ਕੀ ਤੁਸੀਂ ਸਿਰਫ਼ ਬਾਹਰੀ ਦਿੱਖ ਨੂੰ ਹੀ ਦੇਖਦੇ ਹੋ?
1 ਜਦੋਂ ਅਸੀਂ ਖੇਤਰ ਸੇਵਕਾਈ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਕੁਝ ਲੋਕਾਂ ਦੀ ਸ਼ਕਲ-ਸੂਰਤ ਦੇਖ ਕੇ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਤੋਂ ਝਿਜਕੀਏ। ਉਦਾਹਰਣ ਲਈ, ਉਸ ਸਮੇਂ ਤੁਸੀਂ ਕੀ ਕਰੋਗੇ ਜੇਕਰ ਇਕ ਡਰਾਉਣੀ ਸ਼ਕਲ ਵਾਲਾ ਆਦਮੀ ਹਮੇਸ਼ਾ ਹੀ ਤੁਹਾਨੂੰ ਉਦੋਂ ਸ਼ੱਕੀ ਨਜ਼ਰ ਨਾਲ ਦੇਖਦਾ ਹੈ ਜਦੋਂ ਵੀ ਤੁਸੀਂ ਸੱਚਾਈ ਵਿਚ ਦਿਲਚਸਪੀ ਦਿਖਾਉਣ ਵਾਲੇ ਉਸ ਦੇ ਗੁਆਂਢੀ ਨੂੰ ਮਿਲਣ ਜਾਂਦੇ ਹੋ? ਇਕ ਪਾਇਨੀਅਰ ਭੈਣ ਜਿਸ ਨਾਲ ਇਸੇ ਤਰ੍ਹਾਂ ਹੋਇਆ ਸੀ, ਨੇ ਉਸ ਆਦਮੀ ਨੂੰ ਮਿਲਣ ਅਤੇ ਉਸ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਉਹ ਭੈਣ ਨੂੰ ਰੁੱਖੇ ਜਿਹੇ ਢੰਗ ਨਾਲ ਮਿਲਿਆ। ਪਰ ਹੈਰਾਨੀ ਦੀ ਗੱਲ ਹੈ ਕਿ ਉਸ ਨੇ ਬਾਈਬਲ ਸੰਦੇਸ਼ ਨੂੰ ਸੁਣਿਆ ਅਤੇ ਉਤਸੁਕਤਾ ਨਾਲ ਅਧਿਐਨ ਕਰਨ ਲਈ ਮੰਨ ਗਿਆ। ਨਤੀਜੇ ਵਜੋਂ ਭੈਣ ਵੱਲੋਂ ਸ਼ਕਲ-ਸੂਰਤ ਨੂੰ ਦੇਖ ਕੇ ਰਾਇ ਨਾ ਬਣਾਉਣ ਕਰਕੇ, ਇਸ ਆਦਮੀ ਅਤੇ ਉਸ ਦੀ ਪਤਨੀ ਲਈ ਸੱਚਾਈ ਸਿੱਖਣ ਦਾ ਰਸਤਾ ਖੁੱਲ੍ਹ ਗਿਆ ਸੀ।
2 ਇਕ ਹੋਰ ਭੈਣ ਇਕ ਦੁਕਾਨ ਵਿਚ ਕੰਮ ਕਰਦੀ ਸੀ ਅਤੇ ਉਹ ਸ਼ੁਰੂ-ਸ਼ੁਰੂ ਵਿਚ, ਇਕ ਲੰਮੇ ਵਾਲਾਂ ਵਾਲੇ ਨੌਜਵਾਨ ਦੀ ਸ਼ਕਲ-ਸੂਰਤ ਨੂੰ ਦੇਖ ਕੇ ਡਰ ਗਈ, ਤਾਂ ਫਿਰ ਵੀ ਜਦੋਂ ਉਹ ਨੌਜਵਾਨ ਉਸ ਦੁਕਾਨ ਵਿਚ ਆਉਂਦਾ, ਉਹ ਉਸ ਨੂੰ ਸੰਖੇਪ ਗਵਾਹੀ ਦਿੰਦੀ ਰਹਿੰਦੀ। ਉਸ ਦੇ ਜਤਨਾਂ ਦਾ ਚੰਗਾ ਨਤੀਜਾ ਨਿਕਲਿਆ ਅਤੇ ਹੁਣ ਉਹ ਨੌਜਵਾਨ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ। ਕਿਹੜੀ ਚੀਜ਼ ਸਾਨੂੰ ਜਲਦਬਾਜ਼ੀ ਵਿਚ ਇਹ ਨਤੀਜਾ ਕੱਢਣ ਤੋਂ ਰੋਕੇਗੀ ਕਿ ਅਜਿਹੇ ਵਿਅਕਤੀ ਸਾਡੀ ਗੱਲ ਨਹੀਂ ਸੁਣਨਗੇ?
3 ਯਿਸੂ ਦੀ ਉਦਾਹਰਣ ਦੀ ਨਕਲ ਕਰਨੀ: ਯਿਸੂ ਜਾਣਦਾ ਸੀ ਕਿ ਉਹ ਹਰ ਕਿਸੇ ਲਈ ਆਪਣੀ ਜਾਨ ਦੇਵੇਗਾ। ਇਸ ਲਈ, ਉਹ ਦੂਜਿਆਂ ਦੀ ਬਾਹਰੀ ਦਿੱਖ ਨੂੰ ਦੇਖ ਕੇ ਨਿਰਉਤਸ਼ਾਹਿਤ ਨਹੀਂ ਹੁੰਦਾ ਸੀ। ਉਸ ਨੇ ਮਹਿਸੂਸ ਕੀਤਾ ਕਿ ਜੇਕਰ ਉਚਿਤ ਮਦਦ ਅਤੇ ਪ੍ਰੇਰਣਾ ਦਿੱਤੀ ਜਾਵੇ, ਤਾਂ ਬਦਨਾਮ ਲੋਕ ਵੀ ਤਬਦੀਲੀਆਂ ਕਰਨ ਲਈ ਤਿਆਰ ਹੋ ਸਕਦੇ ਹਨ। (ਮੱਤੀ 9:9-13) ਉਸ ਨੇ ਗ਼ਰੀਬ ਅਤੇ ਅਮੀਰ ਦੋਵੇਂ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। (ਮੱਤੀ 11:5; ਮਰ. 10:17-22) ਆਓ ਅਸੀਂ ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਬਾਰੇ ਉਨ੍ਹਾਂ ਦੀ ਬਾਹਰੀ ਦਿੱਖ ਨੂੰ ਦੇਖ ਕੇ ਕੋਈ ਰਾਇ ਨਾ ਬਣਾਈਏ, ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਦਿਲ ਚੰਗੇ ਹੀ ਹੋਣ। (ਮੱਤੀ 7:1; ਯੂਹੰ. 7:24) ਯਿਸੂ ਦੀ ਸ਼ਾਨਦਾਰ ਉਦਾਹਰਣ ਦੀ ਨਕਲ ਕਰਨ ਲਈ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?
4 ਬਾਈਬਲ ਦਾ ਅਧਿਐਨ ਕਰ ਕੇ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਵਿਚ ਕਿਸੇ ਵੀ ਵਿਅਕਤੀ ਦੀ ਸੋਚਣੀ, ਆਚਰਣ ਅਤੇ ਸ਼ਖ਼ਸੀਅਤ ਨੂੰ ਬਦਲਣ ਦੀ ਤਾਕਤ ਹੈ। (ਅਫ਼. 4:22-24; ਇਬ. 4:12) ਇਸ ਲਈ, ਜਦ ਕਿ ਅਸੀਂ ਥੋੜ੍ਹਾ-ਬਹੁਤਾ ਸਾਵਧਾਨ ਰਹਾਂਗੇ, ਸਾਨੂੰ ਇਕ ਚੰਗਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਬਾਕੀ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ ਜੋ ਮਨੁੱਖੀ ਦਿਲਾਂ ਨੂੰ ਪੜ੍ਹਦਾ ਹੈ।—1 ਸਮੂ. 16:7; ਰਸੂ. 10:34, 35.
5 ਆਓ ਅਸੀਂ ਬਾਹਰੀ ਦਿੱਖ ਨੂੰ ਨਾ ਦੇਖਦੇ ਹੋਏ ਬਿਨਾਂ ਕਿਸੇ ਪੱਖ-ਪਾਤ ਦੇ ਸਾਰੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰੀਏ ਅਤੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਇਸ ਮਹਾਨ ਵਾਢੀ ਦੇ ਕੰਮ ਵਿਚ ਆਪਣਾ ਹਿੱਸਾ ਪਾਈਏ।—1 ਤਿਮੋ. 2:3, 4.