ਯਹੋਵਾਹ ਦੇ ਪਰਤਾਪਵਾਨ ਨਾਂ ਦਾ ਬਹੁਤਾ ਆਦਰ ਕਰੋ
1 ਜਦੋਂ ਸ਼ਤਾਨ ਨੇ ਸਾਡੇ ਪਹਿਲੇ ਮਾਤਾ-ਪਿਤਾ ਨੂੰ ਪਾਪ ਕਰਨ ਲਈ ਉਕਸਾਇਆ, ਤਾਂ ਉਦੋਂ ਉਸ ਨੇ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ। ਇਬਲੀਸ ਨੇ ਕਪਟੀ ਤਰੀਕੇ ਨਾਲ ਇਹ ਸੰਕੇਤ ਕੀਤਾ ਕਿ ਯਹੋਵਾਹ ਨੇ ਆਦਮ ਨਾਲ ਝੂਠ ਬੋਲਿਆ ਸੀ। (ਉਤ. 3:1-5) ਕਿਉਂਕਿ ਪਰਮੇਸ਼ੁਰ ਦਾ ਨਾਂ ਆਪਣੇ ਬਚਨ ਨੂੰ ਪੂਰਾ ਕਰਨ ਦੀ ਉਸ ਦੀ ਯੋਗਤਾ ਨਾਲ ਸੰਬੰਧ ਰੱਖਦਾ ਹੈ, ਇਸ ਲਈ ਸ਼ਤਾਨ ਨੇ ਪਰਮੇਸ਼ੁਰ ਉੱਤੇ ਇਹ ਦੋਸ਼ ਲਾ ਕੇ ਉਸ ਉੱਤੇ ਇਕ ਬਹੁਤ ਵੱਡੀ ਤੁਹਮਤ ਲਾਈ ਸੀ। ਯਹੋਵਾਹ ਨੇ ਆਪਣੇ ਈਸ਼ਵਰੀ ਮਕਸਦ ਨੂੰ ਲਗਾਤਾਰ ਪੂਰਾ ਕਰਨ ਦੁਆਰਾ ਆਪਣੇ ਨਾਂ ਉੱਤੇ ਲੱਗੇ ਦੋਸ਼ ਨੂੰ ਦੂਰ ਕੀਤਾ ਹੈ ਅਤੇ ਇਸ ਨੂੰ ਪਰਤਾਪਵਾਨ ਬਣਾਇਆ ਹੈ।—ਯਸਾ. 63:12-14.
2 ਅਸੀਂ ਉਹ ਲੋਕ ਹਾਂ ਜੋ ਯਹੋਵਾਹ ਦੇ “ਨਾਮ ਦੇ ਸਦਾਉਂਦੇ ਹਨ।” (ਰਸੂ. 15:14, 17) ਇਹ ਗੱਲ ਸਾਨੂੰ ਇਹ ਦਿਖਾਉਣ ਦਾ ਮੌਕਾ ਦਿੰਦੀ ਹੈ ਕਿ ਅਸੀਂ ਇਸ ਨਾਂ ਦੇ ਪਵਿੱਤਰੀਕਰਣ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ। ਅਸੀਂ ਯਹੋਵਾਹ ਦੇ ਨਾਂ ਨੂੰ ਸੱਚ-ਮੁੱਚ ਪਰਤਾਪਵਾਨ ਪਾਉਂਦੇ ਹਾਂ, ਕਿਉਂਕਿ ਇਹ ਉਸ ਦੀ ਭਲਾਈ, ਕਿਰਪਾ, ਪ੍ਰੇਮ, ਦਿਆਲਤਾ ਅਤੇ ਧਾਰਮਿਕਤਾ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦੇ ਸ਼ਾਨਦਾਰ ਨਾਂ ਦੇ ਪਰਤਾਪ ਨੂੰ ਦੇਖ ਕੇ ਸਾਡਾ ਦਿਲ ਗਹਿਰੀ ਸ਼ਰਧਾ ਨਾਲ ਭਰ ਜਾਂਦਾ ਹੈ। (ਜ਼ਬੂ. 8:1; 99:3; 148:13) ਫਿਰ ਸਾਨੂੰ ਕੀ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
3 ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰੋ: ਪਰਮੇਸ਼ੁਰ ਦੇ ਨਾਂ ਨੂੰ ਹੋਰ ਪਵਿੱਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪਹਿਲਾਂ ਹੀ ਅੱਤ ਪਵਿੱਤਰ ਹੈ। ਪਰ ਅਸੀਂ ਆਪਣੇ ਚੰਗੇ ਚਾਲ-ਚਲਣ ਦੁਆਰਾ ਅਤੇ ਰਾਜ ਦਾ ਪ੍ਰਚਾਰ ਕਰਨ ਦੁਆਰਾ ਇਹ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਦਾ ਬਹੁਤਾ ਆਦਰ ਕਰਦੇ ਹਾਂ। ਆਓ ਅਸੀਂ ਜੋਸ਼ ਨਾਲ ਕਹੀਏ: “ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।” (ਯਸਾ. 12:4) ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?
4 ਅਸੀਂ ਯਹੋਵਾਹ ਦੇ ਨਾਂ ਦਾ ਅਤੇ ਜੋ ਕੁਝ ਇਹ ਦਰਸਾਉਂਦਾ ਹੈ, ਉਸ ਦਾ ਪ੍ਰਚਾਰ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉੱਠਾ ਸਕਦੇ ਹਾਂ। ਭਾਵੇਂ ਅਸੀਂ ਰਸਮੀ ਤੌਰ ਤੇ ਜਾਂ ਗ਼ੈਰ-ਰਸਮੀ ਤੌਰ ਤੇ, ਘਰ-ਘਰ ਜਾਂ ਦੁਕਾਨ-ਦੁਕਾਨ ਜਾ ਕੇ, ਸੜਕਾਂ ਤੇ ਜਾਂ ਟੈਲੀਫ਼ੋਨ ਰਾਹੀਂ ਪ੍ਰਚਾਰ ਕਰੀਏ, ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਜਦੋਂ ਅਸੀਂ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਵਿਅਕਤੀਆਂ ਨੂੰ ਮਿਲਦੇ ਹਾਂ ਜਿਹੜੇ ਸਾਡੀ ਗੱਲ ਸੁਣਦੇ ਹਨ, ਤਾਂ ਸਾਨੂੰ ਉਨ੍ਹਾਂ ਨਾਲ ਪੁਨਰ-ਮੁਲਾਕਾਤਾਂ ਕਰਨ ਦਾ ਪੱਕਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਬਾਰੇ ਹੋਰ ਜ਼ਿਆਦਾ ਸਿਖਾਉਣਾ ਚਾਹੀਦਾ ਹੈ। ਇਸ ਦਾ ਮਤਲਬ ਸਾਨੂੰ ਪੁਨਰ-ਮੁਲਾਕਾਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਆਪਣੇ ਜਤਨਾਂ ਵਿਚ ਲੱਗੇ ਰਹਿਣਾ ਚਾਹੀਦਾ ਹੈ। ਖ਼ੁਸ਼ੀ ਦੀ ਗੱਲ ਹੈ ਕਿ ਹਰ ਸਾਲ ਲੱਖਾਂ ਹੀ ਵਿਅਕਤੀ ਯਹੋਵਾਹ ਦੇ ਪਰਤਾਪਵਾਨ ਨਾਂ ਨੂੰ ਜਾਣ ਰਹੇ ਹਨ, ਇਸ ਦਾ ਆਦਰ ਕਰ ਰਹੇ ਹਨ ਅਤੇ ਇਸ ਨੂੰ ਪਵਿੱਤਰ ਕਰ ਰਹੇ ਹਨ।
5 ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਦੇ ਕੰਮ ਵਿਚ ਹਿੱਸਾ ਲੈਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਦਨ ਦੇ ਬਾਗ਼ ਵਿਚ ਸ਼ਤਾਨ ਦੁਆਰਾ ਉਠਾਏ ਗਏ ਵਾਦ-ਵਿਸ਼ੇ ਵਿਚ ਅਸੀਂ ਕਿਸ ਦੇ ਪੱਖ ਵਿਚ ਖੜ੍ਹੇ ਹਾਂ। ਜੀ ਹਾਂ, ਇਹ ਸਭ ਤੋਂ ਵਧੀਆ ਤੇ ਆਦਰਯੋਗ ਕੰਮ ਹੈ ਜਿਸ ਨੂੰ ਅਸੀਂ ਕਰ ਸਕਦੇ ਹਾਂ। ਆਓ ਅਸੀਂ ਯਹੋਵਾਹ ਦੇ ਪਰਤਾਪਵਾਨ ਨਾਂ ਦਾ ਬਹੁਤਾ ਆਦਰ ਕਰੀਏ ਅਤੇ ਜੋਸ਼ ਨਾਲ ਇਸ ਦੀ ਮਹਿਮਾ ਕਰੀਏ!—1 ਇਤ. 29:13.