱਲੋਂ ਲਗਾਇਆ ਗਿਆ ਸਮਾਂ ਅਤੇ ਜਤਨ ਵਿਅਰਥ ਗਿਆ ਤੇ ਜਾਂ ਫਿਰ ਕਿਸੇ ਹੋਰ ਕੰਮ ਵਿਚ ਵਧੀਆ ਤਰੀਕੇ ਨਾਲ ਲਗਾਇਆ ਜਾ ਸਕਦਾ ਸੀ। ਪੌਲੁਸ ਦੁਆਰਾ ਅਕਲਮੰਦੀ ਨਾਲ ਪ੍ਰਯੋਗ ਕੀਤੇ ਗਏ ਸਮੇਂ ਤੋਂ ਅਸੀਂ ਅੱਜ ਵੀ ਕਿੰਨਾ ਲਾਭ ਪ੍ਰਾਪਤ ਕਰ ਰਹੇ ਹਾਂ! ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਅਸੀਂ ਕਿਹੜੀ ਚੀਜ਼ ਨੂੰ ਪਹਿਲ ਦੇਣੀ ਹੈ, ਇਸ ਦਾ ਫ਼ੈਸਲਾ ਕਰਨ ਲਈ ਅਤੇ ਸੱਚਾਈ ਵਿਚ ਬਣੇ ਰਹਿਣ ਵਿਚ ਸਾਡੀ ਮਦਦ ਕਰਨ ਲਈ, ਅਸੀਂ ਉਸ ਦੀ ਪ੍ਰੇਰਿਤ ਸਲਾਹ ਦੀ ਕਿੰਨੀ ਕਦਰ ਕਰਦੇ ਹਾਂ!
10 ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ‘ਸਮਾਂ ਘੱਟ’ ਰਹਿ ਗਿਆ ਹੈ। (1 ਕੁਰਿੰ. 7:29; ਮੱਤੀ 24:14) ਇਸ ਲਈ ਸਾਨੂੰ ਆਪਣੇ ਆਪ ਕੋਲੋਂ ਇਹ ਪੁੱਛਣਾ ਉਚਿਤ ਹੈ ਕਿ ‘ਜੇਕਰ ਕੱਲ੍ਹ ਅਚਾਨਕ ਮੇਰੀ ਜ਼ਿੰਦਗੀ ਖ਼ਤਮ ਹੋ ਜਾਵੇ ਤਾਂ ਕੀ ਅੱਜ ਮੈਂ ਯਹੋਵਾਹ ਨੂੰ ਕਹਿ ਸਕਦਾ ਹਾਂ ਕਿ ਮੈਂ ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕੀਤਾ ਹੈ?’ (ਯਾਕੂ. 4:14) ਕਿਉਂ ਨਾ ਹੁਣ ਤੋਂ ਹੀ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਗੱਲ ਕਰ ਕੇ ਉਸ ਨੂੰ ਭਰੋਸਾ ਦਿਓ ਕਿ ਤੁਸੀਂ ਉਸ ਦੇ ਇਕ ਗਵਾਹ ਵਜੋਂ ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕਰਨਾ ਚਾਹੁੰਦੇ ਹੋ? (ਜ਼ਬੂ. 90:12) ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਜੀਵਨ ਨੂੰ ਸਾਦਾ ਰੱਖਣ ਵਿਚ ਤੁਹਾਡੀ ਮਦਦ ਕਰੇ। ਚਾਹੇ ਤੁਸੀਂ ਪਹਿਲਾਂ ਇਹ ਫ਼ੈਸਲਾ ਕੀਤਾ ਹੋਵੇ ਕਿ ਤੁਸੀਂ ਪਾਇਨੀਅਰੀ ਨਹੀਂ ਕਰ ਸਕਦੇ, ਪਰ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਾਇਨੀਅਰੀ ਕਰ ਸਕਦੇ ਹੋ?
11 ਆਪਣੇ ਹਾਲਾਤਾਂ ਦਾ ਵੱਧ ਤੋਂ ਵੱਧ ਲਾਭ ਉਠਾਓ: ਇਹ ਸਮਝਣਯੋਗ ਹੈ ਕਿ ਪਾਇਨੀਅਰੀ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਨਿਯਮਿਤ ਪਾਇਨੀਅਰ ਵਜੋਂ ਇਕ ਮਹੀਨੇ ਵਿਚ 70 ਘੰਟੇ ਨਹੀਂ ਕੱਢ ਸਕਦੇ। ਫਿਰ ਵੀ ਬਹੁਤ ਸਾਰੇ ਪ੍ਰਕਾਸ਼ਕ ਸੇਵਕਾਈ ਵਿਚ ਸਹਾਇਕ ਪਾਇਨੀਅਰ ਵਜੋਂ ਮਹੀਨੇ ਵਿਚ 50 ਘੰਟੇ ਲਗਾਤਾਰ ਜਾਂ ਜਦੋਂ ਕਦੀ ਸੰਭਵ ਹੋਵੇ ਦੇਣ ਦਾ ਪ੍ਰਬੰਧ ਕਰਦੇ ਹਨ। ਜੇਕਰ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਤੁਸੀਂ ਇਸ ਵੇਲੇ ਸਹਾਇਕ ਜਾਂ ਨਿਯਮਿਤ ਪਾਇਨੀਅਰੀ ਨਹੀਂ ਕਰ ਸਕਦੇ, ਤਾਂ ਨਿਰਾਸ਼ ਨਾ ਹੋਵੋ। ਲਗਾਤਾਰ ਪ੍ਰਾਰਥਨਾ ਕਰਦੇ ਰਹੋ ਕਿ ਤੁਹਾਡੇ ਹਾਲਾਤ ਬਦਲ ਜਾਣ। ਇਸ ਦੌਰਾਨ, ਜੇਕਰ ਤਬਦੀਲੀਆਂ ਕਰਨੀਆਂ ਸੰਭਵ ਨਹੀਂ ਹਨ, ਤਾਂ ਇਹ ਜਾਣ ਕੇ ਦਿਲਾਸਾ ਪ੍ਰਾਪਤ ਕਰੋ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰ ਰਹੇ ਹੋ, ਉਸ ਤੋਂ ਉਹ ਬਹੁਤ ਖ਼ੁਸ਼ ਹੈ। (ਮੱਤੀ 13:23) ਉਹ ਦੇਖਦਾ ਹੈ ਕਿ ਤੁਸੀਂ ਉਸ ਦੇ ਪੱਖ ਵਿਚ ਬੜੀ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਅਤੇ ਤੁਸੀਂ ਇਕ ਵਫ਼ਾਦਾਰ ਪ੍ਰਕਾਸ਼ਕ ਬਣੇ ਰਹਿਣ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹੋ ਜੋ ਹਰ ਮਹੀਨੇ ਗਵਾਹੀ ਦੇਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਛੱਡਦਾ। ਸ਼ਾਇਦ ਤੁਸੀਂ ਗਵਾਹੀ ਦੇਣ ਦੀ ਆਪਣੀ ਕਲਾ ਵਿਚ ਹੋਰ ਜ਼ਿਆਦਾ ਸੁਧਾਰ ਲਿਆ ਕੇ ਅਤੇ ਖ਼ੁਸ਼ ਖ਼ਬਰੀ ਦੇ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨ ਲਈ ਮਿਹਨਤ ਕਰ ਕੇ ਤਰੱਕੀ ਕਰ ਸਕਦੇ ਹੋ।—1 ਤਿਮੋ. 4:16.
12 ‘ਯਹੋਵਾਹ ਦਾ ਵੱਡਾ ਤੇ ਹੌਲਨਾਕ ਦਿਨ’ ਐਨਾ ਨੇੜੇ ਹੋਣ ਕਰਕੇ, ਸਾਨੂੰ ਬਾਕੀ ਬਚੇ ਸਮੇਂ ਨੂੰ ਅਕਲਮੰਦੀ ਨਾਲ ਪ੍ਰਯੋਗ ਕਰਨ ਦੀ ਜ਼ਰੂਰਤ ਹੈ, ਤਾਂਕਿ ਅਸੀਂ ਉਸ ਕੰਮ ਨੂੰ ਪੂਰਾ ਕਰ ਸਕੀਏ ਜਿਸ ਨੂੰ ਕਰਨ ਦਾ ਸਾਨੂੰ ਹੁਕਮ ਦਿੱਤਾ ਗਿਆ ਹੈ। (ਯੋਏ. 2:31) ਸ਼ਤਾਨ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੈ, ਤੇ ਇਸ ਲਈ ਅੱਜ ਉਹ ਸਾਡੀਆਂ ਜ਼ਿੰਦਗੀਆਂ ਨੂੰ ਗੁੰਝਲਦਾਰ ਬਣਾਉਣ ਲਈ ਅਤੇ ਸਾਡੇ ਲਈ ਮਹੱਤਵਪੂਰਣ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਔਖਾ ਬਣਾਉਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਣੀ ਵਾਹ ਲਾ ਰਿਹਾ ਹੈ। (ਫ਼ਿਲਿ. 1:10; ਪਰ. 12:12) ਇਹ ਕਦੇ ਵੀ ਨਾ ਸੋਚੋ ਕਿ ਪਰਮੇਸ਼ੁਰ ਤੁਹਾਡੇ ਵਿਚ ਦਿਲਚਸਪੀ ਨਹੀਂ ਲੈਂਦਾ। ਯਹੋਵਾਹ ਤੁਹਾਡੀਆਂ ਜ਼ਿੰਦਗੀਆਂ ਨੂੰ ਸਾਦਾ ਬਣਾਉਣ ਵਿਚ ਅਤੇ ਸੇਵਕਾਈ ਵਿਚ ਪੂਰੀ ਕੋਸ਼ਿਸ਼ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ। (ਜ਼ਬੂ. 145:16) ਖ਼ੁਸ਼ੀ ਦੀ ਗੱਲ ਹੈ ਕਿ ਕਈਆਂ ਨੇ ਆਪਣੇ ਹਾਲਾਤਾਂ ਦੀ ਮੁੜ ਜਾਂਚ ਕਰ ਕੇ ਇਹ ਪਾਇਆ ਹੈ ਕਿ ਉਹ ਸਹਾਇਕ ਜਾਂ ਨਿਯਮਿਤ ਪਾਇਨੀਅਰਾਂ ਦੇ ਸਮੂਹ ਵਿਚ ਸ਼ਾਮਲ ਹੋ ਸਕਦੇ ਹਨ। ਸੱਚ-ਮੁੱਚ ਹੀ, ਪਾਇਨੀਅਰਾਂ ਨੂੰ ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕਰ ਕੇ ਦਿਲੋਂ ਖ਼ੁਸ਼ੀ ਮਿਲਦੀ ਹੈ। ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋਵੋਗੇ?